ਬਿੰਦਰ ਸਿੰਘ ਖੁੱਡੀ ਕਲਾਂ
ਸੂਬੇ ਦੇ ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਵੱਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਜਿੱਥੇ ਸਮੇਂ ਦੇ ਹਾਣ ਦੀ ਸਿੱਖਿਆ ਮੁਹੱਈਆ ਕਰਵਾਉਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ, ਉੱਥੇ ਹੀ ਸਿੱਖਿਆ ਦੇ ਅਸਲੀ ਮੰਤਵ ਦੀ ਪੂਰਤੀ ਹਿੱਤ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਭਰਪੂਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਸ਼ਖਸੀਅਤ ਦੇ ਸਰਵਪੱਖੀ ਵਿਕਾਸ ਦਾ ਟੀਚਾ ਕੇਵਲ ਪਾਠਕ੍ਰਮ ਦੀਆਂ ਪੁਸਤਕਾਂ ਪੜ੍ਹਨ ਨਾਲ ਹਾਸਲ ਕਰਨਾ ਮੁਸ਼ਕਲ ਹੀ ਨਹੀਂ ਅਸੰਭਵ ਹੈ। ਇਸ ਲਈ ਪਾਠਕ੍ਰਮ ਦੇ ਨਾਲ-ਨਾਲ ਹੋਰ ਪੁਸਤਕਾਂ ਪੜ੍ਹਨਾ ਵੀ ਬੇਹੱਦ ਜ਼ਰੂਰੀ ਹੈ। ਇੱਕ ਸਫਲ਼ ਇਨਸਾਨ ਦੇ ਜੀਵਨ ਦੀ ਕਹਾਣੀ ‘ਚ ਪੁਸਤਕਾਂ ਅਹਿਮ ਭੂਮਿਕਾ ਨਿਭਾਉਂਦੀਆਂ ਹਨ।
ਪਾਠਕ੍ਰਮ ਦੇ ਸੀਮਤ ਅਤੇ ਨਿਰਧਾਰਿਤ ਪਾਠਕ੍ਰਮ ਤੋਂ ਦੂਰ ਦੀ ਝਾਤੀ ਪਾਉਣ ਲਈ ਪੁਸਤਕਾਂ ਨਾਲ ਸਾਂਝ ਬਹੁਤ ਜਰੂਰੀ ਹੈ। ਪੁਸਤਕਾਂ ਪੜ੍ਹਨ ਨਾਲ ਵਿਦਿਆਰਥੀਆਂ ਦੇ ਮਨਾਂ ‘ਚ ਇਕਾਗਰਤਾ ਦੀ ਸਮਰੱਥਾ ਪੈਦਾ ਹੁੰਦੀ ਹੈ। ਪੁਸਤਕਾਂ ਦੇ ਵੱਡੇ ਮਹੱਤਵ ਨੂੰ ਸਮਝਦਿਆਂ ਸਿੱਖਿਆ ਵਿਭਾਗ ਵੱਲੋਂ ਸਮੂਹ ਸਰਕਾਰੀ ਸਕੂਲਾਂ ‘ਚ ਪੰਦਰਾਂ ਜੁਲਾਈ ਤੋਂ ਪੰਦਰਾਂ ਅਗਸਤ ਤੱਕ ਪੁਸਤਕ ਲੰਗਰ ਲਾਇਆ ਜਾ ਰਿਹਾ ਹੈ। ਇਸ ਦੌਰਾਨ ਕਿਸੇ ਵੀ ਸਕੂਲ ਦੀਆਂ ਲਾਇਬ੍ਰੇਰੀ ਪੁਸਤਕਾਂ ਅਲਮਾਰੀਆਂ ‘ਚ ਕੈਦ ਰਹਿਣ ਦੀ ਬਜਾਏ ਲੰਗਰ ਦੇ ਰੂਪ ‘ਚ ਵਿਦਿਆਰਥੀਆਂ ਲਈ ਪਰੋਸੀਆਂ ਜਾਣਗੀਆਂ ਤੇ ਹਰ ਵਿਦਿਆਰਥੀ ਆਪਣੀ ਰੁਚੀ ਤੇ ਸਮਝ ਅਨੁਸਾਰ ਪੜ੍ਹਨ ਲਈ ਪੁਸਤਕ ਜ਼ਰੂਰ ਲਵੇਗਾ। ਬਿਨਾਂ ਸ਼ੱੱਕ ਸਿੱਖਿਆ ਵਿਭਾਗ ਦਾ ਇਹ ਉਪਰਾਲਾ ਵਿਦਿਆਰਥੀ ਮਨਾਂ ‘ਚ ਸਾਹਿਤ ਪੜ੍ਹਨ ਦੀ ਚੇਟਕ ਜਗਾ ਕੇ ਪੁਸਤਕ ਸੱਭਿਆਚਾਰ ਪੈਦਾ ਕਰਨ ਵਿੱਚ ਮੱਦਦ ਕਰੇਗਾ। ਵਿਦਿਆਰਥੀਆਂ ਦੀ ਪੁਸਤਕਾਂ ਤੋਂ ਪੈ ਰਹੀ ਦੂਰੀ ਅਜੋਕੇ ਸਮੇਂ ਦਾ ਸਭ ਤੋਂ ਵੱਡਾ ਦੁਖਾਂਤ ਹੈ। ਇਸ ਪੁਸਤਕ ਲੰਗਰ ਦੌਰਾਨ ਸਕੂਲ ਲਾਇਬ੍ਰੇਰੀ ਦੀ ਹਰ ਕਿਤਾਬ ਵਿਦਿਆਰਥੀਆਂ ਦੇ ਪੜ੍ਹਨ ਲਈ ਉਪਲੱਬਧ ਹੋਵੇਗੀ, ਨਹੀਂ ਤਾਂ ਕਈ ਵਾਰ ਬਹੁਤ ਕੀਮਤੀ ਪੁਸਤਕਾਂ ਅਲਮਾਰੀਆਂ ਦਾ ਸ਼ਿੰਗਾਰ ਹੋ ਕੇ ਹੀ ਰਹਿ ਜਾਂਦੀਆਂ ਹਨ। ਪ੍ਰਾਇਮਰੀ ਪੱਧਰ ਦੇ ਵਿਦਿਆਰਥੀ ਜਿੱਥੇ ਛੋਟੀਆਂ-ਛੋਟੀਆਂ ਬਾਲ ਕਹਾਣੀ ਦੀਆਂ ਪੁਸਤਕਾਂ ਜਰੀਏ ਮਨੋਰੰਜਨ ਕਰਨਗੇ, ਉੱਥੇ ਜ਼ਿੰਦਗੀ ਭਰ ਕੰਮ ਆਉਣ ਵਾਲੇ ਬਹੁਤ ਸਾਰੇ ਸਬਕ ਵੀ ਸਹਿਜ ਸੁਭਾਅ ਹੀ ਸਿੱਖ ਜਾਣਗੇ।
ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਪੱਧਰ ਦੇ ਵਿਦਿਆਰਥੀਆਂ ਵੱਲੋਂ ਪੰਜਾਬ ਦੇ ਅਮੀਰ ਸੱਭਿਆਚਾਰ ਅਤੇ ਵਿਰਸੇ, ਪੰਜਾਬ ਦੇ ਯੋਧਿਆਂ ਅਤੇ ਸੂਰਬੀਰਾਂ ਦੀਆਂ ਜੀਵਨੀਆਂ ਨਾਲ ਸਬੰਧਿਤ ਪੁਸਤਕਾਂ ਤੋਂ ਇਲਾਵਾ ਵਿਗਿਆਨ ਦੀਆਂ ਖੋਜਾਂ ਅਤੇ ਹੋਰ ਉੱਚ ਪੱਧਰ ਦੀਆਂ ਪੁਸਤਕਾਂ ਪੜ੍ਹਨ ਨਾਲ ਸੂਝ-ਬੂਝ ਵਿੱਚ ਇਜ਼ਾਫਾ ਹੋਵੇਗਾ। ਨੌਜਵਾਨ ਵਰਗ ਦੀ ਸੱਭਿਆਚਾਰ ਤੇ ਵਿਰਸੇ ਤੋਂ ਪੈ ਰਹੀ ਦੂਰੀ ਵੱਲ ਮੋੜਾ ਇਹਨਾਂ ਪੁਸਤਕਾਂ ਨਾਲ ਹੀ ਸੰਭਵ ਹੈ। ਨੌਜਵਾਨਾਂ ‘ਚ ਨਸ਼ਿਆਂ ਦੇ ਵਧਦੇ ਆਲਮ ਲਈ ਵੀ ਕਿਤੇ ਨਾ ਕਿਤੇ ਪੁਸਤਕ ਸੱਭਿਆਚਾਰ ਤੋਂ ਪਈ ਦੂਰੀ ਨੂੰ ਹੀ ਜਿੰਮੇਵਾਰ ਮੰਨਿਆ ਜਾ ਸਕਦਾ ਹੈ। ਜਿੰਦਗੀ ‘ਚ ਥੋੜ੍ਹੀ ਜਿਹੀ ਅਸਫਲਤਾ ਨੂੰ ਜਿੰਦਗੀ ਦੀ ਹੀ ਅਸਫਲਤਾ ਸਮਝਣ ਦਾ ਖਤਰਨਾਕ ਰੁਝਾਨ ਸਾਡੇ ਸਮਾਜ ਵਿੱਚ ਵਿਆਪਕ ਹੋ ਰਿਹਾ ਹੈ। ਪ੍ਰੀਖਿਆ ‘ਚੋਂ ਫੇਲ੍ਹ ਹੋਇਆ ਜਾਂ ਘੱਟ ਨੰਬਰ ਲੈਣ ਵਾਲਾ ਵਿਦਿਆਰਥੀ ਤੇ ਉਸਦੇ ਮਾਪੇ ਸਭ ਕੁੱਝ ਖਤਮ ਹੋਇਆ ਸਮਝ ਲੈਂਦੇ ਹਨ। ਵਿਦਿਆਰਥੀ ਵਰਗ ‘ਚ ਪੈਦਾ ਹੋ ਰਹੇ ਇਹਨਾਂ ਮਾੜੇ ਰੁਝਾਨਾਂ ਨੂੰ ਰੋਕਣ ਲਈ ਪੁਸਤਕਾਂ ਸਾਰਥਿਕ ਭੂਮਿਕਾ ਨਿਭਾ ਸਕਦੀਆਂ ਹਨ। ਇੱਕ ਪੁਸਤਕ ਹੀ ਦੱਸ ਸਕਦੀ ਹੈ ਕਿ ਸਫਲਤਾ ਅਤੇ ਅਸਫਲਤਾ ਤਾਂ ਜਿੰਦਗੀ ਰੂਪੀ ਸਿੱਕੇ ਦੇ ਦੋ ਪਾਸੇ ਹਨ। ਦੋਵਾਂ ਵਿੱਚੋਂ ਕੋਈ ਵੀ ਸਥਾਈ ਨਹੀਂ ਹੈ। ਦਿਨ ਅਤੇ ਰਾਤ ਦੀ ਆਮਦ ਵਾਂਗ ਹਨ ਜਿੰਦਗੀ ਦੀਆਂ ਸਫਲਤਾਵਾਂ ਅਤੇ ਅਸਫਲਤਾਵਾਂ।
ਮੋਬਾਈਲ ਦੇ ਅਜੋਕੇ ਯੁੱਗ ਨੇ ਤਾਂ ਪੁਸਤਕ ਸੱਭਿਆਚਾਰ ਨੂੰ ਹੋਰ ਵੀ ਹਾਸ਼ੀਏ ‘ਤੇ ਧੱਕ ਦਿੱਤਾ ਹੈ। ਇਨਸਾਨ ਦੇ ਸਭ ਤੋਂ ਵਧੀਆ ਮਾਰਗਦਰਸ਼ਕ ਅਤੇ ਸਭ ਤੋਂ ਚੰਗੇ ਮਿੱਤਰ ਦੀ ਗੱਲ ਕਰਦਿਆਂ ਪੁਸਤਕ ਦਾ ਨਾਂਅ ਸਭ ਤੋਂ ਪਹਿਲਾਂ ਆਉਂਦਾ ਹੈ। ਬਿਨਾਂ ਬੋਲੇ ਜ਼ਿੰਦਗੀ ਦੀਆਂ ਤਲਖ ਹਕੀਕਤਾਂ ਦੇ ਰੂਬਰੂ ਕਰਕੇ ਇਨਸਾਨ ਨੂੰ ਸਫ਼ਲ ਜਿੰਦਗੀ ਵੱਲ ਤੋਰਨ ਦੀ ਸਮਰੱਥਾ ਸਿਰਫ ਤੇ ਸਿਰਫ ਇੱਕ ਪੁਸਤਕ ਵਿੱਚ ਹੁੰਦੀ ਹੈ। ਜਿੰਦਗੀ ‘ਚ ਹਰ ਪਾਸਿਉਂ ਹਾਰ ਮੰਨ ਚੁੱਕੇ ਇਨਸਾਨ ਨੂੰ ਜਿੱਤ ਦਾ ਮਾਰਗ ਵਿਖਾ ਸਕਣ ਦੀ ਸਮਰੱਥਾ ਵੀ ਸਿਰਫ ਤੇ ਸਿਰਫ ਇੱਕ ਪੁਸਤਕ ਵਿੱਚ ਹੀ ਹੁੰਦੀ ਹੈ। ਖੁਦਕੁਸ਼ੀ ਦੀਆਂ ਸਕੀਮਾਂ ਘੜਦੇ ਸੈਂਕੜੇ ਇਨਸਾਨਾਂ ਨੇ ਪੁਸਤਕਾਂ ਦੀ ਬਦੌਲਤ ਨਾ ਸਿਰਫ ਖੁਦਕੁਸ਼ੀ ਨੂੰ ਨਾਂਹ ਕਹੀ ਸਗੋਂ ਜਿੰਦਗੀ ਦੀਆਂ ਦੁਸ਼ਵਾਰੀਆਂ ਤੇ ਚੁਣੌਤੀਆਂ ਨੂੰ ਮਾਤ ਦੇਣ ਦੀ ਥਾਹ ਵੀ ਪਾਈ। ਸਫਲ ਜਿੰਦਗੀ ਜੀਅ ਕੇ ਤੁਰ ਗਏ ਇਨਸਾਨਾਂ ਦੇ ਸਫਲ ਜਿੰਦਗੀ ਦੇ ਗੁਰ ਸਿਰਫ ਪੁਸਤਕ ਕੋਲ ਹੀ ਸੰਭਾਲੇ ਹੁੰਦੇ ਹਨ। ਪੁਸਤਕਾਂ ਸੰਗ ਤੁਰਨ ਵਾਲਾ ਇਨਸਾਨ ਅਜਿਹੇ ਗੁਰ ਸਮਝਣ ਵਿੱਚ ਕਾਮਯਾਬ ਹੋ ਜਾਂਦਾ ਹੈ ਜਦਕਿ ਪੁਸਤਕ ਸੱਭਿਆਚਾਰ ਤੋਂ ਦੂਰ ਦਾ ਇਨਸਾਨ ਅਜਿਹੇ ਕੀਮਤੀ ਖਜਾਨੇ ਤੋਂ ਵਾਂਝਾ ਹੀ ਰਹਿੰਦਾ ਹੈ। ਇਤਿਹਾਸ ਗਵਾਹ ਹੈ ਕਿ ਪੁਸਤਕ ਸੱਭਿਆਚਾਰ ਨੂੰ ਪ੍ਰਣਾਈਆਂ ਕੌਮਾਂ ਨੇ ਤਰੱਕੀ ਅਤੇ ਖੁਸ਼ਹਾਲੀ ਦੀਆਂ ਮੰਜਿਲਾਂ ਸਰ ਕੀਤੀਆਂ ਹਨ।
ਪੁਸਤਕ ਸੱਭਿਆਚਾਰ ਨੂੰ ਪ੍ਰਣਾਇਆ ਇਨਸਾਨ ਚੜ੍ਹਦੀ ਕਲਾ ਵਿੱਚ ਰਹਿਣਾ ਸਿੱਖ ਜਾਂਦਾ ਹੈ। ਜਿੰਦਗੀ ਦੀਆਂ ਸਮੱਸਿਆਵਾਂ ਅਤੇ ਪ੍ਰੇਸ਼ਾਨੀਆਂ ਉਸ ਨੂੰ ਹਰਾ ਨਹੀਂ ਸਕਦੀਆਂ। ਸਿੱਖਿਆ ਵਿਭਾਗ ਵੱਲੋਂ ਲਾਇਆ ਪੁਸਤਕ ਲੰਗਰ ਆਪਣੇ-ਆਪ ‘ਚ ਵਿਲੱਖਣ ਅਤੇ ਕਾਬਲੇ-ਤਾਰੀਫ ਉਪਰਾਲਾ ਹੈ। ਜਿਹੜਾ ਵਿਦਿਆਰਥੀ ਇਸ ਲੰਗਰ ਦਾ ਜਿੰਨਾ ਜਿਆਦਾ ਸਵਾਦ ਚੱਖੇਗਾ ਉਨਾ ਜਿਆਦਾ ਹੀ ਕਾਮਯਾਬ ਇਨਸਾਨ ਬਣੇਗਾ। ਸਕੂਲ ਮੁਖੀਆਂ ਅਤੇ ਅਧਿਆਪਕਾਂ ਤੋਂ ਇਲਾਵਾ ਸਾਹਿਤਕ ਸ਼ਖਸੀਅਤਾਂ ਨੂੰ ਵੀ ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਦੀਆਂ ਰੁਚੀਆਂ ਨੂੰ ਉਸਾਰੂ ਅਤੇ ਸਾਰਥਿਕ ਮੋੜਾ ਦੇਣ ਲਈ ਆਰੰਭੇ ਇਸ ਯਤਨ ਵਿੱਚ ਭਰਪੂਰ ਯੋਗਦਾਨ ਕਰਨਾ ਚਾਹੀਦਾ ਹੈ। ਸਿੱਖਿਆ ਵਿਭਾਗ ਦਾ ਇਹ ਉਪਰਾਲਾ ਵਿਦਿਆਰਥੀਆਂ ਨੂੰ ਤਮਾਮ ਬੁਰਾਈਆਂ ਤੋਂ ਦੂਰ ਲਿਜਾਣ ‘ਚ ਆਪਣੀ ਅਹਿਮ ਭੂਮਿਕਾ ਨਿਭਾਅ ਸਕਦਾ ਹੈ।
ਸ਼ਕਤੀ ਨਗਰ, ਬਰਨਾਲਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।