Punjab Flood: ਪਾਣੀਆਂ ਦੇ ਦੇਸ਼ ਨੂੰ ਪਾਣੀ ਦਾ ਕਹਿਰ ਲੈ ਬੈਠਾ । ਜਿਹੜੇ ਦਰਿਆਵਾਂ ਨੇ ਇਸ ਦੀ ਧਰਤੀ ਨੂੰ ਜ਼ਰਖੇਜ਼ ਬਣਾਇਆ ਉਨ੍ਹਾਂ ਨੇ ਹੀ ਇਸ ਅੰਦਰ ਤਬਾਹੀ ਨੂੰ ਸਿਰਜਿਆ । ਹਾਲਾਤ ਇਹ ਨੇ ਕਿ ਪੰਜਾਬ ਸੈਲਾਬ ਦੀਆਂ ਤਬਾਹਕਾਰੀ ਲਹਿਰਾਂ ਦੇ ਸਾਏ ਹੇਠ ਸਹਿਕ ਰਿਹਾ ਹੈ । ਸੁਨਾਮੀ ਵਰਗੇ ਹੜ੍ਹਾਂ ਨੇ ਇਸ ਦੇ ਸਿਰਫ਼ ਘਰ ਤੇ ਖੇਤ ਹੀ ਨਹੀਂ ਰੋੜ੍ਹੇ ਸਗੋਂ ਜਨਤਾ ਦੇ ਸੁਪਨੇ ਤੇ ਸਾਹ ਵੀ ਲੁੱਟੇ । ਛੱਤਾਂ ਤੱਕ ਚੜਿ੍ਹਆ ਪਾਣੀ ਲੋਕਾਂ ਨੂੰ ਆਪਣੀਆਂ ਜ਼ਿੰਦਗੀਆਂ ਵਾਸਤੇ ਲੜਨ ਲਈ ਮਜ਼ਬੂਰ ਕਰ ਰਿਹਾ ਹੈ । ਬਹੁਤੇ ਪਰਿਵਾਰਾਂ ਦੇ ਉਹ ਛੋਟੇ ਘਰ ਜੋ ਉਨ੍ਹਾਂ ਦੇ ਵੱਡੇ ਖੁਆਬਾਂ ਨੂੰ ਪੂਰਾ ਕਰਨ ਦਾ ਸਹਾਰਾ ਬਣਦੇ ਸਨ ਉਹ ਪਾਣੀ ਦੀਆਂ ਮਾਰੂ ਛੱਲਾਂ ਹੇਠ ਗਾਇਬ ਹੋ ਗਏ।
ਇਹ ਖਬਰ ਵੀ ਪੜ੍ਹੋ : Badshahpur Electricity Board: 6 ਸਾਲਾਂ ਤੋਂ ਅਣਗਹਿਲੀ ਦਾ ਸ਼ਿਕਾਰ ਬਣੀ ਬਿਜਲੀ ਬੋਰਡ ਦੀ ਡਿੱਗੀ ਬਾਲ ਬਾਉਂਡਰੀ R…
ਜਿਹੜੀ ਧਰਤੀ ਨੇ ਕਦੇ ਸੋਨਾ ਜੰਮਿਆ ਅੱਜ ਉੱਥੇ ਪਾਣੀ ਦਾ ਕਫ਼ਨ ਵਿਛਿਆ ਹੈ । ਬੱਚਿਆਂ ਦੇ ਮਾਸੂਮ ਚਿਹਰੇ, ਜੋ ਖੇਡਾਂ ਨਾਲ ਰੌਸ਼ਨ ਹੋਣੇ ਸਨ ਅੱਜ ਭੁੱਖ ਤੇ ਡਰ ਨਾਲ ਸੁੱਕੇ ਹਨ । ਹਰ ਪਾਸੇ ਤਬਾਹੀ ਦਾ ਮੰਜ਼ਰ ਹੈ । ਘਰਾਂ ਦੀਆਂ ਡਿੱਗਦੀਆਂ ਕੰਧਾਂ, ਢਹਿ-ਢੇਰੀ ਹੋਏ ਸਕੂਲ ਤੇ ਹਸਪਤਾਲ,ਖੇਤਾਂ ’ਚ ਪਾਣੀ ਨਾਲ ਮਿੱਟੀ ਹੋਈਆਂ ਫ਼ਸਲਾਂ, ਬੇਸਹਾਰਾ ਪਸ਼ੂਆਂ ਦੀਆਂ ਲਾਸ਼ਾਂ, ਰੋਂਦੇ ਹੋਏ ਬੱਚੇ, ਛੱਤਾਂ ਤੋਂ ਵਿਹੂਣੇ ਬਜ਼ੁਰਗ, ਸੁੰਨੀਆਂ ਸੱਥਾਂ ਤੇ ਗਲੀਆਂ ’ਚ ਦੌੜਦੀਆਂ ਕਿਸ਼ਤੀਆਂ ਇਸ ਤਸਵੀਰ ਨੂੰ ਹੋਰ ਭਿਆਨਕ ਰੂਪ ਦਿੰਦੀਆਂ ਹਨ । ਆਪਣੇ ਕੋਠੇ ’ਤੇ ਟੈਂਕੀ ਦਾ ਸਹਾਰਾ ਲੈ ਕੇ ਮੱਦਦ ਦੀ ਗੁਹਾਰ ਲਾ ਰਹੀਆਂ ਔਰਤਾਂ ਦੀ ਵਾਇਰਲ ਹੋਈ ਫੋਟੋ ਨੇ ਹਰ ਦਿਲ ਨੂੰ ਝੰਜੋੜਿਆ। Punjab Flood
ਢਹਿ ਗਈਆਂ ਕੰਧਾਂ
ਢਹਿ ਗਏ ਕੋਠੇ
ਸੁਪਨੇ ਹੋ ਗਏ ਮਿੱਟੀ।
ਬੇਵਕਤੇ ਹੀ ਰੁੜ੍ਹ ਗਿਆ ਸਭ ਕੁੱਝ
ਅਜਿਹੀ ਪਰਲੋ ਕਦੇ ਨਾ ਡਿੱਠੀ
ਕਿਸਾਨ ਸਭ ਤੋਂ ਵੱਧ ਪ੍ਰਭਾਵਿਤ ਹੋਏ ਜਿਨ੍ਹਾਂ ਦੀ ਹਜ਼ਾਰਾਂ ਏਕੜ ਫਸਲ ਬਰਬਾਦ ਹੋਈ । ਲਹਿਰਾਉਂਦੀ ਖੇਤੀ ਦੱਬੀ ਗਈ ਤੇ ਭੁੱਖੇ ਢਿੱਡ ਨੂੰ ਭਰਨ ਵਾਲਾ ਅਨਾਜ ਪਾਣੀ ਨਾਲ ਹੀ ਵਹਿ ਤੁਰਿਆ। ਕਿਰਸਾਨੀ ਦੇ ਉਹ ਹੱਥ ਜਿਹੜੇ ਕਦੇ ਮਿੱਟੀ ’ਚੋਂ ਖੁਸ਼ਬੂ ਪੈਦਾ ਕਰਦੇ ਸਨ ਅੱਜ ਤਬਾਹ ਹੋਈ ਫ਼ਸਲ ਤੇ ਸ਼ਾਂਤ ਹੋਏ ਖੇਤਾਂ ਨੂੰ ਦੇਖ ਕੇ ਬੇਵਸੀ ਨਾਲ ਕੰਬ ਰਹੇ ਹਨ। ਜ਼ਮੀਨ ਠੇਕੇ ’ਤੇ ਲੈ ਵਾਹੀ ਕਰਨ ਵਾਲੇ ਡਾਢੀ ਚਿੰਤਾ ’ਚ ਡੁੱਬੇ ਨੇ। ਅਜਿਹੇ ’ਚ ਕਰਜ਼ੇ ਦੇ ਬੋਝ ਹੇਠੋਂ ਨਿੱਕਲਣਾ ਉਨ੍ਹਾਂ ਨੂੰ ਸੁਭਾਵਿਕ ਨਹੀਂ ਜਾਪਦਾ।
ਆਏ ਦਿਨੀ ਸੋਸ਼ਲ ਮੀਡੀਆ ’ਤੇ ਨਸ਼ਰ ਹੋ ਰਹੇ ਚਲ-ਚਿੱਤਰ ਇਸ ਸੱਚ ਨੂੰ ਉਜਾਗਰ ਕਰਦੇ ਹਨ। ਫਿਰੋਜ਼ਪੁਰ ਨੇੜਲੇ ਕਿਸੇ ਪਿੰਡ ਦੇ ਬਾਸ਼ਿੰਦੇ ਨੇ ਦੁਹਾਈ ਦਿੰਦੇ ਦੱਸਿਆ ਕਿ ਉਸ ਦੀ ਦਸ ਏਕੜ ਝੋਨੇ ਦੀ ਫ਼ਸਲ ਘੰਟੇ ਭਰ ’ਚ ਹੀ ਪਾਣੀ ਨਾਲ ਖ਼ਤਮ ਹੋ ਗਈ । ਚਿੰਤਿਤ ਹੋ ਪੁੱਛਦਾ ਹੈ ਕਿ ਉਹ ਕਰਜ਼ਾ ਕਿਵੇਂ ਉਤਾਰੇਗਾ? ਉਸ ਦੀ ਆਵਾਜ਼ ਵਿੱਚ ਉਹ ਦਰਦ ਸੀ ਜੋ ਹਜ਼ਾਰਾਂ ਕਿਸਾਨਾਂ ਦਾ ਸਾਂਝਾ ਹੈ । ਤਰਨਤਾਰਨ ਇਲਾਕੇ ਦੀ ਇੱਕ ਵਿਧਵਾ ਔਰਤ ਨੇ ਆਪਣੇ ਟੁੱਟੇ ਘਰ ਸਾਹਮਣੇ ਖੜ੍ਹ ਤਰਲੇ ਭਰੇ, ਸਾਡੀ ਤਾਂ ਛੱਤ ਵੀ ਨਹੀਂ ਬਚੀ, ਬੱਚੇ ਭੁੱਖੇ ਹਨ, ਪਾਣੀ ਵਿੱਚ ਰੋਟੀ ਬਣਾਉਣ ਲਈ ਉਹ ਅੱਗ ਕਿੱਥੋਂ ਲਿਆਵੇ? Punjab Flood
ਇੱਕ ਜਲੰਧਰੀਏ ਨੇ ਵੀਡੀਓ ਤੇ ਵਿਖਾਇਆ ਕਿ ਉਸ ਦਾ ਸਾਰਾ ਘਰ ਪਾਣੀ ਵਿੱਚ ਰੁੜ੍ਹ ਗਿਆ। ਉਹ ਸਿਰਫ਼ ਇੱਕ ਤਸਵੀਰ ਦਾ ਫਰੇਮ ਬਚਾ ਸਕਿਆ ਜੋ ਉਸਨੇ ਆਪਣੇ ਮਾਪਿਆਂ ਦੀ ਯਾਦ ਵਜੋਂ ਸੰਭਾਲਿਆ ਸੀ। ਭਾਵੇਂ ਨਵੋਦਿਆ ਸਕੂਲ ਦੇ ਚਾਰ ਸੌ ਦੇ ਕਰੀਬ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਪਿੰਡ ਵਾਸੀਆਂ ਨੇ ਟਰੈਕਟਰ-ਟਰਾਲੀਆਂ ਜ਼ਰੀਏ ਸੁਰੱਖਿਅਤ ਕੱਢਿਆ ਪਰ ਬਹੁਤੇ ਬੱਚਿਆਂ ਦੀਆਂ ਕਿਤਾਬਾਂ ਤੇ ਕਾਪੀਆਂ ਪਾਣੀ ਵਿੱਚ ਰੁੜ੍ਹ ਗਈਆਂ । ਕਿਤਾਬਾਂ ਕਾਪੀਆਂ ਤਾਂ ਭਾਵੇਂ ਮਿਲ ਜਾਣਗੀਆਂ ਪਰ ਦਿਲਾਂ ’ਚ ਵਸਿਆ ਸਹਿਮ ਕਿਸ ਕੀਮਤ ’ਤੇ ਨਿਕਲੇਗਾ ਇਹ ਤਾਂ ਜਿੰਨ੍ਹਾਂ ’ਤੇ ਬੀਤੀ ਹੈ। Punjab Flood
ਉਹੀ ਦੱਸ ਸਕਣਗੇ ਪੰਜਾਬ ਦੇ ਸਰਹੱਦੀ ਜ਼ਿਲ੍ਹੇ ਦੇ ਹਰ ਪਿੰਡ ਵਿੱਚ ਦਰਦ ਦੀਆਂ ਅਜਿਹੀਆਂ ਹੀ ਕਹਾਣੀਆਂ ਹਨ। ਦੁਆਬੇ ਵਿੱਚ ਰਾਵੀ, ਮਾਝੇ ’ਚ ਬਿਆਸ, ਮਾਲਵੇ ’ਚ ਸਤਲੁਜ ਤੇ ਹਰਿਆਣੇ ਨਾਲ ਲੱਗਦੇ ਇਲਾਕਿਆਂ ’ਚ ਘੱਗਰ ਨੇ ਅਜਿਹਾ ਮਾਹੌਲ ਸਿਰਜਿਆ। ਰਹਿੰਦੀ ਕਸਰ ਭਾਖੜਾ ਡੈਮ ਦੇ ਖੋਲ੍ਹੇ ਫਲੱਡ ਗੇਟਾਂ ਨੇ ਪੂਰੀ ਕੀਤੀ। ਹਰੀਕੇ ਪੱਤਣ ਤੋਂ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਤੇਜ਼ ਵਹਾਅ ਨਾਲ ਦਾਖ਼ਲ ਹੋ ਰਿਹਾ ਲੱਖਾਂ ਕਿਊਸਿਕ ਪਾਣੀ ਸਥਿਤੀ ਨੂੰ ਅਤਿ ਸੰਵੇਦਨਸ਼ੀਲ ਤੇ ਪੇਚੀਦਾ ਬਣਾ ਰਿਹਾ ਹੈ। ਤਰਨਤਾਰਨ, ਗੁਰਦਾਸਪੁਰ, ਹੁਸ਼ਿਆਰਪੁਰ, ਪਠਾਨਕੋਟ, ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਫਿਰੋਜ਼ਪੁਰ, ਫਾਜਿਲਕਾ, ਰੋਪੜ, ਸੰਗਰੂਰ, ਪਟਿਆਲਾ, ਮਾਨਸਾ ਜ਼ਿਲ੍ਹੇ ਦੇ ਬਹੁਤੇ ਪਿੰਡਾਂ ਦੇ ਹਾਲਾਤ ਆਮ ਵਾਂਗ ਨਹੀਂ ਰਹੇ। Punjab Flood
ਮੀਡੀਆ ਰਿਪੋਰਟਾਂ ਅਨੁਸਾਰ ਹੁਣ ਤੱਕ ਲੱਗਭੱਗ ਤਿੰਨ ਲੱਖ ਏਕੜ ਰਕਬੇ ਵਿੱਚ ਖੜ੍ਹੀ ਫਸਲ ਨੁਕਸਾਨੀ ਗਈ । ਸਭ ਤੋਂ ਵੱਧ ਹਾਨੀ ਫਿਰੋਜ਼ਪੁਰ ਦੇ ਖੇਤਾਂ ਨੂੰ ਪੁੱਜੀ ਜਿੱਥੇ ਔਸਤਨ ਅੱਸੀ ਹਜ਼ਾਰ ਏਕੜ ਜ਼ਮੀਨ ਵਿੱਚ ਪਾਣੀ ਭਰਿਆ । ਝੋਨਾ, ਕਪਾਹ, ਮੱਕੀ ਅਤੇ ਸਬਜ਼ੀਆਂ ਦੀ ਖੇਤੀ ਇਸ ਦਾ ਸ਼ਿਕਾਰ ਹੋਈ ਹੈ । 55 ਤੋਂ 60 ਹਜ਼ਾਰ ਘਰਾਂ ਨੂੰ ਵੱਡਾ ਨੁਕਸਾਨ ਪੁੱਜਣ ਦੀਆਂ ਕਿਆਸ ਅਰਾਈਆਂ ਵੀ ਲਾਈਆਂ ਜਾ ਰਹੀਆਂ ਹਨ । ਭੁੱਖਮਰੀ, ਲਾਚਾਰੀ ਤੇ ਮਹਾਂਮਾਰੀ ਦੇ ਵੱਡੇ ਪੱਧਰ ’ਤੇ ਫੈਲਣ ਦਾ ਖ਼ਤਰਾ ਬਣਿਆ ਹੈ । ਭਾਵੇਂ ਸੈਨਾ ਅਤੇ ਪ੍ਰਸ਼ਾਸਨ ਨੇ ਕਾਫ਼ੀ ਪ੍ਰਬੰਧ ਕੀਤੇ ਪਰ ਕੁਦਰਤੀ ਕਾਰੋਪੀ ਅੱਗੇ ਇਹ ਊਣੇ ਹਨ । ਜਿਸ ਪੱਧਰ ’ਤੇ ਇਸ ਤਬਾਹੀ ਨੇ ਮਾਰ ਕੀਤੀ ਉਸ ਅੱਗੇ ਸਾਰੇ ਬਚਾਅ ਕਾਰਜ ਛੋਟੇ ਰਹੇ । ਚੰਗਾ ਪਹਿਲੂ ਇਹ ਨਜ਼ਰ ਆਉਂਦਾ ਹੈ ਕਿ ਲੋਕ ਇੱਕ-ਦੂਜੇ ਦਾ ਸਹਾਰਾ ਬਣੇ।
ਬਠਿੰਡਾ ਜਿਲ੍ਹੇ ਦੇ ਕਈ ਨੌਜਵਾਨਾਂ ਨੇ ਆਪਣੇ ਟਰੈਕਟਰ-ਟਰਾਲੀਆਂ ਲਾ ਕੇ ਪਾਣੀ ਵਿੱਚ ਫਸੇ ਲੋਕਾਂ ਨੂੰ ਕੱਢਿਆ । ਹੁਸ਼ਿਆਰਪੁਰ ਦੀ ਇੱਕ ਧਾਰਮਿਕ ਸੰਸਥਾ ਨੇ ਆਪਣੇ ਦਰਵਾਜ਼ੇ ਖੋਲ੍ਹ ਕੇ ਸੈਂਕੜੇ ਪਰਿਵਾਰਾਂ ਨੂੰ ਪਨਾਹ ਦਿੱਤੀ ।ਇਹ ਹੜ੍ਹ ਸਾਨੂੰ ਕੇਵਲ ਕਿਸੇ ਵੱਡੀ ਕੁਦਰਤੀ ਆਫ਼ਤ ਦੀ ਯਾਦ ਹੀ ਨਹੀਂ ਦਿਵਾਉਂਦੇ ਸਗੋਂ ਇਹ ਵੀ ਪੁੱਛਦੇ ਹਨ ਕਿ ਅਸੀਂ ਆਪਣੀ ਭੂਮੀ ਨੂੰ ਬਚਾਉਣ ਵਿੱਚ ਕਿੰਨੇ ਕੁ ਸਮਰੱਥ ਹੋਏ ਹਾਂ? ਭਾਵੇਂ ਸੈਲਾਬ ਨੇ ਪੰਜਾਬ ਨੂੰ ਕਈ ਫੱਟ ਦਿੱਤੇ ਹਨ ਪਰ ਇਹ ਸਾਨੂੰ ਹਰਾ ਨਹੀਂ ਸਕਦਾ। ਇਤਿਹਾਸ ਗਵਾਹ ਹੈ ਕਿ ਹਰ ਮੁਸ਼ਕਿਲ ਬਾਅਦ ਇਸਨੇ ਆਪਣੇ-ਆਪ ਨੂੰ ਖੜ੍ਹਾ ਹੀ ਨਹੀਂ ਕੀਤਾ ਬਲਕਿ ਜੀਵਤ ਵੀ ਰੱਖਿਆ ਹੈ । ਅੱਜ ਵੀ ਜੇ ਅਸੀਂ ਏਕਤਾ, ਹਿੰਮਤ ਤੇ ਮੱਦਦ ਭਰੇ ਕਦਮਾਂ ਨਾਲ ਅੱਗੇ ਆਈਏ ਤਾਂ ਦੁਬਾਰਾ ਫਿਰ ਇਹ ਧਰਤੀ ਸੁਨਹਿਰੀ ਫਸਲਾਂ ਨਾਲ ਖਿੜੇਗੀ! Punjab Flood
ਲੱਖ ਔਕੜਾਂ ਆਈਆਂ ਸਿਰ ’ਤੇ
ਪਰ ਕੋਈ ਤੋੜ ਨਾ ਸਕਿਆ।
ਏਕਤਾ ਤੇ ਭਾਈਚਾਰੇ ਨੇ
ਬੱਸ ਮੈਨੂੰ ਜੋੜ ਕੇ ਰੱਖਿਆ
ਪ੍ਰੋਫੈਸਰ ਕਾਲੋਨੀ, ਤਲਵੰਡੀ ਸਾਬੋ ।
ਮੋ. 94641-97487
ਡਾ. ਕੇ. ਮਨੀਵਿਨਰ