ਚੀਨ ਦਾ ਖ਼ਤਰਾ ਤੇ ਭਾਰਤੀ ਰਣਨੀਤੀ

ਚੀਨ ਦਾ ਖ਼ਤਰਾ ਤੇ ਭਾਰਤੀ ਰਣਨੀਤੀ

ਭਾਰਤ-ਚੀਨ ਸਰਹੱਦ ‘ਤੇ ਵਧੇ ਟਕਰਾਅ ਦੇ ਦਰਮਿਆਨ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਦਾ ਦਾਅਵਾ ਬੜਾ ਚੌਕਾਉਣ ਵਾਲਾ ਹੈ ਮਾਈਕ ਨੇ ਸਾਫ਼ ਕਿਹਾ ਹੈ ਕਿ ਲੱਦਾਖ਼ ਲਾਈਨ ਆਫ਼ ਐਕਚੁਅਲ ਕੰਟਰੋਲ ‘ਤੇ ਚੀਨ ਨੇ ਭਾਰਤ ਖਿਲਾਫ਼ 60 ਹਜ਼ਾਰ ਫੌਜੀ ਤਾਇਨਾਤ ਕਰ ਦਿੱਤੇ ਹਨ ਭਾਵੇਂ ਇਸ ਬਿਆਨਬਾਜ਼ੀ ਪਿੱਛੇ ਅਮਰੀਕਾ ਦੀ ਵੀ ਕੋਈ ਰਣਨੀਤੀ ਹੋ ਸਕਦੀ ਹੈ ਫ਼ਿਰ ਵੀ ਬਿਆਨ ਨੂੰ ਨਜ਼ਰਅੰਦਾਜ਼ ਕਰਨਾ ਭਾਰਤ ਲਈ ਸੌਖਾ ਨਹੀਂ ਹੈ ਇਹ ਬਿਆਨ ਚੀਨ ਦੀ ਦੋਗਲੀ ਨੀਤੀ ਵੱਲ ਸੰਕੇਤ ਕਰਦਾ ਹੈ ਜੋ ਇੱਕ ਪਾਸੇ ਗੱਲਬਾਤ ਲਈ ਅੱਗੇ ਵਧ ਰਿਹਾ ਹੈ ਅਤੇ ਦੂਜੇ ਪਾਸੇ ਜੰਗ ਦੀਆਂ ਤਿਆਰੀਆਂ ਕਰ ਰਿਹਾ ਹੈ

ਚਿੰਤਾ ਵਾਲੀ ਗੱਲ ਇਹ ਵੀ ਹੈ ਕਿ ਗੱਲਬਾਤ ਤੋਂ ਪਹਿਲਾਂ ਹੀ ਚੀਨ ਵੱਲੋਂ ਇਹ ਸਪੱਸ਼ਟ ਕਰ ਦਿੱਤਾ ਜਾਂਦਾ ਹੈ ਕਿ ਉਹ ਭਾਰਤੀ ਦਾਅਵਿਆਂ ਨੂੰ ਨਹੀਂ ਮੰਨਦਾ ਅਜਿਹੀਆਂ ਚੀਜਾਂ ਗੱਲਬਾਤ ਨੂੰ ਸਿਰਫ਼ ਵਿਖਾਵਾ ਤੇ ਸਮਾਂ ਟਪਾਉਣ ਵਾਲੀਆਂ ਸਾਬਤ ਕਰਦੀਆਂ ਹਨ ਭਾਰਤ ਸਰਕਾਰ ਨੇ ਸੈਂਕੜੇ ਚੀਨੀ ਐਪ ‘ਤੇ ਪਾਬੰਦੀ ਲਾ ਕੇ ਚੀਨ ਨੂੰ ਆਰਥਿਕ ਨੁਕਸਾਨ ਪਹੁੰਚਾਇਆ ਤੇ ਚੀਨ ਸਰਕਾਰ ਇਸ ਵਪਾਰਕ ਘਾਟੇ ਦਾ ਸ਼ੋਰ ਵੀ ਮਚਾ ਰਹੀ ਹੈ ਪਰ ਇਹ ਤੱਥ ਬੜੇ ਹੀ ਭਿਆਨਕ ਹਨ ਕਿ ਇਨ੍ਹਾਂ ਚੀਜ਼ਾਂ ਦਾ ਸਰਹੱਦੀ ਮਾਮਲਿਆਂ ‘ਤੇ ਕੋਈ ਅਸਰ ਨਹੀਂ ਹੈ ਤੇ ਚੀਨ ਭਾਰਤ ਖਿਲਾਫ਼ ਆਪਣੀਆਂ ਤਿਆਰੀਆਂ ਜਾਰੀ ਰੱਖ ਰਿਹਾ ਹੈ

ਦਰਅਸਲ ਭਾਰਤ ਦੇ ਡਿਪਲੋਮੈਟਾਂ ਨੂੰ ਇਸ ਗੱਲ ਦਾ ਪਤਾ ਕਰਨ ‘ਤੇ ਜ਼ੋਰ ਦੇਣਾ ਚਾਹੀਦਾ ਹੈ ਕਿ ਚੀਨ ਸਰਕਾਰ ਦੀ ਬਿਆਨਬਾਜ਼ੀ ਤੇ ਸਰਹੱਦ ‘ਤੇ ਜੰਗੀ ਤਿਆਰੀਆਂ ਦੇ ਆਧਾਰ ਵੱਖ-ਵੱਖ ਹਨ ਜਾਂ ਇੱਕ ਕੇਂਦਰ ਤੋਂ ਹੀ ਸਾਰੀਆਂ ਸਰਗਰਮੀਆਂ ਚਲਾਈਆਂ ਜਾ ਰਹੀਆਂ ਹਨ ਚੀਨ ਦੇ ਹਮਲਾਵਰ ਰੁਖ ਨੂੰ ਸਮਝਣ ਲਈ ਯਤਨ ਕੀਤੇ ਜਾਣੇ ਚਾਹੀਦੇ ਹਨ ਦਰਅਸਲ ਤਾਈਵਾਨ ਤੇ ਹਾਂਗਕਾਂਗ ਦੇ ਮਾਮਲੇ ‘ਚ ਚੀਨ ਵੱਲੋਂ ਵਿਖਾਈ ਜਾ ਰਹੀ ਸਖ਼ਤੀ ਰਾਹੀਂ ਭਾਰਤ ਸਮੇਤ ਅਮਰੀਕਾ ਵਰਗੇ ਮੁਲਕਾਂ ਨੂੰ ਸਖਤ ਸੁਨੇਹਾ ਦਿੱਤਾ ਜਾ ਰਿਹਾ ਹੈ ਅਜਿਹੇ ਹਾਲਾਤਾਂ ‘ਚ ਚੀਨ ਦੀਆਂ ਮਿੱਠੀਆਂ ਗੱਲਾਂ ‘ਤੇ ਯਕੀਨ ਕਰਨਾ ਕੂਟਨੀਤਿਕ ਤੌਰ ‘ਤੇ ਕਮਜ਼ੋਰ ਹੋਣਾ ਹੈ

ਭਾਵੇਂ ਭਾਰਤੀ ਫੌਜ ਚੀਨ ਦਾ ਮੂੰਹ ਤੋੜ ਜਵਾਬ ਦੇਣ ਦੀ ਸਮਰੱਥਾ ਰੱਖਦੀ ਹੈ ਪਰ ਚੀਨ ਦੀ ਤਾਕਤ ਨੂੰ ਪੂਰੀ ਤਰ੍ਹਾਂ ਅੰਗਣਾ ਜ਼ਰੂਰੀ ਹੈ ਚੀਨ ਦੀ ਸਭ ਤੋਂ ਖਤਰਨਾਕ ਹਰਕਤ ਇਹ ਹੈ ਕਿ ਗੱਲਬਾਤ ਦੇ ਨਾਲ-ਨਾਲ ਜੰਗੀ ਤਿਆਰੀਆਂ ਚੱਲ ਰਹੀਆਂ ਹਨ ਭਾਰਤ ਨੂੰ ਹਰ ਮੋਰਚੇ ‘ਤੇ ਗੰਭੀਰ ਰਹਿਣ ਦੀ ਜ਼ਰੂਰਤ ਹੈ ਬੀਤੇ ਸਮੇਂ ਦੀਆਂ ਗਲਤੀਆਂ ਤੋਂ ਬਚਣਾ ਚਾਹੀਦਾ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.