ਰਾਹਗੀਰਾਂ ਲਈ ਹੀ ਹੁੰਦੀਆਂ ਹਨ ਰੁਕਾਵਟਾਂ
ਹਮੇਸ਼ਾਂ ਬੇਰਾਂ ਵਾਲੀ ਬੇਰੀ ਦੇ ਹੀ ਵੱਜਦੇ ਹਨ ਡਲੇ
ਜੀਵਨ ਸਲੀਕਾ ਹੀ ਜ਼ਿੰਦਗੀ ਦੀ ਅਸਲ ਧਾਰਾ
ਹਰ ਕਿਸੇ ਦੇ ਮਨ ਦੀ ਮਿੱਟੀ ਦਾ ਆਪਣਾ ਸੁਭਾਅ ਹੈ । ਕਿਸੇ ਨੂੰ ਸੂਈ ਵੀ ਤੜਫਣ ਲਾ ਦਿੰਦੀ ਹੈ ਕਈਆਂ ਨੂੰ ਸੂਏ ਮਾਰੀ ਜਾਓ ਤਾਂ ਵੀ ਫ਼ਰਕ ਨਹੀਂ ਪੈਂਦਾ । ਪਰ ਮਿੱਤਰੋ !! ਆਲੋਚਨਾ ਜੀਵਨ ਦਾ ਜ਼ਰੂਰੀ ਅੰਗ ਹੈ , ਪਰ ਬਿਨਾਂ ਆਪਾ ਗੁਆਏ ਆਪਣੇ ਬਾਰੇ ਸੁਣਨਾ ਬਹੁਤ ਵੱਡਾ ਗੁਣ ਹੈ ਜੋ ਹਰੇਕ ਦੇ ਹਿੱਸੇ ਨਹੀਂ ਆਉਂਦਾ ਕਿਉਂਕਿ ਅਸੀਂ ਤੁਰੰਤ ਹੀ ਅੱਗ ਬਬੂਲੇ ਹੋ ਉੱਠਦੇ ਹਾਂ ਜਾਂ ਫਿਰ ਅੰਦਰੋ ਅੰਦਰੀ ਕੁੜਦੇ ਹਾਂ ਕਿ ਮੈਨੂੰ ਕਿਹਾ ਤਾਂ ਕਿਵੇਂ ਕਿਹਾ । ਜੇਕਰ ਅਸੀਂ ਸਾਡੇ ਕੰਮਾਂ ਦੀ ਆਲੋਚਨਾ ਨੂੰ ਵਿਅਕਤੀਗਤ ਲੈਣਾ ਛੱਡ ਦੇਈਏ ਤਾਂ ਸਾਡੀ ਕਾਫੀ ਊਰਜਾ ਬਚ ਸਕਦੀ ਹੈ । ਜੇਕਰ ਅਸੀਂ ਸੋਚੀਏ ਤੂੰ ਮੇਰੇ ਵੱਟਾ ਮਾਰਿਆ, ਮੈਂ ਤੇਰੇ ਪੱਥਰ ਮਾਰੂੰ ਤਾਂ ਅਸੀਂ ਆਪਣੇ ਆਲੇ ਦੁਆਲੇ ਦਰਦ ,ਤਣਾਅ ਅਤੇ ਝਗੜੇ ਦਾ ਘੇਰਾ ਸਿਰਜ ਲੈਂਦੇ ਹਾਂ ।
ਕੀ ਤੁਸੀਂ ਝਰਨੇ ਜਾਂ ਟਿਊਬਵੈੱਲ ਤੋਂ ਪਾਣੀ ਇੱਕੋ ਤਰੀਕੇ ਨਾਲ ਪੀਂਦੇ ਹੋ ? ਸਾਡੀ ਪ੍ਰਤੀਕਿਰਿਆ ਲਈ ਸੋਮੇ ਦਾ ਕਾਫ਼ੀ ਮਹੱਤਵ ਹੈ । ਮਾਨਵੀ ਸਬੰਧਾਂ ਵਿੱਚ ਵੀ ਇਹ ਗੱਲ ਕਾਫ਼ੀ ਅਹਿਮੀਅਤ ਰੱਖਦੀ ਹੈ , ਇਕ ਸੜਕ ਤੇ ਤੁਰੇ ਜਾਂਦੇ ਵਿਅਕਤੀ ਵੱਲੋਂ ਤੁਹਾਡੀ ਆਲੋਚਨਾ ਤੇ ਤੁਹਾਨੂੰ ਧੁਰ ਅੰਦਰੋਂ ਤਕ ਜਾਨਣ, ਪਿਆਰਨ ਤੇ ਸਤਿਕਾਰਨ ਵਾਲੇ ਵੱਲੋਂ ਟਿੱਪਣੀ , ਦੋਵਾਂ ਵਿੱਚ ਜ਼ਮੀਨ ਅਸਮਾਨ ਦਾ ਫ਼ਰਕ ਹੈ ਤੇ ਦੋਵਾਂ ਨੂੰ ਵੱਖੋ ਵੱਖਰੇ ਤੌਰ ‘ਤੇ ਮਹਿਸੂਸ ਕਰਨਾ ਹੀ ਤੁਹਾਡੀ ਅਸਲ ਲਿਆਕਤ ਹੈ । ਆਮ ਜੀਵਨ ਵਿੱਚ ਨਿੰਦਕਾਂ ਦੀ ਪਰਵਾਹ ਨਾ ਕਰੋ ਪਰ ਉਨ੍ਹਾਂ ਨੂੰ ਤੀਰ ਮਾਰਨ ਦੇ ਵਾਰ ਵਾਰ ਮੌਕੇ ਵੀ ਨਾ ਦਿਓ ਭਾਵ ਆਪਣੇ ਰਾਹ ਰਸਤੇ ਬਦਲਦੇ ਹੋਏ ਅੱਗੇ ਵਧਣਾ ਜਾਰੀ ਰੱਖੋ । ਤੁਸੀਂ ਸਿੱਧੀ ਲਾਈਨ ‘ਤੇ ਤੁਰ ਰਹੇ ਹੋ ਕੋਈ ਨਿਯਮ ਨਹੀਂ ਤੋੜ ਰਹੇ ਪਰ ਫਿਰ ਵੀ ਟੀਕਾ ਟਿੱਪਣੀ ਹੋ ਰਹੀ ਹੈ ਤਾਂ ਅਣਸੁਣੀ ਕਰ ਦਿਓ ।
ਪਰ ਤੁਹਾਡੇ ਗਲਤ ਕੰਮਾਂ ਬਾਰੇ ਜ਼ਰੂਰ ਸੁਚੇਤ ਰਹੋ ਪਰ ਜੋ ਕੰਮ ਤੁਸੀਂ ਕੀਤਾ ਹੀ ਨਹੀਂ ਉਸ ਬਾਰੇ ਜੇ ਕੋਈ ਕਹਿੰਦਾ ਹੈ ਤਾਂ ਕਹੀ ਜਾਣ ਦਿਓ । ਖੁਸ਼ਬੂ ਦੇਣ ਵਾਲੇ ਫੁੱਲ ਮਾੜਾ ਜਿਹਾ ਹੱਥ ਲਾਉਣ ਨਾਲ ਕੁਮਲਾ ਜਾਂਦੇ ਹਨ ਵਰਨਾ ਕੰਡਿਆਂ ਵਾਲੇ ਥੋਹਰਾਂ ਨੂੰ ਕੀ ਫ਼ਰਕ ਪੈਂਦਾ ਹੈ ਬਿਲਕੁਲ ਇਸੇ ਤਰ੍ਹਾਂ ਸੰਵੇਦਨਸ਼ੀਲਤਾ ਤੇ ਮੁਹਾਰਤ ਹੱਥ ਚ ਹੱਥ ਪਾ ਕੇ ਤੁਰਦੇ ਹਨ ਭਾਵ ਨਿੱਕੀ ਨਿੱਕੀ ਗੱਲ ਦਿਲ ‘ ਤੇ ਲਾਉਣ ਵਾਲੇ ਕੰਮ ਨੂੰ ਇੰਨਾ ਕਸ਼ੀਦ ਕੇ , ਡਰ ਕੇ ਕਰਦੇ ਹਨ ਕਿ ਕਿਤੇ ਕੋਈ ਕਮੀ ਨਾ ਰਹਿ ਜਾਵੇ ਪਰ ਏਨਾ ਕੁਝ ਕਰਕੇ ਵੀ ਜਦੋਂ ਸਾਹਮਣੇ ਵਾਲੇ ਮੀਨ ਮੇਖ ਕੱਢ ਦਿੰਦੇ ਹਨ ਤਾਂ ਬਰਦਾਸ਼ਤ ਕਰਨਾ ਬਹੁਤ ਔਖਾ ਹੋ ਜਾਂਦਾ ਹੈ , ਆਲੇ ਦੁਆਲੇ ਦੀਆਂ ਅਜਿਹੀਆਂ ਟਿੱਪਣੀਆਂ ਦਿਮਾਗ ਨੂੰ ਪ੍ਰੈਸ਼ਰ ਕੁੱਕਰ ਵਾਂਗ ਫਟਣ ਵਾਲਾ ਕਰ ਦਿੰਦੀਆਂ ਹਨ , ਇਸ ਲਈ ਕਿਸੇ ਸਕੇ ਸਨੇਹੀ ਕੋਲ ਵਿਸਲ ਮਾਰ ਮਨ ਦਾ ਗੁਬਾਰ ਕੱਢ ਦਿਆ ਕਰੋ ।
ਆਪਣੇ ਬਾਰੇ ਪੂਰਨ ਤੇ ਸਹੀ ਹੋਣ ਦੀ ਪਰਿਭਾਸ਼ਾ ਬਦਲ ਲਓ ਕਿ ਤੁਸੀਂ ਖ਼ੁਦ ਦੀ ਨਿਗ੍ਹਾ ਵਿਚ ਸੋਨਾ ਹੋਣੇ ਚਾਹੀਦੇ ਹੋ ਦੂਸਰਿਆਂ ਤੋਂ ਇਸ ਬਾਰੇ ਸਰਟੀਫਿਕੇਟ ਲੈਣ ਦੀ ਲੋੜ ਨਹੀਂ । ਜਿਵੇਂ ਸੁੰਦਰਤਾ ਅੱਖ ਵਿੱਚ ਹੁੰਦੀ ਹੈ ਉਸੇ ਤਰ੍ਹਾਂ ਸਨੇਹ ਦਿਲ ਵਿੱਚ ਹੁੰਦਾ ਹੈ , ਜਿਨ੍ਹਾਂ ਲਈ ਸਾਡਾ ਮੁੱਲ ਕੌਡੀ ਹੈ ਉਨ੍ਹਾਂ ਲਈ ਅਸੀਂ ਲੱਖ ਯਤਨ ਕਰ ਲਈਏ ਪਰ ਉਹ ਸਾਨੂੰ ਹੀਰੇ ਹੋਣ ਦਾ ਖ਼ਿਤਾਬ ਕਦੇ ਨਹੀਂ ਦੇਣਗੇ । ਪਰ ਆਪਣੇ ਅੰਦਰਲੀਆਂ ਤਰੇੜਾਂ ਤੇ ਉਚਾਣਾਂ-ਨਿਵਾਣਾਂ ਵੱਲ ਝਾਕਣ ਦਾ ਜੇਰਾ ਰੱਖੋ ਤੇ ਉਨ੍ਹਾਂ ਦੀ ਮੁਰੰਮਤ ਵੀ ਕਰਦੇ ਰਹੋ । ਮਿੱਠੇ ਬੇਰਾਂ ਵਾਲੀ ਬੇਰੀ ਤੇ ਹੀ ਡਲੇ ਵੱਜਦੇ ਹਨ ।
ਰੁਕਾਵਟਾਂ ਰਾਹਗੀਰਾਂ ਅੱਗੇ ਹੀ ਆਉਂਦੀਆਂ ਹਨ ਕਿਉਂਕਿ ਉਹ ਮੰਜ਼ਿਲ ਵੱਲ ਵਧ ਰਹੇ ਹੁੰਦੇ ਹਨ , ਤੁਹਾਨੂੰ ਰੋਕਣ ਲਈ ਕਿੰਨੇ ਕੁ ਯਤਨ ਕਿਉਂ ਨਾ ਹੋਣ ਪਰ ਤੁਹਾਡੀ ਚੜ੍ਹਦੀ ਕਲਾ ਦਾ ਇੱਕ ਛਿਣ ਹੀ ਤੁਹਾਨੂੰ ਅੱਗੇ ਵਧਣ ਲਈ ਕਾਫ਼ੀ ਹੈ । ਆਓ !! ਆਪਣੇ ਬਾਰੇ ਲੋਕਾਂ ਦੀਆਂ ਟੀਕਾ ਟਿੱਪਣੀਆਂ ਨੂੰ ਸਹਿਜ ਅਤੇ ਸੌਖ ਵਿੱਚ ਕਬੂਲ ਕਰਨਾ ਸਿੱਖੀਏ । ਇਨ੍ਹਾਂ ਦਾ ਮੁਕਾਬਲਾ ਕਰਨ ਲਈ ਸਰਬ ਸਾਂਝੀ ਤੇ ਸੰਤੁਲਿਤ ਜੀਵਨ ਧਾਰਾ ਬਣਾਉਂਦੇ ਹੋਏ ਤੁਰਦੇ ਰਹੀਏ । ਤੁਹਾਡੇ ਗੁਣ, ਕੰਮ ਅਤੇ ਰਿਸ਼ਤੇ ਨਾਤੇ ਨਿੱਜੀ ਹਨ , ਇਨ੍ਹਾਂ ਨੂੰ ਜੀਵਨ ਦੀ ਆਨ- ਸ਼ਾਨ ਤੇ ਆਨੰਦ ਲਈ ਵਰਤੋ ਕਰਨਾ ਹੀ ਅਸਲ ਜੀਵਨ ਧਾਰਾ ਹੈ ।
ਤਲਵੰਡੀ ਸਾਬੋ ਜ਼ਿਲ੍ਹਾ ਬਠਿੰਡਾ
94630-24575
ਬਲਜਿੰਦਰ ਜੌੜਕੀਆਂ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.