Motivational quotes : ਬੇਸ਼ੱਕ ਅੱਜ ਦੇ ਇਨਸਾਨ ਨੇ ਹੋਰਨਾਂ ਮਖਲੂਕਾਂ ਉੱਪਰ ਆਪਣੀ ਬਾਲਾਦਸਤੀ ਕਾਇਮ ਕੀਤੀ ਹੈ ਤੇ ਉਹ ਖੁਦ ਨੂੰ ਬਹੁਤ ਤਾਕਤਵਰ, ਤਰੱਕੀ-ਪਸੰਦ, ਕਾਮਯਾਬ ਤੇ ਸਾਹਿਬ-ਏ-ਅਕਲ ਵੀ ਮਹਿਸੂਸ ਕਰਦਾ ਹੈ, ਲੇਕਿਨ ਇਸ ਸਭ ਦੇ ਬਾਵਜ਼ੂਦ ਸੱਚ ਜਾਣਿਓ! ਇਨਸਾਨ ਦੀ ਜਹਾਨਤ ਉੱਪਰ ਹੁਣ ਸ਼ੱਕ ਜਿਹਾ ਹੁੰਦਾ ਹੈ। ਉਸ ਦੇ ਦਾਅਵੇ ਖੋਖਲੇ ਜਿਹੇ ਪ੍ਰਤੀਤ ਹੁੰਦੇ ਹਨ।
ਸਾਡੇ ਮੁਆਸਰੇ ਵਿਚ ਲੋਕ ਤਰੱਕੀ ਦੀ ਅੰਨ੍ਹੀ ਦੌੜ ਵਿਚ ਇਸ ਹੱਦ ਤੱਕ ਸ਼ਾਮਿਲ ਹੋ ਚੁੱਕੇ ਹਨ ਕਿ ਨਾ ਤਾਂ ਹੁਣ ਉਨ੍ਹਾਂ ਵਿਚ ਪਹਿਲਾਂ ਵਰਗਾ ਸਹਿਜ਼, ਸਕੂਨ, ਸਦਾਕਤ ਤੇ ਸਦਭਾਵਨਾ ਰਹੀ ਹੈ ਅਤੇ ਨਾ ਹੀ ਉਹ ਪਹਿਲਾਂ ਵਰਗੇ ਜ਼ਜ਼ਬਾਤਾਂ ਦੇ ਰਿਸ਼ਤੇ, ਤਹਿਜ਼ੀਬ, ਸ਼ਰਾਫਤ ਤੇ ਕਿਰਦਾਰ ਹਨ। ਨਾ ਉਹ ਬੰਦਾਪਰਵਰੀ, ਛੋਟੇ-ਵੱਡੇ ਦਾ ਲਿਹਾਜ਼, ਇੱਕ-ਦੂਜੇ ਦਾ ਏਹਤਿਰਾਮ, ਰਿਸ਼ਤਿਆਂ ਵਿਚ ਸਫਕਤ ਤੇ ਇੱਕ-ਦੂਜੇ ਦੀ ਸ਼ਰਮ ਦਿਖਾਈ ਦਿੰਦੀ ਹੈ ਤੇ ਨਾ ਹੀ ਕਿਤੇ ਲੋਕਾਂ ਵਿਚ ਉਹ ਪਹਿਲਾਂ ਵਰਗਾ ਖਲੂਸ, ਦਿਆਨਤਦਾਰੀ, ਮੁਖਲਿਸ ਰਵੱਈਆ, ਬਾਇਖਲਾਕ ਤਰਜ-ਏ-ਅਮਲ ਅਤੇ ਖੁਸਮਿਜਾਜ਼ ਵਰਤਾਉ ਦੇਖਣ ਨੂੰ ਮਿਲਦਾ ਹੈ।
Also Read : ਸੁਪਰੀਮ ਕੋਰਟ ਦਾ ਆਇਆ ਵੱਡਾ ਫ਼ੈਸਲਾ! ਪਰਿਵਾਰ ਦੇ ਇਸ ਮੈਂਬਰ ਨੂੰ ਜਾਇਦਦ ਵੇਚਣ ਲਈ ਕਿਸੇ ਦੀ ਸਹਿਮਤੀ ਦੀ ਨਹੀਂ ਲੋੜ!
ਬੇਸ਼ੱਕ ਅੱਜ ਇਨਸਾਨ ਨੇ ਕਾਇਨਾਤ ਦੇ ਗੁੱਝੇ ਭੇਦਾਂ ਨੂੰ ਸਮਝਣ ਵਿਚ ਕਿਸੇ ਹੱਦ ਤੱਕ ਸਫਲਤਾ ਵੀ ਹਾਸਲ ਕੀਤੀ ਹੈ ਪਰ ਹੁਣ ਉਹ ਪਹਿਲਾਂ ਵਰਗੀ ਕੁਰਬੱਤ ਅਤੇ ਰਫਾਕਤ ਕਿਤੇ ਗੁੰਮ ਜਿਹੀ ਹੋ ਗਈ ਹੈ। ਦੌਲਤ ਦੇ ਅੰਬਾਰ ਉੱਪਰ ਬੈਠਾ ਹਰ ਸ਼ਖਸ ਅੰਦਰੋਂ-ਅੰਦਰ ਹੀ ਇਕੱਲਤਾ ਅਤੇ ਕਿਸੇ ਖਲਾਅ ਦਾ ਸੰਤਾਪ ਭੋਗ ਰਿਹਾ ਹੈ, ਉਹ ਭੀੜ ਵਿਚ ਸ਼ੁਮਾਰ ਤਾਂ ਹੋ ਰਿਹਾ ਹੈ, ਪਰ ਮਨੁੱਖੀ ਰਿਸ਼ਤਿਆਂ ਵਿਚੋਂ ਕਿਤੇ ਨਾ ਕਿਤੇ ਹਰ ਗੁਜ਼ਰਦੇ ਹੋਏ ਪਲਾਂ ਨਾਲ ਮਨਫੀ ਹੋ ਰਿਹਾ ਹੈ ਉਹ ਕੁਝ ਮੁਫਲਸੀ ਦੇ ਮਾਰੇ ਲੋਕਾਂ ਉੱਤੇ ਆਪਣੇ ਸਿੱਕੇ ਦੀ ਧੌਂਸ ਨੂੰ ਜਮਾਉਣ ਵਿਚ ਤਾਂ ਸਫਲ ਦਿਖਾਈ ਦੇ ਰਿਹਾ ਹੈ, ਲੇਕਿਨ ਉਸ ਦੀ ਆਪਣੀ ਸਫਲਤਾ ਹੀ ਉਸ ਦੇ ਧੁਰ ਅੰਦਰ ਕਿਤੇ ਨਾ ਕਿਤੇ ਬੇਚੈਨੀ ਨੂੰ ਵਧਾਉਣ ਵਿਚ ਮਰਕਜੀ ਕਿਰਦਾਰ ਨਿਭਾ ਰਹੀ ਹੈ । (Motivational quotes)
Petrol Diesel Prices Today : ਖੁਸ਼ਖਬਰੀ! ਇਸ ਸੂਬੇ ’ਚ ਪੈਟਰੋਲ ਡੀਜ਼ਲ ਹੋਇਆ ਸਸਤਾ
ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਉਸ ਦੀ ਅਜਿਹੀ ਹਾਲਤ ਕਿਉਂ ਹੈ? ਜੇਕਰ ਅਸੀਂ ਗਹੁ ਨਾਲ ਵੇਖੀਏ ਤਾਂ ਇਹ ਸਹਿਜੇ ਹੀ ਸਪੱਸ਼ਟ ਹੋ ਜਾਂਦਾ ਹੈ ਕਿ ਇਨਸਾਨ ਮਹਿਜ਼ ਇੱਕ ਕਠਪੁਤਲੀ ਹੈ। ਦਰਅਸਲ ਇਨਸਾਨ ਆਪਣੇ ਪਹਿਲੇ ਸਾਹ ਤੋਂ ਆਖਰੀ ਸਾਹ ਤੱਕ ਇੱਕ ਬੜੇ ਵੱਡੇ ਮੁਗਾਲਤੇ ਦਾ ਸ਼ਿਕਾਰ ਹੁੰਦਾ ਹੈ ਅਤੇ ਉਹ ਭੁੱਲ ਜਾਂਦਾ ਹੈ ਕਿ ਕਿਸੇ ਵੀ ਕਠਪੁਤਲੀ ਦੀ ਆਪਣੀ ਕੋਈ ਸੁਤੰਤਰ ਹੋਂਦ ਨਹੀਂ ਹੁੰਦੀ ਹੈ। ਇਨਸਾਨ ਜੋ ਵੀ ਹੈ, ਉਹ ਕਿਸੇ ਦੈਵੀ ਸ਼ਕਤੀ ਦੀ ਰਜ਼ਾ ਵਿਚ ਹੀ ਹੈ। ਵਾਸਤਵ ਵਿਚ ਉਸ ਦੀ ਹੈਸੀਅਤ ਇਸ ਬ੍ਰਹਮੰਡ ਦੇ ਇੱਕ ਤੁੱਛ ਜਿਹੇ ਕਿਣਕੇ ਦੇ ਸਮਾਨ ਹੈ, ਲੇਕਿਨ ਉਹ ਉਲਾਰ ਅਤੇ ਫਤੂਰ ਵਿਚ ਇਹ ਸਮਝ ਬੈਠਦਾ ਹੈ ਕਿ ਜਿਵੇਂ ਸਭ ਕੁਝ ਉਸ ਦੇ ਕਰਕੇ ਤੇ ਉਸ ਦੇ ਇਸ਼ਾਰੇ ਉੱਤੇ ਹੋ ਰਿਹਾ ਹੈ। (Motivational quotes)
ਇਸ ਸੰਸਾਰ ਵਿਚ ਵਿਚਰਦੇ ਹੋਏ ਇਨਸਾਨ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸਾਰੇ ਖੌਫ, ਵਸਵਸੇ, ਵਹਿਮ, ਉਲਝਣਾਂ ਤੇ ਦੁਚਿੱਤੀਆਂ ਉਸ ਵੇਲੇ ਮਨੁੱਖ ਨੂੰ ਆਣ ਘੇਰਦੀਆਂ ਹਨ, ਜਦੋਂ ਮਨੁੱਖ ਉਸ ਪਰਵਦਗਾਰ ਦੀ ਰਜ਼ਾ ਵਿਚ ਚੱਲਣ ਤੋਂ ਮੁਨਕਰ ਹੋ ਕੇ ਨੇਕੀ ਦੇ ਰਾਹ ਨੂੰ ਛੱਡ ਕੇ ਵਿਕਾਰਾਂ ਅੱਗੇ ਆਤਮ-ਸਮੱਰਪਣ ਕਰ ਦਿੰਦਾ ਹੈ। ਉਸ ਨਿਰੰਕਾਰ ਦੀ ਰਜ਼ਾ ਤੋਂ ਮੁਨਕਰ ਕਿਸੇ ਵੀ ਇਨਸਾਨ ਨੂੰ ਨਾ ਤਾਂ ਕੋਈ ਸਿਆਣਪ, ਚਲਾਕੀ-ਚੁਸਤੀ ਤੇ ਸ਼ਰਾਰਤ ਵੈਤਰਨੀ ਦੀ ਅੱਗ ਤੋਂ ਬਚਾ ਸਕਦੀ ਹੈ ਤੇ ਨਾ ਹੀ ਉਸ ਨੂੰ ਪੁਰਸਲਾਤ ਦੇ ਪੁਲ ਤੋਂ ਪਾਰ ਲੰਘਾ ਸਕਦੀ ਹੈ।
Also Read : ਹਰਿਆਣਾ ਸਕੂਲ ਸਿੱਖਿਆ ਬੋਰਡ ਦੀ ਵੱਡੀ ਗਲਤੀ, ਹੁਣ HTET ਦਾ ਨਤੀਜਾ ਦੁਬਾਰਾ ਹੋਵੇਗਾ ਜਾਰੀ
ਅਕਸਰ ਇਹ ਵੀ ਦੇਖਣ ਨੂੰ ਮਿਲਦਾ ਹੈ ਕਿ ਜ਼ਿਆਦਾਤਰ ਲੋਕ ਅਜੀਮਤਰ ਇਨਸਾਨ ਬਣਨ ਦਾ ਖਵਾਬ ਦੇਖਦੇ ਹਨ, ਲੇਕਿਨ ਉਹਨਾਂ ਦੇ ਅੰਦਰ ਦਾ ਝੂਠ, ਕਸ਼ਮਕਸ਼, ਖੁਦਗਰਜੀ, ਲਾਲਚ, ਜਹਾਲਤ ਤੇ ਬੁਜਦਿਲੀ ਉਹਨਾਂ ਕੋਲੋਂ ਉਹ ਬੇਸ਼ਕੀਮਤੀ ਪਲ ਖੋਹ ਲੈਂਦੀ ਹੈ, ਜਿਸ ਦਾ ਸਦਉਪਯੋਗ ਕਰਕੇ ਉਹ ਮਹਾਨ ਬਣ ਸਕਦੇ ਹੁੰਦੇ ਹਨ। ਅਜਿਹੇ ਲੋਕਾਂ ਕੋਲ ਨਾ ਤਾਂ ਨੇਕੀ, ਸੱਚਾਈ ਤੇ ਕੁਰਬਾਨੀ ਦੇ ਰਾਹ ਉੱਪਰ ਤੁਰਨ ਦਾ ਹੁਨਰ ਤੇ ਜ਼ਜ਼ਬਾ ਹੁੰਦਾ ਹੈ ਅਤੇ ਨਾ ਹੀ ਉਨ੍ਹਾਂ ਅੰਦਰ ਰਹਿਮਦਿਲ, ਦਿਆਨਤਦਾਰ, ਸਖੀ, ਬਹਾਦਰ ਤੇ ਸੱਚੇ ਇਨਸਾਨ ਬਣਨ ਦੀ ਸਲਾਹੀਅਤ ਹੁੰਦੀ ਹੈ।
ਲਿਹਾਜ਼ਾ ਆਪਣੇ ਨਹਾਇਤ ਬੁਰੇ ਅਮਲਾਂ ਕਰਕੇ ਆਪਣੀ ਕਮਜਰਫੀ, ਹਵਸ ਤੇ ਨਫਸ ਦੇ ਗੁਲਾਮ ਅਜਿਹੇ ਲੋਕ ਕਦੇ ਵੀ ਅਜੀਮ ਇਨਸਾਨ ਨਹੀਂ ਬਣ ਪਾਉਂਦੇ ਹਨ। ਪਰਮਾਤਮਾ ਤਾਂ ਮੁਨਾਸਿਬ ਵਕਤ ਆਉਣ ਉੱਪਰ ਹਰੇਕ ਨੂੰ ਸਵਾਬ ਖੱਟਣ ਦਾ ਮੌਕਾ ਦਿੰਦਾ ਹੈ, ਪਰੰਤੂ ਇਨਸਾਨ ਗੁਨਾਹ ਅਤੇ ਗਫਲਤ ਦੇ ਰਾਹ ਉੱਪਰ ਬੇਖੌਫ ਤੁਰਦਿਆਂ ਭਲੇ ਵਕਤ ਦਾ ਲਾਭ ਉਠਾਉਣ ਤੋਂ ਖੁੰਝ ਜਾਂਦਾ ਹੈ। ਜੇਕਰ ਇਨਸਾਨ ਬੁਰਾਈ ਤੇ ਗੁਨਾਹ ਦੇ ਰਸਤੇ ਨੂੰ ਛੱਡ ਕੇ ਹੱਕ-ਸੱਚ ਤੇ ਨੇਕੀ ਦਾ ਰਾਹ ਅਖਤਿਆਰ ਕਰ ਲਵੇ ਤਾਂ ਇਨਸਾਨ ਫਰਿਸ਼ਤਾ ਬਣ ਜਾਵੇ, ਪਰ ਅਫਸੋਸ ਉਸ ਦੀ ਮੱਕਾਰੀ, ਜ਼ਿਹਨੀ ਤੰਗਦਿਲੀ ਅਤੇ ਵਿਕਾਰਾਂ ਵਿਚ ਜਕੜਿਆ ਹੋਇਆ ਉਸ ਦਾ ਵਜ਼ੂਦ ਉਸ ਨੂੰ ਇੱਕ ਮਹਾਨ ਇਨਸਾਨ ਬਣਨ ਤੋਂ ਰੋਕਦਾ ਹੈ।
Atal Bihari Vajpayee Birthday : ਜਦੋਂ ਸਾਬਕਾ ਪੀਐੱਮ ਨੇ ਕਿਹਾ ”ਮੈਂ ਕੁਆਰਾ ਨਹੀਂ ਅਣਵਿਆਹਿਆ ਹਾਂ”!
ਜਿਹੜੀਆਂ ਦੇਹਾਂ ਕਦੇ ਸਿਜਦੇ ਵਿਚ ਨਾ ਝੁਕੀਆਂ ਹੋਣ, ਜਿਨ੍ਹਾਂ ਨੇ ਕਦੇ ਆਪਣੇ ਗੁਨਾਹਾਂ ਦੀ ਤੌਬਾ ਨਾ ਕੀਤੀ ਹੋਵੇ ਅਤੇ ਜਿਨ੍ਹਾਂ ਨੇ ਆਪਣੇ ਖਵਾਬਾਂ ਦੀ ਤਾਬੀਰ ਦੀ ਕੀਮਤ ਨਾ ਅਦਾ ਕੀਤੀ ਹੋਵੇ, ਉਹ ਲੋਕ ਕੋਈ ਗੈਰ-ਮਾਮੂਲੀ ਕੰਮ ਸਰਅੰਜਾਮ ਨਹੀਂ ਦੇ ਪਾਉਂਦੇ ਹਨ। ਨਿੱਡਰਤਾ, ਨਿਰਵੈਰਤਾ, ਬੁਲੰਦ ਸੋਚ, ਨੇਕ ਅਮਲ, ਦਿ੍ਰੜ ਵਿਸ਼ਵਾਸ, ਲਗਨ, ਅਨੁਸਾਸ਼ਿਤ ਜੀਵਨ-ਜਾਚ, ਪ੍ਰਤੀਬੱਧਤਾ, ਸੁਹਿਰਦਤਾ, ਇਮਾਨਦਾਰੀ ਅਤੇ ਸਹੀ ਅਵਸਰ ਦਾ ਉਚਿਤ ਪ੍ਰਯੋਗ ਹੀ ਵਿਅਕਤੀ ਨੂੰ ਸਭ ਤੋਂ ਸ੍ਰੇਸਟ, ਵਿਲੱਖਣ ਤੇ ਮਹਾਨ ਬਣਾਉਣ ਦਾ ਰਾਹ ਹਮਵਾਰ ਕਰਦਾ ਹੈ ।
ਜੇਕਰ ਦੇਖਿਆ ਜਾਵੇ ਤਾਂ ਪੋਹ ਦੇ ਮਹੀਨੇ ਚਾਰ-ਚੁਫੇਰੇ ਪਸਰੀ ਧੁੰਦ ਤੇ ਲੁਕਣਮੀਟੀ ਖੇਡਦਾ ਸੂਰਜ ਵੀ ਹਰੇਕ ਇਨਸਾਨ ਨੂੰ ਜ਼ਿੰਦਗੀ ਦਾ ਇੱਕ ਬੇਸ਼ਕੀਮਤੀ ਅਤੇ ਬੇਹੱਦ ਸਾਰਥਿਕ ਸਬਕ ਸਿਖਾਉਂਦਾ ਹੈ ਕਿ ਵਕਤੀ ਤੌਰ ਉੱਪਰ ਕਿਸੇ ਵਰਤਾਰੇ ਬਾਰੇ ਕਦੇ ਕੋਈ ਪੱਕੀ ਰਾਇ ਕਾਇਮ ਨਾ ਕਰੋ ਤੇ ਨਾ ਹੀ ਬਹੁਤ ਜਲਦ ਖੁਸ਼ ਜਾਂ ਮਾਯੂਸ ਹੋਵੋ। ਜ਼ਿੰਦਗੀ ਦਾ ਸਫਰ ਜਿਵੇਂ-ਜਿਵੇਂ ਤੁਸੀਂ ਤੈਅ ਕਰੋਗੇ ਤਿਵੇਂ-ਤਿਵੇਂ ਸਾਰੀ ਅਨਿਸ਼ਚਿਤਤਾ, ਦੁਚਿੱਤੀ ਅਤੇ ਭਟਕਣ ਰਫਤਾ-ਰਫਤਾ ਸਮਾਪਤ ਹੋ ਜਾਵੇਗੀ। ਜ਼ਿੰਦਗੀ ਦੇ ਰੰਗ ਪਹਿਲਾਂ ਨਾਲੋਂ ਹੋਰ ਉੱਘੜਣਗੇ ਤੇ ਜ਼ਿੰਦਗੀ ਦੀਆਂ ਬੇਸ਼ੁਮਾਰ ਰਮਜ਼ਾਂ ਨੂੰ ਤੁਸੀਂ ਪਹਿਲਾਂ ਨਾਲੋਂ ਹੋਰ ਬਿਹਤਰ ਢੰਗ ਨਾਲ ਸਮਝ ਪਾਉਗੇ।
Also Read : ਖੇਡ ਸੰਘਾਂ ’ਚ ਖਿਡਾਰੀਆਂ ਨੂੰ ਮਿਲੇ ਪਹਿਲ
ਜ਼ਿੰਦਗੀ ਦੇ ਮਿਜਾਜ਼ ਨੂੰ ਸਮਝਣ ਦਾ ਹੁਨਰ ਸਿੱਖੋ ਅਤੇ ਵਕਤ ਦੀ ਬਦਲਦੀ ਧਾਰਾ ਅਨੁਸਾਰ ਖੁਦ ਨੂੰ ਬਦਲਣ ਲਈ ਤਿਆਰ ਕਰੋ। ਤੁਹਾਡੇ ਸੁਭਾਅ ਅਤੇ ਸੋਚ ਵਿਚ ਦਰਿਆਵਾਂ ਵਰਗੀ ਰਵਾਨਗੀ ਹੋਣੀ ਲਾਜ਼ਮੀ ਹੈ ਕਿਉਂਕਿ ਕਿਸੇ ਸ਼ਖਸ ਦਾ ਕਠੋਰ ਸੁਭਾਅ ਅਤੇ ਉਸ ਦੀ ਜ਼ਿਹਨੀ ਖੜੋਤ ਉਸ ਦੇ ਆਪਣੇ-ਆਪ ਲਈ ਅਤੇ ਸਮੁੱਚੇ ਮੁਆਸਰੇ ਲਈ ਬੇਹੱਦ ਘਾਤਕ ਸਿੱਧ ਹੋ ਸਕਦੀ ਹੈ।
ਯਾਦ ਰੱਖੋ ਕਿ ਇਨਸਾਨ ਦੀ ਸੋਚ ਦੀ ਪਰਵਾਜ਼, ਖ਼ਿਆਲਾਂ ਦਾ ਪ੍ਰਵਾਹ ਅਤੇ ਉਸ ਦੇ ਤਰਜ-ਏ-ਅਮਲ ਨਾ ਤਾਂ ਬੇਲਗਾਮ ਅਤੇ ਦਿਸ਼ਾਹੀਣ ਹੋਣੇ ਚਾਹੀਦੇ ਹਨ ਅਤੇ ਨਾ ਹੀ ਜ਼ਿੰਦਗੀ ਦੇ ਕੈਨਵਸ ਦੇ ਹਾਸ਼ੀਏ ਉੱਤੇ ਇੱਕ ਛੋਟੇ ਜਿਹੇ ਨੁਕਤੇ ਉੱਤੇ ਸਿਮਟੇ ਹੋਣੇ ਚਾਹੀਦੇ ਹਨ। ਦਰਅਸਲ ਇਨਸਾਨ ਦੀ ਸੋਚ ਉਸ ਦੀ ਸ਼ਖਸੀਅਤ ਦਾ ਆਈਨਾ ਹੁੰਦੀ ਹੈ। ਕੋਸ਼ਿਸ਼ ਕਰੋ ਕਿ ਇਹ ਆਈਨਾ ਨਾ ਤਾਂ ਧੁੰਦਲਾ ਤੇ ਨਾ ਹੀ ਗੰਧਲਾ ਹੋਵੇ। ਨਾ ਹੀ ਇਸ ਵਿਚ ਝਾਕਣ ਉਪਰੰਤ ਤੁਸੀਂ ਸ਼ਰਮਿੰਦਗੀ ਮਹਿਸੂਸ ਕਰੋ ਤੇ ਨਾ ਹੀ ਤੁਹਾਡੇ ਅਮਲ ਅਤੇ ਸੋਚ ਕਿਸੇ ਉੱਤੇ ਆਪਣਾ ਬੋਝ ਲੱਦਣ।
ਆਪਣੀਆਂ ਸੋਚਾਂ ਤੇ ਵਿਚਾਰਾਂ ਦੇ ਉੱਡਣ ਖਟੋਲੇ ਵਿਚ ਬੇਸ਼ੱਕ ਤੁਸੀਂ ਸੈਰ ਕਰੋ, ਲੇਕਿਨ ਕਦੇ ਵੀ ਆਪਣੇ ਹੱਥੋਂ ਹੋਸ਼ ਦੀ ਤੰਦ ਨੂੰ ਛੁੱਟਣ ਨਾ ਦਿਉ। ਦੂਜਿਆਂ ਨਾਲ ਦੁੱਖ ਵੰਡਾਉਂਦੇ ਆਪਣੇ ਵਿਚਾਰਾਂ ਨੂੰ ਮੱਲ੍ਹਮ ਦੀ ਤਰ੍ਹਾਂ ਇਸਤੇਮਾਲ ਕਰੋ ਨਾ ਕਿ ਕਿਸੇ ਨਸਤਰ ਦੀ ਤਰ੍ਹਾਂ ਲੋਕਾਂ ਦੇ ਦੁਖਾਂ ਨੂੰ ਖਰੋਦੋ। ਦੂਜਿਆਂ ਨਾਲ ਉਨ੍ਹਾਂ ਦੇ ਸੁੱਖ ਤੇ ਖੁਸ਼ੀਆਂ ਵੰਡਾਉਂਦੇ ਹੋਏ ਇਸ ਗੱਲ ਦਾ ਜਰੂਰ ਅਹਿਸਾਸ ਰਹੇ ਕਿ ਤੁਸੀਂ ਲੋਕਾਂ ਦੇ ਹਾਸਿਆਂ ਨੂੰ ਕਹਿਕਹਿਆਂ ਵਿਚ ਪਰਿਵ੍ਰਤਿਤ ਕਰ ਸਕੋ।
ਜਹੱਨੁਮ ਦੀ ਭੱਠੀ
ਇਸ ਕਹਿਕਸ਼ਾਂ ਵਿਚ ਮਨੁੱਖ ਚਾਹੇ ਤਾਂ ਉਹ ਜਿਥੇ ਚਾਹੇ ਆਪਣੇ ਲਈ ਆਪਣੇ ਹਿੱਸੇ ਦੀ ਜੰਨਤ ਸਿਰਜ ਸਕਦਾ ਹੈ ਤੇ ਜਦੋਂ ਚਾਹੇ ਪਲਕ ਝਪਕਦਿਆਂ ਆਪਣੇ-ਆਪ ਨੂੰ ਆਪਣੀ ਨਾਕਾਰਾਤਮਕ ਸੋਚ ਦੇ ਇਵਜ ਵਿਚ ਜਹੱਨੁਮ ਦੀ ਭੱਠੀ ਵਿਚ ਝੋਕ ਸਕਦਾ ਹੈ। ਜ਼ਿੰਦਗੀ ਨੂੰ ਨਫੇ-ਨੁਕਸਾਨ ਦੇ ਤਰਾਜੂ ਵਿਚ ਤੋਲਣ ਤੋਂ ਗੁਰੇਜ ਕਰੋ ਕਿਉਂ ਕਿ ਨਫਾ ਤੇ ਨੁਕਸਾਨ ਤੁਹਾਡੀ ਨਜ਼ਰ ਦਾ ਧੋਖਾ ਹੈ। ਜਿਸ ਸ਼ੈਅ ਨੂੰ ਹਾਸਲ ਕਰਕੇ ਤੁਸੀਂ ਅੱਜ ਮੁਤਮੀਨ ਨਜ਼ਰ ਆ ਰਹੇ ਹੋ ਇਹ ਵੀ ਐਨ ਮੁਮਕਿਨ ਹੈ ਕਿ ਕੁਝ ਸਮੇਂ ਪਿੱਛੋਂ ਉਹ ਸ਼ੈਅ ਤੁਹਾਡੇ ਲਈ ਬਹੁਤ ਤਕਲੀਫਦੇਹ ਸਾਬਿਤ ਹੋਵੇ ਅਤੇ ਜੋ ਕੁੱਝ ਤੁਹਾਡੀ ਗਿ੍ਰਫਤ ਤੋਂ ਹਾਲ ਦੀ ਘੜੀ ਵਿਚ ਬਾਹਰ ਹੈ, ਹੋ ਸਕਦਾ ਹੈ ਕਿ ਇਸ ਵਿਚ ਵੀ ਕੋਈ ਰੱਬੀ ਰਮਜ਼ ਛੁਪੀ ਹੋਵੇ।
Motivational quotes
ਜ਼ਿੰਦਗੀ ਵਿਚ ਛਟਪਟਾਉਂਦੇ ਹੋਏ ਤੁਰੰਤ ਫੈਸਲੇ ਉੱਪਰ ਪੁੱਜਣ ਤੋਂ ਜਿੰਨਾ ਹੋ ਸਕੇ ਗੁਰੇਜ਼ ਕਰੋ। ਆਪਣੇ ਖਿਆਲਾਂ ਦੇ ਰੱਥ ਉੱਤੇ ਸਵਾਰ ਹੋ ਕੇ ਕਿਸੇ ਨੂੰ ਪਛਾੜਨ ਦੀ ਜੁਸਤਜੂ ਤੋਂ ਖੁਦ ਨੂੰ ਮੁਕਤ ਕਰੋ। ਲੋਕਾਂ ਜਾਂ ਵਰਤਾਰਿਆਂ ਉੱਪਰ ਤਨਕੀਦ ਕਰਨ ਦਾ ਰਾਹ ਤਿਆਗ ਕੇ ਆਪਣੀ ਸੂਝ-ਬੂਝ ਦੇ ਘੇਰੇ ਨੂੰ ਵਸੀਹ ਕਰਨ ਨਾਲ ਵਸਵਸੇ, ਅੰਦੇਸੇ ਅਤੇ ਕੁੜੱਤਣ ਦੂਰ ਹੁੰਦੀ ਹੈ। ਆਪਣੇ ਨੁਕਤਾ-ਏ-ਨਜ਼ਰ ਵੱਲ ਉਚਿਤ ਤਵੱਜੋ ਦਿਉ ਅਤੇ ਆਪਣੇ ਦਿ੍ਰਸ਼ਟੀਕੋਣ ਨੂੰ ਲੋੜ ਅਨੁਸਾਰ ਦਰੁਸਤ ਕਰਦੇ ਸਮੇਂ ਕਦੇ ਵੀ ਕਿਸੇ ਕਸ਼ਮਕਸ਼ ਵਿਚ ਖੁਦ ਨੂੰ ਫਸਿਆ ਹੋਇਆ ਮਹਿਸੂਸ ਨਾ ਕਰੋ ।
ਆਪਣੇ ਲਈ ਕਿਸੇ ਚਾਨਣ-ਮੁਨਾਰੇ ਦੀ ਤਲਾਸ਼ ਕਰੋ, ਧੁੰਦਲੇ ਰਾਹਾਂ ਉੱਤੇ ਚੱਲਦਿਆਂ ਜਿਸ ਤਰਫੋਂ ਵੀ ਚਾਨਣ ਦਿਖਾਈ ਦੇਵੇ ਉਸ ਦਿਸ਼ਾ ਵੱਲ ਆਪਣੇ ਕਦਮ ਵਧਾਉ ਤੇ ਪਹਿਲਾਂ ਆਪਣੇ ਅੰਦਰ ਦੇ ਹਨ੍ਹੇਰੇ ਖਤਮ ਕਰੋ ਤੇ ਫਿਰ ਆਪਣੇ ਅੰਦਰ ਸਮਾਏ ਹੋਏ ਉਸ ਨਿਰੰਕਾਰ ਦੇ ਨੂਰ ਦੇ ਸਹਾਰੇ ਪਗਡੰਡੀਆਂ ਤੋਂ ਸ਼ਾਹਰਾਹ ਤੱਕ ਦਾ ਆਪਣਾ ਸਫਰ ਤੈਅ ਕਰਨਾ ਸ਼ੁਰੂ ਕਰੋ। ਜ਼ਿੰਦਗੀ ਵਿਚ ਵਿਸਮਾਦ, ਖੇੜਾ ਤੇ ਸਕੂਨ ਹਾਸਲ ਕਰਨ ਲਈ ਤੁਹਾਡੇ ਜ਼ਮੀਰ ਦਾ ਜ਼ਿੰਦਾ ਹੋਣਾ ਬੇਹੱਦ ਜਰੂਰੀ ਹੈ। ਅਰਦਾਸ ਕਰੋ ਕਿ ਹਯਾਤੀ ਦੇ ਇਸ ਸਫਰ ਦੌਰਾਨ ਤੁਹਾਡੇ ਰਾਹਾਂ ਨੂੰ ਰੁਸ਼ਨਾਉਣ ਲਈ ਤੁਹਾਡਾ ਜ਼ਮੀਰ ਸਦਾ ਤੁਹਾਡਾ ਰਾਹ-ਦਸੇਰਾ ਬਣੇ ਤੇ ਜ਼ਿੰਦਗੀ ਦੇ ਹਰ ਮੁਕਾਮ ਉੱਤੇ ਤੁਹਾਨੂੰ ਆਪਣੇ ਅੰਦਰ ਦੀ ਆਵਾਜ਼ ਹਮੇਸ਼ਾ ਸੁਣਾਈ ਦਿੰਦੀ ਰਹੇ।
ਡਾ. ਅਰਵਿੰਦਰ ਸਿੰਘ ਭੱਲਾ
ਪਿ੍ਰੰਸੀਪਲ, ਗੁੱਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ, ਲੁਧਿਆਣਾ।
ਮੋ. 94630-62603