ਮਾਸਟਰ ਬਣਨਾ ਕਿਹੜਾ ਸੌਖਾ ਕੰਮ ਐ!

Master Sachkahoon

ਮਾਸਟਰ ਬਣਨਾ ਕਿਹੜਾ ਸੌਖਾ ਕੰਮ ਐ!

ਸੰਨ 2006 ਅਗਸਤ ਦਾ ਹੁੰਮਸ ਨਾਲ ਭਰਿਆ ਮਹੀਨਾ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਰਾਤ ਦੇ ਦਸ ਵੱਜ ਚੁੱਕੇ ਸਨ। ਬੀ. ਐਡ ਕਰਨ ਲਈ ਸੀਟ ਸੰਗਰੂਰ ਵਿਖੇ ਮਿਲੀ ਸੀ। ਨੈਸ਼ਨਲ ਕਾਲਜ ਆਫ ਐਜੂਕੇਸ਼ਨ ਬੀਰ ਕਲਾਂ, ਇਹ ਖੇਤਾਂ ਵਿੱਚ ਬਣਿਆ ਹੋਇਆ ਕਾਲਜ ਸੀ। ਚੰਡੀਗੜ੍ਹ ਯੂਨੀਵਰਸਿਟੀ ਵਿਚ ਮੈਂ ਕਿਸੇ ਦੋਸਤ ਕੋਲ ਰਾਤ ਠਹਿਰ ਗਿਆ ਸੀ। ਬਹੁਤ ਖੁਸ਼ੀ ਹੋਈ ਕਿ ਸੀਟ ਮਿਲ ਗਈ ਹੈ। ਉਸ ਸਮੇਂ ਬੀ. ਐੱਡ ਦੀ ਸੀਟ ਪੇਪਰ ਦੇ ਕੇ ਮਿਲਦੀ ਸੀ।

ਕੁਝ ਸਮੇਂ ਲਈ ਮੈਂ ਜੋਗਾ ਪਿੰਡ ਵਿੱਚ ਰਿਹਾ । ਉਸ ਘਰੇ ਮੈਂ ਚੁਬਾਰੇ ਵਿੱਚ ਇਕੱਲਾ ਹੀ ਰਹਿੰਦਾ। ਕੰਧਾਂ ਵੱਲ ਵੇਖ ਕੇ ਮੇਰਾ ਰੋਣ ਨਿੱਕਲ ਜਾਂਦਾ। ਓਪਰੇ ਲੋਕ ਤੇ ਓਪਰੀ ਜਗ੍ਹਾ। ਮੇਰਾ ਬਿਲਕੁਲ ਹੀ ਦਿਲ ਨਾ ਲੱਗਦਾ।

ਉੱਥੇ ਸਭ ਤੋਂ ਪਹਿਲਾਂ ਮੇਰਾ ਦੋਸਤ ਬਣਿਆ, ਮੁਹੰਮਦ ਅਸਲਮ। ਮੈਂ ਸੋਚਦਾ ਹੁੰਦਾ ਸੀ ਕਿ ਮੁਸਲਮਾਨ ਸਿਰਫ ਪਾਕਿਸਤਾਨ ਵਿੱਚ ਹੀ ਰਹਿੰਦੇ ਨੇ। ਪਤਾ ਲੱਗਾ ਕਿ ਮਲੇਰਕੋਟਲਾ ਵਿਖੇ ਤਾਂ ਮੁਸਲਮਾਨਾਂ ਦਾ ਗੜ੍ਹ ਹੈ। ਉਹ ਆਪਣੇ ਖਾਣ ਵਾਸਤੇ ਦੋ ਪਰੌਂਠੇ ਲੈ ਕੇ ਆਉਂਦਾ। ਅਸੀਂ ਦੋਵੇਂ ਵੰਡ ਕੇ ਖਾ ਲੈਂਦੇ । ਪਰੌਂਠੇ ਕੁਝ ਜ਼ਿਆਦਾ ਭਾਰੀ ਹੁੰਦੇ। ਪੇਟ ਖਰਾਬ ਹੋ ਗਿਆ। ਕੁਝ ਦਿਨਾਂ ਬਾਅਦ ਆਪੇ ਠੀਕ ਹੋ ਗਿਆ ਸੀ।

ਹਰ ਰੋਜ਼ ਬੱਸਾਂ ਦਾ ਕਿਰਾਇਆ ਵੀ ਲਾਉਣਾ ਪੈਂਦਾ। ਫਿਰ ਦੋ ਕੁ ਮਹੀਨੇ ਬਾਅਦ ਮੇਰਾ ਦੋਸਤ ਮਨਜੀਤ ਬਰਗਾੜੀ ਮਿਲ ਪਿਆ ਸੀ। ਫਿਰ ਅਸੀਂ ਦੋਨੋਂ ਭੀਖੀ ਵਿੱਚ ਕਿਰਾਏ ’ਤੇ ਰਹਿਣ ਲੱਗੇ। ਮੈਂ ਆਟਾ ਗੁੰਨ੍ਹਦਾ ਤੇ ਮਨਜੀਤ ਰੋਟੀਆਂ ਪਕਾਉਣ ਦਾ ਕੰਮ ਕਰਦਾ। ਉਹ ਭਾਂਡੇ ਵੀ ਸਾਫ ਕਰਦਾ। ਸਵੇਰੇ ਉੱਠ ਕੇ ਉਹ ਚਾਹ ਵੀ ਬਣਾਉਂਦਾ ਮੈਂ ਤੇ ਮੇਰਾ ਦੋਸਤ ਮਨਜੀਤ ਕੁਮਾਰ ਬੀ. ਐਡ ਦੀ ਪੜ੍ਹਾਈ ਦੌਰਾਨ ਇੱਕ ਸਾਲ ਭੀਖੀ (ਮਾਨਸਾ) ਰਹੇ । ਅਸੀਂ ਦੇਰ ਰਾਤ ਤੱਕ ਪੜ੍ਹਦੇ ਰਹਿੰਦੇ। ਸਵੇਰ ਨੂੰ ਅਸੀਂ ਸੁੱਕੀ ਚਾਹ ਪੀ ਕੇ ਕਾਲਜ ਚਲੇ ਜਾਂਦੇ। ਖਾਲੀ ਢਿੱਡ ਗੜੂੰ-ਗੜੂੰ ਕਰਦੇ ਰਹਿੰਦੇ। ਕੁਝ ਮਹੀਨੇ ਖੁਦ ਹੀ ਰੋਟੀਆਂ ਵਾਸਤੇ ਹੱਥ ਸਾੜਦੇ ਰਹੇ ਸਾਂ । ਪਰ ਉਨ੍ਹੀਂ ਦਿਨੀਂ ਹੀ ਨੇੜਲੇ ਪਿੰਡ ਸਮਾਉਂ ਦੀ ਇੱਕ ਕੁੜੀ ਸਾਡੇ ਨਾਲ ਵਿਦਿਆਰਥਣ ਸੀ, ਜਿਸਨੇ ਸਾਨੂੰ ਆਪਣੇ ਭਰਾਵਾਂ ਵਾਂਗ ਸਮਝਿਆ। ਤੇ ਉਹ ਸਾਲ ਭਰ ਔਲੇ ਦੇ ਅਚਾਰ ਨਾਲ ਰੋਟੀਆਂ ਖਵਾਉਂਦੀ ਰਹੀ। ਉਹ ਸਾਨੂੰ ਆਖਦੀ, ‘‘ਵੀਰ, ਆਪਣੇ ਲੀੜੇ ਵੀ ਧੋਣ ਵਾਸਤੇ ਦੇ ਦਿਆ ਕਰੋ। ਮੈਂ ਹਫਤੇ ਬਾਅਦ ਇਕੱਠੇ ਧੋ ਕੇ ਲਿਆ ਦਿਆ ਕਰਾਂਗੀ… ਮੇਰੇ ਦੋਵੇਂ ਵੀਰ ਫੌਜੀ ਨੇ… ਤੇ ਤੁਸੀਂ ਵੀ ਤਾਂ ਮੇਰੇ ਵੀਰਾਂ ਵਾਂਗ ਹੀ ਪਰਦੇਸੀ ਹੋ!’’

ਤੇ ਮੈਂ ਆਖਣਾ, ‘‘ਭੈਣ, ਏਨਾ ਹੀ ਬਹੁਤ ਹੈ ਕਿ ਸਾਨੂੰ ਇੱਕ ਵੇਲੇ ਦੀ ਰੋਟੀ ਮਿਲ ਜਾਂਦੀ ਹੈ… ਬਾਕੀ ਕੰਮ ਤਾਂ ਅਸੀਂ ਆਪੇ ਕਰ ਲੈਂਦੇ ਹਾਂ… ਅਸੀਂ ਤੇਰਾ ਦੇਣ ਕਿਵੇਂ ਦੇਵਾਂਗੇ?’’
‘‘ਭੈਣ-ਭਰਾਵਾਂ ਦੇ ਕਾਹਦੇ ਲੈਣੇ-ਦੇਣੇ ਹੁੰਦੇ ਆ! ਇਹ ਤਾਂ ਵੀਰੋ ਮੋਹ ਦੀਆਂ ਤੰਦਾਂ ਹੁੰਦੀਆਂ ਨੇ।’’ ਉਹ ਬਹੁਤ ਸਿਆਣੀ ਬਣ ਕੇ ਆਖਦੀ। ਸ਼ਾਇਦ ਏਥੇ ਆਪਣੀ ਭੈਣ ਵੀ ਏਨਾ ਨਹੀਂ ਕਰਦੀ ਜਿੰਨਾ ਸਾਡਾ ਸੁਖਪਾਲ ਭੈਣ ਨੇ ਕੀਤਾ ਸੀ । ਸੱਚੀਂ! ਕੁਝ ਰਿਸ਼ਤੇ ਖੂਨ ਦੇ ਰਿਸ਼ਤਿਆਂ ਤੋਂ ਵੀ ਵਧ ਕੇ ਹੁੰਦੇ ਨੇ।
ਭੀਖੀ (ਮਾਨਸਾ) ਨਾਲ ਮੇਰਾ ਅੰਤਾਂ ਦਾ ਮੋਹ ਹੈ। ਉਸ ਨਗਰ ਦੀ ਹਰ ਗਲੀ-ਮੁਹੱਲਾ ਮੇਰੀ ਯਾਦ ਵਿੱਚ ਮੌਜੂਦ ਹੈ। ਉੱਥੇ ਗੁਜ਼ਰਿਆ ਇੱਕ ਵਰ੍ਹਾ ਜਿੰਦਗੀ ਵਿੱਚ ਅਭੁੱਲ ਰਹੇਗਾ।
ਕਈ ਵਾਰ ਅਸੀਂ ਨਾਲ ਹੀ ਲੱਗਦੇ ਖਟੀਕਾਂ ਦੇ ਮੁਹੱਲੇ ਵੱਲ ਚਲੇ ਜਾਂਦੇ। ਉੱਥੋਂ ਦਾ ਇੱਕ ਮੁੰਡਾ ਪ੍ਰਵੀਨ ਕੁਮਾਰ ਸਾਡਾ ਹਮਜਮਾਤੀ ਸੀ । ਉਸ ਮੁਹੱਲੇ ਦੀ ਨਾਲੀ ਉੱਪਰ ਬੈਠੇ ਛੋਟੇ ਬੱਚੇ ਆਪਣੀ ਕਾਰਵਾਈ ਕਰਨੀ ਜਾਂਦੇ। ਮਨਜੀਤ ਕੁਮਾਰ ਸ਼ਰਮਾ ਆਖਦਾ, ‘‘ਇਹ ਹੈ ਭੀਖੀ ਦੀ ਨਿਸ਼ਾਨੀ! ਨਾਲੀਆਂ ਉਤੇ ਬੈਠੇ ਜਵਾਕ! ’’
ਇੱਕ-ਦੋ ਵਾਰ ਅਸੀਂ ਓਧਰ ਰੋਟੀ ਖਾਧੀ ਸੀ। ਉਨ੍ਹਾਂ ਦੀਆਂ ਰੋਟੀਆਂ ਵਿਚ ਨਮਕ ਹੁੰਦਾ। ਪ੍ਰਵੀਨ ਆਖਦਾ ਕਿ, ਅਸੀਂ ਤਾਂ ਹਰ ਰੋਜ਼ ਇੰਜ ਹੀ ਖਾਂਦੇ ਹਾਂ।

ਰੋਟੀ- ਪਾਣੀ ਦਾ ਤਾਂ ਸਰ ਰਿਹਾ ਸੀ ਪਰ ਚਾਹ ਦਾ ਕੀ ਕਰੀਏ? ਮਨਜੀਤ ਸ਼ਰਮਾ ਚਾਹ ਬਹੁਤ ਪੀਂਦਾ । ਉਸ ਨੇ ਮੈਨੂੰ ਵੀ ਚਾਹ ਪੀਣ ਦੀ ਆਦਤ ਪਾ ਦਿੱਤੀ ਸੀ। ਉਸ ਸਮੇਂ ਉੱਥੇ ਸਾਡਾ ਇੱਕ ਦੋਸਤ ਬਣਿਆ ਜਿਸ ਦਾ ਨਾਂਅ ਸਰਬਜੀਤ ਸ਼ਰਮਾ ਸੀ। ਉਹ ਬੜਾ ਮਜ਼ਾਕੀਆ ਬੰਦਾ ਹੈ। ਪੂਰਾ ਸਾਲ ਅਸੀਂ ਗਾਂ ਦਾ ਅੱਧਾ ਕਿਲੋ ਦੁੱਧ ਉਸ ਤੋਂ ਮੁਫਤ ਲੈਂਦੇ ਰਹੇ। ਉਸ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਉਹ ਸਾਡੇ ਤੋਂ ਦੁੱਧ ਦੀ ਕੀਮਤ ਨਹੀਂ ਲਵੇਗਾ। ਜਦ ਅਸੀਂ ਉੱਥੋਂ ਕੋਰਸ ਖਤਮ ਕਰ ਕੇ ਘਰ ਵਾਪਸ ਆਉਣ ਲੱਗੇ ਤਾਂ ਸਰਬਜੀਤ ਸ਼ਰਮਾ ਮਜ਼ਾਕ ਨਾਲ ਆਖਣ ਲੱਗਾ, ‘‘ਹੋਰ ਤਾਂ ਸਭ ਠੀਕ ਹੈ, ਪਰ ਥੋੜ੍ਹਾ ਜਿਹਾ ਹਿਸਾਬ ਰਹਿੰਦਾ ਥੋਡੇ ਕੰਨੀ!’’

ਇਹ ਗੱਲ ਚੌਂਦਾ ਸਾਲ ਪੁਰਾਣੀ ਹੈ। ਹੁਣ ਜਦ ਵੀ ਕਦੇ ਫੋਨ ’ਤੇ ਗੱਲ ਹੁੰਦੀ ਹੈ ਤਾਂ ਉਹ ਆਖਦਾ ਹੈ, ‘‘ਹੋਰ ਤਾਂ ਸਭ ਠੀਕ ਹੈ, ਪਰ ਥੋੜ੍ਹਾ ਜਿਹਾ ਹਿਸਾਬ ਰਹਿੰਦਾ ਥੋਡੇ ਕੰਨੀ!’’

ਤੇ ਮੈਂ ਹਮੇਸ਼ਾ ਸੋਚਦਾ ਹਾਂ ਕਿ ਉਹ ਸਾਡੇ ਤੋਂ ਦੁੱਧ ਦੀ ਕੀਮਤ ਮੰਗਦਾ ਰਹੇ। ਉਸ ਦਾ ਇਹ ਮਜ਼ਾਕ ਸਾਨੂੰ ਚੰਗਾ ਵੀ ਲੱਗਦਾ ਹੈ। ਅਸੀਂ ਕੋਈ ਵੀ ਹਿਸਾਬ-ਕਿਤਾਬ ਨਹੀਂ ਕਰਦੇ ਕਿਉਂਕਿ ਜਦ ਦੁੱਧ ਦਾ ਹਿਸਾਬ ਮੁਕਾ ਦਿੱਤਾ ਤਾਂ ਫਿਰ ਸਾਡੀ ਯਾਰੀ ਵੀ ਮੁੱਕ ਜਾਵੇਗੀ। ਹਿਸਾਬ-ਕਿਤਾਬ ਜਾਰੀ ਰਹੇਗਾ ਅੰਤ ਤੱਕ, ਪਰ ਅਸੀਂ ਕਦੇ ਵੀ ਹਿਸਾਬ ਨਹੀਂ ਕਰਨਾ।

ਦਾਦਾ-ਦਾਦੀ ਦਾ ਮੋਹ ਵੀ ਵਿਲੱਖਣ ਹੀ ਹੁੰਦਾ ਹੈ। ਮੇਰਾ ਦਾਦਾ ਪਾਠ ਕਰਕੇ ਜਦ ਘਰ ਆਉਂਦਾ ਤਾਂ ਉਹ ਸਾਨੂੰ ਦਸ-ਵੀਹ ਪੈਸੇ ਜਾਂ ਚੁਆਨੀਆਂ ਵੰਡਦਾ। ਮਿਸ਼ਰੀ, ਇਲਾਇਚੀ ਤੇ ਪਤਾਸੇ ਵੀ ਵੰਡਦਾ। ਅਸੀਂ ਉਸਦੀਆਂ ਲੱਤਾਂ ਘੁੱਟਦੇ ਤੇ ਦਾਦੀ ਆਖਦੀ, ‘‘ਇਹ ਸਾਡਾ ਮਾਸਟਰ ਐ, ਜਦੋਂ ਮਾਸਟਰ ਲੱਗਾ ਤਾਂ ਸੂਟ ਬਣਾ ਕੇ ਦੇਵੀਂ!’’ ਉਹ ਕਈ ਵਾਰ ਮਾਲਿਸ਼ ਕਰ ਕੇ ਧਰਨ ਵੀ ਕੱਢਦੀ। ਉਨ੍ਹਾਂ ਦੀਆਂ ਦੁਆਵਾਂ ਸਦਾ ਮੇਰੇ ਨਾਲ ਹਨ। ਦਾਦਾ ਜੀ ਹਮੇਸ਼ਾ ਆਖਦੇ, ‘‘ਤੂੰ ਸਦਾ ਚੜ੍ਹਦੀ ਕਲਾ ਵਿੱਚ ਰਹੇਂਗਾ!’’ ਇਹ ਅੰਤਲੇ ਬੋਲਾਂ ਨੇ ਮੈਨੂੰ ਸਦਾ ਹੀ ਚੜ੍ਹਦੀ ਕਲਾ ਵਿੱਚ ਰੱਖਿਆ ਹੈ। ਜਦ ਮੈਂ ਮਾਸਟਰ ਬਣਿਆ ਤਾਂ ਦਾਦਾ-ਦਾਦੀ ਫੌਤ ਹੋ ਚੁੱਕੇ ਸਨ।

ਮੋ. 98724-55994, ਹੀਰਾ ਸਿੰਘ ਤੂਤ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ