ਡੋਨਾਲਡ ਟਰੰਪ ਦੇ ਵਿਹਾਰ ਨੂੰ ਸਮਝੇ ਭਾਰਤ
ਕੋਰੋਨਾ ਵਾਇਰਸ ਨਾਲ ਪਰੇਸ਼ਾਨ ਹੋ ਚੁੱਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਇੱਕ ਵਾਰ ਫ਼ਿਰ ਆਪਣੇ ਵਿਹਾਰ ਨੂੰ ਲੈ ਕੇ ਸੁਰਖੀਆਂ ‘ਚ ਹਨ ਇਸ ਵਾਰ ਉਨ੍ਹਾਂ ਦੇ ਵਿਹਾਰ ਦੀ ਗਾਜ਼ ਭਾਰਤ ‘ਤੇ ਡਿੱਗੀ ਹੈ ਕੋਰੋਨਾ ਦੀ ਮਾਰ ਨਾਲ ਬੁਖਲਾਏ ਟਰੰਪ ਨੇ ਪਿਛਲੇ ਦਿਨੀਂ ਕਿਹਾ ਕਿ ਕੋਰੋਨਾ ਦੀ ਇਸ ਜੰਗ ‘ਚ ਜੇਕਰ ਭਾਰਤ ਐਂਟੀ ਮਲੇਰੀਆ ਟੈਬਲੇਟ ਦੇ ਨਿਰਯਾਤ ‘ਤੇ ਪਾਬੰਦੀ ਨਹੀਂ ਹਟਾਉਂਦਾ ਹੈ, ਤਾਂ ਅਮਰੀਕਾ ਵੀ ਜਵਾਬੀ ਕਾਰਵਾਈ ਕਰ ਸਕਦਾ ਹੈ
ਦਰਅਸਲ ਪੂਰਾ ਘਟਨਾਕ੍ਰਮ ਮਲੇਰੀਆ ਰੋਕੂ ਦਵਾਈ ਹਾਈਡ੍ਰਾਕਸੀਕਲੋਰੋਕਵੀਨ ਨੂੰ ਲੈ ਕੇ ਹੈ ਹਾਈਡ੍ਰੋਕਸੀਕਲੋਰੋਕਵੀਨ ਮਲੇਰੀਆ ਦੀ ਇੱਕ ਪੁਰਾਣੀ ਅਤੇ ਸਸਤੀ ਦਵਾਈ ਹੈ ਟਰੰਪ ਇਸ ਨੂੰ ਕੋਵਿਡ-19 ਦੇ ਇਲਾਜ ਲਈ ਇੱਕ ਵਿਵਹਾਰਿਕ ਇਲਾਜ ਦੱਸ ਰਹੇ ਹਨ ਇਸ ਲਈ ਉਨ੍ਹਾਂ ਨੇ ਪੀਐਮ ਮੋਦੀ ਨਾਲ ਟੈਲੀਫੋਨ ‘ਤੇ ਗੱਲ ਕੀਤੀ ਗੱਲਬਾਤ ਦੌਰਾਨ ਦੋਵਾਂ ਆਗੂਆਂ ਵਿਚਕਾਰ ਇਸ ਦਵਾਈ ਦੇ ਸੰਦਰਭ ‘ਚ ਵੀ ਗੱਲ ਹੋਈ ਅਤੇ ਟਰੰਪ ਨੇ ਦਵਾਈ ਅਮਰੀਕਾ ਨੂੰ ਦੇਣ ਨੂੰ ਕਿਹਾ ਜਵਾਬ ‘ਚ ਮੋਦੀ ਨੇ ਕਿਹਾ ਕਿ ਭਾਰਤ ਨੇ ਦਵਾਈ ਦੇ ਨਿਰਯਾਤ ‘ਤੇ ਪਾਬੰਦੀ ਲਾ ਰੱਖੀ ਹੈ, ਆਖ਼ਰ ਉਹ ਇਸ ‘ਤੇ ਵਿਚਾਰ ਕਰਨਗੇ
ਭਾਰਤ ਅਮਰੀਕਾ ਦੀ ਇਸ ਮੰਗ ‘ਤੇ ਕੋਈ ਫੈਸਲਾ ਲੈਂਦਾ ਉਸ ਤੋਂ ਪਹਿਲਾਂ ਹੀ ਟਰੰਪ ਨੇ ਭਾਰਤ ਨੂੰ ਧਮਕੀ ਭਰੇ ਲਹਿਜੇ ‘ਚ ਕਿਹਾ ਕਿ ਭਾਰਤ ਦਵਾਈ ਦਿੰਦਾ ਹੈ, ਤਾਂ ਬਹੁਤ ਚੰਗੀ ਗੱਲ ਹੈ ਨਹੀਂ ਦਿੰਦਾ ਤਾਂ ਉਨ੍ਹਾਂ ਨੂੰ ਉਸ ਦੇ ਨਤੀਜੇ ਭੁਗਤਣ ਲਈ ਤਿਆਰ ਰਹਿਣਾ ਚਾਹੀਦਾ ਹੈ ਵਿਦੇਸ਼ ਵਪਾਰ ਜਨਰਲ ਡਾਇਰੈਕਟੋਰੇਟ (ਡੀਜੀਐਫ਼ਟੀ) ਨੇ 25 ਮਾਰਚ ਨੂੰ ਇਸ ਦਵਾਈ ਦੇ ਨਿਰਯਾਤ ‘ਤੇ ਰੋਕ ਲਾ ਦਿੱਤੀ ਸੀ
ਸਵਾਲ ਇਹ ਹੈ ਕਿ ਟਰੰਪ ਦੀ ਇਸ ਬਚਕਾਨੀ ਹਰਕਤ ਨੂੰ ਭਾਰਤ ਕਿਸ ਸੰਦਰਭ ‘ਚ ਲਵੇ ਦੇਖਿਆ ਜਾਵੇ ਤਾਂ ਭਾਰਤ ਦੇ ਸਾਹਮਣੇ ਫਿਲਹਾਲ ਦੋ ਰਸਤੇ ਹਨ ਪਹਿਲਾ, ਅਮਰੀਕਾ ਨੂੰ ਅਮਰੀਕੀ ਭਾਸ਼ਾ ‘ਚ ਹੀ ਜਵਾਬ ਦੇ ਕੇ ਇਸ ਮੁਸ਼ਕਲ ਸਮੇਂ ‘ਚ ਬੇਮਤਲਬ ਬਿਆਨਬਾਜੀ ਦਾ ਇੱਕ ਅੰਤਹੀਣ ਸਿਲਸਿਲਾ ਸ਼ੁਰੂ ਕਰ ਦੇਵੇ ਜਾਂ ਫਿਰ ਮਨੁੱਖੀ ਪਹਿਲੂ ਦਾ ਲਿਹਾਜ ਕਰਕੇ ਅਮਰੀਕਾ ਨੂੰ ਦਵਾਈ ਦੀ ਸਪਲਾਈ ਦੀ ਹਾਮੀ ਭਰ ਦੇਵੇ ਫ਼ਿਲਹਾਲ ਭਾਰਤ ਦੂਜੇ ਰਸਤੇ ‘ਤੇ ਚੱਲਦਾ ਹੋਇਆ ਦਿਖਾਈ ਦੇ ਰਿਹਾ ਹੈ
ਟਰੰਪ ਦੀ ਧਮਕੀ ਨਾਲ ਇੱਕ ਸਵਾਲ ਇਹ ਵੀ ਉੱਠਦਾ ਹੈ ਕਿ ਅਮਰੀਕਾ ਜਿਸ ਨਤੀਜੇ ਨੂੰ ਭੁਗਤਣ ਦੀ ਧਮਕੀ ਦੇ ਰਿਹਾ ਹੈ, ਉਹ ਕੀ ਹੋ ਸਕਦਾ ਹੈ? ਜਾਹਿਰ ਹੈ, ਟਰੰਪ ਦਾ ਇਸ਼ਾਰਾ ਕਿਸੇ ਫੌਜੀ ਕਾਰਵਾਈ ਵੱਲ ਤਾਂ ਨਿਸ਼ਚਿਤ ਹੀ ਨਹੀਂ ਸੀ ਜ਼ਿਆਦਾ ਤੋਂ ਜਿਆਦਾ ਉਹ ਵਪਾਰ ਟੈਰਿਫ਼ ਜਾਂ ਆਰਥਿਕ ਪਾਬੰਦੀ ਵਰਗਾ ਕੋਈ ਕਦਮ ਚੁੱਕ ਸਕਦੇ ਸਨ ਜਿੱਥੋਂ ਤੱਕ ਆਰਥਿਕ ਪਾਬੰਦੀ ਦਾ ਸਵਾਲ ਹੈ, ਭਾਰਤ ‘ਤੇ ਇਸ ਦਾ ਕੋਈ ਬਹੁਤ ਵੱਡਾ ਅਸਰ ਪੈਣ ਵਾਲਾ ਨਹੀਂ ਸੀ
ਅਮਰੀਕਾ ਬਹੁਤ ਪਹਿਲਾਂ ਹੀ ਆਪਣੇ ਇਸ ਅਸਤਰ ਨੂੰ ਭਾਰਤ ‘ਤੇ ਅਜ਼ਮਾ ਕੇ ਦੇਖ ਚੁੱਕਾ ਹੈ ਸਾਲ 1988 ‘ਚ ਵਾਜਪਾਈ ਸਰਕਾਰ ਦੇ ਸਮੇਂ ਪੋਕਰਣ ‘ਚ ਪਰਮਾਣੂ ਪ੍ਰੀਖਣ ਕੀਤੇ ਜਾਣ ਤੋਂ ਬਾਅਦ ਅਮਰੀਕਾ ਨੇ ਭਾਰਤ ‘ਤੇ ਸਖ਼ਤ ਆਰਥਿਕ ਪਾਬੰਦੀਆਂ ਲਾਈਆਂ ਸੀ ਇਸ ਤਰ੍ਹਾਂ ਅਕਤੂਬਰ 2018 ‘ਚ ਭਾਰਤ ਨੇ ਆਪਣੀਆਂ ਰੱਖਿਆ ਜ਼ਰੂਰਤਾਂ ਨੂੰ ਦੇਖਦੇ ਹੋਏ ਰੂਸ ਨਾਲ ਪੰਜ ਅਰਬ ਡਾਲਰ ਦੇ ਐਸ-400 ਮਿਜ਼ਾਇਲ ਰੱਖਿਆ ਪ੍ਰਣਾਲੀ ਖਰੀਦ ਕੀਤੇ ਜਾਣ ਸਬੰਧੀ ਸਮਝੌਤੇ ‘ਤੇ ਦਸਤਖਤ ਕੀਤੇ ਤਾਂ ਅਮਰੀਕਾ ਲੋਹਾ ਲਾਖਾ ਹੋ ਉੱਠਿਆ ਅਤੇ ਭਾਰਤ ‘ਤੇ ਆਰਥਿਕ ਪਾਬੰਦੀ ਲਾਉਣ ਦੀ ਧਮਕੀ ਦਿੱਤੀ
ਕਹਿਣ ਦਾ ਭਾਵ ਇਹ ਹੈ ਕਿ ਧਮਕੀ, ਚਿਤਾਵਨੀ ਅਤੇ ਬੇਲੋੜੀ ਸਲਾਹ ਦੇਣਾ ਅਮਰੀਕਾ ਅਤੇ ਉਸ ਦੇ ਸ਼ਾਸਕਾਂ ਦੀ ਪੁਰਾਣੀ ਫ਼ਿਤਰਤ ਹੈ ਅਤੇ ਮਾੜੀ ਕਿਸਮਤ ਟਰੰਪ ਉਨ੍ਹਾਂ ‘ਚ ਦੋ ਕਦਮ ਅੱਗੇ ਹੀ ਹਨ ਮਾਮਲਾ ਚਾਹੇ ਕਸ਼ਮੀਰ ‘ਤੇ ਵਿਚੋਲਗੀ ਦਾ ਰਿਹਾ ਹੋਵੇ ਜਾਂ ਇਰਾਨ ਤੋਂ ਤੇਲ ਤੇ ਆਯਾਤ ਦਾ, ਟਰੰਪ ਝੂਠ ਬੋਲਣ ਅਤੇ ਬਿਨਾਂ ਮੰਗੀ ਸਲਾਹ ਦੇਣ ਤੋਂ ਗੁਰੇਜ ਨਹੀਂ ਕਰਦੇ ਪਿਛਲੇ ਦਿਨੀਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਅਮਰੀਕੀ ਯਾਤਰਾ ਦੌਰਾਨ ਇਮਰਾਨ ਨੇ ਜਦੋਂ ਕਸ਼ਮੀਰ ਦਾ ਮੁੱਦਾ ਉਠਾਇਆ ਤਾਂ ਟਰੰਪ ਨੇ ਇਹ ਕਹਿ ਕੇ ਸਨਸਨੀ ਫੈਲਾ ਦਿੱਤੀ ਕਿ ਖੁਦ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਨੇ ਉਨ੍ਹਾਂ ਨੂੰ ਕਸ਼ਮੀਰ ਮਾਮਲੇ ‘ਤੇ ਵਿਚੋਲਗੀ ਕਰਨ ਦੀ ਅਪੀਲ ਕੀਤੀ ਹੈ
ਵਾਈਟ ਹਾਊਸ ਕਵਰ ਕਰਨ ਵਾਲੇ ਬਹੁਤ ਸਾਰੇ ਪੱਤਰਕਾਰਾਂ ਨੇ ਟਰੰਪ ਦੇ ਇਸ ਬਿਆਨ ਨੂੰ ਝੂਠਾ ਅਤੇ ਗੈਰ-ਸੰਜੀਦਾ ਦੱਸਿਆ ਇਸ ਤਰ੍ਹਾਂ ਟਰੰਪ ਨੇ ਇਰਾਨ ਮਾਮਲੇ ‘ਤੇ ਵੀ ਭਾਰਤ ਨੂੰ ਗੈਰ-ਜਰੂਰੀ ਸਲਾਹ ਦਿੱਤੀ ਇਰਾਨ ਨਾਲ ਨਿਊਕਲੀਅਰ ਸੰਧੀ ਤੋੜਨ ਤੋਂ ਬਾਅਦ ਟਰੰਪ ਨੇ ਭਾਰਤ ਸਮੇਤ ਦੁਨੀਆ ਦੇ ਤਮਾਮ ਦੇਸ਼ਾਂ ਨੂੰ ਕਿਹਾ ਸੀ ਕਿ ਇਰਾਨ ਤੋਂ ਤੇਲ ਦਾ ਆਯਾਤ ਪੂਰੀ ਤਰ੍ਹਾਂ ਬੰਦ ਕਰ ਦੇਣ ਇਸ ਤੋਂ ਪਹਿਲਾਂ ਅਕਤੂਬਰ 2018 ‘ਚ ਵੀ ਟਰੰਪ ਨੇ ਸਾਊਦੀ ਅਰਬ ਦੇ ਕਿੰਗ ਸਲਮਾਨ ਨੂੰ ਚਿਤਾਵਨੀ ਦਿੱਤੀ ਸੀ ਕਿ ਉਹ ਅਮਰੀਕੀ ਫੌਜ ਦੀ ਹਮਾਇਤ ਤੋਂ ਬਿਨਾਂ ਦੋ ਹਫ਼ਤੇ ਵੀ ਸੱਤਾ ‘ਚ ਨਹੀਂ ਟਿਕ ਸਕਣਗੇ
ਆਪਣੇ ਝੂਠ ਅਤੇ ਬੜਬੋਲੇਪਣ ਲਈ ਟਰੰਪ ਪੂਰੀ ਦੁਨੀਆ ‘ਚ ਬਦਨਾਮ ਆਗੂ ਦੇ ਰੂਪ ‘ਚ ਜਾਣੇ ਜਾਂਦੇ ਹਨ ਅਮਰੀਕੀ ਮੀਡੀਆ ਉਨ੍ਹਾਂ ਦੇ ਝੂਠ ‘ਤੇ ਕਈ ਦਫ਼ਾ ਖਬਰਾਂ ਛਾਪ ਚੁੱਕਾ ਹੈ ਪਰ ਸਵਾਲ ਇਹ ਹੈ ਕਿ ਭਾਰਤ ਨੂੰ ਆਪਣਾ ਦੋਸਤ ਦੱਸਣ ਵਾਲੇ ਟਰੰਪ ਹਾਈਡ੍ਰੋਕਸੀਕਲੋਰੋਕਵੀਨ ਦਵਾਈ ਨੂੰ ਲੈ ਕੇ ਐਨੇ ਬੜਬੋਲੇ ਕਿਉਂ ਹੋਏ?
ਕੀ ਅਮਰੀਕਾ ‘ਚ ਮੌਤ ਦੇ ਲਗਾਤਾਰ ਵਧਦੇ ਹੋਏ ਅੰਕੜਿਆਂ ਨੂੰ ਦੇਖ ਕੇ ਟਰੰਪ ਆਪਣਾ ਆਪਾ ਗੁਆ ਰਹੇ ਹਨ, ਜਾਂ ਉਸ ਦੀ ਅਸਲ ਵਜ੍ਹਾ ਕੁਝ ਹੋਰ ਹੀ ਹੈ ਅਮਰੀਕਾ ਦੇ ਇੱਕ ਪ੍ਰਸਿੱਧ ਦੈਨਿਕ ਦੀ ਖਬਰ ‘ਤੇ ਵਿਸ਼ਵਾਸ ਕਰੀਏ ਤਾਂ ਟਰੰਪ ਇਸ ਦਵਾਈ ਪ੍ਰਤੀ ਇਸ ਲਈ ਉਤਾਵਲੇ ਨਹੀਂ ਹਨ ਕਿ ਉਨ੍ਹਾਂ ਨੂੰ ਲੱਖਾਂ ਅਮਰੀਕੀਆਂ ਦੀ ਜਾਨ ਬਚਾਉਣ ਦੀ ਚਿੰਤਾ ਹੈ, ਸਗੋਂ ਇਸ ਦਵਾਈ ‘ਚ ਕਿਤੇ ਨਾ ਕਿਤੇ ਉਨ੍ਹਾਂ ਦੇ ਨਿੱਜੀ ਹਿੱਤ ਛੁਪੇ ਹੋਏ ਨਜ਼ਰ ਆਉਂਦੇ ਹਨ
ਨਿਊਯਾਰਕ ਟਾਈਮਸ ‘ਚ ਛਪੀ ਖਬਰ ਅਨੁਸਾਰ ਟਰੰਪ ਦਵਾਈ ਲਈ ਇਸ ਲਈ ਉਤਾਵਲੇ ਹੋ ਰਹੇ ਹਨ , ਕਿਉਂਕਿ ਇਸ ‘ਚ ਉਨ੍ਹਾਂ ਦਾ ਨਿੱਜੀ ਫਾਇਦਾ ਹੈ ਅਖ਼ਬਾਰ ਨੇ ਆਪਣੀ ਵੈਬਸਾਈਟ ‘ਤੇ ਲਿਖਿਆ ਹੈ ਕਿ ਜੇਕਰ ਹਾਈਡ੍ਰੋਕਸੀਕਲੋਰੋਕਵੀਨ ਨੂੰ ਪੂਰੀ ਦੁਨੀਆ ਅਪਣਾ ਲੈਂਦੀ ਹੈ, ਤਾਂ ਦਵਾਈ ਕੰਪਨੀਆਂ ਨੂੰ ਇਸ ਨਾਲ ਵੱਡਾ ਫਾਇਦਾ ਹੋਵੇਗਾ
ਜਿਨ੍ਹਾਂ ‘ਚੋਂ ਇੱਕ ਕੰਪਨੀ ਸੈਨੋਫ਼ੀ ‘ਚ ਟਰੰਪ ਦਾ ਵੀ ਹਿੱਸਾ ਹੈ ਅਖ਼ਬਾਰ ਨੇ ਕੰਪਨੀ ਦੇ ਅਧਿਕਾਰੀਆਂ ਨਾਲ ਟਰੰਪ ਦੇ ਡੂੰਘੇ ਰਿਸ਼ਤੇ ਹੋਣ ਦਾ ਦਾਅਵਾ ਵੀ ਕੀਤਾ ਹੈ ਜੇਕਰ ਇਹ ਖ਼ਬਰ ਸੱਚ ਹੈ ਤਾਂ, ਹਾਲ ਹੀ ‘ਚ ਮਹਾਂਦੋਸ਼ ਦੀ ਕਾਰਵਾਈ ਤੋਂ ਕਲੀਨ ਚਿੱਟ ਲੈ ਕੇ ਨਿੱਕਲੇ ਟਰੰਪ ਨੂੰ ਆਉਣ ਵਾਲੀਆਂ ਚੋਣਾਂ ‘ਚ ਇਸ ਦੀ ਕੀਮਤ ਚੁਕਾਉਣੀ ਪੈ ਸਕਦੀ ਹੈ ਬਿਨਾਂ ਸ਼ੱਕ ਅਮਰੀਕਾ ਇਸ ਸਮੇਂ ਆਪਣੇ ਇਤਿਹਾਸ ਦੇ ਸਭ ਤੋਂ ਬੁਰੇ ਦੌਰ ‘ਚੋਂ ਲੰਘ ਰਿਹਾ ਹੈ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਅਮਰੀਕਾ ‘ਚ 4 ਲੱਖ ਤੋਂ ਜ਼ਿਆਦਾ ਲੋਕ ਪ੍ਰਭਾਵਿਤ ਹੋਏ ਹਨ, ਅਤੇ 13 ਹਜ਼ਾਰ ਤੋਂ ਜਿਆਦਾ ਲੋਕ ਇਸ ਦੇ ਸ਼ਿਕਾਰ ਹੋ ਚੁੱਕੇ ਹਨ
ਇਸ ਦੇ ਬਾਵਜੂਦ ਟਰੰਪ ਅਮਰੀਕੀ ਜਨਤਾ ਨੂੰ ਸਿਰਫ਼ ਕੋਰਾ ਦਿਲਾਸਾ ਦਿੰਦੇ ਦਿਸ ਰਹੇ ਹਨ ਕੁਪ੍ਰਬੰਧਨ ਅਤੇ ਠੋਸ ਕਾਰਜਯੋਜਨਾ ਦੀ ਘਾਟ ਨਾਲ ਪੈਦਾ ਆਪਣੀ ਇਸ ਨਿਰਾਸ਼ਾ ਨੂੰ ਉਹ ਕਦੇ ਚੀਨ ‘ਤੇ ਕਦੇ ਡਬਲਯੂਐਚਓ ‘ਤੇ ਕੱਢ ਰਹੇ ਹਨ ਅਜਿਹੇ ਮੁਸ਼ਕਿਲ ਸਮੇਂ ‘ਚ ਵੀ ਦੁਨੀਆ ‘ਚ ਆਪਣੀ ਚੌਧਰ ਚਮਕਾਉਣ ਦੀ ਕੋਸ਼ਿਸ਼ ‘ਚ ਲੱਗੇ ਟਰੰਪ ਨੇ ਭਾਰਤ ਖਿਲਾਫ ਜਿਸ ਤਰ੍ਹਾਂ ਦੀ ਭਾਸ਼ਾ ਦਾ ਇਸਤੇਮਾਲ ਕੀਤਾ, ਉਹ ਵਿਦੇਸ਼ ਨੀਤੀ ਦੇ ਸਥਾਪਿਤ ਸਿਧਾਂਤਾਂ ਅਤੇ ਮਰਿਆਦਾ ਦਾ ਉਲੰਘਣ ਤਾਂ ਹੈ ਹੀ, ਨਾਲ ਹੀ ਅਮਰੀਕੀ ਕੂਟਨੀਤੀ ਦੇ ਕਾਲੇ ਚਿਹਰੇ ਨੂੰ ਵੀ ਦੁਨੀਆ ਦੇ ਸਾਹਮਣੇ ਪ੍ਰਗਟ ਕਰਦੀ ਹੈ
ਪਰ ਸਵਾਲ ਇਹ ਹੈ ਕਿ ਭਾਰਤ ਨੂੰ ਵੀ ਟਰੰਪ ਦੇ ਧਮਕੀ ਭਰੇ ਲਹਿਜੇ ਤੋਂ ਬਾਅਦ ਕੂਟਨੀਤਿਕ ਬਿੰਦੂਆਂ ‘ਤੇ ਚਰਚਾ ਨਹੀਂ ਕਰਨੀ ਚਾਹੀਦੀ ਸੀ ਟਰੰਪ ਦੀ ਧਮਕੀ ਦੇ ਕੁਝ ਘੰਟਿਆਂ ਅੰਦਰ ਭਾਰਤ ਨੇ ਜਿਸ ਤਰ੍ਹਾਂ ਕਾਹਲੀ ‘ਚ ਦਵਾਈ ਦੇ ਨਿਰਯਾਤ ‘ਤੇ ਪਾਬੰਦੀ ਹਟਾਉਣ ਦਾ ਫੈਸਲਾ ਲਿਆ ਉਸ ਨਾਲ ਦੇਸ਼ ਦੇ ਅੰਦਰ ਸਰਕਾਰ ਦੇ ਕਦਮ ਦੀ ਆਲੋਚਨਾ ਹੋ ਰਹੀ ਹੈ ਵਿਰੋਧੀ ਧਿਰ ਸਮੇਤ ਦੂਜਿਆਂ ਲੋਕਾਂ ਦਾ ਕਹਿਣਾ ਹੈ ਕਿ 70 ਸਾਲ ਦੇ ਇਤਿਹਾਸ ‘ਚ ਪਹਿਲੀ ਵਾਰ ਭਾਰਤ ਅਮਰੀਕੀ ਧਮਕੀ ਦੇ ਅੱਗੇ ਝੁਕਿਆ ਹੈ
ਸਰਕਾਰ ਦੇ ਫੈਸਲੇ ਦੀ ਇਹ ਕਹਿ ਕੇ ਵੀ ਆਲੋਚਨਾ ਕੀਤੀ ਜਾ ਰਹੀ ਹੈ ਕਿ ਪਿਛਲੇ ਦਿਨੀਂ ਹੀ ਪੀਐਮ ਨਰਿੰਦਰ ਮੋਦੀ ਨੇ ਟਰੰਪ ਦੇ ਦੌਰੇ ‘ਤੇ ਸੌ ਕਰੋੜ ਰੁਪਏ ਖਰਚ ਕੀਤੇ ਸਨ ਕੀ ਟਰੰਪ ਦੀ ਇਸ ਧਮਕੀ ਨੂੰ ਭਾਰਤ ਦੀ ਕੂਟਨੀਤਿਕ ਅਤੇ ਆਰਥਿਕ ਮਾਣ-ਮਰਿਆਦਾ ਨੂੰ ਚੁਣੌਤੀ ਦੇ ਤੌਰ ‘ਤੇ ਨਹੀਂ ਲਿਆ ਜਾਣਾ ਚਾਹੀਦਾ ਸੀ ਸਥਿਤੀ ਚਾਹੇ ਜੋ ਵੀ ਹੋਵੇ ਇਸ ਪੂਰੇ ਮਾਮਲੇ ‘ਚ ਜਿੱਥੇ ਇੱਕ ਪਾਸੇ ਭਾਰਤ ਦੀ ਛਵੀ ਵਿਸ਼ਵ ਭਾਈਚਾਰੇ ‘ਚ ਨਿੱਖਰੀ ਹੈ, ਉੱਥੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਇੱਕ ਵਾਰ ਫ਼ਿਰ ਫ਼ਜ਼ੀਹਤ ਹੋਈ ਹੈ
ਐਨ. ਕੇ. ਸੋਮਾਨੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।