ਵਧ ਰਹੇ ਬਾਲ ਅਪਰਾਧੀ

ਵਧ ਰਹੇ ਬਾਲ ਅਪਰਾਧੀ

ਪਟਿਆਲਾ ’ਚ ਇੱਕ ਤਰਕੀਬਨ 10-12 ਸਾਲ ਦੇ ਬੱਚੇ ਵੱਲੋਂ ਬੈਂਕ ਦੀ ਇਮਾਰਤ ’ਚ ਵੜ ਕੇ 35 ਲੱਖ ਰੁਪਏ ਦਾ ਬੈਗ ਚੁੱਕ ਕੇ ਫਰਾਰ ਹੋ ਜਾਣਾ ਇੱਕ ਬਹੁਤ ਵੱਡੀ ਤੇ ਚਿੰਤਾਜਨਕ ਘਟਨਾ ਹੈ ਬਿਨਾਂ ਸ਼ੱਕ ਪੁਲਿਸ ਬੱਚੇ ਦੀ ਪੈੜ ਨੱਪੇਗੀ ਤੇ ਦੇਰ-ਸਵੇਰ ਇਹ ਮਾਮਲਾ ਸੁਲਝਾ ਲਿਆ ਜਾਵੇਗਾ ਗੱਲ ਸਿਰਫ਼ ਨਗਦੀ ਦੀ ਬਰਾਮਦਗੀ ਦੀ ਨਹੀਂ ਸਗੋਂ ਅਪਰਾਧਾਂ ਦੀਆਂ ਜੜ੍ਹਾਂ ਦਾ ਡੂੰਘੇ ਹੋਣਾ ਹੈ ਸਰਕਾਰਾਂ ਤੇ ਪੁਲਿਸ ਨਾਲੋਂ ਇਹ ਸਮਾਜ ਸ਼ਾਸਤਰੀਆਂ ਲਈ ਵੱਡੀ ਚਿੰਤਾ ਦੀ ਗੱਲ ਹੈ ਕਿ ਸਾਡੇ ਸਮਾਜ ’ਚ ਅਪਰਾਧ ਕਿਸ ਹੱਦ ਤੱਕ ਘਰ ਕਰਦਾ ਜਾ ਰਿਹਾ ਹੈ ਕਿ 8-10 ਸਾਲ ਦੇ ਬੱਚੇ ਸੰਗੀਨ ਜ਼ੁਰਮਾਂ ’ਚ ਸ਼ਾਮਲ ਹੁੰਦੇ ਜਾ ਰਹੇ ਹਨ ਖਾਸ ਕਰ ਇਹ ਪੰਜਾਬੀ ਸਮਾਜ ਲਈ ਬਹੁਤ ਵੱਡਾ ਝਟਕਾ ਹੈ ਇਹ ਘਟਨਾ ਸਰਕਾਰਾਂ ਦੀ ਲਾਪਰਵਾਹੀ ਦਾ ਵੀ ਨਤੀਜਾ ਹੈ ਕਿ ਪਿਛਲੇ ਦੋ ਕੁ ਦਹਾਕਿਆਂ ਤੋਂ ਸਰਕਾਰਾਂ ਨੇ ਅਪਰਾਧਾਂ ’ਚ 16-25 ਸਾਲ ਤੱਕ ਦੇ ਅੱਲ੍ਹੜਾਂ ਤੇ ਨੌਜਵਾਨਾਂ ਦੇ ਸ਼ਾਮਲ ਹੋ ਜਾਣ ਨੂੰ ਗੰਭੀਰਤਾ ਨਾਲ ਨਹੀਂ ਲਿਆ ਸੀ

ਰੋਜ਼ਾਨਾ ਹੀ 30 ਸਾਲ ਤੋਂ ਘੱਟ ਉਮਰ ਦੇ ਨੌਜਵਾਨ ਨਸ਼ਾ ਤਸਕਰੀ, ਲੁੱਟ-ਖੋਹ, ਚੋਰੀਆਂ ਤੇ ਕਈ ਹੋਰ ਅਪਰਾਧਾਂ ’ਚ ਗ੍ਰਿਫ਼ਤਾਰ ਹੁੰਦੇ ਰਹੇ ਸਰਕਾਰਾਂ ਨੇ ਇਸ ਮਸਲੇ ਦੇ ਸਮਾਜਿਕ ਪਹਿਲੂ ਨੂੰ ਬਿਲਕੁਲ ਨਜ਼ਰਅੰਦਾਜ਼ ਕੀਤੀ ਰੱਖਿਆ ਸਰਕਾਰ ਤੇ ਪੁਲਿਸ ਦਾ ਜ਼ੋਰ ਸਿਰਫ਼ ਇਸ ਗੱਲ ’ਤੇ ਹੁੰਦਾ ਹੈ ਕਿ ਅਪਰਾਧੀ ਗ੍ਰਿਫ਼ਤਾਰ ਕਰ ਲਿਆ ਜਾਵੇ ਤੇ ਬਰਾਮਦਗੀ ਵਿਖਾਈ ਜਾਵੇ ਸਰਕਾਰਾਂ ਨੇ ਇਸ ਗੱਲ ਵੱਲ ਜ਼ਰਾ ਵੀ ਗੌਰ ਨਹੀਂ ਕੀਤੀ ਕਿ ਭੋਲੇ-ਭਾਲੇ ਬੱਚੇ ਤੇ ਸਿੱਧੇ-ਸਾਦੇ ਨੌਜਵਾਨ ਅਪਰਾਧਾਂ ’ਚ ਕਿਉਂ ਸ਼ਾਮਲ ਹੁੰਦੇ ਜਾ ਰਹੇ ਹਨ

ਦਿੱਲੀ ਵਰਗੇ ਮਹਾਂਨਗਰਾਂ ’ਚ ਹੁੰਦੇ ਅਪਰਾਧਾਂ ਦੀ ਵੇਖਾਵੇਖੀ ਪੰਜਾਬ ਅੰਦਰ ਵੀ ਉਹੀ ਅਪਰਾਧ ਨਜ਼ਰ ਆਉਣ ਲੱਗੇ ਪੜਤਾਲ ਇਸ ਗੱਲ ਦੀ ਹੋਣੀ ਚਾਹੀਦੀ ਸੀ ਕਿ ਨੌਜਵਾਨ ਅਪਰਾਧਾਂ ਵੱਲ ਕਿਉਂ ਜਾ ਰਹੇ ਹਨ ਬੇਢੰਗਾ ਸਿੱਖਿਆ ਢਾਂਚਾ, ਬੇਰੁਜ਼ਗਾਰੀ, ਮਹਿੰਗਾਈ ਤੇ ਪੱਛਮ ਦੇ ਖਪਤਕਾਰੀ ਸੱਭਿਅਚਾਰ ਦਾ ਮਾੜਾ ਅਸਰ ਵਰਗੀਆਂ ਸਮੱਸਿਆਵਾਂ ਹੀ ਨੌਜਵਾਨਾਂ ਨੂੰ ਭਟਕਾਅ ਗਈਆਂ ਅਜੇ ਵੀ ਡੁੱਲੇ੍ਹ ਬੇਰਾਂ ਦਾ ਕੁਝ ਨਹੀਂ ਵਿਗੜਿਆ, ਸਰਕਾਰਾਂ ਪੁਲਿਸ ਨੂੰ ਸਿਰਫ਼ ਤੇਜ਼, ਮੁਸ਼ਤੈਦ ਤੇ ਆਧੁਨਿਕ ਬਣਾਉਣ ’ਤੇ ਜ਼ੋਰ ਦੇਣ ਦੀ ਥਾਂ ਉਹਨਾਂ ਕਾਰਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਨ ਜਿਨ੍ਹਾਂ ਕਰਕੇ ਨੌਜਵਾਨ ਅਪਰਾਧਾਂ ਵੱਲ ਮੁੜਦੇ ਹਨ

ਪੜ੍ਹਨ ਦੀ ਉਮਰ ਵਾਲੇ ਬੱਚੇ ਪੜ੍ਹਾਈ ਛੱਡ ਕੇ ਅਪਰਾਧਾਂ ’ਚ ਨਾ ਜੁੜਨ ਸਿੱਖਿਆ ਨੂੰ ਰੁਜ਼ਗਾਰਮੁਖੀ ਤੇ ਸਸਤੀ ਜਾਂ ਮੁਫ਼ਤ ਕੀਤਾ ਜਾਵੇ ਤਾਂ ਕਿ ਨੌਜਵਾਨ ਸ਼ਕਤੀ ਸਮਾਜ ’ਚ ਧਮਾਕਾ ਕਰਨ ਦੀ ਬਜਾਇ ਸਿਰਜਣਾਤਮਕ ਕੰਮ ਵੱਲ ਲੱਗੇ ਨੌਜਵਾਨਾਂ ’ਚ ਮਹਿੰਗੇ ਮੋਟਰ ਸਾਈਕਲ, ਗੱਡੀਆਂ, ਮਹਿੰਗੇ ਮੋਬਾਇਲ ਤੇ ਹੋਰ ਗੈਰ-ਜ਼ਰੂਰੀ ਚੀਜਾਂ ਰੱਖਣ ਦੀ ਵਿਖਾਵੇਬਾਜ਼ੀ ਵਾਲੀ ਸੋਚ ਨੂੰ ਤਿਆਗਣ ਵਾਲੇ ਸੱਭਿਆਚਾਰਕ ਮੁੱਲਾਂ ਨੂੰ ਤਰਜੀਹ ਦਿੱਤੀ ਜਾਵੇ ਗੀਤ-ਸੰਗੀਤ ਨੂੰ ਗੱਡੀਆਂ, ਪਿਸਟਲਾਂ, ਵਿਦੇਸ਼ਾਂ ਦੀ ਚਮਕਦਮਕ, ਹੰਕਾਰੀ ਤੇ ਲੜਾਈਖੋਰੇ ਬੋਲਾਂ ’ਚੋਂ ਕੱਢ ਕੇ ਸਾਦਗੀ , ਸੰਤੁਸ਼ਟੀ, ਘਰ-ਪਰਿਵਾਰ ਨਾਲ ਮੋਹ ਭਰੀ ਸਾਂਝ ਵਾਲੇ ਸੱਭਿਆਚਾਰ ਨੂੰ ਮਜ਼ਬੂਤ ਕੀਤਾ ਜਾਵੇ ਚੋਰ ਦੀ ਥਾਂ ਚੋਰ ਦੀ ਮਾਂ ਨੂੰ ਮਾਰਨ ਨਾਲ ਹੀ ਮਸਲਾ ਹੱਲ ਹੋਣਾ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ