ਟੈਸਟ ਮੈਚ ਦੇ ਪੰਜੇ ਦਿਨ ਮੀਂਹ ਦੀ ਸੰਭਾਵਨਾ
- ਬਾਰਡਰ-ਗਾਵਸਕਰ ਸੀਰੀਜ਼ ਹੁਣ ਤੱਕ 1-1 ਨਾਲ ਬਰਾਬਰ
- ਭਾਰਤੀ ਸਮੇਂ ਮੁਤਾਬਕ ਸਵੇਰੇ 5:30 ਵਜੇ ਸ਼ੁਰੂ ਹੋਵੇਗਾ ਸੀਰੀਜ਼ ਦਾ ਤੀਜਾ ਟੈਸਟ ਮੈਚ
ਸਪੋਰਟਸ ਡੈਸਕ। India Vs Australia: ਬਾਰਡਰ-ਗਾਵਸਕਰ ਟਰਾਫੀ ਦਾ ਤੀਜਾ ਟੈਸਟ ਮੈਚ ਅੱਜ ਬ੍ਰਿਸਬੇਨ ’ਚ ਸ਼ੁਰੂ ਹੋਵੇਗਾ। 5 ਮੈਚਾਂ ਦੀ ਸੀਰੀਜ਼ ’ਚ ਹੁਣ ਤੱਕ 1-1 ਦੀ ਬਰਾਬਰੀ ’ਤੇ ਹੈ। ਪਹਿਲਾ ਮੈਚ ਭਾਰਤੀ ਟੀਮ ਨੇ 295 ਦੌੜਾਂ ਦੇ ਵੱਡੇ ਫਰਕ ਨਾਲ ਜਿੱਤਿਆ ਸੀ, ਜਦਕਿ ਦੂਜਾ ਟੈਸਟ ਮੈਚ ਜਿਹੜਾ ਐਡੀਲੇਡ ’ਚ ਖੇਡਿਆ ਗਿਆ ਸੀ, ਉਹ ਅਸਟਰੇਲੀਆਈ ਟੀਮ ਨੇ 10 ਵਿਕਟਾਂ ਨਾਲ ਆਪਣੇ ਨਾਂਅ ਕੀਤਾ ਸੀ। ਹੁਣ ਤੱਕ ਦੋਵਾਂ ਟੀਮਾਂ ਵਿਚਕਾਰ ਬ੍ਰਿਸਬੇਨ ਦੇ ਗਾਬਾ ਮੈਦਾਨ ’ਤੇ 7 ਟੈਸਟ ਮੈਚ ਖੇਡੇ ਗਏ ਹਨ, ਇਸ ਮੈਦਾਨ ’ਤੇ ਸਿਰਫ ਭਾਰਤ ਨੂੰ 1 ਮੈਚ ’ਚ ਜਿੱਤ ਮਿਲੀ ਹੈ। ਜਿਹੜੀ ਪਿਛਲੀ ਵਾਰ ਦੀ ਬਾਰਡਰ-ਗਾਵਸਕਰ ਟਰਾਫੀ ਦੇ ਆਖਿਰੀ ਮੈਚ 19 ਜਨਵਰੀ 2019 ’ਚ ਮਿਲੀ ਸੀ। ਇਸ ਮੈਦਾਨ ’ਤੇ ਅਸਟਰੇਲੀਆਈ ਟੀਮ ਨੇ 5 ਮੈਚ ਜਿੱਤੇ ਹਨ, ਜਦਕਿ 1 ਟੈਸਟ ਮੈਚ ਇਸ ਮੈਦਾਨ ’ਤੇ ਡਰਾਅ ਰਿਹਾ ਹੈ।
ਇਹ ਖਬਰ ਵੀ ਪੜ੍ਹੋ : Virat Kohli: ਵਿਰਾਟ ਕੋਹਲੀ ਗਾਬਾ ’ਚ ਪੂਰਾ ਕਰਨਗੇ ਇਹ ‘ਅਨੋਖਾ ਸੈਂਕੜਾ’, ਪੜ੍ਹੋ ਪੂਰੀ ਖਬਰ…
ਹੁਣ ਮੈਚ ਸਬੰਧੀ ਜਾਣਕਾਰੀ | India Vs Australia
- ਟੂਰਨਾਮੈਂਟ : ਬਾਰਡਰ-ਗਾਵਸਕਰ ਟਰਾਫੀ
- ਮੈਚ : ਤੀਜਾ ਟੈਸਟ ਮੈਚ
- ਮਿਤੀ : 14 ਦਸੰਬਰ
- ਸਟੇਡੀਅਮ : ਗਾਬਾ ਸਟੇਡੀਅਮ, ਬ੍ਰਿਸਬੇਨ
- ਸਮਾਂ : ਟਾਸ ਸਵੇਰੇ 5:20 ਵਜੇ, ਮੈਚ ਸ਼ੁਰੂ : 5:50 ਵਜੇ
ਇਸ ਮੈਦਾਨ ’ਤੇ ਪੰਤ ਨੇ ਖੇਡੀ ਸੀ ਯਾਦਗਾਰ ਪਾਰੀ | India Vs Australia
ਪਿਛਲੀ ਵਾਰ ਗਾਬਾ ਮੈਦਾਨ ’ਤੇ ਹੋਏ ਅਸਟਰੇਲੀਆ ਤੇ ਭਾਰਤ ਵਿਚਕਾਰ ਟੈਸਟ ਨੂੰ ਭਾਰਤੀ ਟੀਮ ਨੇ 3 ਵਿਕਟਾਂ ਨਾਲ ਜਿੱਤਿਆ ਸੀ। ਇਸ ਤੋਂ ਪਹਿਲਾਂ, ਬ੍ਰਿਸਬੇਨ ਦਾ ਗਾਬਾ ਸਟੇਡੀਅਮ 2020 ਤੱਕ ਅਸਟਰੇਲੀਆ ਦਾ ਕਿੱਲਾ ਸੀ। ਘਰੇਲੂ ਟੀਮ ਨੂੰ ਇਸ ਮੈਦਾਨ ’ਤੇ 1988 ਤੋਂ ਕਿਸੇ ਵੀ ਟੀਮ ਨੇ ਹਰਾਇਆ ਨਹੀਂ ਸੀ। 2021 ’ਚ ਫਿਰ ਭਾਰਤ ਨੇ ਇਸ ਮੈਦਾਨ ’ਤੇ 3 ਵਿਕਟਾਂ ਨਾਲ ਸੀਰੀਜ਼ ਜਿੱਤ ਕੇ ਲੜੀ 2-1 ਨਾਲ ਆਪਣੇ ਨਾਂਅ ਕੀਤੀ ਸੀ। ਇਸ ਮੈਚ ’ਚ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਨਾਬਾਦ 89 ਦੌੜਾਂ ਦੀ ਪਾਰੀ ਖੇਡੀ ਸੀ। ਸ਼ੁਭਮਨ ਗਿੱਲ ਨੇ 91 ਤੇ ਚੇਤੇਸ਼ਵਰ ਪੁਜਾਰਾ ਨੇ 56 ਦੌੜਾਂ ਬਣਾਈਆਂ ਸਨ।
ਬੁਮਰਾਹ ਸੀਰੀਜ਼ ’ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਗੇਂਦਬਾਜ਼
ਦੂਜੇ ਟੈਸਟ ’ਚ ਭਾਰਤ ਦੀ ਪੂਰੀ ਬੱਲੇਬਾਜ਼ੀ ਫੇਲ ਰਹੀ ਸੀ। ਵਿਰਾਟ ਕੋਹਲੀ ਤੇ ਯਸ਼ਸਵੀ ਜਾਇਸਵਾਲ ਨੇ ਪਹਿਲੇ ਟੈਸਟ ਮੈਚ ਦੌਰਾਨ ਸੈਂਕੜੇ ਜੜੇ ਸਨ। ਜਾਇਸਵਾਲ ਸੀਰੀਜ਼ ’ਚ ਟੀਮ ਦੇ ਸਭ ਤੋਂ ਵੱਧ ਸਕੋਰਰ ਹਨ। ਭਾਰਤੀ ਉਪ ਕਪਤਾਨ ਜਸਪ੍ਰੀਤ ਬੁਮਰਾਹ ਨੇ ਸੀਰੀਜ਼ ’ਚ 12 ਵਿਕਟਾਂ ਲਈਆਂ ਹਨ। ਉਹ ਸੀਰੀਜ਼ ਦੇ ਸਭ ਤੋਂ ਜ਼ਿਆਦਾ ਵਿਕਟ ਲੈਣ ਵਾਲੇ ਗੇਂਦਬਾਜ਼ ਹਨ।
ਪਿੱਚ ਰਿਪੋਰਟ | India Vs Australia
ਤੀਜੇ ਟੈਸਟ ’ਚ ਗਾਬਾ ਪਿੱਚ ਦੇ ਬਾਰੇ ’ਚ ਕਿਊਰੇਟਰ ਡੇਵਿਡ ਸੈਂਡਰਸਕੀ ਨੇ ਕਿਹਾ, ਇੱਥੇ ਦੀ ਪਿੱਚ ਸਾਲ ਦੇ ਵੱਖ-ਵੱਖ ਸਮੇਂ ’ਤੇ ਵੱਖ-ਵੱਖ ਤਰ੍ਹਾਂ ਦਾ ਵਿਵਹਾਰ ਕਰਦੀ ਹੈ। ਸੀਜ਼ਨ ਦੇ ਅੰਤ ’ਚ ਪਿੱਚ ਥੋੜੀ ਹੋਰ ਟੁੱਟ ਜਾਂਦੀ ਹੈ, ਜਦੋਂ ਕਿ ਸੀਜ਼ਨ ਦੀ ਸ਼ੁਰੂਆਤ ਵਿੱਚ ਇਹ ਤਾਜ਼ਾ ਹੁੰਦੀ ਹੈ। ਹਾਲਾਂਕਿ, ਅਸੀਂ ਇੱਕ ਅਜਿਹੀ ਪਿੱਚ ਤਿਆਰ ਕਰ ਰਹੇ ਹਾਂ ਜਿਸ ’ਚ ਗਤੀ ਤੇ ਉਛਾਲ ਹੋਵੇ। ਗਾਬਾ ਇਸ ਤਰ੍ਹਾਂ ਦੀ ਪਿੱਚ ਲਈ ਜਾਣਿਆ ਜਾਂਦਾ ਹੈ। ਪਿਛਲੇ ਸਾਲਾਂ ਵਾਂਗ ਇਸ ਸਾਲ ਵੀ ਅਸੀਂ ਰਵਾਇਤੀ ਗਾਬਾ ਪਿੱਚ ਤਿਆਰ ਕਰ ਰਹੇ ਹਾਂ।
ਟਾਸ ਦਾ ਰੋਲ | India Vs Australia
ਬ੍ਰਿਸਬੇਨ ’ਚ ਟਾਸ ਜਿੱਤਣ ਵਾਲੀ ਟੀਮ ਪਹਿਲਾਂ ਗੇਂਦਬਾਜ਼ੀ ਕਰ ਸਕਦੀ ਹੈ। ਇੱਥੇ ਹੁਣ ਤੱਕ 66 ਮੈਚ ਖੇਡੇ ਜਾ ਚੁੱਕੇ ਹਨ, ਜਿਸ ’ਚ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ 26 ਮੈਚ ਜਿੱਤੇ ਹਨ। ਪਹਿਲਾਂ ਗੇਂਦਬਾਜ਼ੀ ਕਰਨ ਵਾਲੀ ਟੀਮ ਨੇ ਵੀ ਸਿਰਫ਼ 26 ਮੈਚ ਹੀ ਜਿੱਤੇ ਹਨ। ਪਰ ਪਿਛਲੇ 4 ਮੈਚਾਂ ’ਚ ਪਹਿਲਾਂ ਗੇਂਦਬਾਜ਼ੀ ਕਰਨ ਵਾਲੀ ਟੀਮ ਨੇ 3 ’ਚ ਜਿੱਤ ਦਰਜ ਕੀਤੀ ਹੈ।
ਮੌਸਮ ਦੀ ਸਥਿਤੀ | India Vs Australia
ਮੀਂਹ ਇਸ ਮੈਚ ’ਚ ਵਿਘਨ ਪਾ ਸਕਦਾ ਹੈ। ਮੌਸਮ ਦੀ ਵੈੱਬਸਾਈਟ ਮੌਸਮ ਅਨੁਸਾਰ, ਬ੍ਰਿਸਬੇਨ ’ਚ 14 ਦਸੰਬਰ ਨੂੰ ਸਭ ਤੋਂ ਵੱਧ 88 ਫੀਸਦੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੈਚ ਦੇ ਦੂਜੇ ਦਿਨ ਮੀਂਹ ਦੀ ਸੰਭਾਵਨਾ 49 ਫੀਸਦੀ ਤੇ ਚੌਥੇ ਦਿਨ ਮੀਂਹ ਦੀ 42 ਫੀਸਦੀ ਸੰਭਾਵਨਾ ਹੈ। ਤੀਜੇ ਤੇ ਪੰਜਵੇਂ ਦਿਨ ਵੀ 25-25 ਫੀਸਦੀ ਮੀਂਹ ਪੈਣ ਦਾ ਅਨੁਮਾਨ ਹੈ।
ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11
ਭਾਰਤ : ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜਾਇਸਵਾਲ, ਕੇਐਲ ਰਾਹੁਲ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਰਿਸ਼ਭ ਪੰਤ (ਵਿਕਟਕੀਪਰ), ਨਿਤੀਸ਼ ਕੁਮਾਰ ਰੈੱਡੀ, ਵਾਸ਼ਿੰਗਟਨ ਸੁੰਦਰ, ਪ੍ਰਸਿਧ ਕ੍ਰਿਸ਼ਨ/ਆਕਾਸ਼ ਦੀਪ, ਜਸਪ੍ਰੀਤ ਬੁਮਰਾਹ (ਉਪ-ਕਪਤਾਨ) ਤੇ ਮੁਹੰਮਦ ਸਿਰਾਜ।
ਅਸਟਰੇਲੀਆ : ਪੈਟ ਕਮਿੰਸ (ਕਪਤਾਨ), ਨਾਥਨ ਮੈਕਸਵੀਨੀ, ਉਸਮਾਨ ਖਵਾਜਾ, ਮਾਰਨਸ ਲੈਬੁਸ਼ਗਨ, ਸਟੀਵ ਸਮਿਥ, ਟਰੈਵਿਸ ਹੈੱਡ, ਮਿਸ਼ੇਲ ਮਾਰਸ਼, ਐਲੇਕਸ ਕੈਰੀ (ਵਿਕੇਟਕੀਪਰ), ਮਿਸ਼ੇਲ ਸਟਾਰਕ, ਨਾਥਨ ਲਿਓਨ, ਜੋਸ਼ ਹੇਜ਼ਲਵੁੱਡ।