ਚਿੱਟੇ ਦੀ ਲਪੇਟ ‘ਚ ਆਏ ਨੌਜਵਾਨ ਨੂੰ ਪਰਿਵਾਰ ਨੇ ਸੰਗਲਾਂ ਨਾਲ ਕੈਦ ਕੀਤਾ

Imprisoned, Family, Chain Wrapped, Chitta

ਬਾਗੜੀਆਂ ਤੇ ਰੋਹਟੀ ਪੁਲ ਮੁੜ ਬਣੇ ‘ਚਿੱਟੇ’ ਨਸ਼ੇ ਦੇ ਹੱਬ

ਤਰੁਣ ਕੁਮਾਰ ਸ਼ਰਮਾ, ਨਾਭਾ

ਇੱਕ ਪਾਸੇ ਪੰਜਾਬ ਸਰਕਾਰ ਸੂਬੇ ਵਿੱਚੋਂ ਨਸ਼ੇ ਦੇ ਖਾਤਮੇ ਦੇ ਦਾਅਵੇ ਕਰ ਰਹੀ ਹੈ ਜਦਕਿ ਦੂਜੇ ਪਾਸੇ ਸੂਬੇ ‘ਚ ਨਸ਼ੇ ਦਾ ਛੇਵਾਂ ਦਰਿਆ ਅੱਜ ਵੀ ਬਦਸਤੂਰ ਵਗ ਰਿਹਾ ਹੈ। ਮੌਜੂਦਾ ਸਮੇਂ ਨਾਭਾ ਰੋਹਟੀ ਪੁਲ ਇਲਾਕਾ ਤੇ ਸੰਗਰੂਰ ਦਾ ਬਾਗੜੀਆਂ ਪਿੰਡ ਨਸ਼ੇ ਦੇ ਹੱਬ ਬਣ ਗਏ ਹਨ, ਜਿੱਥੇ ‘ਚਿੱਟੇ’ ਦਾ ਨਸ਼ਾ ਖੁੱਲ੍ਹੇਆਮ ਵਿਕ ਰਿਹਾ ਹੈ। ਕਮਾਲ ਦੀ ਗੱਲ ਇਹ ਹੈ ਕਿ ਪੰਜਾਬ ਪੁਲਿਸ ਨੂੰ ਇਨ੍ਹਾਂ ਠਿਕਾਣਿਆਂ ਦੇ ਪਤਾ ਹੋਣ ਬਾਵਜ਼ੂਦ ਇਹ ਠਿਕਾਣੇ ਨਾ ਸਿਰਫ ਬਦਸਤੂਰ ਆਪਣਾ ਕੰਮ ਕਰ ਰਹੇ ਹਨ, ਸਗੋਂ ਨਸ਼ੇ ਦੇ ਵਪਾਰ ਵਿੱਚ ਔਰਤਾਂ ਵੀ ਸ਼ਾਮਲ ਹੋ ਕੇ ਵਹਿੰਦੀ ਗੰਗਾ ‘ਚ ਹੱਥ ਧੋ ਰਹੀਆਂ ਹਨ। ‘ਚਿੱਟੇ’ ਦੇ ਇਸ ਮੱਕੜਜਾਲ ਵਿੱਚ ਨੌਜਵਾਨ ਪੀੜ੍ਹੀ ਬਦਸਤੂਰ ਫਸਦੀ ਜਾ ਰਹੀ ਹੈ ਜੋ ਕਿ ਕੁਝ ਪਲਾਂ ਦੇ ਆਨੰਦ ਲੈਣ ਦੀ ਹੋੜ ਤੋਂ ਬਾਅਦ ਕਈ ਵੱਡੇ ਅਪਰਾਧਾਂ ਵੱਲ ਆਕਰਸ਼ਿਤ ਹੁੰਦੀ ਜਾ ਰਹੀ ਹੈ।

ਤਾਜ਼ਾ ਮਾਮਲਾ ਸਾਹਮਣੇ ਆਇਆ ਨਾਭਾ ਦੇ ਪਿੰਡ ਅਲੋਹਰਾਂ ਦਾ। ਇੱਥੋਂ ਦੇ ਇੱਕ ਗਰੀਬ ਪਰਿਵਾਰ ਦਾ ਲਾਡਲਾ ਪੁੱਤਰ ‘ਚਿੱਟੇ’ ਦੀ ਜਕੜ ਵਿੱਚ ਅਜਿਹਾ ਆਇਆ ਕਿ ਉਸ ਦੇ ਮਾਪਿਆਂ ਨੂੰ ਉਸ ਨੂੰ ਸੰਗਲਾਂ ਨਾਲ ਬੰਨਣਾ ਪੈ ਗਿਆ ਹੈ। ਸੰਦੀਪ ਨਾਮੀ ਇਸ ਨੌਜਵਾਨ ਨੇ ਮੰਨਿਆ ਕਿ ਉਹ ‘ਚਿੱਟੇ’ ਦੇ ਇਸ ਨਾਮੁਰਾਦ ਨਸ਼ੇ ਦਾ ਸ਼ਿਕਾਰ ਹੋ ਗਿਆ ਹੈ ਤੇ ਚਿੱਟੇ ਦਾ ਇਹ ਨਸ਼ਾ ਨਾਭਾ ਦੇ ਰੋਹਟੀ ਪੁਲ ਤੇ ਸੰਗਰੂਰ ਦੇ ਬਾਗੜੀਆਂ ਪਿੰਡ ਤੋਂ ਖੁੱਲ੍ਹ੍ਹੇਆਮ ਬਿਨਾਂ ਕਿਸੇ ਡਰ ਤੇ ਰੋਕਥਾਮ ਦੇ ਆਸਾਨੀ ਨਾਲ ਮਿਲ ਜਾਂਦਾ ਹੈ। ਉਸ ਨੇ ਕਿਹਾ ਕਿ ਉਹ ਆਪਣੇ ਮਨੋਂ ਇਸ ਨਸ਼ੇ ਨੂੰ ਛੱਡਣਾ ਚਾਹੁੰਦਾ ਹੈ, ਜਿਸ ਕਾਰਨ ਉਸ ਦੇ ਪਰਿਵਾਰ ਨੇ ਸੰਗਲਾਂ ਨਾਲ ਉਸ ਨੂੰ ਕੈਦ ਕੀਤਾ ਹੈ।

ਚਿੱਟੇ ਨਾਮੀ ਨਸ਼ੇ ਦੇ ਪੀੜਤ ਇਸ ਨੌਜਵਾਨ ਦੇ ਪਿਤਾ ਨੇ ਦੱਸਿਆ ਕਿ ਉਹ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਿਹਾ ਹੈ ਪਰੰਤੂ ਆਪਣੇ ਪੁੱਤਰ ਨੂੰ ਨਸ਼ੇ ਦੀ ਇਸ ਮਾੜੀ ਦੁਨੀਆਂ ਤੋਂ ਆਜ਼ਾਦ ਕਰਾਉਣ ਲਈ ਉਸ ਨੂੰ ਹਰ ਦਿਨ ਪਹਿਰਾ ਦੇਣਾ ਪੈਂਦਾ ਹੈ, ਜਿਸ ਕਾਰਨ ਉਸ ਦਾ ਰੁਜ਼ਗਾਰ ਵੀ ਹੱਥੋਂ ਠੁੱਸ ਗਿਆ ਹੈ। ਉਸ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਪੁਲਿਸ ਸਿਰਫ ਨਾਂਅ ਦੇ ਹੀ ਹਨ। ਪੁਲਿਸ ਨਸ਼ਾ ਸਮੱਗਲਰਾਂ ‘ਤੇ ਨਸ਼ੇ ਵਿਕਣ ਤੋਂ ਰੋਕ ਲਗਾਉਣ ਦੀ ਬਜਾਏ ਉਸ ਨੂੰ ਆਪਣੇ ਪੁੱਤਰ ਨੂੰ ਸੁਧਾਰਨ ਦਾ ਹੀ ਵੱਡਮੁੱਲੀ ਸਲਾਹ ਦਿੰਦੀ ਆ ਰਹੀ ਹੈ।

ਪੀੜਤ ਦੀ ਮਾਂ ਨੇ ਦੱਸਿਆ ਕਿ ਉਹ ਕਈ ਘਰਾਂ ਵਿੱਚ ਭਾਂਡੇ ਮਾਂਜ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੀ ਆ ਰਹੀ ਹੈ ਪਰੰਤੂ ਸਰਕਾਰ ਵੱਲੋਂ ਕੋਈ ਸਹਾਇਤਾ ਨਹੀਂ ਹੈ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ‘ਚਿੱਟੇ’ ਨਾਮੀ ਇਸ ਨਸ਼ੇ ਦੀ ਜਕੜ ‘ਚੋਂ ਨੌਜਵਾਨ ਪੀੜ੍ਹੀ ਨੂੰ ਬਾਹਰ ਕੱਢਣ ਲਈ ਪੰਜਾਬ ਪੁਲਿਸ ਕੋਈ ਕਦਮ ਚੁੱਕਦੀ ਹੈ ਜਾਂ ਪਹਿਲਾਂ ਦੀ ਤਰ੍ਹਾਂ ਬਦਸਤੂਰ ਹੱਥ ‘ਤੇ ਹੱਥ ਧਰ ਕੇ ਬੈਠੀ ਰਹਿੰਦੀ ਹੈ।

ਉਪਰੋਕਤ ਸਥਿਤੀ ਬਾਰੇ ਡੀਐੱਸਪੀ ਨਾਭਾ ਵਰਿੰਦਰਜੀਤ ਸਿੰਘ ਥਿੰਦ ਨੇ ਭਰੋਸਾ ਦਿੰਦਿਆਂ ਕਿਹਾ ਕਿ ਪੰਜਾਬ ਪੁਲਿਸ ਨੇ ਨਸ਼ਾ ਸਮੱਗਲਰਾਂ ਨੂੰ ਭਾਜੜਾਂ ਪਾ ਰੱਖੀਆਂ ਹਨ। ਉਪਰੋਕਤ ਧਿਆਨ ਵਿੱਚ ਆਏ ਇਲਾਕਿਆਂ ਵਿੱਚ ਪਹਿਲਾਂ ਹੀ ਸਖਤੀ ਵਰਤੀ ਜਾ ਰਹੀ ਹੈ ਤੇ ਭਵਿੱਖ ਵਿੱਚ ਹੋਰ ਸਖਤੀ ਵਰਤ ਕੇ ਨਸ਼ਾ ਸਮੱਗਲਰਾਂ ਨੂੰ ਉਨ੍ਹਾਂ ਦੇ ਸਹੀ ਮੁਕਾਮ ਜੇਲ੍ਹ ‘ਚ ਪਹੁੰਚਾਇਆ ਜਾਵੇਗਾ। ਉਨ੍ਹਾਂ ਆਮ ਪਬਲਿਕ ਨੂੰ ਅਪੀਲ ਕੀਤੀ ਕਿ ਪੰਜਾਬ ਪੁਲਿਸ ਨਸ਼ਾ ਸਮੱਗਲਰਾਂ ਖਿਲਾਫ ਪੂਰੀ ਤਰ੍ਹਾਂ ਮੁਸਤੈਦ ਹੈ ਪਰੰਤੂ ਆਮ ਜਨਤਾ ਦੇ ਸਹਿਯੋਗ ਸਦਕਾ ਅਸੀਂ ਇਨ੍ਹਾਂ ਸਮੱਗਲਰਾਂ ਨੂੰ ਜਲਦ ਨਕੇਲ ਪਾ ਸਕਦੇ ਹਾਂ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here