61ਵੀਂ ਇੰਡੀਅਨ ਸੋਸਾਇਟੀ ਲੇਬਰ ਇਕਨਾਮਿਕਸ ਕਾਨਫਰੰਸ ਦਾ ਦੂਸਰਾ ਦਿਨ
ਨਰਿੰਦਰ ਸਿੰਘ ਚੌਹਾਨ/ਪਟਿਆਲਾ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸੈਂਟਰ ਫਾਰ ਡਿਵੈਲਪਮੈਂਟ ਇਕਨਾਮਿਕਸ ਐਂਡ ਇਨੋਵੇਟਿਵ ਸਟੱਡੀਜ਼ (ਸੀ.ਡੀ.ਈ.ਆਈ. ਐੱਸ.) ਦੀ ਮੇਜਬਾਨੀ ਵਿੱਚ ਹੋ ਰਹੀ 61ਵੀਂ ਇੰਡੀਅਨ ਸੋਸਾਇਟੀ ਲੇਬਰ ਇਕਨਾਮਿਕਸ (ਆਈ.ਐੱਸ.ਐੱਲ.ਈ.) ਕਾਨਫਰੰਸ ਦੇ ਦੂਸਰੇ ਦਿਨ ‘ਵੀ.ਬੀ. ਮੈਮੋਰੀਅਲ ਲੈਕਚਰ’ ਇੱਕ ਯਾਦਗਾਰੀ ਭਾਸ਼ਣ ਹੋ ਨਿੱਬੜਿਆ। ਇਹ ਪ੍ਰਭਾਵਸ਼ਾਲੀ ਭਾਸ਼ਣ ਇਟਲੀ ਵਿਚਲੀ ਯੂਨੀਵਰਸਿਟੀ ਆਫ ਫਲੋਰੈਂਸ ਤੋਂ ਪਹੁੰਚੇ ਵਿਦਵਾਨ ਡਾ. ਜਿਉਵੈਨੀ ਐਂਡਰੀਆ ਕੌਰਨੀਆ ਵੱਲੋਂ ਦਿੱਤਾ ਗਿਆ। ਇਸ ਭਾਸ਼ਣ ਦਾ ਵਿਸ਼ਾ ਸੰਨ 2000 ਦੌਰਾਨ ਲੈਟਿਨ ਅਮਰੀਕਾ ਤੇ ਸਹਾਰਾ ਅਫਰੀਕਾ ਦੇ ਕੁੱਝ ਖੇਤਰਾਂ ਵਿੱਚ ਨਾਬਰਾਬਰੀ ਘਟਣ ਦੇ ਕੁੱਝ ਕਾਰਨਾਂ ਬਾਰੇ ਸੀ।
ਉਨ੍ਹਾਂ ਵਿਸਥਾਰ ਵਿਚ ਗੱਲ ਕਰਦਿਆਂ ਦੱਸਿਆ ਕਿ ਲੈਟਿਨ ਅਮਰੀਕਾ ਵਿਚ ਅਜਿਹੀ ਨਾਬਰਾਬਰੀ ਵਾਲੀ ਸਥਿਤੀ ਘੱਟ ਹੋਣ ਵਿੱਚ ਮੁੱਖ ਕਾਰਨ ਉੱਥੋਂ ਦੀਆਂ ਸਮਾਜ ਪੱਖੀ ਲੋਕਤੰਤਰਿਕ ਨੀਤੀਆਂ ਦਾ ਨਿਰਮਾਣ ਹੋਣਾ ਸੀ ਜਿਸ ਤਹਿਤ ਸੈਕੰਡਰੀ ਸਿੱਖਿਆ, ਸਮਾਜਿਕ ਸੁਰੱਖਿਆ, ਪ੍ਰੋਗਰੈਸਿਵ ਲੇਬਰ ਮਾਰਕੀਟ ਨੀਤੀਆਂ ਉੱਪਰ ਜਨਤਕ ਰਾਸ਼ੀ ਦਾ ਖਰਚਾ ਵਧਾਇਆ ਗਿਆ ਅਤੇ ਅੰਤਰਰਾਸ਼ਟਰੀ ਵਪਾਰ ਸੰਬੰਧੀ ਚੰਗੀਆਂ ਸ਼ਰਤਾਂ ਤੈਅ ਹੋਣ ਦੇ ਨਾਲ-ਨਾਲ ਕਰ ਅਦਾਇਗੀ ਵਿਚ ਵਾਧਾ ਹੋਇਆ। ਇਸ ਤਰ੍ਹਾਂ ਅਫਰੀਕਾ ਦੇ ਹਿੱਸਿਆਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇੱਥੇ ਸੰਗਠਨਾਤਮਕ ਪੱਧਰ ਦੀਆਂ ਤਬੀਦੀਲੀਆਂ ਵਾਪਰੀਆਂ ਜਿਨ੍ਹਾਂ ਵਿੱਚ ਖਾਣ-ਪੁਟਾਈ ਅਤੇ ਤੇਲ ਦੇ ਮਸਲੇ ਤੇ ਵੈਲਿਊ ਐਡੀਸ਼ਨ ਦੇ ਭਾਗ ਵਿਚ ਵਾਧਾ ਹੋਣਾ ਅਤੇ ਹੁਨਰਮੰਦ ਕਿਰਤ ਨਾਲ ਜੁੜੇ ਕੁੱਝ ਕਾਰਨ ਮੁੱਖ ਤੌਰ ‘ਤੇ ਸ਼ਾਮਲ ਰਹੇ।
ਲੇਬਰ ਮਾਰਕੀਟ ਵਿਕਾਸਮਈ ਰਣਨੀਤੀਆਂ ਸਬੰਧੀ ਚਰਚਾ ਹੋਈ
ਇਸ ਦੂਸਰੇ ਦਿਨ ਦੀ ਸ਼ੁਰੂਆਤ ਲੇਬਰ ਮਾਰਕੀਟ ਸਬੰਧੀ ਵਿਕਾਸਮਈ ਰਣਨੀਤੀਆਂ ਸਬੰਧੀ ਵਿਚਾਰ ਚਰਚਾ ਕਰਨ ਵਾਲੀ ਪੈਨਲ-ਡਿਸਕਸ਼ਨ ਰਾਹੀਂ ਹੋਈ ਜਿਸ ਦੀ ਪ੍ਰਧਾਨਗੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਤੋਂ ਆਏ ਦੋ ਵਿਦਵਾਨਾਂ ਡਾ. ਅਤੁਲ ਸੂਦ ਅਤੇ ਡਾ. ਹਿਮਾਂਸ਼ੂ ਵੱਲੋਂ ਕੀਤੀ ਗਈ। ਇਸ ਸੈਸ਼ਨ ਵਿਚ ਪੇਸ਼ ਹੋਏ ਵੱਖ-ਵੱਖ ਖੋਜ ਪੱਤਰਾਂ ਰਾਹੀਂ ਇਸ ਵਿਸ਼ੇ ਨਾਲ ਸਬੰਧਤ ਬਹੁਤ ਸਾਰੇ ਪੱਖਾਂ ‘ਤੇ ਖੁੱਲ੍ਹ ਕੇ ਚਰਚਾ ਹੋਈ। ਕਾਨਫਰੰਸ ਦੇ ਆਰਗੇਨਾਈਜ਼ਿੰਗ ਸਕੱਤਰ ਡਾ. ਲਖਵਿੰਦਰ ਗਿੱਲ ਨੇ ਦੱਸਿਆ ਕਿ ਇਨ੍ਹਾਂ ਗਤੀਵਿਧੀਆਂ ਤੋਂ ਇਲਾਵਾ ਹੋਰ ਬਹੁਤ ਸਾਰੇ ਅਕਾਦਮਿਕ ਸੈਸ਼ਨ ਇਸ ਕਾਨਫਰੰਸ ਦੇ ਇਸ ਦੂਸਰੇ ਦਿਨ ਵੀ ਸਮਾਨਾਂਤਰ ਚੱਲਦੇ ਰਹੇ ਜਿੱਥੇ ਵੱਖ-ਵੱਖ ਨੌਜਵਾਨ ਤੇ ਅਨੁਭਵੀ ਖੋਜਕਾਰਾਂ ਵੱਲੋਂ ਆਰਥਿਕਤਾ ਨਾਲ ਸਬੰਧਤ ਆਪਣੀਆਂ ਖੋਜਾਂ ਤੇ ਨੁਕਤਿਆਂ ਬਾਰੇ ਵਿਚਾਰ ਸਾਂਝੇ ਕੀਤੇ ਗਏ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।