ਸਮਾਜ ’ਚੋਂ ਗੁੱਸੇ ਤੇ ਨਫ਼ਰਤ ਦਾ ਖ਼ਾਤਮਾ ਜ਼ਰੂਰੀ

Society

ਅੱਜ ਦੀ ਰੁਝੇਵਿਆਂ ਭਰੀ ਜੀਵਨਸ਼ੈਲੀ ਵਿੱਚ ਤਣਾਅ ਦੇ ਕਾਰਨ ਵਿਅਕਤੀ ਮਾਨਸਿਕ ਤੌਰ ’ਤੇ ਬਹੁਤ ਦਬਾਅ ’ਚ ਰਹਿਣ ਲੱਗਿਆ ਹੈ। ਇਸ ਦਾ ਅਸਰ ਉਸ ਦੇ ਵਿਹਾਰ ਅਤੇ ਰਵੱਈਏ ’ਚ ਸਪੱਸ਼ਟ ਝਲਕ ਵੀ ਰਿਹਾ ਹੈ। ਇਹੋ ਵਜ੍ਹਾ ਹੈ ਕਿ ਅਕਸਰ ਨਿੱਕੀਆਂ-ਨਿੱਕੀਆਂ ਗੱਲਾਂ ’ਤੇ ਚਿੜਚਿੜਾਪਣ, ਨਿਰਾਸ਼ਾ ਅਤੇ ਹਮਲਾਵਰ ਵਤੀਰਾ ਇੱਕ ਆਮ ਪਰ ਗੰਭੀਰ ਸਮੱਸਿਆ ਬਣ ਗਿਆ ਹੈ। ਪਰ ਸਮੱਸਿਆ ਉਦੋਂ ਜ਼ਿਆਦਾ ਗੰਭੀਰ ਰੂਪ ਧਾਰਨ ਕਰ ਲੈਂਦੀ ਹੈ ਜਦੋਂ ਇਹ ਚਿੜਚਿੜਾਪਣ ਭਿਆਨਕ ਗੁੱਸੇ ਦਾ ਰੂਪ ਲੈ ਲੈਂਦਾ ਹੈ ਅਤੇ ਗੁੱਸੇ ’ਚ ਵਿਅਕਤੀ ਆਪਣਿਆਂ ਤੱਕ ਦਾ ਕਤਲ ਤੱਕ ਕਰ ਦਿੰਦਾ ਹੈ।

ਦਿਲ ਦਹਿਲਾਉਣ ਵਾਲੀਆਂ ਅਜਿਹੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ। ਕੁਝ ਦਿਨ ਪਹਿਲਾਂ ਜੈਪੁਰ ’ਚ ਇੱਕ ਨੌਜਵਾਨ ਨੇ ਆਪਣੀ ਤਾਈ ਦੀ ਹਥੌੜਾ ਮਾਰ ਕੇ ਹੱਤਿਆ ਕਰ ਦਿੱਤੀ ਅਤੇ ਲਾਸ਼ ਦੇ ਟੁਕੜੇ ਕਰਕੇ ਜੰਗਲ ’ਚ ਸੁੱਟ ਦਿੱਤੇ। ਕਹਿਣ ਨੂੰ ਤਾਂ ਉਹ ਨੌਜਵਾਨ ਪੜ੍ਹਿਆ-ਲਿਖਿਆ ਸੀ ਅਤੇ ਇੰਜੀਨੀਅਰਿੰਗ ਦੀ ਪੜ੍ਹਾਈ ਤੋਂ ਬਾਦ ਨੌਕਰੀ ਕਰ ਰਿਹਾ ਸੀ, ਉਸ ਨੇ ਇਹ ਕਬੂਲਿਆ ਕਿ ਉਸ ਦੀ ਤਾਈ ਉਸ ਨੂੰ ਅਕਸਰ ਟੋਕ-ਟੁਕਾਈ ਕਰਦੀ ਰਹਿੰਦੀ ਸੀ। ਇਸੇ ਗੱਲ ਤੋਂ ਨਾਰਾਜ਼ ਹੋ ਕੇ ਉਸਨੇ ਆਪਣੀ ਤਾਈ ਨੂੰ ਮਾਰ ਦਿੱਤਾ।

ਗੁੱਸੇ ਵਿੱਚ ਤੋੜ-ਭੰਨ੍ਹ ਅਤੇ ਕੁੱਟ-ਮਾਰ ਜਿਹੀਆਂ ਘਟਨਾਵਾਂ

ਅਜਿਹੀ ਹੀ ਇੱਕ ਘਟਨਾ ਦਿੱਲੀ ਦੀ ਹੈ, ਜਿੱਥੇ ਇੱਕ ਨੌਜਵਾਨ ਨੇ ਘਰਵਾਲੀ ਨਾਲ ਝਗੜੇ ਤੋਂ ਬਾਅਦ ਸ਼ਰਾਬ ਦੇ ਨਸ਼ੇ ਵਿਚ ਆਪਣੇ ਦੋ ਸਾਲ ਦੇ ਲੜਕੇ ਨੂੰ ਦੂਜੀ ਮੰਜ਼ਿਲ ਤੋਂ ਥੱਲੇ ਸੁੱਟ ਦਿੱਤਾ। ਅਜਿਹੀਆਂ ਘਟਨਾਵਾਂ ਨੂੰ ਦੇਖ-ਸੁਣ ਕੇ ਮਨ ਵਿਚ ਕਈ ਸਵਾਲ ਉੱਠਦੇ ਹਨ। ਗੁੱਸੇ ਵਿੱਚ ਤੋੜ-ਭੰਨ੍ਹ ਅਤੇ ਕੁੱਟ-ਮਾਰ ਜਿਹੀਆਂ ਘਟਨਾਵਾਂ ਤਾਂ ਸਮਝ ਆਉਂਦੀਆਂ ਹਨ, ਪਰ ਮਾਮੂਲੀ ਗੱਲਾਂ ’ਤੇ ਐਨਾ ਗੁੱਸਾ ਕਿ ਕਿਸੇ ਆਪਣੇ ਨੂੰ ਜਾਨੋਂ ਮਾਰ ਦਿੱਤਾ ਜਾਵੇ, ਇਹ ਚਿੰਤਾ ਵਿਚ ਪਾਉਣ ਵਾਲੀ ਗੱਲ ਹੈ।

ਇਹ ਸਵਾਲ ਵਾਰ-ਵਾਰ ਝੰਜੋੜਦਾ ਹੈ ਕਿ ਆਖ਼ਰ ਲੋਕਾਂ ’ਚ ਐਨੀ ਨਕਾਰਾਤਮਿਕਤਾ, ਹਿੰਸਾ, ਗੁੱਸਾ, ਨਫ਼ਰਤ ਆਈ ਕਿੱਥੋਂ ਅਤੇ ਕਿਉਂ ਆ ਰਹੀ ਹੈ? ਹੁਣ ਹਿੰਸਾ ਜਾਂ ਨਫ਼ਰਤ ਦੀ ਭਾਵਨਾ ਜਾਤ, ਧਰਮ, ਭਾਸ਼ਾ, ਖੇਤਰ ਜਾਂ ਦੁਸ਼ਮਣਾਂ ਤੱਕ ਹੀ ਸੀਮਤ ਨਹੀਂ ਰਹੀ, ਸਗੋਂ ਨਿੱਜੀ ਸਬੰਧਾਂ ਤੱਕ ਵੀ ਇਸ ਦਾ ਵਿਸਥਾਰ ਦੇਖਣ ਨੂੰ ਮਿਲ ਰਿਹਾ ਹੈ। ਦੁਨੀਆਂ ਭਰ ਦੇ ਸਮਾਜਾਂ ’ਚ ਨਫ਼ਰਤ ਦੇ ਵਾਧੇ ਦੇ ਕਾਰਨਾਂ ਨੂੰ ਸਮਝਣਾ ਜ਼ਰੂਰੀ ਹੈ। ਸਵਾਲ ਇਹ ਹੈ ਕਿ ਕਿਵੇਂ ਅਤੇ ਕਿਉਂ ਅਸੀਂ ਇੱਕ ਅਜਿਹੀ ਥਾਂ ’ਤੇ ਪਹੁੰਚ ਗਏ ਹਾਂ ਜਿੱਥੇ ਨਫ਼ਰਤ ਅਤੇ ਕੋ੍ਰਧ ਦੇ ਰੂਪ ’ਚ ਰਾਸ਼ਟਰਵਾਦ, ਜਾਤੀਵਾਦ ਅਤੇ ਮਹਿਲਾਵਾਂ ਦਾ ਨਿਰਾਦਰ ਵਧਦਾ ਜਾ ਰਿਹਾ ਹੈ ਅਤੇ ਦੁਨੀਆਂ ਭਰ ’ਚ ਅੰਦੋਲਨਾਂ ਅਤੇ ਮੁਜ਼ਾਹਰਿਆਂ ਦਾ ਅਧਾਰ ਬਣ ਰਿਹਾ ਹੈ।

ਨਾਗਰਿਕਾਂ ਵਿਚ ਨਾਰਾਜ਼ਗੀ ਅਤੇ ਅਸੰਤੁਸ਼ਟੀ ਦੀਆਂ ਭਾਵਨਾਵਾਂ

ਸਮਾਜ ’ਚ ਨਾਰਾਜ਼ਗੀ ਅਤੇ ਨਿਰਾਸ਼ਾ ਵਿਚ ਵਾਧਾ ਹੋਇਆ ਹੈ, ਕਿਉਂਕਿ ਆਧੁਨਿਕ ਦੁਨੀਆਂ ਅਤੇ ਸਰਕਾਰਾਂ ਵੱਲੋਂ ਕੀਤੇ ਗਏ ਵਾਅਦੇ ਜਨਤਾ ਦੀਆਂ ਉਮੀਦਾਂ ਨੂੰ ਪੂਰਾ ਕਰਨ ’ਚ ਅਸਫਲ ਰਹੇ ਹਨ। ਇੱਕ ਕਲਿਆਣਕਾਰੀ ਰਾਜ ਅਤੇ ਸੰਵਿਧਾਨਕ ਕਦਰਾਂ-ਕੀਮਤਾਂ ਨੂੰ ਕਾਇਮ ਰੱਖਣ ਦਾ ਵਾਅਦਾ ਪੂਰਾ ਨਹੀਂ ਹੁੰਦਾ ਤਾਂ ਨਾਗਰਿਕਾਂ ਵਿਚ ਨਾਰਾਜ਼ਗੀ ਅਤੇ ਅਸੰਤੁਸ਼ਟੀ ਦੀਆਂ ਭਾਵਨਾਵਾਂ ਪੈਦਾ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ, ਅਜਿਹਾ ਹੋਣਾ ਸੁਭਾਵਿਕ ਵੀ ਹੈ। ਭਾਰਤ ’ਚ ਅੱਜ ਇਹੋ ਹਾਲਾਤ ਹਨ। ਸਭ ਤੋਂ ਵੱਡੇ ਲੋਕਤੰਤਰਿਕ ਦੇਸ਼ ਦੇ ਨਾਗਰਿਕ ਹੋਣ ਦੇ ਬਾਵਜੂਦ ਲੋਕ ਖੁਦ ਨੂੰ ਅਸੁਰੱਖਿਅਤ ਦੁਨੀਆਂ ਦਾ ਹਿੱਸਾ ਮੰਨਣ ਲੱਗੇ ਹਨ। ਉਨ੍ਹਾਂ ਨੂੰ ਚਾਰੇ ਪਾਸੇ ਨਿਰਾਸ਼ਾ, ਗੁੱਸਾ ਅਤੇ ਆਰਥਿਕ ਅਸਥਿਰਤਾ ਦਿਖਾਈ ਦੇ ਰਹੀ ਹੈ ਅਤੇ ਅਜਿਹੇ ਹਾਲਾਤ ਕੋਈ ਇੱਕ ਦਿਨ ਵਿਚ ਪੈਦਾ ਨਹੀਂ ਹੋਏ ਹਨ, ਸੋਚਣ ਵਾਲੀ ਗੱਲ ਹੈ ਕਿ ਸਭ ਤੋਂ ਵੱਡੇ ਲੋਕਤੰਤਰ ’ਚ ਹੀ ਜਨਤਕ ਕਦਰਾਂ-ਕੀਮਤਾਂ ਹਾਸ਼ੀਏ ’ਤੇ ਕਿਉਂ ਜਾ ਰਹੀਆਂ ਹਨ।

ਲਗਾਤਾਰ ਵਧਦੀ ਮਹਿੰਗਾਈ

ਆਖ਼ਰ ਅਜਿਹਾ ਕੀ ਹੋ ਗਿਆ ਹੈ ਕਿ ਸਮਾਜਿਕ ਸਰੋਕਾਰਾਂ ਪ੍ਰਤੀ ਸਰਗਰਮ ਬੁੱਧੀਜੀਵੀ ਵਰਗਾਂ ਨੇ ਚੁੱਪ ਦਾ ਸੱਭਿਆਚਾਰ ਅਪਣਾ ਲਿਆ ਹੈ। ਨਾ ਸਿਰਫ ਦੂਜਿਆਂ ਨਾਲ ਵਾਪਰ ਰਹੀਆਂ ਘਟਨਾਵਾਂ ਵਿਰੱੁਧ ਸਗੋਂ ਆਪਣੇ ਸਮੂਹਾਂ ਅਤੇ ਭਾਈਚਾਰਿਆਂ ਨਾਲ ਵਾਪਰ ਰਹੀਆਂ ਘਟਨਾਵਾਂ ਵਿਰੁੱਧ ਵੀ ਕੋਈ ਵਿਰੋਧ ਦਰਜ਼ ਨਹੀਂ ਕੀਤਾ ਜਾਂਦਾ ਹੈ। ਲਗਾਤਾਰ ਵਧਦੀ ਮਹਿੰਗਾਈ, ਸਾਧਨਾਂ ਦੀ ਅਣਉਪਲੱਬਧਤਾ, ਘੱਟ ਉਜ਼ਰਤਾਂ, ਕੰਮ ਦੇ ਅਨਿਸ਼ਚਿਤ ਘੰਟੇ, ਔਰਤਾਂ ਅਤੇ ਦਲਿਤਾਂ ਲਈ ਅਸੁਰੱਖਿਅਤ ਮਾਹੌਲ ਅਤੇ ਹਿੰਸਕ ਘਟਨਾਵਾਂ ਵਿਚ ਵਾਧਾ ਆਦਿ ਅਜਿਹੇ ਮਹੱਤਵਪੂਰਨ ਪਹਿਲੂ ਹਨ ਜਿਨ੍ਹਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ, ਪਰ ਕੀਤਾ ਜਾ ਰਿਹਾ ਹੈ। ਆਖ਼ਰ ਕਿਉਂ? ਇਹ ਹਕੀਕਤ ਹੈ ਕਿ ਜਮਹੂਰੀ ਰਾਜ ਨਾਗਰਿਕਾਂ ਦੇ ਹੱਕਾਂ, ਚੋਣ ਭਾਗੀਦਾਰੀ, ਬਰਾਬਰੀ ਅਤੇ ਆਜ਼ਾਦੀ ਦੀਆਂ ਕਦਰਾਂ-ਕੀਮਤਾਂ ਨੂੰ ਕੇਂਦਰ ਵਿਚ ਰੱਖ ਕੇ ਜੀਵਨ ਨਿਰਧਾਰਿਤ ਕਰਨ ਦੀ ਇੱਛਾ ਦੀ ਤਰਜ਼ਮਾਨੀ ਕਰਦਾ ਹੈ ਪਰ ਜਮਹੂਰੀਅਤ ਬਾਰੇ ਸ਼ੱਕ ਪੈਦਾ ਹੋ ਗਿਆ ਹੈ ਕਿਉਂਕਿ ਹੁੱਣ ਰਾਜ ਅਤੇ ਸਰਕਾਰ ਸ਼ਕਤੀ ਦਾ ਸਰੋਤ ਨਹੀਂ ਹੈ।

ਆਪਣੇ ਹਿੱਤਾਂ ਦੀ ਰਾਖੀ

ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਸ ਸਮੇਂ ਦੇਸ਼ ਅੰਦਰ ਜਮਹੂਰੀ ਕਦਰਾਂ-ਕੀਮਤਾਂ ਨੂੰ ਚੁਣੌਤੀ ਦਿੱਤੀ ਗਈ ਹੈ, ਅਜਿਹੀਆਂ ਕਈ ਮਿਸਾਲਾਂ ਸਾਡੇ ਸਾਹਮਣੇ ਹਨ, ਜਿੰਨ੍ਹਾਂ ਨੇ ਸੰਵਿਧਾਨ ਦੀ ਆਤਮਾ ਨੂੰ ਹੀ ਕੁਚਲ ਕੇ ਰੱਖ ਦਿੱਤਾ ਹੈ। ਇੱਕ ਨਿਜ਼ਾਮ ਵਿਚ ਜਦੋਂ ਹਾਕਮ ਰਾਜਸੱਤਾ ਰਾਹੀਂ ਆਪਣੇ ਹਿੱਤਾਂ ਦੀ ਰਾਖੀ ਕਰਨ ਲੱਗ ਜਾਣ ਤਾਂ ਅਜਿਹੀਆਂ ਅਸਹਿਜ਼ਤਾਵਾਂ ਅਤੇ ਆਰਥਿਕ ਚੁਣੌਤੀਆਂ ਦਾ ਹੋਣਾ ਸੁਭਾਵਿਕ ਹੈ। ਜਦੋਂ ਕਹਿਣੀ ਤੇ ਕਰਨੀ ਵਿੱਚ ਫਰਕ ਹੋ ਜਾਵੇ ਤਾਂ ਸਭ ਤੋਂ ਵੱਡਾ ਲੋਕਤੰਤਰ ਵੀ ਬੇਵੱਸ ਹੋ ਜਾਂਦਾ ਹੈ। ਆਪਣੇ-ਆਪ ਨੂੰ ਭੌਤਿਕਵਾਦ ਅਤੇ ਉਪਭੋਗਵਾਦ ਵੱਲ ਐਨਾ ਵੀ ਨਾ ਧੱਕੋ ਕਿ ਵਿਕਾਸ ਰੂਪੀ ਵਿਨਾਸ਼ ਦੇ ਢੇਰ ’ਤੇ ਇਕੱਲੇ ਖੜ੍ਹੇ ਨਜ਼ਰ ਆਈਏ ਅਤੇ ਉਸ ਦੌਰਾਨ ਤੁਹਾਡੇ ਨਾਲ ਭੋਗਣ ਵਾਲਾ ਜਾਂ ਦੇਖਣ ਵਾਲਾ ਵੀ ਕੋਈ ਨਾ ਹੋਵੇ।

ਇਸ ਦੇ ਲਈ ਜ਼ਰੂਰੀ ਹੈ ਕਿ ਰਿਸ਼ਤਿਆਂ ’ਚ ਵਿਸ਼ਵਾਸ ਅਤੇ ਪਿਆਰ ਬਣਿਆ ਰਹੇ, ਤਾਂ ਹੀ ਕਿਸੇ ਦੇਸ਼ ਅਤੇ ਰਾਜ ਦੇ ਵਿਕਾਸ ਦੀ ਕਲਪਨਾ ਨੂੰ ਸਕਾਰਾਤਮਕ ਰੂਪ ਦਿੱਤਾ ਜਾ ਸਕੇਗਾ। ਪਰ ਫਿਲਹਾਲ ਸਮਾਜ ਦਾ ਜਿਸ ਤਰ੍ਹਾਂ ਦਾ ਵਾਤਾਵਰਨ ਸਾਹਮਣੇ ਆ ਰਿਹਾ ਹੈ, ਉਸ ’ਚ ਇਸ ਦੀ ਕਲਪਨਾ ਵੀ ਸੰਭਵ ਨਹੀਂ ਹੈ। ਇਸ ਲਈ ਪਹਿਲਾਂ ਸਮਾਜ ਅਤੇ ਫਿਰ ਸਰਕਾਰ ਨੂੰ ਲੋਕਾਂ ਨੂੰ ਤਣਾਅ ਤੋਂ ਬਾਹਰ ਲਿਆਉਣ ਦਾ ਕੰਮ ਕਰਨਾ ਹੋਵੇਗਾ। ਤਾਂ ਕਿ ਇੱਕ ਸਿਹਤਮੰਦ ਸਮਾਜ ਦੀ ਸਿਰਜਣਾ ਨੂੰ ਬਲ ਹਾਸਲ ਹੋ ਸਕੇ।

ਹਰਪ੍ਰੀਤ ਸਿੰਘ ਬਰਾੜ
ਮੇਨ ਏਅਰ ਫੋਰਸ ਰੋਡ, ਬਠਿੰਡਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ