ਸਮਾਜ ਵਿੱਚ ਔਰਤ ਦੀ ਅਹਿਮ ਭੂਮਿਕਾ
ਯੋਗਦਾਨ ਦਾ ਅਰਥ ਹੈ ਕਿਸੇ ਵੀ ਮੁੱਦੇ ਨੂੰ ਵਿਚਾਰਨ ਜਾਂ ਵਿਸਥਾਰ ਕਰਨ ਵਾਸਤੇ ਆਪਣਾ ਹਿੱਸਾ ਪਾਉਣਾ ਇਹ ਹਿੱਸਾ ਕਿਸੇ ਵੀ ਰੂਪ ਵਿੱਚ ਹੋ ਸਕਦਾ ਹੈ ਕਿਉਂਕਿ ਇੱਥੇ ਅਸੀਂ ਔਰਤ ਦੇ ਯੋਗਦਾਨ ਬਾਰੇ ਵਿਚਾਰ ਕਰਨਾ ਹੈ ਅਤੇ ਸਪੱਸ਼ਟੀਕਰਨ ਦੇਣਾ ਹੈ ਸੋ ਔਰਤ ਦੇ ਸਮਾਜ ਵਿੱਚ ਸਥਾਨ ਬਾਰੇ ਚਰਚਾ ਕਰਨਾ ਜ਼ਰੂਰੀ ਬਣਦਾ ਹੈ ਇਹ ਦੱਸਣਾ ਵੀ ਲਾਜ਼ਮੀ ਹੈ ਕਿ ਜੋ ਪ੍ਰਾਣੀ ਕੁਝ ਸਮਾਂ ਪਹਿਲਾਂ ਆਪ ਹੀ ਘੁਟਵੇਂ ਮਾਹੌਲ ਵਿੱਚ ਅਤੇ ਦੂਜਿਆਂ ਉੱਪਰ ਨਿਰਭਰ ਰਿਹਾ ਹੋਵੇ, ਹੁਣ ਉਹ ਯੋਗਦਾਨ ਕਰਨ ਦੇ ਸਮਰੱਥ ਵੀ ਹੋ ਗਿਆ ਹੈ ਉਂਜ ਤਾਂ ਇਹ ਕਹਾਣੀ ਬਹੁਤ ਲੰਮੀ ਹੈ ਪਰ ਇੱਥੇ ਇਸ ਨੂੰ ਸੰਖੇਪ ਵਿੱਚ ਹੀ ਲਿਖਿਆ ਜਾਵੇਗਾ, ਨਹੀਂ ਤਾਂ ਵਿਸ਼ੇ ਤੋਂ ਭਟਕਣ ਹੋ ਸਕਦੀ ਹੈ ਜਿਵੇਂ ਆਪਾਂ ਸਭ ਜਾਣਦੇ ਹਾਂ ਕਿ ਔਰਤ ਵਧੀਕ ਸਮੇਂ ਤੱਕ ਕਾਫੀ ਸਹੂਲਤਾਂ ਤੋਂ ਵਾਂਝੀ ਰਹੀ ਹੈ
ਸਾਰਿਆਂ ਦੇ ਦਿਲ-ਦਿਮਾਗ਼ ਵਿੱਚ ਇਕੱਠੇ ਹੀ ਤੇ ਇੱਕਦਮ ਕੋਈ ਫੁਰਨਾ ਨਹੀਂ ਫੁਰਦਾ; ਇਹ ਤਾਂ ਗਿਣੇ-ਚੁਣੇ ਲੋਕਾਂ ਵੱਲੋਂ ਸ਼ੁਰੂਆਤ ਕੀਤੀ ਜਾਂਦੀ ਹੈ ਤੇ ਨਿਰੰਤਰ ਚੱਲਦੇ ਰਹਿਣ ਨਾਲ ਕਾਮਯਾਬੀ ਹਾਸਲ ਕੀਤੀ ਜਾਂਦੀ ਹੈ ਜਿਸ ਦਾ ਲਾਭ ਸਮੁੱਚੇ ਵਰਗ ਨੂੰ ਮਿਲ ਜਾਂਦਾ ਹੈ ਜੇ ਵਿਚਾਰਿਆ ਜਾਵੇ ਤਾਂ ਔਰਤ ਦਾ ਸਭ ਤੋਂ ਵੱਡਾ ਯੋਗਦਾਨ ਇਹੀ ਹੈ ਕਿ ਉਹ ਸਭ ਕੁਝ ਸਹਿੰਦੀ ਰਹੀ ਹੈ ਕਿਸੇ ਸਮੇਂ ਘਰ ਵਿੱਚ ਸੀਮਤ ਰਹਿਣ ਵਾਲੀ ਔਰਤ ਅੱਜ ਹਰ ਖੇਤਰ ਵਿੱਚ ਆਪਣਾ ਰੋਲ ਬਾਖ਼ੂਬੀ ਨਿਭਾ ਰਹੀ ਹੈ
ਉਂਜ ਸਾਡਾ ਸਮਾਜ ਸ਼ੁਰੂ ਤੋਂ ਹੀ ਮਰਦ ਪ੍ਰਧਾਨ ਰਿਹਾ ਹੈ ਮਰਦ ਅਤੇ ਔਰਤ ਵਿੱਚ ਸਰੀਰਕ ਵਖਰੇਵਾਂ ਅਟੱਲ ਸੱਚਾਈ ਹੈ, ਪਰ ਸਰੀਰਕ ਭਿੰਨਤਾ ਇੱਕ ਦੇ ਉੱਚੇ ਹੋਣ ਅਤੇ ਦੂਜੇ ਦੇ ਨੀਵੇਂ ਹੋਣ ਦੀ ਸਥਾਪਨਾ ਨਹੀਂ ਕਰ ਸਕਦੀ ਇਹ ਫ਼ਰਕ ਤਾਂ ਸੋਚ ’ਤੇ ਅਧਾਰਿਤ ਹੈ ਇੱਕ ਸਿਹਤਮੰਦ ਸਮਾਜ ਵਾਸਤੇ ਇਨ੍ਹਾਂ ਦੋਹਾਂ ਵਿੱਚ ਸਹਿਯੋਗ ਦਾ ਹੋਣਾ ਜ਼ਰੂਰੀ ਹੈ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਦੋਵੇਂ ਸਮਾਜ ਰੂਪੀ ਗੱਡੀ ਦੇ ਦੋ ਪਹੀਏ ਹਨ ਗੱਡੀ ਦੇ ਭਲੀਭਾਂਤ ਚੱਲਣ ਵਾਸਤੇ ਦੋਵਾਂ ਪਹੀਆਂ ਵਿੱਚ ਇੱਕਸਾਰਤਾ ਦਾ ਹੋਣਾ ਬਹੁਤ ਜ਼ਰੂਰੀ ਹੈ ਦੋਵੇਂ ਹੀ ਇੱਕ-ਦੂਜੇ ਦੇ ਸੰਪੂਰਕ ਹਨ
ਹਨ੍ਹੇਰੇ ਨਾਲ ਲੜਾਈਆਂ ਕਰ-ਕਰ ਕੇ ਔਰਤ ਨੇ ਸਮਾਜ ਵਿੱਚ ਚਾਨਣ ਦਾ ਛਿੱਟਾ ਖਿਲਾਰ ਦਿੱਤਾ ਹੈ ਭਾਵੇਂ ਔਰਤ ਹੋਵੇ ਜਾਂ ਮਰਦ, ਹਰ ਬਦਲਾਅ ਨਾਲ ਨਵੇਂ ਸਮਾਜ ਦੀ ਸਿਰਜਣਾ ਹੁੰਦੀ ਹੈ ਕੋਈ ਵੀ ਬਦਲਾਅ ਸੋਚ ਦੇ ਬਦਲਾਅ ਕਾਰਨ ਹੀ ਆਉਂਦਾ ਹੈ ਪਹਿਲਾਂ-ਪਹਿਲਾਂ ਪੱਛਮੀ ਦੇਸ਼ਾਂ ਵਿੱਚ ਔਰਤਾਂ ਨੇ ਆਪਣੇ ਅਧਿਕਾਰਾਂ ਦੀ ਪ੍ਰਾਪਤੀ ਵਾਸਤੇ ਸੰਘਰਸ਼ ਕੀਤਾ ਇਸ ਦੇ ਨਾਲ-ਨਾਲ ਪੂਰਬ ਵੱਲ ਅਰਥਾਤ ਭਾਰਤ ਵੱਲ ਵੀ ਕਾਫੀ ਤਬਦੀਲੀਆਂ ਆ ਗਈਆਂ ਘਰ ਵਿੱਚ ਸੀਮਤ ਰਹਿਣ ਵਾਲੀ ਔਰਤ ਅੱਜ ਦੇ ਕੰਪਿਊਟਰੀ ਯੁੱਗ ਵਿੱਚ ਹਰ ਪਖੋਂ ਮਰਦ ਦੇ ਬਰਾਬਰ ਸਮਾਜ ਵਿੱਚ ਵਿਚਰ ਰਹੀ ਹੈ ਇਹ ਇੱਕ ਯੋਗਦਾਨ ਨਹੀਂ ਤਾਂ ਹੋਰ ਕੀ ਹੈ?
ਸਿੱਖ ਇਤਿਹਾਸ ਵਿਚ ਔਰਤਾਂ ਦੇ ਯੋਗਦਾਨ ਦਾ ਜ਼ਿਕਰ ਆਉਂਦਾ ਹੈ ਬੇਬੇ ਨਾਨਕੀ ਦੁਨਿਆਵੀ ਰਿਸ਼ਤੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਭੈਣ ਸਨ, ਦਾ ਬਹੁਤ ਵੱਡਾ ਯੋਗਦਾਨ ਹੈ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਗੁਰੂ ਜੀ ਦੇ ਰੂਹਾਨੀ ਗੁਣ ਦੀ ਪਹਿਚਾਣ ਕਰਕੇ ਦੁਨੀਆਂ ਨੂੰ ਇੱਕ ਸਤਿਗੁਰ ਦੀ ਬਖ਼ਸ਼ਿਸ਼ ਕੀਤੀ ਮਾਤਾ ਸੁਲੱਖਣੀ ਨੇ ਗੁਰੂ ਸਾਹਿਬ ਦੇ ਉਦਾਸੀਆਂ ’ਤੇ ਜਾਣ ਤੋਂ ਬਾਦ ਪਰਿਵਾਰ ਦੀ ਦੇਖਭਾਲ ਕਰਕੇ ਆਪਣਾ ਯੋਗਦਾਨ ਪਾਇਆ ਮਾਤਾ ਗੁਜ਼ਰ ਕੌਰ ਜੀ ਦੇ ਯੋਗਦਾਨ ਤੋਂ ਕੌਣ ਵਾਕਿਫ਼ ਨਹੀਂ? ਗੁਰੂ ਜੀ ਦੀ ਤਪੱਸਿਆ ਵੇਲੇ ਸਹਿਯੋਗ ਦੇਣਾ ਇੱਕ ਬਹੁਤ ਵੱਡਾ ਯੋਗਦਾਨ ਸੀ ਫਿਰ ਜਦੋਂ ਮੁਗਲਾਂ ਨਾਲ ਖਿੱਚੋਤਾਣ ਚੱਲ ਰਹੀ ਸੀ, ਯੁੱਧ ਚੱਲ ਰਹੇ ਸਨ ਉਸ ਸਮੇਂ ਯੋਧਿਆਂ ਨੂੰ ਲੰਗਰ ਪਹੁੰਚਾਉਣ ਵਿੱਚ ਔਰਤਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ
ਮਾਈ ਭਾਗੋ ਦਾ ਨਾਂਅ ਕੌਣ ਨਹੀਂ ਜਾਣਦਾ ਜਿਸ ਨੇ ਬੇਦਾਵਾ ਲਿਖ ਕੇ ਆਏ ਸਿੰਘਾ ਨੂੰ ਮੇਹਣੇ ਮਾਰ ਕੇ ਉਨ੍ਹਾਂ ਦੀਆਂ ਆਤਮਾ ਨੂੰ ਝੰਜੋੜਿਆ ਸਭ ਇਤਿਹਾਸਕਾਰ ਮੰਨਦੇ ਹਨ ਕਿ ਰਾਣੀ ਸਦਾ ਕੌਰ ਹਿੰਦੁਸਤਾਨ ਦੀਆਂ ਮਾਇਨਾਜ਼ ਔਰਤਾਂ ਵਿਚੋਂ ਸਰਵਉੱਚ ਦਰਜ਼ਾ ਰੱਖਦੀ ਹੈ ਲਗਾਤਾਰ 1792 ਤੋਂ 1825 ਤੱਕ ਪੰਜਾਬ ਦੀ ਸੇਵਾ ਕੀਤੀ ਬਹੁਤ ਔਰਤਾਂ ਨੇ ਮਰਦਾਂ ਦੇ ਮੋਢੇ ਨਾਲ ਮੋਢਾ ਡਾਹ ਕੇ ਪੰਜਾਬ ਦੀ ਸੇਵਾ ਕੀਤੀ ਆਪਣੇ ਮਾਸੂਮ ਬਚਿਆਂ ਦੇ ਟੋਟੇ ਕਰਵਾ ਕੇ ਗਲਾਂ ਵਿੱਚ ਹਾਰ ਪਵਾਏ ਸਵਾ-ਸਵਾ ਮਣ ਦਾ ਪੀਸਣ ਪੀਸਿਆ ਮਹਾਰਾਣੀ ਜਿੰਦਾਂ ਦਾ ਯੋਗਦਾਨ ਯੋਗਦਾਨ ਉਚੇਚਾ ਧਿਆਨ ਮੰਗਦਾ ਹੈ ਅੰਗਰੇਜ਼ ਲਾਰਡ ਡਲਹੌਜ਼ੀ ਨੇ ਕਿਹਾ ਸੀ ਕਿ ਇਸ ਸਮੇਂ ਇੱਕ ਹੀ ਮਰਦ ਹੈ ਅਤੇ ਉਹ ਹੈ ਰਾਣੀ ਜਿੰਦਾਂ
ਗੁਰੂ ਸਾਹਿਬ ਜੀ ਨੇ ਜੋ ਪਦਵੀ ਔਰਤ ਨੂੰ ਬਖ਼ਸੀ ਸੀ, ਉਸ ਮੁਤਾਬਿਕ ਆਪਣੇ ਕਰਤੱਵ ਨਿਭਾ ਕੇ ਆਪਣੀ ਪਦਵੀ ਨੂੰ ਲਾਜ ਨਾ ਲੱਗਣ ਦਿੱਤੀ ਅੰਗਰੇਜ਼ਾਂ ਵਿਰੁੱਧ ਸੰਗਰਾਮ ਵਿੱਚ ਮਹਾਂਰਾਣੀ ਝਾਂਸੀ ਦਾ ਯੋਗਦਾਨ ਜ਼ਿਕਰਯੋਗ ਅਤੇ ਕਾਬਿਲੇ ਤਾਰੀਫ਼ ਹੈ ਅੱਜ ਵੀ ਜੋ ਔਰਤਾਂ ਬਹਾਦਰੀ ਨਾਲ ਆਪਣੇ ਹੱਕ ਮੰਗਦੀਆਂ ਹਨ ਉਨ੍ਹਾਂ ਦੀ ਤੁਲਨਾ ਮਹਾਂਰਾਣੀ ਝਾਂਸੀ ਨਾਲ ਕੀਤੀ ਜਾਂਦੀ ਹੈ ਕ੍ਰਾਂਤੀਕਾਰੀ ਲਹਿਰ ਵਿੱਚ ਦੁਰਗਾ ਭਾਬੀ ਦਾ ਯੋਗਦਾਨ ਵੀ ਸਨਮਾਨਯੋਗ ਜ਼ਿਕਰ ਮੰਗਦਾ ਹੈ
ਭਾਰਤ ਤੋਂ ਬਾਹਰ ਹੋਰ ਦੇਸ਼ਾਂ ਦੀਆਂ ਔਰਤਾਂ ਦਾ ਯੋਗਦਾਨ ਵੀ ਸ਼ਲਾਘਾਯੋਗ ਹੈ ਇਟਲੀ ਦੀ ਫਲੋਰੈਂਸ ਨਾਇਟਿੰਗੇਲ ਨੂੰ ਕੌਣ ਭੁੱਲ ਸਕਦਾ ਹੈ! ਅਸਲ ਵਿੱਚ ਅਜੋਕੇ ਸਮਾਜ ਦੀ ਰਚਨਾ ਵਿੱਚ ਫਲੋਰੈਂਸ ਦਾ ਬਹੁਤ ਵੱਡਾ ਯੋਗਦਾਨ ਹੈ ਘਰੋਂ ਬਾਹਰ ਨਿੱਕਲ ਕੇ ਕੰਮ ਕਰਨ ਦੀ ਸ਼ੁਰੂਆਤ ਉਨ੍ਹਾਂ ਨੇ ਹੀ ਕੀਤੀ ਸੀ ਹੈਲਨ ਕੇਲਰ ਨੇ ਨਜ਼ਰ ਹੀਣ ਵਿਅਕਤੀਆਂ ਵਾਸਤੇ ਬਰੇਲ ਵਿਵਸਥਾ ਵਿੱਚ ਬਹੁਤ ਸੁਧਾਰ ਕੀਤਾ ਮੈਰੀ ਕਿਊਰੀ ਦੋ ਤੱਤਾਂ ਦੀ ਖੋਜ ਕਰਕੇ ਨੋਬਲ ਪੁਰਸਕਾਰ ਜੇਤੂ ਬਣੀ ਇਹ ਸਮਾਜ ਨੂੰ ਬਹੁਤ ਵੱਡੀ ਦੇਣ ਹੈ
ਮਦਰ ਟੇਰੈਸਾ ਦਾ ਯੋਗਦਾਨ ਕਿਸ ਤੋਂ ਘੱਟ ਹੈ ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਮਨੁੱਖਤਾ ਦੇ ਲੇਖੇ ਲਾ ਦਿੱਤਾ ਇਹ ਤਾਂ ਗਿਣੀਆਂ-ਚੁਣੀਆਂ ਔਰਤਾਂ ਹਨ, ਹੋਰ ਵੀ ਕਈ ਔਰਤਾਂ ਹਨ ਜਿਨ੍ਹਾਂ ਨੇ ਔਰਤਾਂ ਦੇ ਹੱਕਾਂ ਲਈ ਸੰਘਰਸ਼ ਕੀਤਾ ਕੌਣ ਕਹਿੰਦਾ ਹੈ ਕਿ ਔਰਤਾਂ ਸਮਾਜ ਦੀ ਸਿਰਜਣਾ ਨਹੀਂ ਕਰ ਸਕਦੀਆਂ? ਬਹੁਤ ਸਾਰੀਆਂ ਔਰਤਾਂ ਇੰਜੀਨੀਅਰ, ਡਾਕਟਰ, ਪੁਲਿਸ ਅਫ਼ਸਰ, ਪਾਇਲਟ, ਲੇਖਿਕਾ, ਸਿਆਸਤਦਾਨ ਤੇ ਵਿੱਦਿਆ ਧਨੰਤਰ ਬਣ ਕੇ ਸਮਾਜ ਵਿੱਚ ਯੋਗਦਾਨ ਪਾ ਰਹੀਆਂ ਹਨ ਸਾਡੇ ਵਿੱਚੋਂ ਹੀ ਮਾਊਂਟ ਐਵਰੈਸਟ ਜੇਤੂ, ਖੋਜਕਾਰ, ਪੁਲਾੜ ਯਾਤਰੀ (ਕਲਪਨਾ ਚਾਵਲਾ), ਖੇਡਾਂ (ਪੀਟੀ ਊਸ਼ਾ ਮੈਰੀਕੌਮ ਆਦਿ) ਦੇ ਖੇਤਰ ਵਿੱਚ ਮਾਹਰਕੇ ਮਾਰੇ ਹਨ ਔਰਤਾਂ ਧਾਰਮਿਕ, ਸਮਾਜਿਕ ਤੇ ਸੱਭਿਆਚਾਰਕ ਖੇਤਰਾਂ ਵਿੱਚ ਸਹਿਯੋਗ ਪਾ ਰਹੀਆਂ ਹਨ
ਸਰੀਰਕ ਵਖਰੇਵੇਂ ਨੂੰ ਮਹਾਨਤਾ ਨਾ ਦਿੰਦੇ ਹੋਏ ਕੁੜੀਆਂ-ਮੁੰਡੇ, ਔਰਤਾਂ ਤੇ ਮਰਦਾਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ ਤਾਂ ਜੋ ਇੱਕ ਸੁਖਦ ਅਤੇ ਸ਼ਾਂਤਮਈ ਸਮਾਜ ਦੀ ਸਿਰਜਣਾ ਹੋ ਸਕੇ ਮਰਦ ਅਤੇ ਔਰਤ ਆਪਣੀ ਅੰਦਰੂਨੀ ਲੁਕੀ ਹੋਈ ਸਮਰੱਥਾ ਨੂੰ ਪਹਿਚਾਣ ਕੇ ਮਿਲ ਕੇ ਕੰਮ ਕਰਨ ਤੇ ਇੱਕ ਤੇ ਇੱਕ ਗਿਆਰਾਂ ਦੀ ਕਹਾਵਤ ਨੂੰ ਸੱਚ ਸਾਬਿਤ ਕਰ ਦੇਣ
ਬੁਢਲਾਡਾ, ਮਾਨਸਾ
ਡਾ. ਵਨੀਤ ਕੁਮਾਰ ਸਿੰਗਲਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ