Earthquake: ਭੂਚਾਲ ਦੇ ਅਸਰ ਨੂੰ ਘੱਟ ਕਰਨ ਲਈ ਤਕਨੀਕ ਵਿਕਸਤ ਕਰਨੀ ਜ਼ਰੂਰੀ

Earthquake
Earthquake: ਭੂਚਾਲ ਦੇ ਅਸਰ ਨੂੰ ਘੱਟ ਕਰਨ ਲਈ ਤਕਨੀਕ ਵਿਕਸਤ ਕਰਨੀ ਜ਼ਰੂਰੀ

Earthquake: ਮਿਆਂਮਾਰ ’ਚ ਆਏ 7.7 ਤੀਬਰਤਾ ਦੇ ਤਬਾਹਕਾਰੀ ਭੂਚਾਲ ਨੇ ਭਾਰੀ ਤਬਾਹੀ ਕੀਤੀ ਹੈ। ਇਸ ਆਫਤ ’ਚ 1700 ਤੋਂ ਜ਼ਿਆਦਾ ਲੋਕਾਂ ਦੀ ਜਾਨ ਚਲੀ ਗਈ ਹੈ ਅਤੇ 2500 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋਏ। ਭੁੂਚਾਲ ਦੇ ਅਸਰ ਨਾਲ ਬਹੁ-ਮੰਜ਼ਿਲਾ ਇਮਾਰਤਾਂ ਠਹਿ-ਢੇਰੀ ਹੋ ਗਈਆਂ, ਸੜਕਾਂ, ਪੁਲ ਤੇ ਬੰਨ੍ਹ ਨੁਕਸਾਨੇ ਗਏ, ਜਦੋਂਕਿ ਬਿਜਲੀ ਅਤੇ ਇੰਟਰਨੈੱਟ ਸੇਵਾਵਾਂ ਠੱਪ ਹੋ ਗਈਆਂ। ਇਹ ਆਫਤ ਤੇਜ਼ੀ ਨਾਲ ਵਧਦੇ ਸ਼ਹਿਰੀਕਰਨ ਲਈ ਇੱਕ ਚਿਤਾਵਨੀ ਹੈ। ਥਾਈਲੈਂਡ ਦੀ ਰਾਜਧਾਨੀ ਬੈਂਕਾਕ ਤੱਕ ਝਟਕਿਆਂ ਨੇ ਹਲਚਲ ਮਚਾ ਦਿੱਤੀ। ਅਮਰੀਕੀ ਭੂ-ਗਰਭੀ ਸਰਵੇਖਣ ਏਜੰਸੀ ਦਾ ਅੰਦਾਜ਼ਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ 10 ਹਜ਼ਾਰ ਤੋਂ ਜ਼ਿਆਦਾ ਹੋ ਸਕਦੀ ਹੈ।

ਭੂਚਾਲ ਦਾ ਅਸਰ ਭਾਰਤ ਦੇ ਪੂਰਬਉੱਤਰ ਰਾਜਾਂ ਅਤੇ ਪੱਛਮੀ ਬੰਗਾਲ ਤੱਕ ਮਹਿਸੂਸ ਕੀਤਾ ਗਿਆ, ਜਦੋਂਕਿ ਚੀਨ, ਵੀਅਤਨਾਮ, ਤਾਇਵਾਨ, ਲਾਓਸ ਅਤੇ ਸ੍ਰੀਲੰਕਾ ਵੀ ਇਸ ਲਪੇਟ ’ਚ ਆਏ। ਇਹ ਘਟਨਾ 2001 ’ਚ ਗੁਜਰਾਤ ਦੇ ਭੁੱਜ ’ਚ ਆਏ 7.7 ਤੀਬਰਤਾ ਦੇ ਭੂਚਾਲ ਦੀ ਯਾਦ ਦਿਵਾਉਂਦਾ ਹੈ, ਜਿਸ ’ਚ 20,000 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਸੀ। ਮਿਆਂਮਾਰ ਦਾ ਇਹ ਭੂਚਾਲ ਸਤ੍ਹਾ ਤੋਂ ਸਿਰਫ਼ 10 ਕਿ.ਮੀ. ਹੇਠਾਂ ਸੀ, ਜਿਸ ਨਾਲ ਇਸ ਦਾ ਅਸਰ ਬੇਹੱਦ ਤਬਾਹਕਾਰੀ ਸਾਬਤ ਹੋਇਆ।

Earthquake

ਦਿੱਲੀ-ਐੱਨਸੀਆਰ ’ਚ 17 ਫਰਵਰੀ, 2025 ਨੂੰ ਸਵੇਰੇ 5.36 ਵਜੇ ਰਿਕਟਰ ਪੈਮਾਨੇ ’ਤੇ 4.0 ਤੀਬਰਤਾ ਦਾ ਭੂਚਾਲ ਦਰਜ ਕੀਤਾ ਗਿਆ। ਰਾਸ਼ਟਰੀ ਭੂੁਚਾਲ ਵਿਗਿਆਨ ਕੇਂਦਰ ਅਨੁਸਾਰ, ਇਸ ਦਾ ਕੇਂਦਰ ਧੌਲਾਕੂਆਂ ਦੇ ਝੀਲ ਪਾਰਕ ਖੇਤਰ ’ਚ 5 ਕਿ.ਮੀ. ਦੀ ਡੂੰਘਾਈ ’ਚ ਸੀ, ਜਿਸ ਨਾਲ ਝਟਕਿਆਂ ਦਾ ਅਸਰ ਭੂ-ਗਰਭ ਤੱਕ ਹੀ ਸੀਮਿਤ ਰਿਹਾ। ਬਿਹਾਰ ’ਚ ਵੀ ਇਸੇ ਮਿਆਦ ’ਚ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਦਿੱਲੀ ਅਤੇ ਉਸ ਦੇ ਆਸ-ਪਾਸ ਦਾ ਖੇਤਰ ਭੂ-ਗਰਭੀ ਦ੍ਰਿਸ਼ਟੀ ਨਾਲ ਸੰਵੇਦਨਸ਼ੀਲ ਮੰਨਿਆ ਜਾਂਦਾ ਹੈ, ਕਿਉਂਕਿ ਇਹ ਭੂਚਾਲੀ ਭ੍ਰੰਸ਼ ਰੇਖਾ ਦੇ ਨੇੜੇ ਸਥਿਤ ਹੈ।

ਮਾਹਿਰਾਂ ਅਨੁਸਾਰ, ਯਮੁਨਾ ਦੇ ਮੈਦਾਨੀ ਇਲਾਕਿਆਂ ’ਚ ਜ਼ਮੀਨ ਦੀਆਂ ਪਰਤਾਂ ਨਰਮ ਹਨ, ਜਿਸ ਨਾਲ ਇੱਥੇ ਭੂਚਾਲ ਦੀ ਸੰਭਾਵਨਾ ਬਣੀ ਰਹਿੰਦੀ ਹੈ। ਭੂਚਾਲ ਦਾ ਖ਼ਤਰਾ ਇਸ ਲਈ ਵੀ ਜ਼ਿਆਦਾ ਹੈ, ਕਿਉਂਕਿ ਹਿਮਾਚਲੀ ਖੇਤਰ ’ਚ ਭਾਰਤੀ ਅਤੇ ਯੂਰੇਸ਼ੀਅਨ ਪਲੇਟਾਂ ਦੇ ਟਕਰਾਉਣ ਨਾਲ ਲਗਾਤਾਰ ਭੂ-ਗਰਭੀ ਗਤੀਵਿਧੀਆਂ ਹੁੰਦੀਆਂ ਰਹਿੰਦੀਆਂ ਹਨ। ਹਾਲ ਹੀ ’ਚ ਤਿੱਬਤ ਤੇ ਤਿੰਗਰੀ ਕਾਊਂਟੀ ’ਚ ਵੀ 7.1 ਤੀਬਰਤਾ ਦਾ ਭੂਚਾਲ ਆਇਆ ਸੀ, ਜਿਸ ਨਾਲ ਨੇਪਾਲ ਅਤੇ ਭਾਰਤ ’ਚ ਝਟਕੇ ਮਹਿਸੂਸ ਕੀਤੇ ਗਏ ਸਨ।

ਅੱਜ ਵੀ ਕਈ ਵਿਕਸਿਤ ਦੇਸ਼ਾਂ ’ਚ ਭੂਚਾਲ ਦੀ ਚਿਤਾਵਨੀ ਦੇਣ ਵਾਲੀਆਂ ਪ੍ਰਣਾਲੀਆਂ ਕੰਮ ਕਰ ਰਹੀਆਂ ਹਨ, ਪਰ ਉਹ ਭਵਿੱਖਬਾਣੀ ਕਰਨ ’ਚ ਪੂਰੀ ਤਰ੍ਹਾਂ ਸਮਰੱਥ ਨਹੀਂ ਹਨ। ਅਮਰੀਕਾ, ਜਾਪਾਨ, ਭਾਰਤ, ਨੇਪਾਲ, ਚੀਨ ਵਰਗੇ ਦੇਸ਼ਾਂ ’ਚ ਸਮੇਂ-ਸਮੇਂ ’ਤੇ ਭੂਚਾਲ ਆਉਂਦੇ ਰਹਿੰਦੇ ਹਨ, ਪਰ ਇਨ੍ਹਾਂ ਦੀ ਸਟੀਕ ਭਵਿੱਖਬਾਣੀ ਕਰਨਾ ਹਾਲੇ ਵੀ ਇੱਕ ਚੁਣੌਤੀ ਬਣੀ ਹੋਈ ਹੈ। ਵਿਗਿਆਨੀ ਲਗਾਤਾਰ ਇਸ ਦਿਸ਼ਾ ’ਚ ਖੋਜ ਕਰ ਰਹੇ ਹਨ, ਅਤੇ ਕਈ ਦੇਸ਼ਾਂ ਨੇ ਮੌਸਮ ਅਤੇ ਭੂ-ਗਰਭੀ ਹਲਚਲਾਂ ’ਤੇ ਨਜ਼ਰ ਰੱਖਣ ਲਈ ਉਪਗ੍ਰਹਿ ਛੱਡੇ ਹਨ।

Earthquake

ਮਾਹਿਰਾਂ ਦਾ ਮੰਨਣਾ ਹੈ ਕਿ ਸਾਰੇ ਭੂਚਾਲ ਪੂਰੀ ਤਰ੍ਹਾਂ ਕੁਦਰਤੀ ਨਹੀਂ ਹੁੰਦੇ, ਸਗੋਂ ਮਨੁੱਖੀ ਦਖਲਅੰਦਾਜ਼ੀ ਵੀ ਇਨ੍ਹਾਂ ਨੂੰ ਹੋਰ ਜ਼ਿਆਦਾ ਤਬਾਹਕਾਰੀ ਬਣਾ ਰਹੀ ਹੈ। ਸ਼ਹਿਰੀਕਰਨ ਅਤੇ ਉਦਯੋਗੀਕਰਨ ਲਈ ਵਧੇਰੇ ਨਿਰਮਾਣ ਕਾਰਜ, ਜਲ ਸਰੋਤਾਂ ਦੀ ਅੰਨ੍ਹੇਵਾਹ ਵਰਤੋਂ ਅਤੇ ਮਾਈਨਿੰਗ ਵਰਗੀਆਂ ਗਤੀਵਿਧੀਆਂ ਵੀ ਛੋਟੇ ਪੱਧਰ ਦੇ ਭੂਚਾਲਾਂ ਦੀ ਪਿੱਠਭੂਮੀ ਤਿਆਰ ਕਰ ਰਹੀਆਂ ਹਨ। ਨਤੀਜੇ ਵਜੋਂ, ਭੂਚਾਲਾਂ ਦੀ ਬਾਰੰਬਾਰਤਾ ਅਤੇ ਤੀਬਰਤਾ ਦੋਵੇਂ ਵਧ ਰਹੀਆਂ ਹਨ। ਪਹਿਲਾਂ ਜਿੱਥੇ 13 ਸਾਲ ’ਚ ਇੱਕ ਵੱਡਾ ਭੂਚਾਲ ਆਉਂਦਾ ਸੀ, ਹੁਣ ਇਹ ਫਰਕ ਘਟ ਕੇ 4 ਸਾਲ ਹੋ ਗਿਆ ਹੈ।

ਵਿਗਿਆਨੀਆਂ ਅਨੁਸਾਰ, ਜਲਵਾਯੂ ਬਦਲਾਅ ਅਤੇ ਭੂਚਾਲ ਵਿਚਕਾਰ ਵੀ ਸਿੱਧਾ ਸਬੰਧ ਦੇਖਿਆ ਜਾ ਰਿਹਾ ਹੈ। ਧਰਤੀ ਦੇ ਵਧਦੇ ਤਾਪਮਾਨ ਕਾਰਨ ਵਾਯੂਮੰਡਲੀ ਬਦਲਾਅ ਹੋ ਰਹੇ ਹਨ, ਜਿਸ ਨਾਲ ਭੂ-ਗਰਭੀ ਹਲਚਲਾਂ ਵੀ ਪ੍ਰਭਾਵਿਤ ਹੋ ਰਹੀਆਂ ਹਨ। ਉਦਯੋਗੀਕਰਨ ਅਤੇ ਅੰਨ੍ਹੇਵਾਹ ਕੁਦਰਤੀ ਵਸੀਲਿਆਂ ਦੀ ਵਰਤੋਂ ਨਾਲ ਕਾਰਬਨ ਨਿਕਾਸੀ ਵਧ ਰਹੀ ਹੈ, ਜਿਸ ਨਾਲ ਧਰਤੀ ਦਾ ਤਾਪਮਾਨ ਵਧ ਰਿਹਾ ਹੈ, ਅਤੇ ਜਲਵਾਯੂ ਅਸੰਤੁਲਨ ਪੈਦਾ ਹੋ ਰਿਹਾ ਹੈ।

ਨੇਪਾਲ ’ਚ 2015 ’ਚ ਆਏ ਤਬਾਹਕਾਰੀ ਭੂਚਾਲ ’ਚ ਨਿੱਕਲੀ ਊਰਜਾ ਦੀ ਤੁਲਨਾ 20 ਥਰਮੋਨਿਊਕਲੀਅਰ ਹਾਈਡ੍ਰੋਜਨ ਬੰਬਾਂ ਨਾਲ ਕੀਤੀ ਗਈ ਸੀ। ਇਸ ਤਰ੍ਹਾਂ, 2017 ’ਚ ਮੈਕਸੀਕੋ ’ਚ ਆਇਆ ਭੁੂਚਾਲ ਸਿਰਫ਼ 40 ਕਿਮੀ. ਦੀ ਡੂੰਘਾਈ ਤੋਂ ਉੱਠਿਆ ਸੀ ਅਤੇ ਉਸ ਨੇ ਭਾਰੀ ਤਬਾਹੀ ਮਚਾਈ ਸੀ। ਮਾਹਿਰਾਂ ਦਾ ਮੰਨਣਾ ਹੈ ਕਿ ਧਰਤੀ ਦੀ ਸਤ੍ਹਾ ਦੇ ਨੇੜੇ ਆਉਣ ਵਾਲੇ ਭੂਚਾਲ ਜ਼ਿਆਦਾ ਖ਼ਤਰਨਾਕ ਹੁੰਦੇ ਹਨ, ਕਿਉਂਕਿ ਇਨ੍ਹਾਂ ’ਚੋਂ ਨਿੱਕਲਣ ਵਾਲੀ ਊਰਜਾ ਦਾ ਅਸਰ ਵੱਡੇ ਖੇਤਰ ’ਚ ਮਹਿਸੂਸ ਕੀਤਾ ਜਾਂਦਾ ਹੈ।

Earthquake

ਭੂਚਾਲ ਵਰਗੀਆਂ ਕੁਦਰਤੀ ਆਫਤਾਂ ਤੋਂ ਬਚਾਅ ਲਈ ਜ਼ਰੂਰੀ ਹੈ ਕਿ ਸ਼ਹਿਰੀ ਵਿਕਾਸ ਦੀਆਂ ਯੋਜਨਾਵਾਂ ’ਚ ਭੂਚਾਲ ਰੋਕੂ ਤਕਨੀਕਾਂ ਨੂੰ ਪਹਿਲ ਦਿੱਤੀ ਜਾਵੇ। ਮਜ਼ਬੂਤ ਨਿਰਮਾਣ ਸਮੱਗਰੀ ਅਤੇ ਸਹੀ ਭੁੂਚਾਲ ਰੋਕੂ ਡਿਜ਼ਾਇਨਾਂ ਨੂੰ ਅਪਣਾ ਕੇ ਜਾਨ-ਮਾਲ ਦੇ ਨੁਕਸਾਨ ਨੂੰ ਘੱਟ ਕੀਤਾ ਜਾ ਸਕਦਾ ਹੈ। ਜਾਪਾਨ ਵਰਗੇ ਦੇਸ਼ਾਂ ’ਚ ਉੱਨਤ ਤਕਨੀਕਾਂ ਦੀ ਮੱਦਦ ਨਾਲ ਉੱਚੀਆਂ ਇਮਾਰਤਾਂ ਨੂੰ ਭੂਚਾਲ ਰੋਕੂ ਬਣਾਇਆ ਜਾਂਦਾ ਹੈ, ਜਿਸ ਨਾਲ ਉੱਥੇ ਨੁਕਸਾਨ ਮੁਕਾਬਲਤਨ ਘੱਟ ਹੁੰਦਾ ਹੈ। ਭਾਰਤ ਸਮੇਤ ਹੋਰ ਭੂਚਾਲ ਪ੍ਰਭਾਵਿਤ ਦੇਸ਼ਾਂ ਨੂੰ ਵੀ ਇਨ੍ਹਾਂ ਉਪਾਵਾਂ ਨੂੰ ਅਪਣਾਉਣ ਦੀ ਲੋੜ ਹੈ।

ਭੂਚਾਲ ਪ੍ਰਤੀ ਜਾਗਰੂਕਤਾ ਅਤੇ ਚੌਕਸੀ ਹੀ ਇਸ ਕੁਦਰਤੀ ਆਫਤ ਦੇ ਅਸਰ ਨੂੰ ਘੱਟ ਕਰ ਸਕਦੀ ਹੈ। ਸਰਕਾਰਾਂ ਅਤੇ ਵਿਗਿਆਨੀ ਭਾਈਚਾਰੇ ਨੂੰ ਮਿਲ ਕੇ ਅਜਿਹੀ ਤਕਨੀਕ ਵਿਕਸਿਤ ਕਰਨੀ ਹੋਵੇਗੀ, ਜਿਸ ਨਾਲ ਭੂਚਾਲ ਦੀ ਸਹੀ ਭਵਿੱਖਬਾਣੀ ਸੰਭਵ ਹੋ ਸਕੇ। ਜਦੋਂ ਤੱਕ ਇਹ ਸੰਭਵ ਨਹੀਂ ਹੁੰਦਾ ਉਦੋਂ ਤੱਕ ਸੁਰੱਖਿਆ ਨਿਰਮਾਣਾਂ ਅਤੇ ਜਨ-ਜਾਗਰੂਕਤਾ ਹੀ ਭੂਚਾਲ ਤੋਂ ਬਚਾਅ ਦਾ ਸਭ ਤੋਂ ਪ੍ਰਭਾਵਸ਼ਾਲੀ ਉਪਾਅ ਹੈ।

ਪ੍ਰਮੋਦ ਭਾਰਗਵ
(ਇਹ ਲੇਖਕ ਦੇ ਆਪਣੇ ਵਿਚਾਰ ਹਨ)