ਵਿਸ਼ਵ ਯੋਗਾ ਦਿਵਸ ’ਤੇ ਵਿਸ਼ੇਸ਼
ਯੋਗ ਇੱਕ ਅਜਿਹੀ ਪੱਧਤੀ ਹੈ, ਜੋ ਸਾਡੇ ਭਾਰਤ ਦੇਸ਼ ਦੇ ਲੋਕਾਂ ਨੂੰ ਆਪਣੀ ਅਮੀਰ ਸੰਸਕਿ੍ਰਤੀ ਵਿੱਚੋਂ ਮਿਲੀ ਹੈ ਕਿਉਂਕਿ ਇਸਨੂੰ ਕਰਨ ਲਈ ਕਿਸੇ ਪੈਸੇ ਦੀ ਨਹੀਂ ਬਲਕਿ ਢੁੱਕਵੇਂ ਸਮੇਂ ਅਤੇ ਖੁਸ਼ਗਵਾਰ ਮਾਹੌਲ ਦੀ ਜਰੂਰਤ ਹੁੰਦੀ ਹੈ। ਯੋਗ ਮਨੁੱਖਤਾ ਲਈ ਇੱਕ ਬਹੁਤ ਵੱਡਾ ਵਰਦਾਨ, ਕਲਾ, ਵਿਗਿਆਨ, ਪਰੰਪਰਾ ਅਤੇ ਦਾਰਸ਼ਨਿਕ ਸਿਧਾਂਤ ਸਾਬਿਤ ਹੋਇਆ ਹੈ ।
ਯੋਗ ਸੰਸਕਿ੍ਰਤ ਭਾਸ਼ਾ ਦਾ ਸਬਦ ਹੈ ਜੋ ਕਿ ਜੁਜ ਧਾਤੂ ਤੋਂ ਬਣਿਆ ਹੈ। ਇਹ ਸ਼ਬਦ ਪ੍ਰਾਣੀ ਦੀ ਇੱਕ ਅਜਿਹੀ ਵਿਧੀ ਨਾਲ ਸਬੰਧ ਰੱਖਦਾ ਹੈ, ਜਿਸ ਨਾਲ ਉਸ ਦੁਆਰਾ ਹਰ ਕੰਮ ਨੂੰ ਨਿੱਡਰ ਹੋ ਕੇ ਕਰਨ ਲਈ ਸਰੀਰਕ ਅਤੇ ਮਾਨਸਿਕ ਸ਼ਕਤੀ ਮਿਲਦੀ ਹੈ। ਇਸ ਨਾਲ ਵਿਅਕਤੀ ਸੁਖ-ਦੁੱਖ, ਖੁਸ਼ੀ-ਗਮੀ ਅਤੇ ਸਫਲਤਾ-ਅਸਫਲਤਾ ਵਿੱਚ ਵੀ ਸ਼ਾਂਤੀ ਅਨੁਭਵ ਕਰਦਾ ਹੈ । ਗੁਰੂਆਂ-ਪੀਰਾਂ ਨੇ ਮਨੁੱਖ ਦੇ ਦੁਖੀ ਜੀਵਨ ਨੂੰ ਅਨੁਭਵ ਕਰਕੇ ਇਸਦੇ ਕਾਰਨਾਂ ਨੂੰ ਲੱਭਣ ਦਾ ਯਤਨ ਕੀਤਾ। ਫਿਰ ਉਨ੍ਹਾਂ ਨੇ ਨਿਚੋੜ ਕੱਢਿਆ ਕਿ ਦੁੱਖ ਤੇ ਕਸਟ ਵਿਅਕਤੀ ਦੇ ਆਪਣੇ ਅਸਲੀ ਕੰਮ ਨੂੰ ਭੁੱਲ ਜਾਣ ਕਾਰਨ ਪੈਦਾ ਹੁੰਦੇ ਹਨ। ਇਸ ਲਈ ਉਨ੍ਹਾਂ ਨੇ ਮਨੁੱਖ ਨੂੰ ਸੁਖੀ ਤੇ ਸ਼ਾਂਤੀ ਭਰਿਆ ਜੀਵਨ ਬਤੀਤ ਕਰਨ ਲਈ ਇਸ ਯੋਗ ਵਿਧੀ ਦੇ ਸਹਾਰੇ ਆਪਣੇ ਮਨ, ਸਰੀਰ ਤੇ ਬੁੱਧੀ ਨੂੰ ਠੀਕ ਟਿਕਾਣੇ ਰੱਖ ਕੇ ਸਫਲ ਜਿੰਦਗੀ ਜਿਊਣ ਦੀ ਸਲਾਹ ਦਿੱਤੀ ।
ਯੋਗ ਨਾਲ ਇਨਸਾਨ ਦੀਆਂ ਸਰੀਰਕ, ਮਾਨਸਿਕ, ਇਖਲਾਕੀ ਅਤੇ ਅਧਿਆਤਮਕ ਲੋੜਾਂ ਦੀ ਪੂਰਤੀ ਹੁੰਦੀ ਹੈ। ਯੋਗ ਵਿਧੀ ਹਰੇਕ ਸ਼ਖਸ ਦੀਆਂ ਸਮੱਸਿਆਵਾਂ ਅਤੇ ਮੁਸ਼ਕਲਾਂ ਨੂੰ ਹੱਲ ਕਰਨ ਦਾ ਦਮ ਰੱਖਦੀ ਹੈ। ਇਸ ਵਿਧੀ ਦੇ ਅਧਾਰ ’ਤੇ ਵਿਅਕਤੀ ਆਪਣੇ ਮਨ, ਸਰੀਰ ਤੇ ਬੁੱਧੀ ਨੂੰ ਏਨਾ ਸ਼ਕਤੀਸ਼ਾਲੀ ਅਤੇ ਫੁਰਤੀਲਾ ਬਣਾ ਲੈਂਦਾ ਹੈ ਕਿ ਉਹ ਸਰੀਰਕ ਤੇ ਮਾਨਸਿਕ ਬਿਮਾਰੀ ਨੂੰ ਕਾਬੂ ਵਿੱਚ ਰੱਖਣ ਦੇ ਨਾਲ-ਨਾਲ ਦੁਨਿਆਵੀ ਔਕੜਾਂ ਨਾਲ ਵੀ ਨਜਿੱਠਣ ਲਈ ਜ਼ਿਆਦਾ ਦੇਰੀ ਨਹੀਂ ਲਾਉਂਦਾ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਆਲਸ, ਅਣਗਹਿਲੀ ਅਤੇ ਬੇਧਿਆਨੀ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਣ ਲਈ ਹਰੇਕ ਮਨੁੱਖ ਨੂੰ ਯੋਗ ਨਾਲ ਜੁੜਨਾ ਚਾਹੀਦਾ ਹੈ।
ਕੌਮਾਂਤਰੀ ਯੋਗ ਦਿਵਸ ਨੂੰ ਮਨਾਏ ਜਾਣ ਦੀ ਪਹਿਲ ਸਾਡੇ ਦੇਸ਼ ਦੇ ਮੌਜੂਦਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ 27 ਸਤੰਬਰ 2014 ਨੂੰ ‘ਸੰਯੁਕਤ ਰਾਸ਼ਟਰ ਮਹਾਂਸਭਾ’ ਵਿੱਚ ਆਪਣੇ ਭਾਸ਼ਣ ਦੌਰਾਨ ਕੀਤੀ ਗਈ। ਇਸੇ ਸਾਲ ਦੇ ਦਸੰਬਰ ਮਹੀਨੇ ਦੀ 11 ਤਰੀਕ ਨੂੰ ਸੰਯੁਕਤ ਰਾਸ਼ਟਰ ਵਿੱਚ 193 ਮੈਂਬਰ ਦੇਸ਼ਾਂ ਵੱਲੋਂ 21 ਜੂਨ ਨੂੰ ਵਿਸ਼ਵ ਯੋਗ ਦਿਵਸ ਮਨਾਉਣ ਲਈ ਮਨਜ਼ੂਰੀ ਮਿਲੀ । ਫਿਰ ਇਸ ਪ੍ਰਸਤਾਵ ਦਾ 177 ਦੇਸ਼ਾਂ ਨੇ ਸਮੱਰਥਨ ਵੀ ਕੀਤਾ । ਜਿਸ ਸਦਕਾ ਅੱਜ ਯੋਗਾ ਸਮੁੱਚੇ ਸੰਸਾਰ ਨੂੰ ਹਰ ਪੱਖੋਂ ਤੰਦਰੁਸਤੀ ਦੇਣ ਵਾਲੀ ਪ੍ਰਕਿਰਿਆ ਬਣ ਗਿਆ ਹੈ।
ਹੁਣ ਸਵਾਲ ਇਹ ਉੱਠਦਾ ਹੈ ਕਿ 21 ਜੂਨ ਨੂੰ ਹੀ ਕਿਉਂ ਮਨਾਇਆ ਜਾਂਦਾ ਹੈ ਯੋਗ ਦਿਵਸ? ਕਿਸੇ ਹੋਰ ਦਿਨ ਕਿਉਂ ਨਹੀਂ? ਇਸ ਦੇ ਪਿੱਛੇ ਇੱਕ ਕਾਰਨ ਇਹ ਵੀ ਹੈ ਕਿ ਇਸ ਦਿਨ ਗਰਮੀ ਰੁੱਤ ਦੀ ਸਕਰਾਂਤੀ ਹੁੰਦੀ ਹੈ। ਇਸ ਦਿਨ ਸੂਰਜ ਧਰਤੀ ਦੇ ਨਜ਼ਰੀਏ ਨਾਲ ਉੱਤਰ ਤੋਂ ਦੱਖਣ ਵੱਲ ਚੱਲਣਾ ਸ਼ੁਰੂ ਕਰਦਾ ਹੈ। ਭਾਵ, ਸੂਰਜ ਜੋ ਹੁਣ ਤੱਕ ਉੱਤਰੀ ਅਰਧ ਗੋਲੇ ਦੇ ਸਾਹਮਣੇ ਸੀ, ਉਹ ਦੱਖਣੀ ਅਰਧ ਗੋਲੇ ਵੱਲ ਵਧਣਾ ਸ਼ੁਰੂ ਹੋ ਜਾਂਦਾ ਹੈ। ਯੋਗ ਦੇ ਨਜਰੀਏ ਨਾਲ ਇਹ ਸਮਾਂ ‘ਸੰਕਰਮਣ ਕਾਲ’ ਹੁੰਦਾ ਹੈ। ਨਾਲ ਹੀ ਸਾਲਾਨਾ ਕੈਲੰਡਰ ਅਨੁਸਾਰ 21 ਜੂਨ ਪੂਰੇ ਸਾਲ ਦਾ ਸਭ ਤੋਂ ਲੰਮਾ ਦਿਨ ਹੁੰਦਾ ਹੈ। ਇਸ ਦਿਨ ਕੁਦਰਤ, ਸੂਰਜ ਤੇ ਉਸਦਾ ਤੇਜ ਸਭ ਤੋਂ ਜ਼ਿਆਦਾ ਪ੍ਰਭਾਵੀ ਹੁੰਦਾ ਹੈ ।
ਅਜੋਕੇ ਸਮੇਂ ਵਿੱਚ ਲੋਕ ਵਧੇਰੇ ਤਣਾਅ, ਚਿੰਤਾ ਅਤੇ ਘਬਰਾਹਟ ਦਾ ਸ਼ਿਕਾਰ ਹੋ ਰਹੇ ਹਨ ਜੋ ਮੁੱਖ ਤੌਰ ’ਤੇ ਯੋਗ ਕਸਰਤਾਂ ਦੀ ਘਾਟ ਕਾਰਨ ਹੁੰਦਾ ਹੈ। ਇਸ ਲਈ ਸਾਨੂੰ ਚੰਗੀ ਸਿਹਤ ਅਤੇ ਸਦਭਾਵਨਾ ਦੀ ਪ੍ਰਾਪਤੀ ਲਈ ਯੋਗ ਦੀਆਂ ਤਕਨੀਕਾਂ ਦੀ ਸਖ਼ਤ ਜਰੂਰਤ ਹੈ। ਇਸ ਦਾ ਟੀਚਾ ਹੀ ਮਨ ਦੀਆਂ ਤਬਦੀਲੀਆਂ ਤੇ ਨਿਯੰਤਰਣ ਪਾ ਕੇ ਆਪਣੇ ਅੰਦਰੂਨੀ ਸਵੈ ਦਾ ਸਿੱਧਾ ਤਜਰਬਾ ਪ੍ਰਾਪਤ ਕਰਨਾ ਹੁੰਦਾ ਹੈ। ਯੋਗਾ ਸਾਡੀ ਜਿੰਦਗੀ ਦੀ ਜਾਗਦੀ ਹੋਈ ਉਹ ਕਿਰਨ ਹੈ, ਜੋ ਵਿਸ਼ਵਵਿਆਪੀ ਗਿਆਨ ਹੈ।
ਵਰਤਮਾਨ ਸਮੇਂ ਦੌਰਾਨ ਦੁਨੀਆਂ ਭਰ ’ਚ ਫੈਲ ਰਹੀ ਕੋਰੋਨਾ ਵਾਇਰਸ ਦੀ ਮਹਾਂਮਾਰੀ ਨੇ ਮਨੁੱਖੀ ਜੀਵਨ ਵਿੱਚ ਵੱਡਾ ਫੇਰਬਦਲ ਕੀਤਾ ਹੈ। ਇਸ ਸਮੇਂ ਦੌਰਾਨ ਆਪਣੇ ਘਰਾਂ ਤੱਕ ਸੀਮਤ ਰਹਿਣਾ ਅਤੇ ਸੋਸ਼ਲ ਮੀਡੀਆ ’ਤੇ ਫੈਲ ਰਹੀਆਂ ਨਕਾਰਾਤਮਕ ਖਬਰਾਂ ਦਾ ਅਸਰ ਮਾਨਸਿਕ ਤੌਰ ’ਤੇ ਚੁਣੌਤੀ ਭਰਿਆ ਹੋ ਸਕਦਾ ਹੈ। ਆਪਣੀ ਅਤੇ ਸਮੁੱਚੇ ਪਰਿਵਾਰ ਦੀ ਚੰਗੀ ਸਿਹਤਯਾਬੀ ਲਈ ਵਿਹਲੇ ਸਮੇਂ ਵਿੱਚ ਯੁੱਗਾਂ-ਯੁੱਗਾਂ ਤੋਂ ਲਾਭਕਾਰੀ ਮੰਨੇ ਜਾਂਦੇ ਯੋਗਾ ਨੂੰ ਸਾਰਿਆਂ ਦੀ ਜੀਵਨਸ਼ੈਲੀ ਦਾ ਅਟੁੱਟ ਅੰਗ ਬਣਾਉਣ ਦੀ ਬੇਹੱਦ ਸਖ਼ਤ ਲੋੜ ਹੈ।
ਨਵੀਂ ਪੀੜ੍ਹੀ ਨੂੰ ਯੋਗਾ ਪ੍ਰਤੀ ਜਾਗਰੂਕ ਕਰਨ ਲਈ ਇਸ ਨੂੰ ਸਿੱਖਿਆ ਦੇ ਖੇਤਰ ਵਿੱਚ ਪ੍ਰਾਇਮਰੀ ਸਕੂਲਾਂ ਤੋਂ ਲੈ ਕੇ ਕਾਲਜਾਂ ਤੱਕ ਲਾਜ਼ਮੀ ਵਿਸ਼ੇ ਵਜੋਂ ਪੜ੍ਹਾਇਆ ਜਾਣਾ ਚਾਹੀਦਾ ਹੈ ਕਿਉਂਕਿ ਯੋਗਾ ਇੱਕ ਅਜਿਹਾ ਯੋਜਨਾਬੱਧ ਰਸਤਾ ਹੈ ਜੋ ਗਿਆਨ ਅਤੇ ਸਵੈ-ਬੋਧ ਲਈ ਅਗਵਾਈ ਕਰੇਗਾ ।
ਪ੍ਰੋ. ਗੁਰਸੇਵਕ ਸਿੰਘ, ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ
ਮੋ. 94642-25126
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।