ਅਫਗਾਨਿਸਤਾਨ ’ਚ ਭਾਰਤ ਦੀ ਚਿੰਤਾ
ਅਮਰੀਕੀ ਫੌਜਾਂ ਦੀ ਵਾਪਸੀ ਤੋਂ ਬਾਦ ਤਾਲਿਬਾਨ ਮੁਲਕ ਦੇ 85 ਫੀਸਦ ਹਿੱਸੇ ’ਤੇ ਕਾਬਜ਼ ਹੋ ਗਏ ਹਨ ਅਮਰੀਕਾ ਦੀ ਵਾਪਸੀ ਦਾ ਫੈਸਲਾ ਹੀ ਇਸ ਗੱਲ ਦਾ ਸੰਕੇਤ ਸੀ ਕਿ ਹੁਣ ਤਾਲਿਬਾਨਾਂ ਦੀ ਵਾਪਸੀ ਤੈਅ ਹੈ ਸੰਯੁਕਤ ਰਾਸ਼ਟਰ ਸਮੇਤ ਕਿਸੇ ਵੀ ਵੱਡੇ ਕੌਮਾਂਤਰੀ ਮੰਚ ’ਤੇ ਅਮਰੀਕਾ ਦੀ ਵਾਪਸੀ ’ਤੇ ਜ਼ਿਆਦਾ ਚਰਚਾ ਨਹੀਂ ਹੋਈ ਅਫਗਾਨਿਸਤਾਨ ’ਚ ਹਿੰਸਾ ਵਧ ਰਹੀ ਹੈ ਤੇ ਅਜਿਹੇ ਹਾਲਾਤਾਂ ’ਚ ਭਾਰਤ ਸਰਕਾਰ ਮਜ਼ ਸਫੀਰਾਂ ਦੀ ਵਾਪਸੀ ਦਰੁਸਤ ਫੈਸਲਾ ਹੈ ਭਾਰਤ ਨੂੰ ਅਫਗਾਨਿਸਤਾਨ ਦੇ ਹਾਲਾਤਾਂ ’ਤੇ ਪੂਰੀ ਨਜ਼ਰ ਰੱਖਣੀ ਪਵੇਗੀ।
ਭਾਵੇਂ ਹਾਲ ਦੀ ਘੜੀ ਪਾਕਿਸਤਾਨ ਦੀ ਅਫਗਾਨਿਸਤਾਨ ਦੇ ਤਾਲਿਬਾਨ ਨਾਲ ਨੇੜਤਾ ਦੀ ਕੋਈ ਚਰਚਾ ਨਹੀਂ ਫਿਰ ਵੀ ਭਾਰਤ ਸਰਕਾਰ ਨੂੰ ਆਪਣੀ ਸੁਰੱਖਿਆ ਪ੍ਰਤੀ ਸੁਚੇਤ ਰਹਿਣਾ ਪਵੇਗਾ ਅਜੇ ਤਾਲਿਬਾਨ ਸੰਗਠਨ ਮੁਲਕ ’ਤੇ ਮੁਕੰਮਲ ਕਬਜ਼ੇ ਲਈ ਲੜ ਰਹੇ ਹਨ ਤੇ ਤਾਲਿਬਾਨਾਂ ਦਾ ਦੱਖਣੀ-ਏਸ਼ੀਆ ਖੇਤਰ ਲਈ ਕੀ ਨਜ਼ਰੀਆ ਹੋਵੇਗਾ, ਇਸ ਦਾ ਅਸਲ ਖੁਲਾਸਾ ਲੜਾਈ ਰੁਕਣ ਤੋਂ ਬਾਦ ਹੀ ਆਵੇਗਾ ਉਂਜ ਤਾਲਿਬਾਨ ਆਗੂਆਂ ਨੇ ਮਾਸਕੋ ਪਹੁੰਚ ਰੂਸ ਨੂੰ ਭਰੋਸਾ ਦਿੱਤਾ ਹੈ ਕਿ ਉਹ ਆਪਣੀ ਜ਼ਮੀਨ ਦੀ ਵਰਤੋਂ ਕਿਸੇ ਗੁਆਂਢੀ ਮੁਲਕ ਦੇ ਖਿਲਾਫ਼ ਨਹੀਂ ਹੋਣ ਦੇਣਗੇ ਤਾਲਿਬਾਨਾਂ ਦਾ ਇਹ ਭਰੋਸਾ ਸਾਰੇ ਗੁਆਂਢੀਆਂ ਲਈ ਹੈ ਜਾਂ ਕੁਝ ਦੇਸ਼ਾਂ ਲਈ ਇਸ ਦੀ ਵੀ ਅਜੇ ਉਡੀਕ ਕਰਨੀ ਪਵੇਗੀ।
ਪਿਛਲੇ ਸਾਲਾਂ ’ਚ ਭਾਰਤ ਵੱਲੋਂ ਅਮਰੀਕਾ ਦੀ ਵਾਪਸੀ ’ਤੇ ਕਾਫੀ ਚਿੰਤਾ ਪ੍ਰਗਟਾਈ ਗਈ ਸੀ ਪਰ ਤਾਜ਼ਾ ਹਾਲਾਤਾਂ ’ਚ ਭਾਰਤ ਨੂੰ ਨਵਾਂ ਰੁਖ ਅਪਣਾਉਣਾ ਪੈ ਸਕਦਾ ਹੈ ਦਰਅਸਲ ਬਾਜ਼ੀ ਹੁਣ ਰੂਸ ਦੇ ਹੱਥ ਆ ਗਈ ਹੈ ਅਮਰੀਕਾ ਦੀ ਵਾਪਸੀ ਤੋਂ ਬਾਅਦ ਰੂਸ, ਅਫਗਾਨਿਸਤਾਨ ਦਾ ਸਭ ਤੋਂ ਨੇੜਲਾ ਤਾਕਤਵਰ ਮੁਲਕ ਹੈ ਤਾਲਿਬਾਨਾਂ ਤੇ ਅਫਗਾਨਿਸਤਾਨ ਸਰਕਾਰ ’ਚ ਗੱਲਬਾਤ ਦੌਰਾਨ ਵੀ ਰੂਸ ਦੀ ਭੂਮਿਕਾ ਅਹਿਮ ਰਹੀ ਹੈ ਆਉਣ ਵਾਲੇ ਸਮੇਂ ’ਚ ਵੀ ਰੂਸ ਦੀ ਭੂਮਿਕਾ ਫੈਸਲਾਕੁੰਨ ਹੋ ਸਕਦੀ ਹੈ 1980 ਦੇ ਦਹਾਕੇ ਤੋਂ ਇੱਥੇ ਰੂਸ ਦਾ ਦਬਦਬਾ ਸੀ ਤੇ ਰੂਸ ਦੀ ਹਮਾਇਤ ਵਾਲੀ ਡਾ. ਨਜੀਬੁੱਲ੍ਹਾ ਸਰਕਾਰ ਨੇ ਸੱਤਾ ਸੰਭਾਲੀ ਸੀ।
ਭਾਰਤ ਲਈ ਚਿੰਤਾ ਵਾਲੀ ਗੱਲ ਇਹ ਹੈ ਕਿ ਪਾਕਿਸਤਾਨ ਦੀ ਧਰਤੀ ’ਤੇ ਸਰਗਰਮ ਅੱਤਵਾਦੀ ਸੰਗਠਨਾਂ ਤੇ ਤਾਲਿਬਾਨਾਂ ’ਚ ਏਕਤਾ ਨਾ ਹੋ ਜਾਵੇ ਪਿਛਲੇ ਦੋ ਦਹਾਕਿਆਂ ਤੋਂ ਭਾਰਤ ਨੇ ਅਫਗਾਨਿਸਤਾਨ ’ਚ ਲੋਕਤੰਤਰੀ ਸਰਕਾਰ ਦੀ ਹਮਾਇਤ ਕੀਤੀ ਹੈ ਤੇ ਮੁਲਕ ਦੇ ਨਵ-ਨਿਰਮਾਣ ਲਈ ਖੁੱਲ੍ਹੇ ਦਿਲ ਨਾਲ ਵਿੱਤੀ ਮੱਦਦ ਵੀ ਕੀਤੀ ਹੈ ਹੁਣ ਭਾਰਤ ਨੂੰ ਅਫਗਾਨ ਨੀਤੀ ’ਤੇ ਪੂਰੀ ਮਜ਼ਬੂਤੀ ਨਾਲ ਤੇ ਨਵੇਂ ਸਿਰਿਓਂ ਪਹਿਰਾ ਦੇਣਾ ਪਵੇਗਾ ਤਾਲਿਬਾਨਾਂ ਨੇ ਮੁਲਕ ’ਤੇ ਕਾਬਜ਼ ਹੋਣ ਦੇ ਨਾਲ ਹੀ ਜਿਸ ਤਰ੍ਹਾਂ ਸ਼ਰੀਅਤ ਦਾ ਕਾਨੂੰਨ ਲਾਗੂ ਕੀਤਾ ਹੈ ਉਸ ਦੇ ਮੱਦੇਨਜ਼ਰ ਭਾਰਤ ਸਰਕਾਰ ਨੂੰ ਨੀਤੀ ਨਿਰਮਾਣ ’ਚ ਬੜਾ ਚੌਕਸ ਰਹਿਣਾ ਪਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ।