ਭਾਰਤ ਦੀ ਪਹਿਲੀ ਅਧਿਆਪਕਾ ਸਵਿੱਤਰੀ ਬਾਈ ਫੂਲੇ

ਭਾਰਤ ਦੀ ਪਹਿਲੀ ਅਧਿਆਪਕਾ ਸਵਿੱਤਰੀ ਬਾਈ ਫੂਲੇ

ਭਾਰਤੀ ਇਤਿਹਾਸ ਵਿੱਚ ਬਹੁਤ ਸਾਰੇ ਅਜਿਹੇ ਵਰਕੇ ਦੱਬੇ ਪਏ ਹਨ, ਜਿਨ੍ਹਾਂ ਨੇ ਦੱਬੇ-ਕੁਚਲੇ ਲੋਕਾਂ ਨੂੰ, ਜਿਉਣ ਯੋਗ ਬਣਾਉਣ ਵਿੱਚ ਮਹੱਤਵਪੂਰਨ ਰੋਲ ਅਦਾ ਕੀਤਾ। ਭਾਰਤ ਦੀ ਅੱਧੀ ਆਬਾਦੀ ਭਾਵ ਔਰਤ ਵਰਗ ਨੇ ਸਦੀਆਂ ਤੋਂ ਹੀ ਪੈਰ ਦੀ ਜੁੱਤੀ ਸਮਝੇ ਜਾਣ ਦਾ ਸੰਤਾਪ ਹੰਢਾਇਆ ਹੈ। ਇਸ ਸੰਤਾਪ ਨੂੰ ਝੱਲਦਿਆਂ ਹੋਇਆਂ, ਕੁਝ ਔਰਤਾਂ ਨੇ ਬੜੀ ਦਲੇਰੀ ਨਾਲ ਅਗਾਊਂ ਕਦਮ ਚੁੱਕਦਿਆਂ ਬਰਾਬਰ ਖੜ੍ਹਨ ਦੇ ਯੋਗ ਹੋਣ ਲਈ ਮੌਕੇ ਪ੍ਰਦਾਨ ਕਰਨ ਦਾ ਪਲੇਟਫਾਰਮ ਦਿੱਤਾ। ਇਨ੍ਹਾਂ ’ਚੋਂ ਇੱਕ ਮਹਾਨ ਔਰਤ ਸਵਿੱਤਰੀ ਬਾਈ ਫੂਲੇ ਸਨ, ਜਿਨ੍ਹਾਂ ਨੂੰ ਸਾਡੇ ਭਾਰਤ ਦੀ ਪਹਿਲੀ ਅਧਿਆਪਕਾ ਹੋਣ ਦਾ ਖ਼ਿਤਾਬ ਹਾਸਿਲ ਹੈ

ਇਨ੍ਹਾਂ ਦਾ ਜਨਮ 3 ਜਨਵਰੀ 1831 ਨੂੰ ਨਵੇਂ ਗਾਓਂ ਪੂਨੇ ਵਿਖੇ ਹੋਇਆ। ਬਾਲ ਵਿਆਹ ਦੇ ਰਿਵਾਜ ਕਾਰਨ ਇਨ੍ਹਾਂ ਦਾ ਵਿਆਹ 1840 ਵਿੱਚ ਜੋਤਿਬਾ ਫੂਲੇ ਨਾਲ ਹੋਇਆ। ਜਿਨ੍ਹਾਂ ਦਾ ਵਿਚਾਰ ਸੀ ਕਿ ਜੇਕਰ ਸਮਾਜ ਵਿੱਚੋਂ ਬੁਰਾਈਆਂ ਨੂੰ ਖ਼ਤਮ ਕਰਨਾ ਹੈ ਤਾਂ ਔਰਤਾਂ ਦਾ ਪੜਿ੍ਹਆ-ਲਿਖਿਆ ਹੋਣਾ ਅਤਿ ਜ਼ਰੂਰੀ ਹੈ ਜਿਸ ’ਤੇ ਚੱਲਦਿਆਂ ਉਨ੍ਹਾਂ ਨੇ ਇਹ ਪਹਿਲ ਆਪਣੀ ਪਤਨੀ ਸਵਿੱਤਰੀ ਬਾਈ ਤੋਂ ਹੀ ਕੀਤੀ। ਭਾਵੇਂ ਸਵਿੱਤਰੀ ਬਾਈ ਦੀ ਪੜ੍ਹਾਈ ਵਿੱਚ ਪਰਿਵਾਰਕ ਮੈਂਬਰ ਵੱਡਾ ਅੜਿੱਕਾ ਬਣੇ, ਪਰ ਪਤੀ ਦੇ ਸਾਥ ਤੇ ਔਰਤਾਂ ਲਈ ਕੁਝ ਕਰਨ ਦੇ ਜਨੂੰਨ ਨੇ ਰੁਕਣ ਨਾ ਦਿੱਤਾ। ਸਵਿੱਤਰੀ ਬਾਈ ਫੂਲੇ ਅਤੇ ਉਨ੍ਹਾਂ ਦੇ ਪਤੀ ਨੇ ਕੁੜੀਆਂ ਲਈ ਪਹਿਲਾ ਸਕੂਲ ਭੀੜੇਵਾੜਾ ਵਿਖੇ 1848 ਵਿਚ ਖੋਲਿ੍ਹਆ।

ਇਸ ਸਕੂਲ ਨੂੰ ਚਲਾਉਣ ਲਈ ਉਨ੍ਹਾਂ ਨੂੰ ਬਹੁਤ ਮੁਸ਼ਕਲਾਂ ’ਚੋਂ ਗੁਜ਼ਰਨਾ ਪਿਆ। ਜੋ ਇੱਕ ਅਧਿਆਪਕ ਲਈ ਜਾਣਨਾ ਜ਼ਰੂਰੀ ਹੈ। ਇਹ ਉਹ ਸਮਾਂ ਸੀ ਜਦ ਸਮਾਜ ਵਿੱਚ ਮਰਦ ਤਾਂ ਕੀ ਔਰਤਾਂ ਵੀ ਕੁੜੀਆਂ ਨੂੰ ਪੜ੍ਹਾਉਣ ਦੇ ਹੱਕ ਵਿਚ ਨਹੀਂ ਸਨ। ਉਹ ਸਵਿੱਤਰੀ ਬਾਈ ਫੂਲੇ ਦੇ ਹਰ ਉਸ ਯਤਨ ਦਾ ਵਿਰੋਧ ਕਰਦੀਆਂ, ਜੋ ਕੁੜੀਆਂ ਨੂੰ ਸਕੂਲ ਜਾਣ ’ਚ ਸਹਾਈ ਸੀ। ਔਰਤਾਂ ਰਸਤੇ ਵਿੱਚ ਜਾਂਦਿਆਂ ਸਮੇਂ ਉਨ੍ਹਾਂ ਚਿੱਕੜ, ਗੋਹਾ, ਟਮਾਟਰ ਅਤੇ ਆਂਡੇ ਸੁੱਟਦੀਆਂ ਸਨ। ਜਿਸ ਕਰਕੇ ਉਨ੍ਹਾਂ ਨੂੰ ਘਰੋਂ ਤੁਰਨ ਵੇਲੇ ਆਪਣੇ ਨਾਲ ਇੱਕ ਹੋਰ ਸਾੜ੍ਹੀ ਲੈਣੀ ਪੈਂਦੀ ਸੀ।ਤਾਂ ਜੋ ਸੰਸਥਾ ਵਿਚ ਪਹੁੰਚ ਕੇ ਬਦਲ ਕੇ ਕੁੜੀਆਂ ਨੂੰ ਪੜ੍ਹਾ ਸਕਣ।

ਇਸ ਤਰ੍ਹਾਂ ਦੇ ਹਾਲਾਤਾਂ ਵਿੱਚੋਂ ਲੰਘ ਕੇ ਉਨ੍ਹਾਂ ਨੇ ਔਰਤਾਂ ਦੇ ਜੀਵਨ ਨੂੰ ਸੁਧਾਰਨ ਕਰਨ ਲਈ ਆਪਣਾ ਸਾਰਾ ਜੀਵਨ ਲਾ ਦਿੱਤਾ। ਆਪਣੀਆਂ ਕਵਿਤਾਵਾਂ ਰਾਹੀਂ ਉਹਨਾਂ ਨੇ ਹਰ ਉਸ ਦਰਦ ਨੂੰ ਬਿਆਨ ਕੀਤਾ, ਜੋ ਇਨਸਾਨ ਦੇ ਚਿਹਰੇ ’ਤੇ ਝਲਕਦਾ ਸੀ। ਚਾਹੇ ਉਹ ਅਸਮਾਨਤਾ ਦਾ ਹੋਵੇ, ਚਾਹੇ ਕਿਰਤ ਦੀ ਲੁੱਟ ਦਾ ਹੋਵੇ, ਚਾਹੇ ਲੋਕਾਂ ਵੱਲੋਂ ਦਿੱਤੀ ਜਾ ਰਹੀ ਨਫ਼ਰਤ ਦਾ ਹੋਵੇ। ਅਖ਼ੀਰ ਉਹ ਪਲੇਗ ਦੀ ਬਿਮਾਰੀ ਦੌਰਾਨ ਲੋਕਾਂ ਦੀ ਸੇਵਾ ਕਰਦਿਆਂ, ਆਪ ਵੀ ਇਸ ਲਾਗ ਤੋਂ ਪ੍ਰਭਾਵਿਤ ਹੋ ਕੇ 10 ਮਾਰਚ 1897 ਨੂੰ ਮੌਤ ਨੂੰ ਪਿਆਰੇ ਹੋ ਗਏ। ਅੱਜ ਦੇ ਦੌਰ ਵਿਚ ਜਦੋਂ ਔਰਤਾਂ ਦੇ ਕੁਝ ਹਿੱਸੇ ਨੂੰ ਛੱਡ ਬਾਕੀ ਹਿੱਸੇ ਦੇ ਜੀਵਨ ਵਿੱਚ ਬਹੁਤੀ ਤਬਦੀਲੀ ਨਹੀਂ ਦੇਖੀ ਜਾ ਸਕਦੀ।

ਜੇਕਰ ਅਸੀਂ ਚਾਹੁੰਦੇ ਹਾਂ ਕਿ ਸਮਾਜ ਦਾ ਹਰ ਦੱਬਿਆ ਤਬਕਾ ਉੱਪਰ ਉੱਠੇ, ਉਨ੍ਹਾਂ ਦਾ ਜੀਵਨ ਪੱਧਰ ਉੱਚਾ ਹੋਵੇ, ਤਾਂ ਸਾਨੂੰ ਖ਼ਾਸ ਤੌਰ ’ਤੇ ਅਧਿਆਪਕ ਵਰਗ ਨੂੰ ਸਵਿੱਤਰੀ ਬਾਈ ਫੂਲੇ ਵਾਂਗ ਸਿੱਖਿਆ ਦੇ ਖੇਤਰ ਵਿੱਚ ਯਤਨ ਕਰਨੇ ਪੈਣਗੇ ਅਤੇ ਉਨ੍ਹਾਂ ਵਰਗੀ ਸਮੱਰਪਣ ਦੀ ਭਾਵਨਾ ਨਾਲ ਸਕੂਲਾਂ ਵਿੱਚ ਤੇ ਸਕੂਲਾਂ ਤੋਂ ਬਾਹਰ ਵੀ ਗਿਆਨ ਦਾ ਦੀਵਾ ਬਾਲਣਾ ਪਵੇਗਾ।
ਕੋਟਲੀ
ਮੋ. 94175-40311
ਗੁਰਪਿਆਰ ਸਿੰਘ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.