ਜੀ-20 ਭਾਰਤ ਦੀ ਅਹਿਮੀਅਤ

G-20 India

ਨਵੀਂ ਦਿੱਲੀ ਵਿਖੇ 9 ਤੇ 10 ਸਤੰਬਰ ਨੂੰ ਜੀ-20 ਸੰਮੇਲਨ ਹੋ ਰਿਹਾ ਹੈ। ਇਸ ਕੌਮਾਂਤਰੀ ਸੰਸਥਾ ਦੇ ਸੰਮੇਲਨ ਦੀ ਮੇਜ਼ਬਾਨੀ ਕਰਨਾ ਭਾਰਤੀ ਦੀ ਅੰਤਰਰਾਸ਼ਟਰੀ ਮੰਚ ’ਤੇ ਵਧ ਰਹੀ ਮਕਬੂਲੀਅਤ ਦਾ ਸੰਕੇਤ ਹੈ। ਭਾਵੇਂ ਚੀਨ ਦੇ ਰਾਸ਼ਟਰਪਤੀ ਸ਼ੀ ਜਿੰਨਪਿੰਗ ਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਵੱਲੋਂ ਇਸ ਸੰਮੇਲਨ ’ਚ ਨਾ ਪੁੱਜਣ ਸਬੰਧੀ ਚਰਚਾ ਨੇ ਕਈ ਸ਼ੰਕੇ ਖੜੇ ਕਰ ਦਿੱਤੇ ਸਨ ਪਰ ਹੁਣ ਚੀਨ ਵੱਲੋਂ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਉਹ ਭਾਰਤ ਦੀ ਮੇਜ਼ਬਾਨੀ ਦੀ ਹਮਾਇਤ ਕਰਦਾ ਹੈ। ਜਿੰਨਪਿੰਗ ਦੀ ਥਾਂ ਉਥੋਂ ਦੇ ਪ੍ਰਧਾਨ ਮੰਤਰੀ ਲੀ ਕਿਆਂਗ ਹਿੱਸਾ ਲੈ ਰਹੇ ਹਨ ਤੇ ਇਸੇ ਤਰ੍ਹਾਂ ਰੂਸ ਦੇ ਨੁਮਾਇੰਦੇ ਵੀ ਆ ਰਹੇ ਹਨ।

ਉਹ ਚਰਚਾ ਇਹ ਰਹੀ ਹੈ ਕਿ ਸ਼ੀ ਜਿਨਪਿੰਗ ਜਿਆਦਾਤਰ ਉਹਨਾਂ ਸੰਮੇਲਨਾਂ ’ਚ ਹੀ ਹਿੱਸਾ ਲੈਂਦੇ ਹਨ ਜਿੱਥੇ ਉਹ ਹਾਵੀ ਰਹਿ ਸਕਣ ਤੇ ਆਪਣਾ ਏਜੰਡਾ ਸੈਟ ਕਰ ਸਕਣ। ਜੇਕਰ ਇਸ ਚਰਚਾ ਨੂੰ ਵੀ ਸਹੀ ਮੰਨ ਲਿਆ ਜਾਵੇ ਤਾਂ ਇਹ ਵੀ ਭਾਰਤ ਲਈ ਪ੍ਰਾਪਤੀ ਵਾਲੀ ਗੱਲ ਹੈ ਕਿ ਜੀ-20 ਵਰਗੇ ਸੰਗਠਨ ’ਚ ਭਾਰਤ ਦਾ ਏਨਾ ਸਥਾਨ ਬਣ ਗਿਆ ਹੈ ਕਿ ਭਾਰਤ ਵਿਰੋਧੀ ਏਜੰਡੇ ਲਈ ਕੋਈ ਹੋਰ ਦੇਸ਼ ਕਾਮਯਾਬੀ ਦੀ ਆਸ ਨਹੀਂ ਰੱਖਦਾ। ਰੂਸ ਦੀ ਰਾਸ਼ਟਰਪਤੀ ਦੀ ਗੈਰ ਮੌਜ਼ੂਦਗੀ ਦੇ ਆਪਣੇ ਅਰਥ ਹੋ ਸਕਦੇ ਹਨ। ਕੁੱਲ ਮਿਲਾ ਕੇ ਭਾਰਤ ਨੂੰ ਵਿਕਸਿਤ ਪੱਛਮੀ ਮੁਲਕਾਂ ਨਾਲ ਮਿਲ ਕੇ ਚੱਲਣ ਦਾ ਮੌਕਾ ਮਿਲੇਗਾ। ਚੀਨ ਤੇ ਰੂਸ ਦੇ ਰਾਸ਼ਟਰਪਤੀ ਦੇ ਨਾਂਅ ਆਉਣ ਦੇ ਕਾਰਨ ਕੁਝ ਵੀ ਹੋਣ ਪਰ ਭਾਰਤ ਨੂੰ ਮੇਜ਼ਬਾਨੀ ਮਿਲਣ ਦੀ ਹਮਾਇਤ ਮਿਲਣੀ ਇਸ ਗੱਲ ਦਾ ਸਬੂਤ ਹੈ ਕਿ ਭਾਰਤ ਦੀ ਸਿਧਾਂਤਕ ਪਹੁੰਚ ਅਤੇ ਸਮਰੱਥਾ ਨੂੰ ਹਰ ਕੋਈ ਸਵੀਕਾਰ ਕਰ ਰਿਹਾ ਹੈ।

ਇਹ ਵੀ ਪੜ੍ਹੋ : 2 ਸਾਲਾਂ ਬਾਅਦ ਮੁੜ ਸ਼ੁਰੂ ਲੁਧਿਆਣਾ-ਦਿੱਲੀ ਉਡਾਨ, ਮੁੱਖ ਮੰਤਰੀ ਮਾਨ ਨੇ ਦਿਖਾਈ ਹਰੀ ਝੰਡੀ

ਭਾਵੇਂ ਇਹ ਸੰਮੇਲਨ ਸਿੱਧੇ ਤੌਰ ’ਤੇ ਭਾਰਤ ਚੀਨ ਸਬੰਧਾਂ ਨੂੰ ਰੇਖਾਂਕਿਤ ਕਰਨ ਵਾਲਾ ਮੰਚ ਨਹੀਂ ਹੈ ਫਿਰ ਵੀ ਇਸ ਗੱਲ ਦੀ ਆਸ ਜ਼ਰੂਰ ਬਣਦੀ ਹੈ ਕਿ ਭਾਰਤ ਦੀ ਸਥਿਤੀ ਨੂੰ ਕੋਈ ਵੀ ਨਜ਼ਰਅੰਦਾਜ਼ ਨਹੀਂ ਕਰ ਸਕਦਾ। ਪੂਤਿਨ ਦੀ ਗੈਰ-ਮੌਜ਼ੂਦਗੀ ਦੀ ਵਜ੍ਹਾ ਯੂਕਰੇਨ ਨਾਲ ਰੂਸ ਦੀ ਜੰਗ ਵੀ ਮੰਨੀ ਜਾ ਰਹੀ ਹੈ। ਅਜਿਹੇ ਹਾਲਾਤਾਂ ’ਚ ਰੂਸ ਦੀ ਭਾਰਤ ਨਾਲੋਂ ਦੂਰੀ ਦਾ ਕੋਈ ਮੁੱਦਾ ਨਹੀਂ ਰਹਿ ਜਾਂਦਾ ਹੈ। ਸੰਮੇਲਨ ’ਚ ਅਮਰੀਕਾ, ਇੰਗਲੈਂਡ ਸਮੇਤ ਕਈ ਤਾਕਤਵਰ ਮੁਲਕ ਹਿੱਸਾ ਲੈ ਰਹੇ ਹਨ। ਇਹਨਾ ਹਾਲਾਤਾਂ ’ਚ ਇਹ ਸੰਮੇਲਨ ਭਾਰਤ ਲਈ ਕਾਫੀ ਪ੍ਰਾਪਤੀਆਂ ਭਰਿਆ ਰਹਿਣ ਦੇ ਆਸਾਰ ਹਨ।