ਡੇਅਰੀ ਦੇ ਨਾਂਅ ’ਤੇ ਦੁੱਗਣੇ ਦੇ ਝਾਂਸੇ ਨਾਲ ਲਾਇਆ ਢਾਈ ਕਰੋੜ ਦਾ ਰਗੜਾ

Double Cropped, Scum Name, Dairy

ਐੱਸਐੱਸਪੀ ਕੋਲ ਪੁੱਜਿਆ ਮਾਮਲਾ | Bathinda News

ਬਠਿੰਡਾ (ਅਸ਼ੋਕ ਵਰਮਾ)। ਹਰਿਆਣਾ ਦੀ ਇੱਕ ਚਿੱਟ ਫੰਡ ਕੰਪਨੀ ਨੇ ਡੇਅਰੀ ਫਾਰਮ ਬਣਾਉਣ ਦੇ ਨਾਂਅ ਹੇਠ ਪੈਸੇ ਦੁੱਗਣੇ ਕਰਨ ਦਾ ਝਾਂਸਾ ਦੇਕੇ ਨਿਵੇਸ਼ਕਾਂ ਨੂੰ ਢਾਈ ਕਰੋੜ ਦਾ ਰਗੜਾ ਲਾ ਦਿੱਤਾ ਹੈ ਹੈਰਾਨ ਕਰਨ ਵਾਲਾ ਪਹਿਲੂ ਹੈ ਕਿ ਕੰਪਨੀ ਨੇ ਐਨੇ ਯੋਜਨਾਬੱਧ ਢੰਗ ਨਾਲ ਠੱਗੀ ਮਾਰੀ ਕਿ ਪੈਸਾ ਲਾਉਣ ਵਾਲਿਆਂ ਨੂੰ ਕੰਨੋ ਕੰਨੀ ਖਬਰ ਨਹੀਂ ਹੋਈ ਜਦੋਂ ਤੱਕ ਜਾਣਕਾਰੀ ਮਿਲੀ ਉਦੋਂ ਤੱਕ ਕੰਪਨੀ ਦੇ ਪ੍ਰਬੰਧਕ ਫਰਾਰ ਹੋ ਗਏ ਸਨ ਵਿਸ਼ੇਸ਼ ਤੱਥ ਹੈ ਕਿ ਕੰਪਨੀ ਦੀ ਮਾਰ ਹੇਠ ਆਉਣ ਵਾਲੇ ਜਿਆਦਾਤਰ ਲੋਕ ਤਲਵੰਡੀ ਸਾਬੋ ਦੇ ਰਹਿਣ ਵਾਲੇ ਹਨ ਹੁਣ ਇਨਸਾਫ ਦੀ ਲਹਿਰ ਖਾਤੇਦਾਰ ਯੂਨੀਅਨ ਪੰਜਾਬ ਨੇ ਮਾਮਲਾ ਹੱਥ ’ਚ ਲੈਣ ਉਪਰੰਤ ਐੱਸਐੱਸਪੀ ਬਠਿੰਡਾ ਨੂੰ ਇਨਸਾਫ ਲਈ ਲਿਖਤੀ ਸ਼ਿਕਾਇਤ ਦਿੱਤੀ ਹੈ ਵੇਰਵਿਆਂ ਅਨੁਸਾਰ ਮਾਡਰਨ ਵਿਜ਼ਨ ਕੰਪਨੀ ਦੇ ਐਮਡੀ ਵੱਲੋਂ ਹਰਿਆਣਾ ਦੇ ਭਿਵਾਨੀ (ਹਰਿਆਣਾ) ਵਿਖੇ ਮੁੱਖ ਦਫਤਰ ਬਣਾਇਆ ਹੋਇਆ ਸੀ ਆਖਿਆ ਗਿਆ ਸੀ ਕਿ ਭਿਵਾਨੀ ਵਿਖੇ ਵੱਡੇ ਪੱਧਰ ’ਤੇ ਡੇਅਰੀ ਫਾਰਮਿੰਗ ਦਾ ਧੰਦਾ ਕਰਦੀ ਹੈ। (Bathinda News)

ਇਹ ਵੀ ਪੜ੍ਹੋ : ਆਈਲੈਟਸ ਸੈਂਟਰ ਚਲਾਉਣ ਵਾਲਿਆਂ ਲਈ ਸਰਕਾਰ ਨੇ ਤਿਆਰ ਕੀਤਾ ਐਕਸ਼ਨ ਪਲਾਨ

ਕੰਪਨੀ ਨੇ ਆਪਣੇ ਕਾਰੋਬਾਰ ਦਾ ਵਿਸਥਾਰ ਕਰਨ ਲਈ ਮਾਨਸਾ ਜ਼ਿਲ੍ਹੇ ’ਚ ਵੀ ਇੱਕ ਡੇਅਰੀ ਫਾਰਮ ਖੋਲ੍ਹਣ ਦੀ ਯੋਜਨਾ ਬਣਾਈ ਸੀ ਕੰਪਨੀ ਦੀਆਂ ਮਿੱਠੀਆਂ ਗੱਲਾਂ ’ਚ ਆਕੇ ਲੋਕਾਂ ਨੇ ਧੜਾਧੜ ਪੈਸੇ ਨਿਵੇਸ਼ ਕਰ ਦਿੱਤੇ ਜਦੋਂ ਪੈਸੇ ਵਾਪਿਸ ਕਰਨ ਦੀ ਵਾਰੀ ਆਈ ਤਾਂ ਕੰਪਨੀ ਪ੍ਰਬੰਧਕਾਂ ਨੇ ਸਾਲ 2017 ’ਚ ਕੁਝ ਦੇਰੀ ਦੀ ਗੱਲ ਆਖੀ ਅਤੇ ਇੱਕ ਸਾਲ ਦਾ ਹੋਰ ਸਮਾਂ ਮੰਗ ਲਿਆ ਜਿਸ ਦੇ ਬਦਲੇ ’ਚ ਤਿੰਨ ਤੋਂ ਚਾਰ ਗੁਣਾ ਪੈਸਾ ਦੇਣ ਦਾ ਭਰੋਸਾ ਦਿਵਾਇਆ ਨਿਵੇਸ਼ਕ ਇੱਕ ਵਾਰ ਫਿਰ ਝਾਂਸੇ ’ਚ ਆ ਗਏ।

ਜਿਸ ਦਾ ਸਿੱਟਾ ਉਨ੍ਹਾਂ ਦੀ ਲੁੱਟ ਹੋਣ ਦੇ ਰੂਪ ’ਚ ਨਿਕਲਿਆ ਹੈ ਲੁੱਟ ਦਾ ਸ਼ਿਕਾਰ ਹੋਏ ਲੋਕਾਂ ’ਚ ਜਿਆਦਾਤਰ ਸਧਾਰਨ ਪਰਿਵਾਰਾਂ ਨਾਲ ਸਬੰਧਤ ਹਨ ਜਿਨ੍ਹਾਂ ਨੇ ਆਪਣੇ ਖੂਨ ਪਸੀਨੇ ਦੀ ਕਮਾਈ ’ਚ ਵਾਧਾ ਕਰਨ ਲਈ ਪੈਸਾ ਲਾਇਆ ਸੀ ਜਿਨ੍ਹਾਂ ਨੇ ਹੋਰ ਲੋਕਾਂ ਦੇ ਪੈਸੇ ਜਮ੍ਹਾਂ ਕਰਵਾਏ ਸਨ, ਉਹ ਉਨ੍ਹਾਂ ਨੂੰ ਮੂੰਹ ਵਿਖਾਉਣ ਜੋਗੇ ਨਹੀਂ ਰਹੇ ਕਈਆਂ ਦੀਆਂ ਤਾਂ ਪੈਸੇ ਦੇ ਮਾਮਲੇ ’ਚ ਲੜਾਈਆਂ ਵੀ ਹੋਣ ਲੱਗੀਆਂ ਹਨ। ਐੱਸਐੱਸਪੀ ਨੂੰ ਦਿੱਤੀ ਸ਼ਿਕਾਇਤ ਅਨੁਸਾਰ ਤਲਵੰਡੀ ਸਾਬੋ ਨਾਲ ਸਬੰਧਤ ਤਿੰਨ ਵਿਅਕਤੀਆਂ ਦੇ ਸਭ ਤੋਂ ਵੱਧ ਪੈਸੇ ਫਸੇ ਹਨ ਇਨ੍ਹਾਂ ’ਚ ਨਰੇਸ਼ ਕੁਮਾਰ ਦਾ ਸਭ ਤੋਂ ਵੱਧ 53 ਲੱਖ 44 ਹਜਾਰ 942 ਰੁਪਏ ਫਸੇ ਹੋਏ ਹਨ ਦੂਸਰੇ ਨੰਬਰ ’ਤੇ ਕਮਲਪ੍ਰੀਤ ਸਿੰਘ ਹੈ ਜਿਸ ਦੇ 38 ਲੱਖ 99 ਹਜ਼ਾਰ 282 ਰੁਪਏ ਤੇ ਓਮ ਪ੍ਰਕਾਸ਼ ਦੇ 25 ਲੱਖ 47 ਹਜ਼ਾਰ 264 ਰੁਪਏ ਫਸੇ ਹੋਏ ਹਨ ਇਵੇਂ ਹੀ ਬੰਘੇਰ ਚੜ੍ਹਤ ਸਿੰਘ ਦੇ ਧੰਨਾ ਸਿੰਘ ਨੇ ਕੰਪਨੀ ਤੋਂ 19 ਲੱਖ 49 ਹਜ਼ਾਰ 708 ਰੁਪਏ ਲੈਣੇ ਹਨ।

ਇਹ ਵੀ ਪੜ੍ਹੋ : ਜੀਓ ਨੇ ਦਿੱਲੀ, ਮੁੰਬਈ ਸਮੇਤ 8 ਵੱਡੇ ਸ਼ਹਿਰਾਂ ’ਚ ‘ਏਅਰ ਫਾਈਬਰ ਸੇਵਾ’ ਕੀਤੀ ਲਾਂਚ

ਜਦੋਂਕਿ ਬਲਦੇਵ ਸਿੰਘ ਵਾਸੀ ਮਲਕਾਣਾ ਦੇ 18 ਲੱਖ 78 ਹਜ਼ਾਰ ਰੁਪਏ, ਧਰਿੰਦਰ ਪਾਲ ਸਿੰਘ ਵਾਸੀ ਕਣਕਵਾਲਾ ਦਾ 15 ਲੱਖ 16 ਹਜ਼ਾਰ 156 ਰੁਪਏ, ਅਸ਼ੋਕ ਕੁਮਾਰ ਵਾਸੀ ਤਲਵੰਡੀ ਸਾਬੋ ਦੇ 5 ਲੱਖ 9 ਹਜ਼ਾਰ 156 ਰੁਪਏ, ਰਣਜੀਤ ਸਿੰਘ ਵਾਸੀ ਤਲਵੰਡੀ ਸਾਬੋ ਦੇ 13 ਲੱਖ 75 ਹਜਾਰ 426 ਰੁਪਏ ਤੇ ਹਰੀ ਸਿੰਘ ਵਾਸੀ ਤਲਵੰਡੀ ਸਾਬੋ ਦੇ 11 ਲੱਖ 96 ਹਜ਼ਾਰ 638 ਰੁਪਏ ਲਟਕੇ ਪਏ ਹਨ ਇਸ ਤੋਂ ਬਿਨਾਂ ਤਿੰਨ ਨਿਵੇਸ਼ਕ ਅਜਿਹੇ ਵੀ ਸਾਹਮਣੇ ਆਏ ਹਨ ਜਿਨ੍ਹਾਂ ਦਾ ਤਕਰੀਬਨ ਢਾਈ ਤੋਂ ਸੱਤ ਲੱਖ ਰੁਪਿਆ ਇਸ ਕੰਪਨੀ ਵੱਲ ਅਟਕਿਆ ਪਿਆ ਹੈ।

ਮੁਲਜ਼ਮਾਂ ਨੂੰ ਗ੍ਰਿਫਤਾਰ ਕਰੇ ਪੁਲਿਸ | Bathinda News

ਚਿੱਟ ਫੰਡ ਕੰਪਨੀਆਂ ਖਿਲਾਫ ਜਨਤਕ ਲਹਿਰ ਚਲਾ ਰਹੀ ‘ਇਨਸਾਫ ਦੀ ਲਹਿਰ ਖਾਤੇਦਾਰ ਯੂਨੀਅਨ ਪੰਜਾਬ’ ਦੇ ਚੇਅਰਮੈਨ ਗੁਰਭੇਜ ਸਿੰਘ ਸੰਧੂ ਬਾਜਾਖਾਨਾ ਦਾ ਕਹਿਣਾ ਸੀ ਕਿ ਕੰਪਨੀ ਵੱਲੋਂ ਨਿਵੇਸ਼ਕਾਂ ਨਾਲ ਕਰੀਬ ਢਾਈ ਕਰੋੜ ਰੁਪਏ ਦੀ ਠੱਗੀ ਦੇ ਮਾਮਲੇ ਸਬੰਧੀ ਐੱਸਐੱਸਪੀ ਬਠਿੰਡਾ ਨੂੰ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਗਈ ਹੈ ਉਨ੍ਹਾਂ ਕਿਹਾ ਕਿ ਪੁਲਿਸ ਅਧਿਕਾਰੀ ਮਾਮਲੇ ਦੀ ਪੜਤਾਲ ਉਪਰੰਤ ਮੁਲਜ਼ਮਾਂ ਨੂੰ ਗ੍ਰਿਫਤਾਰ ਕਰੇ ਤੇ ਪੀੜਤ ਪਰਿਵਾਰਾਂ ਦਾ ਲੁੱਟਿਆ ਪੈਸਾ ਵਾਪਸ ਦਿਵਾਏ ਸ੍ਰੀ ਸੰਧੂ ਨੇ ਆਖਿਆ ਕਿ ਜੇਕਰ ਪੁਲਿਸ ਅਗਲੀ ਕਾਰਵਾਈ ’ਚ ਅਸਫਲ ਰਹਿੰਦੀ ਹੈ ਤਾਂ ਜੱਥੇਬੰਦੀ ਵੱਲੋਂ ਪੀੜਤ ਪਰਿਵਾਰਾਂ ਦੀ ਮੀਟਿੰਗ ਸੱਦ ਕੇ ਅਗਲਾ ਪ੍ਰੋਗਰਾਮ ਉਲੀਕਿਆ ਜਾਏਗਾ।

ਕੰਪਨੀ ਦੇ ਝਾਂਸੇ ’ਚ ਆ ਕੇ ਲੁਟਾਈ ਪੂੰਜੀ | Bathinda News

ਸ਼ਿਕਾਇਤਕਰਤਾ ਓਮ ਪ੍ਰਕਾਸ਼ ਦਾ ਕਹਿਣਾ ਸੀ ਕਿ ਸਾਲ 2012 ’ਚ ਉਸ ਦੇ ਕਰੀਬ ਇੱਕ ਦਰਜਨ ਸਾਥੀਆਂ ਨਾਲ ਕੰਪਨੀ ਪ੍ਰਬੰਧਕਾਂ ਨੇ ਮੁਲਾਕਾਤ ਕਰਕੇ ਪੈਸੇ ਨਿਵੇਸ਼ ਕਰਨ ਲਈ ਕਿਹਾ ਸੀ ਉਨ੍ਹਾਂ ਕਿਹਾ ਸੀ ਕਿ ਪੰਜ ਸਾਲ ਦੇ ਅੰਦਰ ਅੰਦਰ ਦੁੱਗਣੇ ਪੈਸੇ ਵਾਪਸ ਕੀਤੇ ਜਾਣਗੇ ਉਨ੍ਹਾਂ ਦੱਸਿਆ ਕਿ ਪ੍ਰਬੰਧਕਾਂ ਦੇ ਝਾਂਸੇ ’ਚ ਆ ਕੇ ਜ਼ਿੰਦਗੀ ਭਰ ਦੀ ਪੂੰਜੀ ਕੰਪਨੀ ਹਵਾਲੇ ਕਰ ਦਿੱਤੀ, ਜਿਸ ਦਾ ਸਿੱਟਾ ਕਰੀਬ ਢਾਈ ਕਰੋੜ ਰੁਪਏ ਦੀ ਠੱਗੀ ਦੇ ਰੂਪ ’ਚ ਨਿਕਲਿਆ ਹੈ ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮਾਮਲੇ ਦੀ ਜਾਂਚ ਕਰਕੇ ਕੰਪਨੀ ਪ੍ਰਬੰਧਕਾਂ ਖਿਲਾਫ ਕਾਰਵਾਈ ਤੇ ਉਨ੍ਹਾਂ ਦੇ ਪੈਸੇ ਵਾਪਸ ਕਰਵਾਉਣ ਦੀ ਮੰਗ ਕੀਤੀ।

ਪੜਤਾਲ ਉਪਰੰਤ ਕਾਰਵਾਈ : ਐੱਸਐੱਸਪੀ

ਸੀਨੀਅਰ ਪੁਲਿਸ ਕਪਤਾਨ ਬਠਿੰਡਾ ਡਾ. ਨਾਨਕ ਸਿੰਘ ਦਾ ਕਹਿਣਾ ਸੀ ਕਿ ਸ਼ਿਕਾਇਤ ਦੀ ਪੜਤਾਲ ਤੋਂ ਬਾਅਦ ਜੋ ਵੀ ਤੱਥ ਸਾਹਮਣੇ ਆਏ ਉਨ੍ਹਾਂ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਏਗੀ। (Bathinda News)

LEAVE A REPLY

Please enter your comment!
Please enter your name here