ਸਮਾਜਿਕ ਦੂਰੀ ਨੂੰ ਭਾਵਨਾਤਮਕ ਦੂਰੀ ਬਣਨ ਤੋਂ ਰੋਕਣਾ ਜ਼ਰੂਰੀ

ਸਮਾਜਿਕ ਦੂਰੀ ਨੂੰ ਭਾਵਨਾਤਮਕ ਦੂਰੀ ਬਣਨ ਤੋਂ ਰੋਕਣਾ ਜ਼ਰੂਰੀ

ਆਲਮੀ ਪੱਧਰ ‘ਤੇ ਕਹਿਰ ਵਰਸਾ ਰਿਹਾ ਕੋਰੋਨਾ ਵਾਇਰਸ ਸਿਰਫ ਇਨਸਾਨੀ ਜਿੰਦਗੀਆਂ ਨੂੰ ਹੀ ਨਹੀਂ ਨਿਗਲ ਰਿਹਾ,ਬਲਕਿ ਇਸ ਨੇ ਤਾਂ ਇਨਸਾਨੀ ਰਿਸ਼ਤਿਆਂ ਨੂੰ ਵੀ ਨਿਗਲਣਾ ਸ਼ੁਰੂ ਕਰ ਦਿੱਤਾ ਹੈ।ਕੋਰੋਨਾ ਵਾਇਰਸ ਦੇ ਕਾਲੇ ਪਰਛਾਵੇਂ ਨੇ ਇਨਸਾਨੀ ਰਿਸ਼ਤਿਆਂ ਨੂੰ ਸਿਆਹ ਕਰਨਾ ਸ਼ੁਰੂ ਕਰ ਦਿੱਤਾ ਹੈ।ਇਨਸਾਨੀ ਭਾਵਨਾਵਾਂ ਨੂੰ ਗ੍ਰਹਿਣ ਲੱਗ ਰਿਹਾ ਜਾਪਦਾ ਹੈ।ਇਨਸਾਨ ਜਿਵੇਂ ਪੱਥਰ ਬਣਦਾ ਜਾ ਰਿਹਾ ਹੈ।

ਸਮਾਜਿਕ ਦੂਰੀਆਂ ਪਾਉਂਦਾ ਪਾਉਂਦਾ ਇਨਸਾਨ ਮਾਨਸਿਕ ਦੂਰੀਆਂ ਵਿੱਚ ਵੀ ਇਜ਼ਾਫਾ ਕਰਦਾ ਦਿਸ ਰਿਹਾ ਹੈ।  ਕੋਰੋਨਾ ਕਹਿਰ ਤੋਂ ਖੌਫਜ਼ੁਦਾ ਹੋਏ ਇਨਸਾਨਾਂ ਦਾ ਖੂਨ ਹੀ ਸਫੈਦ ਹੋਣ ਲੱਗਿਆ ਹੈ।ਇਨਸਾਨ ਕੋਰੋਨਾ ਕਹਿਰ ਤੋਂ ਇੰਨਾਂ ਜਿਆਦਾ ਸਹਿਮ ਗਿਆ  ਲੱਗਦਾ ਹੈ ਕਿ ਉਸ ਨੇ ਆਪਣਿਆਂ ਦਾ ਮੋਹ ਹੀ ਤਿਆਗ ਦਿੱਤਾ ਹੈ।

ਬੀਤੇ ਦਿਨੀਂ ਫਿਰ ਬਹੁਤ ਹੀ ਦੁਖਦ ਖਬਰ ਸਾਹਮਣੇ ਆਈ ਹੈ ਕਿ ਪਰਿਵਾਰ ਵਾਲਿਆਂ ਨੇ ਕੋਰੋਨਾ ਵਾਇਰਸ ਨਾਲ ਮੌਤ ਦੇ ਮੂੰਹ ਗਈ ਔਰਤ ਦੀ ਲਾਸ਼ ਲੈਣ ਤੋਂ ਇਨਕਾਰ ਕਰਦਿਆਂ Àਸਦੇ ਦੇ ਨੇੜੇ ਆਉਣ ਤੋਂ ਵੀ ਇਨਕਾਰ ਕਰ ਦਿੱਤਾ।ਕੋਰੋਨਾ ਵਾਇਰਸ ਨਾਲ ਮੌਤ ਦੇ ਮੂੰਹ ਗਏ ਇਨਸਾਨ ਦਾ ਮੂੰਹ ਵੇਖਣ ਦੀ ਇਜ਼ਾਜਤ ਤਾਂ ਪ੍ਰਸ਼ਾਸਨ ਹੀ ਨਹੀਂ ਦਿੰਦਾ ਪਰ ਪਰਿਵਾਰ ਵਾਲੇ ਤਾਂ ਨਜ਼ਦੀਕ ਆਉਣ ਤੋਂ ਵੀ ਇਨਕਾਰ ਕਰਨ ਲੱਗੇ ਹਨ।

ਮੀਡੀਆ ਰਿਪੋਰਟਾਂ ਅਨੁਸਾਰ ਪ੍ਰਸ਼ਾਸਨ ਨੇ ਖੁਦ ਸੰਸਕਾਰ ਕਰਨ ਦਾ ਫੈਸਲਾ ਕੀਤਾ।ਕਿਹਾ ਜਾ ਰਿਹਾ ਹੈ ਕਿ ਇਸ ਦੌਰਾਨ ਪਰਿਵਾਰ ਵਾਲੇ ਕਾਫੀ ਦੂਰ ਖੜੇ ਵੇਖਦੇ ਰਹੇ।ਪਰਿਵਾਰ ਇਨਾਂ ਜਿਆਦਾ ਖੌਫ ਵਿੱਚ ਦੱਸਿਆ ਗਿਆ ਹੈ ਕਿ ਉਹ ਮ੍ਰਿਤਕ ਦੀ ਦੇਹ ਨੂੰ ਅਗਨੀ ਵਿਖਾਉਣ ਵੀ ਨੇੜੇ ਨਹੀਂ ਆਏ ਜਦਕਿ ਸਿਹਤ ਵਿਭਾਗ ਵੱਲੋਂ ਪੂਰੀ ਕਿੱਟ ਪਹਿਨਾ ਕੇ ਸੁਰੱਖਿਅਤ ਤਰੀਕੇ ਨਾਲ ਮ੍ਰਿਤਕ ਦੇਹ ਕੋਲ ਭੇਜਣ ਦੀ ਗੱਲ ਕਹੀ ਗਈ ਦੱਸੀ ਜਾ ਰਹੀ ਹੈ।

ਸਿਹਤ ਵਿਭਾਗ ਵੱਲੋਂ ਸੁਰੱਖਿਅਤ ਕਿੱਟ ਪਹਿਨਾਉਣ ਦੇ ਨਾਲ ਨਾਲ ਦਸ ਪੰਦਰਾਂ ਫੁੱਟ ਲੰਬਾਈ ਦੀ ਛੋਟੀ ਨਾਲ ਦੂਰੋਂ ਅਗਨੀ ਵਿਖਾਉਣ ਦਾ ਸੁਝਾਅ ਵੀ ਪਰਿਵਾਰ ਵਾਲਿਆਂ ਵੱਲੋਂ ਦਰਕਿਨਾਰ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ।ਰਿਪੋਰਟਾਂ ਅਨੁਸਾਰ ਇਸ ਮ੍ਰਿਤਕ ਔਰਤ ਦੀਆਂ ਅੰਤਿਮ ਰਸਮਾਂ ਵੀ ਪ੍ਰਸ਼ਾਸਨ ਵੱਲੋਂ ਹੀ ਪੂਰੀਆਂ ਕੀਤੀਆਂ ਜਾਣੀਆਂ ਹਨ।

ਇਸ ਤੋਂ ਪਹਿਲਾਂ ਵੀ ਇੱਕ ਕੋਰੋਨਾ ਮ੍ਰਿਤਕ ਨੂੰ ਅੰਤਿਮ ਸਮੇਂ ਚਾਰ ਕਾਨੀ ਵੀ ਨਾਂ ਨਸੀਬ ਹੋਣ ਦੀ ਗੱਲ ਸਾਹਮਣੇ ਆਈ ਸੀ।ਜਦੋਂ ਸਿਹਤ ਵਿਭਾਗ ਦੀ ਟੀਮ ਇਸ ਮ੍ਰਿਤਕ ਦੀ ਦੇਹ ਲੈ ਕੇ ਸ਼ਮਸ਼ਾਨਘਾਟ ਪੁੱਜੀ ਤਾਂ ਨਾਲ ਆਏ ਉਸਦੇ ਪੁੱਤਰ ਨੂੰ ਪਿਤਾ ਦੀ ਮ੍ਰਿਤਕ ਦੇਹ ਅਗਨੀ ਸਥਾਨ ਤੱਕ ਲਿਜਾਣ ਲਈ ਬਹੁਤ ਤਰੱਦਦ ਕਰਨਾ ਪਿਆ।ਦੱਸਿਆ ਜਾ ਰਿਹਾ ਹੈ ਕਿ ਨਾਲ ਆਏ ਅਧਿਕਾਰੀਆਂ ਨੇ ਵੀ ਆਪਣੇ ਸ਼ੀਸ਼ੇ ਬੰਦ ਕਰ ਲਏ ਅਤੇ ਪੁੱਤਰ ਨੇ ਮਸਾਂ ਮਿੰਨਤਾਂ ਨਾਲ ਸ਼ਮਸ਼ਾਨਘਾਟ ਦੇ ਹੀ ਦੋ ਬੰਦਿਆਂ ਨੂੰ ਸਹਾਰਾ ਦੇਣ ਲਈ ਮਨਾਇਆ ਪਰ ਫਿਰ ਵੀ ਇੱਕ ਬੰਦਾ ਘਟਦਾ ਸੀ।

ਦੱਸਿਆ ਜਾ ਰਿਹਾ ਹੈ ਕਿ ਲੋਕ ਇਹ ਸਾਰਾ ਆਲਮ ਦੂਰ ਖੜੇ ਤੱਕਦੇ ਰਹੇ।ਪਰ ਕਿਸੇ ਨੇ ਇਸ ਬਿਪਤਾ ਸਮੇਂ ਸਹਾਰਾ ਬਣਨ ਦੀ ਹਿੰਮਤ ਨਹੀਂ ਵਿਖਾਈ।ਹੋਇਆ ਇਹ ਕਿ ਲਾਚਾਰ ਪੁੱਤਰ ਨੂੰ ਆਪਣੇ ਪਿਤਾ ਦੀ ਅਰਥੀ ਖੁਦ ਪਿੱਛੇ ਲੱਗ ਕੇ ਅਤੇ ਦੋ ਬੰਦਿਆਂ ਨੂੰ ਅੱਗੇ ਲਗਾ ਕੇ ਤਿੰਨ ਜਣਿਆ ਦੇ ਸਹਾਰੇ ਹੀ ਅਗਨੀ ਸਥਾਨ ‘ਤੇ ਲਿਜਾਣੀ ਪਈ

ਮੀਡੀਆ ਰਿਪੋਰਟਾਂ ਅਨੁਸਾਰ ਇੱਕ ਨੌਜਵਾਨ ਦੀ ਮ੍ਰਿਤਕ ਦੇਹ ਵੀ ਆਪਣਿਆਂ ਨੂੰ ਉਡੀਕਦੀ ਰਹੀ।ਪਰ ਅਫਸੋਸ ਇਸ ਨੌਜਵਾਨ ਦੇ ਅੰਤਿਮ ਸੰਸਕਾਰ ਲਈ ਵੀ ਕਈ ਸ਼ਮਸ਼ਾਨਘਾਟਾਂ ਦੇ ਬੂਹੇ ਬੰਦ ਹੋਣ ਦੀਆਂ ਖਬਰਾਂ ਮੀਡੀਆ ‘ਚ ਨਸ਼ਰ ਹੋਈਆਂ ਸਨ।ਇੱਥੇ ਸਭ ਤੋਂ ਮੰਦਭਾਗਾ ਇਹ ਰਿਹਾ ਕਿ ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਰਿਪੋਰਟ ਅਨੁਸਾਰ ਇਸ ਨੌਜਵਾਨ ਦੀ ਮੌਤ ਕੋਰੋਨਾ ਨਾਲ ਹੋਈ ਹੀ ਨਹੀਂ ਸੀ।ਪਰ ਇਹ ਕੋਰੋਨਾ ਦਹਿਸ਼ਤ ਸੀ ਕਿ ਲੋਕਾਂ ਨੇ ਪਾਸਾ ਵੱਟ ਲਿਆ।

ਪਿੰਡਾਂ ਦੇ ਲੋਕਾਂ ਵੱਲੋਂ ਆਪੋ ਆਪਣੇ ਪਿੰਡਾਂ ਦੀ ਨਾਕਾਬੰਦੀ ਕਰਕੇ ਪਿੰਡਾਂ ਨੂੰ ਸੁਰੱਖਿਅਤ ਕਰਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ।ਇਸ ਉਪਰਾਲੇ ਦੀ ਜਿੰਨੀ ਵੀ ਪ੍ਰਸੰਸਾ ਕੀਤੀ ਜਾਵੇ ਥੋੜੀ ਹੈ।ਇਸ ਉਪਰਾਲੇ ਨਾਲ ਪ੍ਰਸ਼ਾਸਨ ਨੂੰ ਕਰਫਿਊ ਅਤੇ ਲਾਕਡਾਊਨ ਲਾਗੂ ਕਰਨ ‘ਚ ਬਹੁਤ ਮੱਦਦ ਮਿਲਦੀ ਹੈ।

ਪਰ ਮੀਡੀਆ ਰਿਪੋਰਟਾਂ ਅਨੁਸਾਰ ਸੰਜ਼ੀਦਗੀ ਦੀ ਕਮੀ ਦੇ ਚੱਲਦਿਆਂ ਇਹ ਨਾਕੇ ਵੀ ਪ੍ਰੇਸ਼ਾਨੀ ਅਤੇ ਵਿਵਾਦ ਦਾ ਸਬੱਬ ਬਣਨ ਲੱਗੇ ਹਨ।ਨਾਕੇ ‘ਤੇ ਖੜੇ ਲੋਕਾਂ ਵੱਲੋਂ ਹਰ ਗੁਜ਼ਰਨ ਵਾਲੇ ਦੀ ਤਕੜੀ ਪੁੱਛਗਿੱਛ ਕੀਤੇ ਜਾਣ ਦੀਆਂ ਖਬਰਾਂ ਹਨ।ਆਪਣੇ ਪਿੰਡ ਜਾਂ ਮੁਹੱਲੇ ਆਦਿ ਨੂੰ ਸੁਰੱਖਿਅਤ ਕਰਨਾ ਬਹੁਤ ਹੀ ਵਧੀਆ ਗੱਲ ਹੈ ਹਾਂ ਪਰ ਕਿਸੇ ਜਰੂਰਤਮੰੰਦ ਨੂੰ ਗੁਜ਼ਰਨ ਸਮੇਂ ਹੈਰਾਨ ਕਰਨਾ ਤਾਂ ਭਾਈਚਾਰਕ ਸਾਂਝਾਂ ਦੀਆਂ ਜੜਾਂ ‘ਚ ਤੇਲ ਦੇਣ ਵਾਲੀ ਗੱਲ ਹੈ।ਪੰਜਾਬੀ ਤਾਂ ਲੋੜਵੰਦਾਂ ਦੀ ਮੱਦਦ ਕਰਨ ‘ਚ ਵਿਸ਼ਵ ਪੱਧਰ ‘ਤੇ ਮਸ਼ਹੂਰ ਹਨ ਫਿਰ ਇਸ ਤਰਾਂ ਆਪਣਿਆਂ ਨੂੰ ਹੀ ਖੁਆਰ ਕਰਨ ਦੇ ਕੀ ਅਰਥ ਸਮਝੇ ਜਾਣ?

ਵੈਸੇ ਵੀ ਪਿੰਡ ਦੀਆਂ ਸੜਕਾਂ ਤੋਂ ਗੁਜ਼ਰਨ ਨਾਲ, ਤਾਂ ਕੋਰੋਨਾ ਦਾ ਕੋਈ ਖਤਰਾ ਨਹੀਂ ਬਣਦਾ।ਇਹ ਨਾਕੇ ਇਸ ਤਰਾਂ ਲਗਾਏ ਜਾਣ ਕਿ ਪਿੰਡ ਦੇ ਅੰਦਰ ਵੜਨ ‘ਤੇ ਪੁੱਛਗਿੱਛ ਕੀਤੀ ਜਾ ਸਕੇ ਪਰ ਬਾਹਰੀ ਸੜਕ ਤੋਂ ਕੋਈ ਵੀ ਆਸਾਨੀ ਨਾਲ ਗੁਜ਼ਰ ਸਕੇ। ਪੰਜਾਬੀਆਂ ਦੀ ਮਹਿਮਾਨ ਨਿਵਾਜ਼ੀ ਅਤੇ ਭਾਈਚਾਰਕ ਸਾਂਝਾਂ ਨਿਭਾਉਣ ਤੋਂ ਲੈ ਕੇ ਦੂਜਿਆਂ ਦੀ ਮੱਦਦ ਕਰਨ ਦੇ ਸੁਭਾਅ ਦਾ ਤਾਂ ਪੂਰੀ ਦੁਨੀਆਂ ਲੋਹਾ ਮੰਨਦੀ ਹੈ।ਇਹ ਪੰਜਾਬੀ ਹੀ ਹਨ ਜੋ ਕਿ ਭਾਈਚਾਰਕ ਸਾਂਝਾਂ ਲਈ ਜਾਨਾਂ ਨਿਸ਼ਾਵਰ ਕਰ ਦਿੰਦੇ ਹਨ।

ਇਹ ਪੰਜਾਬੀ ਭਾਈਚਾਰਾ ਹੀ ਹੈ ਜੋ ਕੋਰੋਨਾ ਆਫਤ ਦੌਰਾਨ ਵਿਸ਼ਵ ਪੱਧਰ ‘ਤੇ ਲੋੜਵੰਦਾਂ ਦਾ ਪੇਟ ਭਰ ਰਿਹਾ ਹੈ।ਪੰਜਾਬ ‘ਚ ਵੀ ਸਮਾਜ ਸੇਵੀ ਲੋਕਾਂ ਵੱਲੋਂ ਜਾਨ ਤਲੀ ‘ਤੇ ਧਰ ਕੇ ਹਰ ਲੋੜਵੰਦ ਤੱਕ ਖਾਣਾ ਅਤੇ ਹੋਰ ਜਰੂਰਤ ਦੀਆਂ ਵਸਤਾਂ ਪਹੁੰਚਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ।

ਜਿਉਂਦਿਆਂ ਦੀ ਹਰ ਸੰਭਵ ਮੱਦਦ ਕਰਨਾ ਵਾਲਾ ਪੰਜਾਬੀ ਭਾਈਚਾਰਾ ਕੋਰੋਨਾ ਦੇ ਮਰੀਜਾਂ ਅਤੇ ਮ੍ਰਿਤਕਾਂ ਤੋਂ ਇਸ ਤਰਾਂ ਮੂੰਹ ਕਿਉਂ ਮੋੜਨ ਲੱਗ ਪਿਆ ਹੈ?

ਕੋਰੋਨਾ ਦਾ ਮਰੀਜ ਹੋਣਾ ਜਾਂ ਕੋਰੋਨਾ ਬਦੌਲਤ ਮੌਤ ਦੇ ਮੂੰਹ ਜਾਣਾ ਕਿਸੇ ਦਾ ਕੋਈ ਦੋਸ਼ ਨਹੀਂ।ਹਾਂ ਕੋਰੋਨਾ ਦੇ ਮਰੀਜ ਅਤੇ ਕੋਰੋਨਾ ਮ੍ਰਿਤਕ ਤੋਂ ਬਚਾਅ ਰੱਖਣਾ ਸਾਡਾ ਸਭ ਦਾ ਫਰਜ਼ ਹੈ।ਪਰ ਕੋਰੋਨਾ ਬਦੌਲਤ ਮੌਤ ਦੇ ਮੂੰਹ ਗਏ ਇਨਸਾਨਾਂ ਤੋਂ ਇਸ ਤਰਾਂ ਪਾਸਾ ਵੱਟ ਕੇ ਖੂਨ ਸਫੈਦ ਕਰਨਾ ਕਲੰਕ ਤੋਂ ਘੱਟ ਨਹੀਂ ਹੈ।ਕੁਦਰਤ ਦਾ ਅਸੂਲ ਹੈ ਜੋ ਉਪਜਿਆ ਹੈ ਉਸਦਾ ਵਿਨਾਸ ਵੀ ਲਾਜ਼ਮੀ ਹੈ।ਇਸ ਕੋਰੋਨਾ ਕਹਿਰ ਦੇ ਬੱਦਲ ਵੀ ਛਟ ਜਾਣੇ ਹਨ।

ਡਾਕਟਰੀ ਵਿਗਿਆਨ ਨੇ ਇਸ ‘ਤੇ ਕਾਬੂ ਪਾ ਲੈਣਾ ਹੈ।ਇਹ ਕੋਈ ਪਹਿਲੀ ਮਹਾਂਮਾਰੀ ਨਹੀਂ ਹੈ।ਇਸ ਤੋਂ ਪਹਿਲਾਂ ਵੀ ਬਹੁਤ ਮਹਾਂਮਾਰੀਆਂ ਆਈਆਂ ਹਨ ਅਤੇ ਗਈਆਂ ਹਨ।ਇਸ ਤਰਾਂ ਦੀਆਂ ਮਹਾਂਮਾਰੀਆਂ ਤੋਂ ਆਪਣੇ ਆਪ ਨੂੰ ਅਤੇ ਦੂਜਿਆਂ ਨੂੰ ਸੁਰੱਖਿਅਤ ਕਰਨਾ ਸਾਡਾ ਸਭ ਦਾ ਫਰਜ਼ ਬਣਦਾ ਹੈ।ਪਰ ਇਸ ਦੇ ਨਾਲ ਹੀ ਸਾਡਾ ਸਭ ਦਾ ਫਰਜ਼ ਇਹ ਵੀ ਬਣਦਾ ਹੈ ਕਿ ਇਸ ਦੌਰਾਨ ਆਪਣੀਆਂ ਭਾਈਚਾਰਕ ਸਾਂਝਾਂ ਅਤੇ ਰਿਸ਼ਤਿਆਂ ਦੀ ਮਿਠਾਸ ਨੂੰ ਵੀ ਸਿਆਹ ਹੋਣ ਤੋਂ ਸੁਰੱਖਿਅਤ ਰੱਖਿਆ ਜਾਵੇ।
ਖੁੱਡੀ ਕਲਾਂ
ਮੋ: 98786-05965
ਬਿੰਦਰ ਸਿੰਘ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here