ਭਾਰਤ ਵੀ ਸੰਭਾਲੇ ਵਿਰਾਸਤ
ਪਾਕਿਸਤਾਨ ਦੇ ਸੂਬੇ ਖੈਬਰ ਪਖਤੂਨਵਾ ਦੀ ਸਰਕਾਰ ਨੇ ਭਾਰਤੀ ਫ਼ਿਲਮੀ ਅਦਾਕਾਰ ਦਲੀਪ ਕੁਮਾਰ ਤੇ ਕਪੂਰ ਖਾਨਦਾਨ ਦੇ ਜੱਦੀ ਘਰਾਂ ਨੂੰ ਮਿਊਜ਼ੀਅਮ ਦਾ ਰੂਪ ਦੇਣ ਦਾ ਫੈਸਲਾ ਲਿਆ ਹੈ ਇਹ ਕਦਮ ਸਾਨੂੰ ਵੀ ਆਪਣੇ ਕਲਾਕਾਰਾਂ ਨਾਲ ਜੁੜੀ ਵਿਰਾਸਤ ਨੂੰ ਸੰਭਾਲਣ ਦਾ ਸੁਨੇਹਾ ਦਿੰਦਾ ਹੈ ਅਜੇ ਪਿਛਲੇ ਮਹੀਨਿਆਂ ਦੀ ਹੀ ਗੱਲ ਹੈ ਕਿ ‘ਭਾਰਤ ਰਤਨ’ ਸ਼ਹਿਨਾਈ ਵਾਦਕ ਬਿਸਮਿੱਲ੍ਹਾ ਖਾਨ ਦਾ ਬਨਾਰਸ ਵਾਲਾ ਘਰ ਤੋੜਨ ਦੀ ਖ਼ਬਰ ਚਰਚਾ ‘ਚ ਆਈ ਸੀ ਖਾਨ ਦੇ ਪਰਿਵਾਰਕ ਮੈਂਬਰ ਘਰ ਨੂੰ ਤੋੜ ਕੇ ਕੋਈ ਕਾਰੋਬਾਰੀ ਇਮਾਰਤ ਬਣਾ ਰਹੇ ਸਨ ਸੰਗੀਤ ਪ੍ਰੇਮੀਆਂ ਨੇ ਇਸ ਗੱਲ ਦੀ ਅਵਾਜ਼ ਉਠਾਈ ਸੀ ਕਿ ਖਾਨ ਦੇ ਘਰ ਨੂੰ ਸੰਗੀਤ ਦੀ ਵਿਰਾਸਤ ਵਜੋਂ ਸੰਭਾਲਿਆ ਜਾਵੇ
ਭਾਵੇਂ ਇਹ ਪਰਿਵਾਰਕ ਮਸਲਾ ਹੈ ਪਰ ਦੇਸ਼ ਦੀ ਵਿਰਾਸਤ ਨੂੰ ਸੰਭਾਲਣ ਲਈ ਪਰਿਵਾਰ ਨੂੰ ਕੋਈ ਹੋਰ ਇਮਾਰਤ ਜਾਂ ਜ਼ਮੀਨ ਦੇ ਕੇ ਜੱਦੀ ਘਰ ਨੂੰ ਬਚਾ ਕੇ ਰੱਖਿਆ ਜਾ ਸਕਦਾ ਹੈ ਬਿਸਮਿੱਲ੍ਹਾ ਖਾਨ ਪੂਰੀ ਦੁਨੀਆ ‘ਚ ਪ੍ਰਸਿੱਧ ਸਨ ਅਜਿਹੀਆਂ ਥਾਵਾਂ ਸੰਗੀਤਕਾਰਾਂ ਤੇ ਸੰਗੀਤ ਪ੍ਰੇਮੀਆਂ ਲਈ ਪ੍ਰੇਰਨਾ ਦਾ ਸਰੋਤ ਹੁੰਦੀਆਂ ਹਨ ਇਹ ਬੜੇ ਦੁੱਖ ਦੀ ਗੱਲ ਹੈ ਕਿ ਭਾਰਤ ‘ਚ ਪ੍ਰਤਿਭਾਵਾਂ ਇਤਿਹਾਸ ਤਾਂ ਰਚ ਦੇਂਦੀਆਂ ਹਨ
ਪਰ ਸਰਕਾਰਾਂ ਵੱਲੋਂ ਇਤਿਹਾਸ ਨੂੰ ਸੰਭਾਲਣ ਲਈ ਯਤਨ ਨਹੀਂ ਕੀਤੇ ਜਾਂਦੇ ਖਾਨ ਸਾਹਿਬ ਦਾ ਘਰ ਸੈਰ-ਸਪਾਟਾ ਕੇਂਦਰ ਵਜੋਂ ਵਿਕਸਿਤ ਹੋ ਸਕਦਾ ਹੈ ਜਿਸ ਨਾਲ ਸੂਬੇ ਨੂੰ ਕਮਾਈ ਵੀ ਹੋਵੇਗੀ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਸ਼ਹਾਦਤ ਨੂੰ ਸੰਭਾਲਣ ਲਈ ਸਰਕਾਰ ਨੇ ਬੜਾ ਵੱਡਾ ਕਦਮ ਚੁੱਕਿਆ ਸੀ ਹੁਸੈਨੀਵਾਲਾ ਬਦਲੇ ਕਈ ਪਿੰਡ ਪਾਕਿਸਤਾਨ ਨੂੰ ਦੇ ਕੇ ਸ਼ਹੀਦਾਂ ਨਾਲ ਸਬੰਧਿਤ ਯਾਦਗਾਰ ਨੂੰ ਦੇਸ਼ ‘ਚ ਤਬਦੀਲ ਕੀਤਾ ਗਿਆ ਸੀ ਇਤਿਹਾਸ ਤੇ ਵਿਰਾਸਤ ਪ੍ਰਤੀ ਸਰਕਾਰ ਦੀ ਨੀਤੀ ਠੋਸ ਹੋਣੀ ਚਾਹੀਦੀ ਹੈ
ਜਿਹੜੇ ਕਲਾਕਾਰਾਂ ਨੇ ਦੇਸ਼ ਦੀ ਵਿਰਾਸਤ ਨੂੰ ਸੰਭਾਲਿਆ ਘੱਟੋ-ਘੱਟ ਉਹਨਾਂ ਕਲਾਕਾਰਾਂ ਦੇ ਤੁਰ ਜਾਣ ਬਾਅਦ ਉਹਨਾਂ ਨੂੰ ਯਾਦ ਰੱਖਣ ਦਾ ਕੋਈ ਜ਼ਰੀਆ ਤਾਂ ਹੋਣਾ ਹੀ ਚਾਹੀਦਾ ਹੈ ਇਸ ਮਾਮਲੇ ‘ਚ ਪੱਛਮੀ ਮੁਲਕ ਸਾਡੇ ਤੋਂ ਬਹੁਤ ਅੱਗੇ ਹਨ, ਜਿਹਨਾਂ ਖੰਡਰ ਹੋ ਚੁੱਕੀਆਂ ਇਤਿਹਾਸਕ ਇਮਾਰਤਾਂ ਨੂੰ ਦੁਨੀਆ ਦੇ ਨਕਸ਼ੇ ‘ਤੇ ਲਿਆ ਦਿੱਤਾ ਹੈ ਕਈ ਇਮਾਰਤਾਂ ਦੁਨੀਆ ਦੇ ਅਜੂਬਿਆਂ ‘ਚ ਸ਼ੁਮਾਰ ਹਨ ਸਦੀਆਂ ਪੁਰਾਣੇ ਇਤਿਹਾਸ ਨੂੰ ਸਾਂਭਣਾ ਕੁਝ ਮੁਸ਼ਕਲ ਜ਼ਰੂਰ ਹੁੰਦਾ ਹੈ ਪਰ ਵਰਤਮਾਨ ‘ਚ ਜੋ ਸਭ ਕੁਝ ਸਪੱਸ਼ਟ ਹੈ ਤੇ ਜਿਸ ਨੇ ਇੱਕ ਦਿਨ ਇਤਿਹਾਸ ਬਣਨਾ ਹੈ ਉਸ ਦੀ ਸੰਭਾਲ ਨਾ ਕਰਨੀ, ਬੇਕਦਰੀ ਕਰਨਾ ਇੱਕ ਕਿਸਮ ਦਾ ਆਉਣ ਵਾਲੀਆਂ ਪੀੜ੍ਹੀਆਂ ਨਾਲ ਅਨਿਆਂ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.