ਨਸ਼ਾ ਤਸਕਰੀ ਦਾ ਵੱਡਾ ਨੈੱਟਵਰਕ

Trafficking

ਪੰਜਾਬ ’ਚ ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ’ਚ 77 ਕਿਲੋਗ੍ਰਾਮ ਤੋਂ ਜ਼ਿਆਦਾ ਹੈਰੋਇਨ ਬਰਾਮਦ ਹੋਈ ਹੈ ਜੋ ਬੇਹੱਦ ਚਿੰਤਾਜਨਕ ਹੈ। ਭਾਵੇਂ ਇਹ ਪੁਲਿਸ ਦੀ ਵੱਡੀ ਪ੍ਰਾਪਤੀ ਹੈ ਪਰ ਸਿਆਸੀ ਅਤੇ ਸਮਾਜਿਕ ਪੱਧਰ ’ਤੇ ਇਸ ਦੀ ਓਨੀ ਵੱਡੀ ਚਰਚਾ ਨਾ ਹੋਣਾ ਜਿੰਨਾ ਵੱਡਾ ਇਹ ਖਤਰਨਾਕ ਸੰਕੇਤ ਹੈ ਹੋਰ ਵੀ ਚਿੰਤਾ ਦਾ ਵਿਸ਼ਾ ਹੈ। ਹੈਰੋਇਨ ਦੀ ਇੰਨੀ ਵੱਡੀ ਖੇਪ ਦੀ ਬਰਾਮਦਗੀ ਇਸ ਗੱਲ ਦੀ ਪੁਸ਼ਟੀ ਕਰਦੀ ਹੈ ਕਿ ਨਸ਼ਾ ਤਸਕਰਾਂ ਦੇ ਮਨਸੂਬੇ, ਤਿਆਰੀ ਤੇ ਨੈੱਟਵਰਕ ਬਹੁਤ ਵੱਡਾ ਹੈ। ਭਾਵੇਂ ਅਜਿਹੀਆਂ ਹੋਰ ਵੀ ਘਟਨਾਵਾਂ ਸਾਹਮਣੇ ਆਈਆਂ ਹਨ ਕਿ ਪੁਲਿਸ ਨੇ ਡਰੋਨ ਰਾਹੀਂ ਹੈਰੋਇਨ ਭੇਜਣ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕੀਤਾ ਹੈ ਪਰ 77 ਕਿਲੋਗ੍ਰਾਮ ਹੈਰੋਇਨ ਸਰਹੱਦ ਪਾਰ ਕਿਵੇਂ ਕਰ ਗਈ ਹੈਰਾਨੀ ਵਾਲੀ ਗੱਲ ਹੈ।

ਫਿਰੋਜ਼ਪੁਰ ਵਾਲੀ ਘਟਨਾ

ਜਿਹੜੇ ਤਸਕਰ ਇਹ ਹੈਰੋਇਨ ਸਰਹੱਦ ਪਾਰ ਕਰਨ ’ਚ ਕਾਮਯਾਬ ਹੋ ਗਏ ਉਹਨਾਂ ਦਾ ਨੈੱਟਵਰਕ ਕਿੰਨਾ ਲੰਮਾ-ਚੌੜਾ ਹੋਵੇਗਾ ਇਸ ਬਾਰੇ ਸਮਝਣ, ਸੋਚਣ ਤੇ ਵਿਉਂਤਬੰਦੀ ਕਰਨ ਦੀ ਚਰਚਾ ਨਹੀਂ ਹੋ ਰਹੀ। ਨਸ਼ਾ ਤਸਕਰੀ ਨੂੰ ਸਿਰਫ ਪੁਲਿਸ ਤੱਕ ਛੱਡ ਦੇਣ ਨਾਲ ਗੱਲ ਨਹੀਂ ਬਣਨੀ ਸਗੋਂ ਇਸ ਮੁਹਿੰਮ ’ਚ ਸਿਆਸੀ, ਸਮਾਜਿਕ ਤੇ ਧਾਰਮਿਕ ਨੁਮਾਇੰਦਿਆਂ ਦੀ ਸ਼ਮੂਲੀਅਤ ਜ਼ਰੂਰੀ ਹੈ। ਕੇਂਦਰ ਤੇ ਸੂਬਾ ਸਰਕਾਰਾਂ ਨੂੰ ਚਾਹੀਦਾ ਹੈ ਕਿ ਫਿਰੋਜ਼ਪੁਰ ਵਾਲੀ ਘਟਨਾ ਨੂੰ ਵੱਡੀ ਚੁਣੌਤੀ ਦੇ ਰੂਪ ’ਚ ਸਵੀਕਾਰ ਕੀਤਾ ਜਾਵੇ। ਸਰਹੱਦੀ ਪਿੰਡਾਂ ਦੇ ਆਮ ਲੋਕਾਂ ਦਾ ਨਸ਼ਾ ਤਸਕਰੀ ’ਚ ਸ਼ਾਮਲ ਹੰੁਦੇ ਜਾਣਾ ਹੀ ਆਪਣੇ-ਆਪ ’ਚ ਸਮੱਸਿਆ ਦੀ ਗੰਭੀਰਤਾ ਵੱਲ ਸੰਕੇਤ ਕਰਦਾ ਹੈ। ਜਿਹੜੇ ਤਸਕਰ 5-7 ਕਿਲੋ ਚੂਰਾ ਪੋਸਤ ਲਿਆਉਣ ਤੱਕ ਸੀਮਤ ਹੰੁਦੇ ਸਨ ਉਹ ਅੱਜ ਅੰਤਰਰਾਸ਼ਟਰੀ ਸਰਹੱਦਾਂ ਰਾਹੀਂ 100 ਕਰੋੜ ਦੇ ਕਰੀਬ ਹੈਰੋਇਨ ਮੰਗਵਾਉਣ ’ਚ ਕਾਮਯਾਬ ਹੋ ਜਾਂਦੇ ਹਨ ਤਾਂ ਇਸ ਤੋਂ ਵੱਡੀ ਖ਼ਤਰੇ ਵਾਲੀ ਗੱਲ ਹੋਰ ਕੀ ਹੋ ਸਕਦੀ ਹੈ।

ਇਹ ਵੀ ਪੜ੍ਹੋ : ’ਬਿੱਲ ਲਿਆਓ, ਇਨਾਮ ਪਾਓ’ ਸਕੀਮ ਤਹਿਤ ਜਲਦ ਜਾਰੀ ਹੋਵੇਗੀ ਮੋਬਾਈਲ ਐਪ

ਇਹ ਘਟਨਾ ਘੱਟੋ-ਘੱਟ ਪੰਜਾਬ ਦੀ ਜਵਾਨੀ ਲਈ ਤਾਂ ਬਹੁਤ ਭਿਆਨਕ ਖਬਰ ਹੈ। ਰੋਜ਼ਾਨਾ ਹੀ ਚਿੱਟਾ ਪੀਣ ਨਾਲ ਹੋ ਰਹੀਆਂ ਮੌਤਾਂ ਦੀਆਂ ਖਬਰਾਂ ਨਸ਼ਾ ਤਸਕਰੀ ਦੇ ਮਜ਼ਬੂਤ ਨੈੱਟਵਰਕ ਦਾ ਸਬੂਤ ਹਨ। ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਸਰਕਾਰ ਤੇ ਪੁਲਿਸ ਫਿਰੋਜ਼ਪੁਰ ’ਚ ਹੈਰੋਇਨ ਦੀ ਵੱਡੀ ਖੇਪ ਦੀ ਬਰਾਮਦਗੀ ਤੋਂ ਇਹ ਸਮਝ ਲੈਣ ਕਿ ਨਸ਼ੇ ਖਿਲਾਫ ਉਨ੍ਹਾਂ ਦੀ ਜੰਗ ਹੋਰ ਵੱਡੀ ਹੋ ਗਈ ਹੈ। ਜੇਕਰ ਧੜਾਧੜ ਅਜਿਹੀਆਂ ਹੋਰ ਖੇਪਾਂ ਆਉਂਦੀਆਂ ਰਹੀਆਂ ਤਾਂ ਤਸਕਰ ਕੋਈ ਨਾ ਕੋਈ ਖੇਪ ਬਚਾਉਣ ’ਚ ਕਾਮਯਾਬ ਹੋ ਸਕਦੇ ਹਨ। ਬਰਾਮਦ ਨਾ ਹੋਣ ਵਾਲੀਆਂ ਖੇਪਾਂ ਕਾਰਨ ਹੀ ਸ਼ਹਿਰ-ਸ਼ਹਿਰ, ਪਿੰਡ-ਪਿੰਡ ਨਸ਼ਾ ਜਾ ਰਿਹਾ ਹੈ ਜੇਕਰ ਹਰ ਖੇਪ ਫੜ੍ਹੀ ਜਾ ਰਹੀ ਹੈ ਤਾਂ ਫ਼ਿਰ ਨਸ਼ੇ ਨਾਲ ਲੋਕ ਮਰ ਕਿਉਂ ਰਹੇ ਹਨ ਇਹ ਸਮਝਣ ਦੀ ਲੋੜ ਹੈ।