ਈਰਖਾ ਤੇ ਨਫ਼ਰਤ ਤਬਾਹ ਕਰ ਦਿੰਦੀਐ ਜ਼ਿੰਦਗੀ ਦੀਆਂ ਖੁਸ਼ੀਆਂ
ਸਮਾਜ ਵਿਚ ਵਿਅਕਤੀਆਂ ਦੀਆਂ ਮਾਨਸਿਕ, ਆਰਥਿਕ ਤੇ ਹੋਰ ਯੋਗਤਾਵਾਂ ਮਿਥੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਵਿਅਕਤੀ ਦੀ ਆਦਰਸ਼ਤਾ ਦਾ ਪੈਮਾਨਾ ਸਮਝਿਆ ਜਾਂਦਾ ਹੈ। ਹਰ ਵਿਅਕਤੀ ਇਨ੍ਹਾਂ ਟੀਚਿਆਂ ਨੂੰ ਪੂਰਾ ਕਰਨ ਲਈ ਮਿਹਨਤ ਕਰਦਾ ਹੈ ਪਰ ਕਈ ਆਪਣੀ ਮਿਹਨਤ ਦਾ ਸੁਹਾਗਾ ਪੂਰੀ ਸ਼ਿੱਦਤ ਨਾਲ ਚਲਾਉਣ ਦੇ ਅਸਮਰੱਥ ਹੁੰਦੇ ਹਨ ਜਿਸ ਕਾਰਨ ਉਨ੍ਹਾਂ ਨੂੰ ਮਨਚਾਹੀ ਸਫਲਤਾ ਨਹੀਂ ਮਿਲਦੀ। ਇੱਕ-ਦੋ ਵਾਰ ਇਸ ਤਰ੍ਹਾਂ ਹੋ ਜਾਣ ਨਾਲ ਉਹ ਦੂਸਰਿਆਂ ਤੋਂ ਪਛੜ ਜਾਂਦੇ ਹਨ ਜਿਸ ਕਾਰਨ ਉਨ੍ਹਾਂ ਨੂੰ ਨਿਰਾਸ਼ਤਾ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੇ ਕਾਰਨਾਂ ਨੂੰ ਜਾਣਨ ਲਈ, ਆਪਣੇ ਵਿਚਲੀਆਂ ਕਮੀਆਂ ਦਾ ਵਿਸ਼ਲੇਸ਼ਣ ਕਰਕੇ ਉਨ੍ਹਾਂ ਨੂੰ ਸੁਧਾਰਨ ਦੀ ਬਜਾਏ ਉਹ ਆਪਣੀ ਤਕਦੀਰ ਤੇ ਉਨ੍ਹਾਂ ਲੋਕਾਂ ਨੂੰ ਹੀ ਕੋਸਣਾ ਸ਼ੁਰੂ ਕਰ ਦਿੰਦੇ ਹਨ
ਜਿਨ੍ਹਾਂ ਨੇ ਉਨ੍ਹਾਂ ਨਾਲ ਹੀ ਕੰਮ ਸ਼ੁਰੂ ਕੀਤਾ ਸੀ ਪਰ ਉਹ ਅੱਗੇ ਨਿੱਕਲ ਗਏ। ਅਜਿਹੀ ਸੋਚ ਕਾਰਨ ਹੌਲੀ-ਹੌਲੀ ਉਨ੍ਹਾਂ ਦਾ ਦਿਮਾਗ ਨਕਾਰਾਤਮਕਤਾ ਦੀ ਪੌੜੀ ਚੜ੍ਹਦਾ ਹੈ ਅਤੇ ਦੂਜਿਆਂ ਨਾਲ ਈਰਖਾ ਤੇ ਨਫਰਤ ਕਰਨਾ ਉਨ੍ਹਾਂ ਦੀ ਆਦਤ ਬਣ ਜਾਂਦੀ ਹੈ। ਕਈ ਲੋਕ ਤਾਂ ਇਸ ਕਾਰਨ ਵੀ ਦੂਸਰਿਆਂ ਨਾਲ ਈਰਖਾ ਤੇ ਨਫਰਤ ਕਰਨ ਲੱਗ ਪੈਂਦੇ ਹਨ ਕਿ ਬਹੁਤ ਸਾਰੇ ਲੋਕ ਉਨ੍ਹਾਂ ਨਾਲ ਹੀ ਜ਼ਿਆਦਾ ਪਿਆਰ ਕਿਉਂ ਕਰਦੇ ਹਨ।
ਆਧੁਨਿਕ ਯੁੱਗ ਵਿਚ ਜ਼ਿੰਦਗੀ ਮਹਿਜ਼ ਇੱਕ ਮੁਕਾਬਲਾ ਬਣ ਕੇ ਰਹਿ ਗਈ ਹੈ ਅਤੇ ਸਾਡਾ ਮੰਤਵ ਇੱਕੋ-ਇੱਕ ਰਹਿ ਗਿਆ ਹੈ, ਦੂਸਰਿਆਂ ਤੋਂ ਅੱਗੇ ਨਿੱਕਲਣਾ ਭਾਵੇਂ ਇਸ ਲਈ ਕੋਈ ਵੀ ਢੰਗ-ਤਰੀਕਾ ਅਪਣਾਉਣਾ ਪਵੇ। ਅਸੀਂ ਆਪਣਾ ਜ਼ਿਆਦਾ ਸਮਾਂ ਦੂਜਿਆਂ ਦੇ ਵਿਹੜੇ ਝਾਤੀ ਮਾਰਨ ਜਾਂ ਉਨ੍ਹਾਂ ਬਾਰੇ ਨਕਾਰਾਤਮਕ ਗੱਲਾਂ ਕਰਨ ਵਿਚ ਹੀ ਬਤੀਤ ਕਰ ਦਿੰਦੇ ਹਾਂ। ਅੱਜ ਦੀ ਲੋਕਾਈ ਨੂੰ ਇੰਨਾ ਦੁੱਖ ਆਪਣੀਆਂ ਨਿੱਜੀ ਪ੍ਰੇਸ਼ਾਨੀਆਂ ਤੋਂ ਨਹੀਂ ਜਿੰਨਾ ਦੂਸਰਿਆਂ ਨੂੰ ਮਿਲ ਰਹੀਆਂ ਸੁਖ-ਸਹੂਲਤਾਂ ਤੋਂ ਹੈ। ਇਸੇ ਕਾਰਨ ਆਧੁਨਿਕਤਾ ਦੀ ਸੜੀਅਲ ਸੋਚ ਕੋਲ ਇੰਨੀ ਨਫਰਤ ਅਤੇ ਈਰਖਾ ਦੀ ਬਦਬੂ ਜਮ੍ਹਾ ਹੋ ਗਈ ਹੈ ਕਿ ਮਿਲਵਰਤਣ ਵਾਲੀ ਸਾਂਝ ਦੇ ਗੁਲਾਬ ਦੀ ਖੁਸ਼ਬੂ ਵੀ ਸਹਿਮ ਗਈ ਹੈ।
ਈਰਖਾ ਤੇ ਨਫਰਤ ਹੀ ਸਾਡੇ ਦੁੱਖਾਂ ਦੀ ਜੜ੍ਹ ਹੈ। ਇਹ ਇਨਸਾਨ ਨੂੰ ਕੁੜੱਤਣ ਭਰਿਆ ਤੇ ਕਲੰਕਿਤ ਬਣਾਉਂਦੀ ਹੈ। ਇਸ ਦੀ ਅੱਗ ਸੰਤੋਖ ਦੇ ਸਵਾਦ ਨੂੰ ਸਾੜ ਦਿੰਦੀ ਹੈ। ਇਨ੍ਹਾਂ ਦੇ ਨਾਲ ਮਨ ਢਹਿੰਦੀਆਂ ਕਲਾਂ ਵਿਚ ਜਾਂਦਾ ਹੈ, ਪਿਆਰ ਰੂਪੀ ਪੌਦਾ ਮੁਰਝਾਉਣ ਲੱਗਦਾ ਹੈ। ਵਿਅਕਤੀ ਵਿਵਦਤਾ ਭੁੱਲ ਕੇ ਜ਼ਲਦਬਾਜ ਹੋ ਜਾਂਦਾ ਹੈ ਤੇ ਉਸ ਵੱਲੋਂ ਲਏ ਗਏ ਫੈਸਲੇ ਬਹੁਤੇ ਵਾਰ ਉਸ ਨੂੰ ਕੇਵਲ ਨਿਵਾਣਾਂ ਵੱਲ ਹੀ ਲੈ ਕੇ ਜਾਂਦੇ ਹਨ। ਜਿਨ੍ਹਾਂ ਵਿਅਕਤੀਆਂ ਦਾ ਦਿਲ ਵੈਰ ਜਾਂ ਨਫਰਤ ਦੀ ਅੱਗ ਵਿਚ ਸੜਦਾ ਹੈ, ਉਨ੍ਹਾਂ ਨੂੰ ਰਾਤ ਭਰ ਸੁਖ-ਭਰੀ ਨੀਂਦ ਵੀ ਨਹੀਂ ਆਉਂਦੀ। ਅਜਿਹੇ ਲੋਕ ਆਪਣੀਆਂ ਹੀ ਬਣਾਈਆਂ ਮਾਨਸਿਕ ਜੰਜ਼ੀਰਾਂ ਵਿਚ ਜਕੜੇ ਪੂਰਾ ਜੀਵਨ ਗੁਜ਼ਾਰ ਦਿੰਦੇ ਹਨ ਅਤੇ ਕਦੇ ਵੀ ਖੁਸ਼ ਨਹੀਂ ਰਹਿ ਸਕਦੇ। ਉਨ੍ਹਾਂ ਦੀ ਕਾਰਜ ਕੁਸ਼ਲਤਾ ਵੀ ਬਹੁਤ ਪ੍ਰਭਾਵਿਤ ਹੁੰਦੀ ਹੈ ਕਿਉਂਕਿ ਉਨ੍ਹਾਂ ਦਾ ਦਿਮਾਗ ਹਰ ਵੇਲੇ ਆਪਣੇ ਕਰਮਖੇਤਰ ਵੱਲ ਨਹੀਂ ਬਲਕਿ ਦੂਸਰਿਆਂ ਦਾ ਨੁਕਸਾਨ ਕਰਨ ਦੇ ਤਰੀਕਿਆਂ ਵੱਲ ਹੀ ਰੁੱਝਾ ਰਹਿੰਦਾ ਹੈ।
ਸਫਲਤਾ ਉਨ੍ਹਾਂ ਤੋਂ ਕੋਹਾਂ ਦੂਰ ਦੌੜਦੀ ਹੈ। ਇੱਥੋਂ ਤੱਕ ਕਿ ਅਜਿਹੇ ਲੋਕ ਸਫ਼ਲਤਾ ਦੀ ਪੌੜੀ ਦੇ ਪਹਿਲੇ ਡੰਡੇ ਤੱਕ ਵੀ ਨਹੀਂ ਪਹੁੰਚ ਸਕਦੇ। ਈਰਖਾ ਤੇ ਨਫਰਤ ਦੀ ਭਾਵਨਾ ਨੂੰ ਸਦਾ ਫੜੀ ਰੱਖਣ ਵਾਲੇ ਲੋਕ ਖੁਦ ਆਪਣੇ ਜ਼ਖਮ ਨਾਸੂਰ ਬਣਾ ਲੈਂਦੇ ਹਨ। ਆਪਣੀ ਸਾਂਝ ਸਦਾ ਈਰਖਾ ਤੇ ਨਫਰਤ ਨਾਲ ਹੀ ਪਾਈ ਰੱਖਣ ਕਾਰਨ ਉਹ ਆਪਣੇ ਵਿਹਾਰ ਦੀਆਂ ਸੂਲਾਂ ਨਾਲ ਦੂਸਰਿਆਂ ਨੂੰ ਵਿੰਨ੍ਹਦੇ ਹੋਏ ਜ਼ਖਮੀ ਕਰਦੇ ਰਹਿੰਦੇ ਹਨ ਜਿਸ ਕਰਕੇ ਉਨ੍ਹਾਂ ਦਾ ਸਮਾਜ ਵਿਚ ਵਿਸ਼ੇਸ਼ ਸਥਾਨ ਕਦੇ ਵੀ ਨਹੀਂ ਬਣਦਾ। ਸਿਆਣੇ ਕਹਿੰਦੇ ਹਨ- ਈਰਖਾ ਤੇ ਨਫਰਤ ਨੂੰ ਪਾਲ਼ੀ ਰੱਖਣਾ ਉਸ ਬਲਦੇ ਕੋਇਲੇ ਦੇ ਬਰਾਬਰ ਹੈ ਜਿਸ ਨੂੰ ਅਸੀਂ ਦੂਸਰੇ ’ਤੇ ਸੁੱਟਣ ਦੀ ਨੀਅਤ ਨਾਲ ਆਪਣੇ ਹੱਥ ’ਚ ਫੜਦੇ ਹਾਂ ਪਰ ਇਹ ਦੂਸਰੇ ’ਤੇ ਸੁੱਟਣ ਤੋਂ ਪਹਿਲਾਂ ਹੀ ਹੱਥ ਨੂੰ ਸਾੜ ਦਿੰਦਾ ਹੈ।
ਇਸ ਲਈ ਈਰਖਾ ਤੇ ਨਫਰਤ ਵਰਗੀਆਂ ਭਾਵਨਾਵਾਂ ਨੂੰ ਆਪਣੇ ਮਨਾਂ ’ਚੋਂ ਬਾਹਰ ਦਾ ਰਸਤਾ ਵਿਖਾਓ। ਜੇਕਰ ਤੁਸੀਂ ਦੂਸਰਿਆਂ ਨਾਲੋਂ ਅੱਗੇ ਨਿੱਕਲਣਾ ਚਾਹੁੰਦੇ ਹੋ ਤਾਂ ਆਪਣਾ ਧਿਆਨ ਦੂਸਰਿਆਂ ਨੂੰ ਈਰਖਾ ਤੇ ਨਫਰਤ ਕਰਨ ਵੱਲੋਂ ਹਟਾ ਕੇ ਆਤਮ-ਚਿੰਤਨ ਵੱਲ ਲਗਾਓ। ਤੁਹਾਡੇ ਅੰਦਰ ਆਤਮ-ਵਿਸ਼ਵਾਸ ਤੇ ਸਦਗੁਣਾਂ ਦਾ ਵਿਕਾਸ ਹੋਵੇਗਾ ਅਤੇ ਜੀਵਨ ਪਹਿਲਾਂ ਨਾਲੋਂ ਸੁੰਦਰ ਹੋ ਜਾਵੇਗਾ। ਈਰਖਾ ਤੇ ਨਫਰਤ ਤਾਂ ਅਣਜਾਣਪੁਣੇ ਦੇ ਪ੍ਰਤੀਕ ਹਨ। ਜੇਕਰ ਅਸੀਂ ਇਨ੍ਹਾਂ ਨੂੰ ਫੜੀ ਰੱਖਿਆ ਤਾਂ ਅਸੀਂ ਆਪਣੇ ਚੰਗੇ ਗੁਣਾਂ ਦਾ ਨਾ ਤਾਂ ਸਹੀ ਮੁਲਾਂਕਣ ਕਰ ਸਕਾਂਗੇ ਤੇ ਨਾ ਹੀ ਇਨ੍ਹਾਂ ਨੂੰ ਵਿਅਰਥ ਜਾਣ ਤੋਂ ਰੋਕ ਸਕਾਂਗੇ। ਜੇਕਰ ਅਸੀਂ ਕਿਸੇ ਨੂੰ ਪਿਆਰ ਨਹੀਂ ਕਰ ਸਕਦੇ ਤਾਂ ਘੱਟੋ-ਘੱਟ ਈਰਖਾ ਤੇ ਨਫਰਤ ਤਾਂ ਨਾ ਕਰੀਏ। ਈਰਖਾ ਤੇ ਨਫਰਤ ਦੇ ਦਰਵਾਜ਼ੇ ’ਤੇ ਸਿਰ ਮਾਰਨ ਨਾਲੋਂ ਚੰਗਾ ਹੈ ਕਿ ਕਰਮ ਦਾ ਤੂਫਾਨ ਪੈਦਾ ਕਰੀਏ। ਸਫਲਤਾ ਦੇ ਦਰਵਾਜ਼ੇ ਆਪਣੇ-ਆਪ ਹੀ ਖੁਲ੍ਹ ਜਾਣਗੇ। ਕਿਸੇ ਨੇ ਸੱਚ ਹੀ ਕਿਹਾ ਹੈ:-
‘ਨਫਰਤਾਂ ਨੂੰ ਜਲਾਓ, ਮੁਹੱਬਤ ਦੀ ਰੌਸ਼ਨੀ ਹੋਵੇਗੀ।’ ਇਨਸਾਨ ਜਦੋਂ ਵੀ ਇਸ ਵਿਚ ਗ੍ਰਸਤ ਹੋਏ ਹਨ, ਰਾਖ ਹੀ ਹੋਏ ਹਨ।
ਇਸ ਲਈ ਹਰਮਨਪਿਆਰੇ ਬਣਨ ਅਤੇ ਸਦਾ ਕੋਇਲ ਦੀਆਂ ਕੂਕਾਂ ਵਰਗੇ ਵਾਤਾਵਰਨ ਦਾ ਨਜ਼ਾਰਾ ਲੈਣ ਲਈ ਈਰਖਾ ਤੇ ਨਫਰਤ ਵਰਗੇ ਮਹਾਂਪਾਪਾਂ ਨੂੰ ਆਪਣੇ ਜੀਵਨ ’ਚੋਂ ਅਲਵਿਦਾ ਕਹਿਣ ਦੀ ਕੋਸ਼ਿਸ਼ ਕਰੀਏ। ਜਦੋਂ ਦਿਲਾਂ ਵਿਚੋਂ ਈਰਖਾ ਤੇ ਨਫਰਤ ਦੀ ਤਖਤੀ ਉਤਾਰ ਕੇ ਉਸ ਨੂੰ ਪਿਆਰ ਦੀ ਲੋਅ ਨਾਲ ਰੌਸ਼ਨ ਕਰਾਂਗੇ ਤਾਂ ਦਿਲਾਂ ਵਿਚ ਕਦੇ ਖਲਾਅ ਨਹੀਂ ਪਵੇਗਾ। ਬਿਗਾਨੇਪਣ ਦੀਆਂ ਪਰਤਾਂ ਉੱਤਰ ਜਾਣਗੀਆਂ ਅਤੇ ਜੀਵਨ ਸਫਰ ਦੀ ਹਰ ਪੁਲਾਂਘ ’ਤੇ ਸਿਰਫ ਆਪਣੇ ਹੀ ਮਿਲਣਗੇ, ਜੀਵਨ ਖੁਸ਼ਹਾਲ ਬਣ ਜਾਵੇਗਾ ਤੇ ਮਨ ਆਪਣੇ-ਆਪ ਹੀ ਗਾਉਣ ਲੱਗੇਗਾ-
ਨਾ ਕਿਸੀ ਸੇ ਈਰਖਾ ਤੇ ਨਾ ਕਿਸੀ ਸੇ ਵੈਰ,
ਮੇਰੀ ਆਪਣੀ ਮੰਜ਼ਿਲ ਤੇ ਮੇਰੀ ਆਪਣੀ ਦੌੜ।
ਰਣਜੀਤ ਐਵੀਨਿਊ, ਅੰਮ੍ਰਿਤਸਰ
ਮੋ. 98774-66607
ਕੈਲਾਸ਼ ਚੰਦਰ ਸ਼ਰਮਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.