ਲੋਕਤੰਤਰ ਦਾ ਕੱਚ-ਪੱਕ

Democracy

ਦੇਸ਼ ਦੀ ਸਿਆਸਤ ਅੰਦਰ ਲੋਕਤੰਤਰ (Democracy) ਦਾ ਸੰਕਲਪ ਚਰਚਾ ’ਚ ਹੈ। ਕੋਈ ਆਗੂ ਕਹਿ ਰਿਹਾ ਹੈ ਦੇਸ਼ ’ਚ ਲੋਕਤੰਤਰ ਖਤਮ ਹੋ ਗਿਆ ਹੈ ਕੋਈ ਉਨ੍ਹਾਂ ਦੇ ਦੋਸ਼ਾਂ ਨੂੰ ਨਕਾਰ ਕੇ ਮਾਫ਼ੀ ਮੰਗਣ ਲਈ ਕਹਿ ਰਿਹਾ ਹੈ। ਇਨ੍ਹਾਂ ਵਿਚਾਰਾਂ ਤੇ ਦੂਸ਼ਣਬਾਜ਼ੀ ਨਾਲ ਸੰਸਦ ’ਚ ਹੰਗਾਮਾ ਹੋ ਰਿਹਾ ਹੈ। ਆਮ ਨਾਗਰਿਕ ਲਈ ਵੀ ਇਹ ਮਸਲਾ ਚਿੰਤਾ ਦਾ ਵਿਸ਼ਾ ਹੈ। ਵੇਖਣ ਵਾਲੀ ਗੱਲ ਇਹ ਹੈ ਕਿ ਕੀ ਲੋਕਤੰਤਰ ਵਾਕਿਆਈ ਖ਼ਤਮ ਹੋ ਗਿਆ ਹੈ ਜਾਂ ਸਾਡਾ ਲੋਕਤੰਤਰ ਅਜੇ ਵੀ ਦੁਨੀਆ ਦੇ ਬਹੁਤ ਸਾਰੇ ਮੁਲਕਾਂ ਲਈ ਮਿਸਾਲ ਹੈ? ਕਾਂਗਰਸ ਆਗੂ ਰਾਹੁਲ ਗਾਂਧੀ ਨੇ ਆਪਣੀ ਵਿਦੇਸ਼ ਯਾਤਰਾ ਦੌਰਾਨ ਦਾਅਵਾ ਕੀਤਾ ਹੈ ਕਿ ਭਾਰਤ ’ਚ ਲੋਕਤੰਤਰ ਖਤਮ ਹੋ ਗਿਆ ਹੈ।

ਲੋਕਤੰਤਰ ਦਾ ਕੱਚ-ਪੱਕ | Democracy

ਇਸ ਬਿਆਨ ਕਾਰਨ ਸੱਤਾਧਾਰੀ ਪਾਰਟੀ ਭੜਕੀ ਹੋਈ ਹੈ ਤੇ ਰਾਹੁਲ ਗਾਂਧੀ ਨੂੰ ਮਾਫ਼ੀ ਮੰਗਣ ਲਈ ਕਹਿ ਰਹੀ ਹੈ। ਅਸਲ ’ਚ ਸਾਰਾ ਮਾਮਲਾ ਲੋਕਤੰਤਰ ਦੇ ਸਿਧਾਂਤਕ ਅਤੇ ਵਿਹਾਰਕ ਪਹਿਲੂਆਂ ਨੂੰ ਸਮਝਣ ਤੇ ਉਸ ਦੀ ਵਿਆਖਿਆ ਦਾ ਹੈ। ਇਹ ਵੀ ਹਕੀਕਤ ਹੈ ਕਿ ਲੋਕਤੰਤਰ ਦੀ ਸਿਧਾਂਤਕ ਵਿਆਖਿਆ ਤੇ ਸਿਆਸੀ ਵਿਆਖਿਆ ਵੱਖ-ਵੱਖ ਹੋ ਗਈ ਹੈ। ਅਸਲ ’ਚ ਰਾਜਨੀਤੀ ਇੱਕ ਵਿਗਿਆਨ ਹੈ ਜਿਸ ਦਾ ਅਧਿਐਨ ਕਰਦਿਆਂ ਉਸ ਦੇ ਕਾਰਨਾਂ ਤੇ ਨਤੀਜਿਆਂ ’ਚ ਇੱਕ ਸਬੰਧ ਨਜ਼ਰ ਆਉਂਦਾ ਹੈ। ਰਾਜਨੀਤੀ ਵਿਗਿਆਨੀ ਲਈ ਲੋਕਤੰਤਰ ਦੇ ਕੋਈ ਹੋਰ ਅਰਥ ਹਨ ਤੇ ਸਿਆਸੀ ਪਾਰਟੀਆਂ ਲਈ ਲੋਕਤੰਤਰ ਦੇ ਅਰਥ ਹੋਰ ਹੋ ਗਏ ਹਨ।

ਜਿਹੜੀ ਪਾਰਟੀ ਵਿਰੋਧੀ ਧਿਰ ’ਚ ਹੁੰਦੀ ਹੈ ਉਹ ਦੇਸ਼ ’ਚੋਂ ਲੋਕਤੰਤਰ (Democracy) ਖਤਮ ਦੱਸਦੀ ਹੈ ਜਦੋਂ ਸੱਤਾਧਾਰੀ ਪਾਰਟੀ ਵਿਰੋਧੀ ਧਿਰ ’ਚ ਬੈਠਦੀ ਹੈ ਤਾਂ ਉਹ ਵੀ ਦੋਸ਼ ਲਾਉਣ ਲੱਗਦੀ ਹੈ ਕਿ ਲੋਕਤੰਤਰ ਖਤਮ ਹੋ ਗਿਆ। ਸੱਤਾਧਾਰੀ ਪਾਰਟੀ ਨੇ ਕਦੇ ਵੀ ਨਹੀਂ ਕਿਹਾ ਕਿ ਲੋਕਤੰਤਰ ਖਤਮ ਹੋਇਆ ਹੈ ਜਾਂ ਕਮਜ਼ੋਰ ਹੋਇਆ ਹੈ। ਇਹ ਦੋ ਨਾਅਰੇ ਸੱਤਾਧਿਰ ਤੇ ਵਿਰੋਧੀ ਧਿਰ ਲਈ ਆਪਣੇ-ਆਪਣੇ ਅਰਥ ਰੱਖਦੇ ਹਨ, ਆਪਣੀਆਂ ਸਿਆਸੀ ਪ੍ਰਸਥਿਤੀਆਂ ਅਤੇ ਜ਼ਰੂਰਤਾਂ ਹਨ। ਅਸਲੀਅਤ ਇਹ ਹੈ ਕਿ ਦੇਸ਼ ’ਚ ਲੋਕਤੰਤਰ ਦਾ ਆਪਣਾ ਮਹੱਤਵ ਹੈ।

ਲੋਕਤੰਤਰ ਕਿਸੇ ਇੱਕ ਜਾਂ ਦੋ ਸਰਕਾਰੀ ਫੈਸਲਿਆਂ ਜਾਂ ਕਿਸੇ ਸੱਤਾਧਾਰੀ ਪਾਰਟੀ ਦੇ ਬਿਆਨਾਂ ਤੱਕ ਸੀਮਿਤ ਨਹੀਂ ਸਗੋਂ ਇਹ ਇੱਕ ਪੂਰਾ ਸਿਸਟਮ ਹੈ ਜਿਸ ਨਾਲ ਆਮ ਆਦਮੀ ਪਿੰਡ ਤੋਂ ਲੈ ਕੇ ਪੂਰੇ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ (ਸੰਸਦ) ਦੇ ਮੈਂਬਰ ਚੁਣਨ ਦੇ ਸਮਰੱਥ ਹੁੰਦਾ ਹੈ। ਵੋਟਰ ਦੀ ਭੂਮਿਕਾ ਦਾ ਹੀ ਕਮਾਲ ਹੈ ਕਿ ਦੇਸ਼ ’ਚ ਵੱਖ-ਵੱਖ ਰਾਜਾਂ ’ਚ ਵੱਖ-ਵੱਖ ਪਾਰਟੀਆਂ ਦੀ ਸਰਕਾਰ ਹੈ। ਇੱਕ-ਇੱਕ ਆਮ ਆਦਮੀ ਦੀ ਰਾਏ ਸਰਕਾਰ ਬਣਾਉਂਦੀ ਹੈ। ਲੋਕਤੰਤਰ ’ਚ ਕਦੇ ਵੀ ਸਰਕਾਰ ਤਾਨਾਸ਼ਾਹੀ ਨਹੀਂ ਬਣ ਸਕਦੀ ਕਿਉਂਕਿ ਲੋਕਤੰਤਰ ’ਚ ਸਰਕਾਰ ਲਈ ਸੰਸਦ ਦਾ ਭਰੋਸਾ ਹੀ ਵੱਡਾ ਹੁੰਦਾ ਹੈ। ਕਈ ਸਰਕਾਰਾਂ ਸੰਸਦ ’ਚ ਭਰੋਸਾ ਗਵਾਉਣ ਕਾਰਨ ਗਈਆਂ।

ਲੋਕਤੰਤਰ ਦਾ ਕੱਚ-ਪੱਕ | Democracy

ਬਿਨਾਂ ਸ਼ੱਕ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਪਰ ਇਸ ਦਾ ਮਤਲਬ ਲੋਕਤੰਤਰ ਸਭ ਤੋਂ ਸੌ ਫੀਸਦੀ ਕਾਮਯਾਬ ਹੋ ਗਿਆ ਹੈ। ਅਸੀਂ ਕਈ ਲੋਕਤੰਤਰੀ ਦੇਸ਼ਾਂ ਤੋਂ ਪਿੱਛੇ ਹਾਂ, ਕਈਆਂ ਤੋਂ ਬਹੁਤ ਅੱਗੇ ਹਾਂ। ਸਿਸਟਮ ’ਚ ਕਮੀਆਂ ਸਦਾ ਰਹਿੰਦੀਆਂ ਹਨ ਤੇ ਉਨ੍ਹਾਂ ਨੂੰ ਦੂਰ ਕਰਨ ਲਈ ਵੀ ਕਦਮ ਚੁੱਕੇ ਜਾਂਦੇ ਹਨ। ਸਮੱਸਿਆ ਨਵੀਂ ਤੋਂ ਨਵੀਂ ਆਉਂਦੀ ਹੈ। ਬੱਸ, ਸੁਧਾਰ ਦੀ ਇੱਛਾ ਰਹਿਣੀ ਚਾਹੀਦੀ ਹੈ। ਅਸਲ ’ਚ ਲੋਕਤੰਤਰ ਦੀ ਕਾਮਯਾਬੀ ਵਿਅਕਤੀਗਤ ਤੇ ਸਮੂਹਿਕ ਯਤਨਾਂ ਨਾਲ ਵੀ ਜੁੜੀ ਹੋਈ ਹੈ। ਆਗੂਆਂ ਦੀ ਵਿਚਾਰਧਾਰਾ, ਦਿ੍ਰਸ਼ਟੀਕੋਣ, ਵਚਨਬੱਧਤਾ ਤੇ ਜਿੰਮੇਵਾਰੀ ਦੇ ਗੁਣ ਵੀ ਲੋਕਤੰਤਰ ਦੀ ਸਫਲਤਾ-ਅਸਫ਼ਲਤਾ ਲਈ ਜਿੰਮੇਵਾਰ ਹੁੰਦੇ ਹਨ।

ਹਰ ਆਗੂ ਦਾ ਆਪਣਾ ਨਿੱਜੀ ਜੀਵਨ, ਚਰਿੱਤਰ ਤੇ ਸੁਭਾਅ ਹੁੰਦਾ ਹੈ ਜੋ ਰਾਜਨੀਤੀ/ਪਾਰਟੀ ਦੇ ਸਿਧਾਂਤਾਂ ਨਾਲ ਮਿਲ ਕੇ ਚੱਲਦਾ ਹੈ। ਇਸ ਤਾਲਮੇਲ ਦਾ ਮਜ਼ਬੂਤ ਹੋਣਾ ਹੀ ਲੋਕਤੰਤਰ ਦੀ ਕਾਮਯਾਬੀ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਲੋਕਤੰਤਰ ਦੇ ਫੇਲ੍ਹ ਜਾਂ ਪਾਸ ਹੋਣ ਬਾਰੇ ਚਰਚਾ ਲਈ ਡੂੰਘੀ, ਸੰਤੁਲਿਤ, ਬਹੁਪੱਖੀ, ਇਤਿਹਾਸਕ ਅਤੇ ਵਿਸ਼ਲੇਸ਼ਣਾਤਮਕ ਪਹੁੰਚ ਦੀ ਜ਼ਰੂਰਤ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।