ਭਾਰਤ ਦਾ ਸੁਨੇਹਾ : ਜੰਗ ਨਹੀਂ, ਸ਼ਾਂਤੀ ਹੀ ਚੰਗੇ ਭਵਿੱਖ ਦਾ ਰਾਹ

India Message Peace Not War
ਭਾਰਤ ਦਾ ਸੁਨੇਹਾ : ਜੰਗ ਨਹੀਂ, ਸ਼ਾਂਤੀ ਹੀ ਚੰਗੇ ਭਵਿੱਖ ਦਾ ਰਾਹ

ਦੁਨੀਆ ਇਸ ਸਮੇਂ ਅਜਿਹੇ ਮੋੜ ’ਤੇ ਖੜ੍ਹੀ ਹੈ, ਜਿੱਥੇ ਜੰਗ ਅਤੇ ਹਿੰਸਾ ਨੇ ਸੱਭਿਅਤਾ ਦੀ ਤਰੱਕੀ ਨੂੰ ਚੁਣੌਤੀ ਦਿੱਤੀ ਹੈ ਰੂਸ-ਯੂਕਰੇਨ ਸੰਘਰਸ਼ ਇਸ ਦੀ ਤਾਜ਼ਾ ਮਿਸਾਲ ਹੈ, ਜਿਸ ਨੇ ਨਾ ਸਿਰਫ਼ ਯੂਰਪ ਦੀ ਸਥਿਰਤਾ ਨੂੰ ਹਿਲਾ ਦਿੱਤਾ ਸਗੋਂ ਸੰਸਾਰਿਕ ਅਰਥਚਾਰੇ ਨੂੰ ਡੂੰਘੇ ਸੰਕਟ ’ਚ ਪਾ ਦਿੱਤਾ ਹਜ਼ਾਰਾਂ ਲੋਕ ਮਾਰੇ ਗਏ, ਲੱਖਾਂ ਉੱਜੜੇ ਅਤੇ ਊਰਜਾ ਅਤੇ ਖੁਰਾਕ ਸੰਕਟ ਨੇ ਵਿਕਾਸਸ਼ੀਲ ਦੇਸ਼ਾਂ ਨੂੰ ਸਭ ਤੋਂ ਜ਼ਿਆਦਾ ਪ੍ਰਭਾਵਿਤ ਕੀਤਾ ਅਜਿਹੀ ਔਖੀ ਘੜੀ ’ਚ ਭਾਰਤ ਨੇ ਇੱਕ ਵਾਰ ਫਿਰ ਆਪਣੀ ਰਿਵਾਇਤੀ ਨੀਤੀ- ਅਹਿੰਸਾ, ਸ਼ਾਂਤੀ ਅਤੇ ਸੰਵਾਦ- ਨੂੰ ਸਾਹਮਣੇ ਰੱਖ ਕੇ ਇਹ ਸਪੱਸ਼ਟ ਕੀਤਾ ਹੈ ਕਿ ਜੰਗ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੋ ਸਕਦੀ।

ਇਹ ਖਬਰ ਵੀ ਪੜ੍ਹੋ : Ganesh Chaturthi: ਗਣੇਸ਼ ਚਤੁਰਥੀ ਦੇ ਸ਼ੁੱਭ ਮੌਕੇ ’ਤੇ ਪੂਜਨੀਕ ਗੁਰੂ ਜੀ ਨੇ ਵਿਦਿਆਰਥੀਆਂ ਨੂੰ ਦਿੱਤੇ ਸਫਲਤਾ ਦੇ ਮੰਤਰ

ਯੂਕਰੇਨ ਨੇ ਰਾਸ਼ਟਰਪਤੀ ਵਲਾਦੀਮੀਰ ਜੈਲੇਂਸਕੀ ਨੂੰ ਭਾਰਤ ਆਉਣ ਦਾ ਸੱਦਾ ਇਸ ਨੀਤੀ ਦਾ ਪ੍ਰਤੀਕ ਹੈ ਇਹ ਸਿਰਫ਼ ਇੱਕ ਕੂਟਨੀਤਿਕ ਕਦਮ ਨਹੀਂ ਸਗੋਂ ਇਹ ਸੰਕੇਤ ਹੈ ਕਿ ਭਾਰਤ ਸੰਸਾਰ ’ਚ ਸ਼ਾਂਤੀ ਸਥਾਪਿਤ ਕਰਨ ’ਚ ਸਰਗਰਮ ਭੂਮਿਕਾ ਨਿਭਾਉਣ ਨੂੰ ਤਿਆਰ ਹੈ ਜੇਕਰ ਰੂਸ ਅਤੇ ਯੂਕਰੇਨ ਨੂੰ ਭਾਰਤ ਗੱਲਬਾਤ ਦੇ ਮੇਜ ’ਤੇ ਲਿਆ ਸਕੇ, ਤਾਂ ਇਹ ਸਿਰਫ਼ ਇਨ੍ਹਾਂ ਦੋਵਾਂ ਦੇਸ਼ਾਂ ਲਈ ਹੀ ਨਹੀਂ, ਸਗੋਂ ਪੂਰੀ ਦੁਨੀਆ ਲਈ ਰਾਹਤ ਦਾ ਸੰਦੇਸ਼ ਹੋਵੇਗਾ ਇਹ ਕਦਮ ਜੰਗ ਦੇ ਹਨ੍ਹੇਰੇ ਨੂੰ ਦੂਰ ਕਰਕੇ ਸ਼ਾਂਤੀ ਦਾ ਚਾਨਣ ਫੈਲਾਉਣ ਵਾਲਾ ਸਾਬਤ ਹੋਵੇਗਾ ਭਾਰਤ ਦਾ ਇਹ ਰੁਖ ਸਿਰਫ਼ ਮਨੁੱਖੀ ਪਹਿਲ ਨਹੀਂ ਹੈ, ਸਗੋਂ ਨਿੱਡਰ ਕੂਟਨੀਤੀ ਦਾ ਵੀ ਸਬੂਤ ਹੈ।

ਹਾਲ ਦੇ ਸਾਲਾਂ ’ਚ ਅਮਰੀਕਾ ਨੇ ਭਾਰਤ ’ਤੇ ਵਪਾਰਕ ਟੈਕਸਾਂ ਅਤੇ ਹੋਰ ਆਰਥਿਕ ਦਬਾਵਾਂ ਜ਼ਰੀਏ ਉਸ ਦੀਆਂ ਨੀਤੀਆਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਪਰ ਭਾਰਤ ਨੇ ਸਪੱਸ਼ਟ ਕਰ ਦਿੱਤਾ ਕਿ ਉਹ ਕਿਸੇ ਵੀ ਦਬਾਅ ’ਚ ਝੁਕਣ ਵਾਲਾ ਨਹੀਂ ਹੈ ਜੈਲੇਂਸਕੀ ਨੂੰ ਸੱਦ ਕੇ ਭਾਰਤ ਨੇ ਇਹ ਸੰਕੇਤ ਦਿੱਤਾ ਕਿ ਉਹ ਰੂਸ ਅਤੇ ਯੂਕਰੇਨ ਦੋਵਾਂ ਨਾਲ ਬਰਾਬਰ ਗੱਲਬਾਤ ਕਰ ਸਕਦਾ ਹੈ ਅਤੇ ਕਿਸੇ ਇੱਕ ਪੱਖ ਦਾ ਪਿਛਲੱਗੂ ਬਣੇ ਬਿਨਾਂ ਅਜ਼ਾਦ ਨੀਤੀ ਅਪਣਾ ਸਕਦਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਕਥਨ- ਇਹ ਜੰਗ ਦਾ ਦੌਰ ਨਹੀਂ ਹੈ- ਸਿਰਫ਼ ਇੱਕ ਕੂਟਨੀਤਿਕ ਬਿਆਨ ਨਹੀਂ, ਸਗੋਂ ਭਾਰਤ ਦੇ ਡੂੰਘੇ ਸੱਭਿਆਚਰਕ ਨਜ਼ਰੀਏ ਅਤੇ ਸਥਾਈ ਨੀਤੀ ਦਾ ਪ੍ਰਤੀਕ ਹੈ ਭਾਰਤ ਨੇ ਸਿਰਫ਼ ਸ਼ਬਦਾਂ ’ਚ ਹੀ ਨਹੀਂ, ਸਗੋਂ ਠੋਸ ਮਨੁੱਖੀ ਯਤਨਾਂ ਨਾਲ ਵੀ ਆਪਣੀ ਭੂਮਿਕਾ ਨਿਭਾਈ ਹੈ।

‘ਆਪ੍ਰੇਸ਼ਨ ਗੰਗਾ’ ਦੇ ਤਹਿਤ ਹਜ਼ਾਰਾਂ ਭਾਰਤੀ ਵਿਦਿਆਰਥੀਆਂ ਨੂੰ ਜੰਗ ’ਚ ਉਲਝੇ ਯੂਕਰੇਨ ’ਚੋਂ ਸੁਰੱਖਿਅਤ ਬਾਹਰ ਕੱਢਿਆ ਗਿਆ ਦਵਾਈਆਂ ਅਤੇ ਰਾਹਤ ਸਮੱਗਰੀ ਦੀ ਸਪਲਾਈ ਕਰਕੇ ਭਾਰਤ ਨੇ ਇਹ ਦਿਖਾਇਆ ਕਿ ਉਹ ਸਿਰਫ਼ ਕੂਟਨੀਤੀ ਹੀ ਨਹੀਂ, ਸਗੋਂ ਮਨੁੱਖੀ ਸੰਵੇਦਨਾਵਾਂ ’ਚ ਵੀ ਮੋਹਰੀ ਹੈ ਪ੍ਰਧਾਨ ਮੰਤਰੀ ਮੋਦੀ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਯੂਕਰੇਨ ਦੇ ਰਾਸ਼ਟਰਪਤੀ ਜੈਲੇਂਸਕੀ ਦੋਵਾਂ ਨਾਲ ਲਗਾਤਾਰ ਗੱਲਬਾਤ ਕਰਕੇ ਸ਼ਾਂਤੀ ਦਾ ਸੰਦੇਸ਼ ਦਿੱਤਾ ਉਨ੍ਹਾਂ ਦੀ ਪਹਿਲ ਨੂੰ ਵਿਸ਼ਵ ਪੱਧਰ ’ਤੇ ਸਲਾਹਿਆ ਗਿਆ ਕਿਉਂਕਿ ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਸ਼ਾਂਤੀ ਅਤੇ ਵਿਕਾਸ ਆਧੁਨਿਕ ਸਮੇਂ ਦੀ ਅਸਲ ਜ਼ਰੂਰਤ ਹੈ ਅੱਜ ਭਾਰਤ ਦੀ ਛਵੀ ਸਿਰਫ਼ ਇੱਕ ਉੱਭਰਦੀ ਹੋਈ ਆਰਥਿਕ ਸ਼ਕਤੀ ਦੀ ਨਹੀਂ, ਸਗੋਂ ਇੱਕ ਭਰੋਸੇਯੋਗ ਵਿਚੋਲੇ ਦੀ ਹੈ।

ਗਾਂਧੀ, ਬੁੱਧ ਅਤੇ ਮਹਾਂਵੀਰ ਦੀ ਧਰਤੀ ਹੋਣ ਕਾਰਨ ਭਾਰਤ ਦੀ ਆਵਾਜ਼ ਸ਼ਾਂਤੀ ਦੀ ਦਿਸ਼ਾ ’ਚ ਵੱਖ ਮਹੱਤਵ ਰੱਖਦੀ ਹੈ ਮਹਾਤਮਾ ਗਾਂਧੀ ਨੇ ਅਹਿੰਸਾ ਨੂੰ ਸਿਰਫ਼ ਇੱਕ ਨੈਤਿਕ ਵਿਚਾਰ ਨਹੀਂ, ਸਗੋਂ ਪ੍ਰਭਾਵਸ਼ਾਲੀ ਸਿਆਸੀ ਰਣਨੀਤੀ ਦੇ ਰੂਪ ’ਚ ਪੇਸ਼ ਕੀਤਾ ਇਸ ਪਰੰਪਰਾ ਨੂੰ ਅੱਗੇ ਵਧਾਉਂਦਿਆਂ ਭਾਰਤ ਨੇ ਇਹ ਸੰਦੇਸ਼ ਦਿੱਤਾ ਹੈ ਕਿ ਹਿੰਸਾ ਸਿਰਫ਼ ਤਬਾਹੀ ਲਿਆਉਂਦੀ ਹੈ, ਜਦੋਂਕਿ ਸੰਵਾਦ ਅਤੇ ਸਹਿਯੋਗ ਹੀ ਸਥਾਈ ਹੱਲ ਹੈ ਭਾਰਤ ਦੀ ਸ਼ਾਂਤੀ ਨੀਤੀ ਸਿਰਫ਼ ਰੂਸ-ਯੂਕਰੇਨ ਸੰਘਰਸ਼ ਤੱਕ ਸੀਮਿਤ ਨਹੀਂ ਹੈ ਚਾਹੇ ਇਰਾਨ-ਇਜ਼ਰਾਇਲ ਵਿਵਾਦ ਹੋਵੇ, ਅਫਗਾਨਿਸਤਾਨ ਦਾ ਸੰਕਟ ਜਾਂ ਮੱਧ ਪੂਰਬ ਦੀ ਉਥਲ-ਪੁਥਲ ਭਾਰਤ ਨੇ ਹਮੇਸ਼ਾ ਸੰਵਾਦ ਨੂੰ ਹੀ ਪਹਿਲ ਦਿੱਤੀ ਹੈ ਜੀ-20 ਸਿਖ਼ਰ ਸੰਮੇਲਨ ’ਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮਾਨਵਤਾ ਦੇ ਸਾਹਮਣੇ ਮੌਜ਼ੂਦ ਚੁਣੌਤੀਆਂ ਦਾ ਹੱਲ ਜੰਗ ਨਾਲ ਨਹੀਂ।

ਸਗੋਂ ਸਹਿਯੋਗ, ਸੁਹਿਰਦਤਾ ਅਤੇ ਤਾਲਮੇਲ ਨਾਲ ਨਿੱਕਲੇਗਾ ਇਹ ਵਿਚਾਰ ਸਿਰਫ਼ ਆਦਰਸ਼ ਨਹੀਂ, ਸਗੋਂ ਅੱਜ ਦੇ ਸੰਸਾਰਿਕ ਹਾਲਾਤਾਂ ਦੀ ਸੱਚਾਈ ਹੈ ਜੰਗ ਗਰੀਬ ਅਤੇ ਛੋਟੇ ਦੇਸ਼ਾਂ ’ਤੇ ਸਭ ਤੋਂ ਜ਼ਿਆਦਾ ਬੋਝ ਪਾਉਂਦੀ ਹੈ, ਅਤੇ ਮਾਨਵਤਾ ਨੂੰ ਪਿੱਛੇ ਧੱਕਦੀ ਹੈ ਭਾਰਤ ਦਾ ਇਤਿਹਾਸ ਵੀ ਇਹੀ ਸਿਖਾਉਂਦਾ ਹੈ ਕਿ ਸ਼ਾਂਤੀ ਹੀ ਸਥਾਈ ਤਰੱਕੀ ਦਾ ਰਸਤਾ ਹੈ ਮਹਾਂਵੀਰ ਜੀ ਨੇ ਕਿਹੈ, ਅਹਿੰਸਾ ਪਰਮੋ ਧਰਮ: ਬੁੱਧ ਨੇ ਮਿੱਤਰਤਾ ਦਾ ਸੁਨੇਹਾ ਦਿੱਤਾ ਗਾਂਧੀ ਜੀ ਨੇ ਦਿਖਾਇਆ ਕਿ ਸੱਚ ਅਤੇ ਅਹਿੰਸਾ ਦੀ ਸ਼ਕਤੀ ਸਾਮਰਾਜਵਾਦ ਵਰਗੀ ਵਿਸ਼ਾਲ ਸੱਤਾ ਨੂੰ ਵੀ ਝੁਕਾ ਸਕਦੀ ਹੈ ਅਜ਼ਾਦੀ ਤੋਂ ਬਾਅਦ ਭਾਰਤ ਨੇ ਗੁੱਟਨਿਰਲੇਪ ਅੰਦੋਲਨ ਜ਼ਰੀਏ ਇਹੀ ਸੁਨੇਹਾ ਦਿੱਤਾ ਕਿ ਸ਼ਾਂਤੀ ਅਤੇ ਅਜ਼ਾਦ ਨੀਤੀ ਹੀ ਅੰਤਰਰਾਸ਼ਟਰੀ ਰਾਜਨੀਤੀ ਦਾ ਸਹੀ ਮਾਰਗ ਹੈ ਸੀਤ ਜੰਗ ਸਮੇਂ ਜਦੋਂ ਪੂਰੀ ਦੁਨੀਆ ਦੋ ਹਿੱਸਿਆਂ ’ਚ ਵੰਡੀ ਸੀ।

ਉਦੋਂ ਭਾਰਤ ਨੇ ਸੰਤੁਲਨ ਅਤੇ ਨਿਰਲੇਪਤਾ ਦਾ ਰਸਤਾ ਚੁਣ ਕੇ ਕੂਟਨੀਤੀ ਦੀ ਨਵੀਂ ਮਿਸਾਲ ਪੇਸ਼ ਕੀਤੀ ਅੱਜ ਰੂਸ-ਯੂਕਰੇਨ ਜੰਗ ਵਿਚਕਾਰ ਭਾਰਤ ਦਾ ਰੁਖ ਵੀ ਉਸ ਰਿਵਾਇਤ ਦਾ ਆਧੁਨਿਕ ਰੂਪ ਹੈ ਭਾਰਤ ਨੇ ਨਾ ਤਾਂ ਅੰਨ੍ਹੇਵਾਹ ਪੱਛਮ ਦੀ ਹਮਾਇਤ ਕੀਤੀ ਅਤੇ ਨਾ ਹੀ ਸਿਰਫ਼ ਰੂਸ ਦੇ ਪੱਖ ’ਚ ਖੜ੍ਹਾ ਹੋਇਆ ਉਸ ਨੇ ਸਪੱਸ਼ਟ ਕੀਤਾ ਕਿ ਉਸ ਦਾ ਦ੍ਰਿਸ਼ਟੀਕੋਣ ਨਾ ਤਾਂ ਭਰਮਾਊ ਹੈ ਅਤੇ ਨਾ ਹੀ ਇੱਕਤਰਫਾ ਉਸ ਦਾ ਟੀਚਾ ਸਿਰਫ਼ ਇੱਕ ਹੈ- ਸ਼ਾਂਤੀ ਦਾ ਰਾਹ ਖੋਲ੍ਹਣਾ ਇਹੀ ਕਾਰਨ ਹੈ।

ਕਿ ਦੋਵੇਂ ਪੱਖ ਭਾਰਤ ਨੂੰ ਇੱਕ ਨਿਰਪੱਖ ਵਿਚੋਲਾ ਮੰਨਦੇ ਹਨ ਅਤੇ ਉਸ ’ਤੇ ਭਰੋਸਾ ਕਰਦੇ ਹਨ ਭਾਰਤ ਨੇ ਇਹ ਸਾਬਤ ਕੀਤਾ ਹੈ ਕਿ ਉਹ ਸਿਰਫ਼ ਆਪਣੇ ਵਿਕਾਸ ਲਈ ਨਹੀਂ, ਸਗੋਂ ਪੂਰੀ ਮਾਨਵਤਾ ਦੀ ਭਲਾਈ ਲਈ ਸੋਚਦਾ ਹੈ ਜਦੋਂ ਉਹ ਕਹਿੰਦਾ ਹੈ- ‘ਇਹ ਜੰਗ ਦਾ ਨਹੀਂ, ਸ਼ਾਂਤੀ ਦਾ ਦੌਰ ਹੈ’ – ਤਾਂ ਇਹ ਸਿਰਫ਼ ਇੱਕ ਸਿਆਸੀ ਬਿਆਨ ਨਹੀਂ, ਸਗੋਂ ਉਸ ਦੇ ਇਤਿਹਾਸ, ਸੰਸਕ੍ਰਿਤੀ ਅਤੇ ਮੁੱਲਾਂ ’ਚੋਂ ਪੈਦਾ ਹੋਇਆ ਸੰਦੇਸ਼ ਹੈ ਅੱਜ ਦੁਨੀਆ ਨੂੰ ਇਸ ਸੰਦੇਸ਼ ਦੀ ਸਭ ਤੋਂ ਜ਼ਿਆਦਾ ਲੋੜ ਹੈ।

(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਲਲਿਤ ਗਰਗ