ਪੀਸੀਬੀ ਦਾ ਰੈਫਰੀ ’ਤੇ ਹੈ ਦੋਸ਼
India Pakistan Handshake Controversy: ਸਪੋਰਟਸ ਡੈਸਕ। ਭਾਰਤ ਤੇ ਪਾਕਿਸਤਾਨ ਵਿਚਾਲੇ ਏਸ਼ੀਆ ਕੱਪ ਮੈਚ ’ਚ, ਭਾਰਤੀ ਖਿਡਾਰੀਆਂ ਨੇ ਪਾਕਿਸਤਾਨੀ ਖਿਡਾਰੀਆਂ ਨਾਲ ਹੱਥ ਨਹੀਂ ਮਿਲਾਇਆ। ਹਾਸਲ ਹੋਏ ਵੇਰਵਿਆਂ ਮੁਤਾਬਕ ਭਾਰਤੀ ਟੀਮ ਨੇ ਇਹ ਫੈਸਲਾ ਅਚਾਨਕ ਨਹੀਂ ਲਿਆ। ਬੀਸੀਸੀਆਈ ਤੇ ਸਰਕਾਰ ਦੋਵੇਂ ਸਹਿਮਤ ਹੋਏ ਕਿ ਉਹ ਮੈਚ ਖੇਡਣਗੇ, ਪਰ ਕੋਈ ਦੋਸਤਾਨਾ ਮਾਹੌਲ ਨਹੀਂ ਹੋਵੇਗਾ। ਐਤਵਾਰ ਨੂੰ ਖੇਡੇ ਗਏ ਇਸ ਮੈਚ ’ਚ, ਭਾਰਤ ਨੇ ਪਾਕਿਸਤਾਨ ਨੂੰ 7 ਵਿਕਟਾਂ ਨਾਲ ਹਰਾਇਆ। ਪਾਕਿਸਤਾਨ ਕ੍ਰਿਕੇਟ ਬੋਰਡ ਨੇ ਹੱਥ ਨਾ ਮਿਲਾਉਣ ਦੇ ਮਾਮਲੇ ਬਾਰੇ ਆਈਸੀਸੀ ਨੂੰ ਸ਼ਿਕਾਇਤ ਕੀਤੀ ਸੀ ਤੇ ਮੈਚ ਰੈਫਰੀ ਨੂੰ ਹਟਾਉਣ ਦੀ ਮੰਗ ਕੀਤੀ ਸੀ। ਆਈਸੀਸੀ ਨੇ ਇਸ ਮੰਗ ਨੂੰ ਰੱਦ ਕਰ ਦਿੱਤਾ ਹੈ।
ਇਹ ਖਬਰ ਵੀ ਪੜ੍ਹੋ : Asia Cup 2025: ਭਲਕੇ ਤੋਂ ਹੋਵੇਗੀ ਏਸ਼ੀਆ ਕੱਪ ਦੀ ਸ਼ੁਰੂਆਤ, ਜਾਣੋ ਕਦੋਂ, ਕਿੱਥੇ ਤੇ ਕਿਵੇਂ ਵੇਖ ਸਕੋਂਗੇ ਮੈਚ?
ਟੀਮ ਇੰਡੀਆ ਪੂਰੇ ਟੂਰਨਾਮੈਂਟ ਦੌਰਾਨ ਹੱਥ ਨਹੀਂ ਮਿਲਾਏਗੀ
ਪਾਕਿਸਤਾਨੀ ਖਿਡਾਰੀਆਂ ਨਾਲ ਹੱਥ ਨਾ ਮਿਲਾਉਣ ਦਾ ਇਹ ਰੁਝਾਨ ਪੂਰੇ ਟੂਰਨਾਮੈਂਟ ਦੌਰਾਨ ਜਾਰੀ ਰਹੇਗਾ। ਇਸ ’ਤੇ ਖਿਡਾਰੀਆਂ, ਬੀਸੀਸੀਆਈ ਤੇ ਸਰਕਾਰ ਵਿਚਕਾਰ ਆਪਸੀ ਸਮਝੌਤਾ ਹੋਇਆ ਹੈ। ਬੀਸੀਸੀਆਈ ਵੱਲੋਂ ਅਜੇ ਅਧਿਕਾਰਤ ਪ੍ਰਤੀਕਿਰਿਆ ਨਹੀਂ ਆਈ ਹੈ, ਪਰ ਹਾਸਲ ਹੋਏ ਵੇਰਵਿਆਂ ਮੁਤਾਬਕ ਜੇਕਰ ਭਾਰਤੀ ਟੀਮ 28 ਸਤੰਬਰ ਨੂੰ ਫਾਈਨਲ ’ਚ ਪਹੁੰਚਦੀ ਹੈ ਤੇ ਜਿੱਤ ਜਾਂਦੀ ਹੈ, ਤਾਂ ਉਹ ਪਾਕਿਸਤਾਨ ਕ੍ਰਿਕੇਟ ਬੋਰਡ ਦੇ ਚੇਅਰਮੈਨ ਮੋਹਸਿਨ ਨਕਵੀ ਤੋਂ ਟਰਾਫੀ ਨਹੀਂ ਲਵੇਗੀ। ਨਕਵੀ ਇਸ ਸਮੇਂ ਏਸ਼ੀਅਨ ਕ੍ਰਿਕੇਟ ਕੌਂਸਲ (ਏਸੀਸੀ) ਦੇ ਪ੍ਰਧਾਨ ਵੀ ਹਨ।
21 ਸਤੰਬਰ ਨੂੰ ਫਿਰ ਹੋ ਸਕਦੈ ਭਾਰਤ ਤੇ ਪਾਕਿਸਤਾਨ ਦਾ ਸਾਹਮਣਾ
21 ਸਤੰਬਰ ਨੂੰ, ਦੋਵੇਂ ਟੀਮਾਂ ਸੁਪਰ-4 ਦੌਰ ’ਚ ਇੱਕ-ਦੂਜੇ ਦਾ ਸਾਹਮਣਾ ਕਰ ਸਕਦੀਆਂ ਹਨ ਤੇ ਭਾਰਤ ਦਾ ਉੱਥੇ ਵੀ ਇਹੀ ਰਵੱਈਆ ਹੋਵੇਗਾ। ਹਾਲਾਂਕਿ, ਇਸ ਲਈ ਪਾਕਿਸਤਾਨ ਨੂੰ ਯੂਏਈ ਨੂੰ ਹਰਾਉਣਾ ਪਵੇਗਾ। ਜੇਕਰ ਪਾਕਿਸਤਾਨ ਸੁਪਰ-4 ’ਚ ਨਹੀਂ ਪਹੁੰਚਦਾ ਹੈ, ਤਾਂ ਇਹ ਤਣਾਅ ਫਾਈਨਲ ’ਚ ਵੀ ਉਭਰ ਸਕਦਾ ਹੈ।
ਸ਼ਿਕਾਇਤ ’ਚ ਦੇਰੀ ਲਈ ਪੀਸੀਬੀ ਡਾਇਰੈਕਟਰ ਮੁਅੱਤਲ
ਪੀਸੀਬੀ ਨੇ ਸ਼ਿਕਾਇਤ ’ਚ ਦੇਰੀ ਲਈ ਆਪਣੇ ਅੰਤਰਰਾਸ਼ਟਰੀ ਕ੍ਰਿਕੇਟ ਸੰਚਾਲਨ ਨਿਰਦੇਸ਼ਕ ਉਸਮਾਨ ਵਹਾਲਾ ਨੂੰ ਮੁਅੱਤਲ ਕਰ ਦਿੱਤਾ ਹੈ। ਪਾਕਿਸਤਾਨੀ ਮੀਡੀਆ ਰਿਪੋਰਟਾਂ ਅਨੁਸਾਰ, ਵਹਾਲਾ ਨੂੰ ਟਾਸ ਦੇ ਸਮੇਂ ਹੀ ਸ਼ਿਕਾਇਤ ਦਰਜ ਕਰਵਾਉਣੀ ਚਾਹੀਦੀ ਸੀ। ਉਸਨੇ ਇਸ ਕੰਮ ’ਚ ਦੇਰੀ ਕੀਤੀ ਤੇ ਇਸ ਲਈ ਪੀਸੀਬੀ ਚੇਅਰਮੈਨ ਮੋਹਸਿਨ ਨਕਵੀ ਨੇ ਵਹਾਲਾ ਨੂੰ ਮੁਅੱਤਲ ਕਰਨ ਦਾ ਫੈਸਲਾ ਕੀਤਾ।
ਕੌਣ ਹਨ ਮੈਚ ਰੈਫਰੀ ਐਂਡੀ ਪਾਈਕ੍ਰਾਫਟ
ਐਂਡੀ ਜੌਨ ਪਾਈਕ੍ਰਾਫਟ ਜ਼ਿੰਬਾਬਵੇ ਦੇ ਇੱਕ ਸਾਬਕਾ ਕ੍ਰਿਕੇਟਰ ਹਨ। ਉਨ੍ਹਾਂ 3 ਟੈਸਟ ਤੇ 20 ਇੱਕ ਰੋਜ਼ਾ ਮੈਚ ਖੇਡੇ ਹਨ। ਉਨ੍ਹਾਂ ਨੂੰ 2009 ’ਚ ਆਈਸੀਸੀ ਮੈਚ ਰੈਫਰੀ ਦੇ ਏਲੀਟ ਪੈਨਲ ’ਚ ਸ਼ਾਮਲ ਕੀਤਾ ਗਿਆ ਸੀ।