ਤੁਰੰਤ ਲੋੜੀਂਦੇ ਦੇਸੀ ਨੁਸਖ਼ੇ
ਜਿਵੇਂ-ਜਿਵੇਂ ਬਿਮਾਰੀਆਂ ਵਧ ਰਹੀਆਂ ਨੇ ਉਸਨੂੰ ਦੇਖਦੇ ਹੋਏ ਕਈ ਲੋਕ ਬਿਮਾਰੀਆਂ ਦੀ ਰੋਕਥਾਮ ਲਈ ਜਾਗਰੂਕ ਹੁੰਦੇ ਜਾ ਰਹੇ ਹਨ। ਤੇ ਕੋਈ ਨਾ ਕੋਈ ਨੁਸਖਾ ਘਰ ਬਣਾ ਕੇ ਫਾਇਦਾ ਲੈ ਰਹੇ ਹਨ ਜੋ ਕਿ ਇੱਕ ਬਹੁਤ ਚੰਗੀ ਗੱਲ਼ ਹੈ। ਕਈ ਨੁਸਖੇ ਅਜਿਹੇ ਹਨ ਜੋ ਤੁਹਾਡੇ ਐਮਰਜੈਂਸੀ ’ਚ ਕਿਤੇ ਨਾ ਕਿਤੇ ਕੰਮ ਆ ਜਾਂਦੇ ਹਨ। ਦੂਜੀ ਗੱਲ ਕਈ ਵਾਰੀ ਸਥਿਤੀ ਅਜਿਹੀ ਆ ਜਾਂਦੀ ਹੈ ਕਿ ਇੱਕਦਮ ਕਦੇ ਐਮਰਜੈਂਸੀ ਹੋ ਗਈ ਤਾਂ ਚੀਜ਼ ਤਾਂ ਆਪਣੇ ਘਰ ਹੀ ਪਈ ਹੁੰਦੀ ਹੈ ਪਰ ਆਪਾਂ ਨੂੰ ਉਸ ਦੀ ਵਰਤੋਂ ਦਾ ਪਤਾ ਨਾ ਹੋਣ ਕਰਕੇ ਡਾਕਟਰ ਕੋਲ ਜਾਣਾ ਪੈਂਦਾ ਹੈ।
ਕਈ ਵਾਰੀ ਛੋਟੀ-ਮੋਟੀ ਬਿਮਾਰੀ ਛੋਟੇ-ਮੋਟੇ ਨੁਸਖੇ ਕਰਨ ਨਾਲ਼ ਹੀ ਠੀਕ ਹੋ ਜਾਂਦੀ ਹੈ। ਜਿਵੇਂ ਕਦੇ ਪੇਟ ਦਰਦ ਹੋ ਗਿਆ ਤਾਂ ਅਜ਼ਵਾਇਨ ਭੁੰਨ੍ਹ ਕੇ ਕਾਲਾ ਨਮਕ ਮਿਲਾ ਕੇ ਖਾ ਲਵੋ। ਜੇ ਰਾਤ ਨੂੰ ਖੰਘ ਛਿੜ ਪਈ ਤਾਂ ਅਦਰਕ ਨੂੰ ਕਾਲ਼ਾ ਨਮਕ ਲਾ ਕੇ ਚੂੂੂਸ ਲਵੋ। ਕਈ ਵਾਰੀ ਅਜਿਹੇ ਛੋਟੇ-ਮੋਟੇ ਘਰੇਲੂ ਨੁਸਖੇ ਰੋਗੀ ਨੂੰ ਰਾਹਤ ਦੇ ਦਿੰਦੇ ਹਨ। ਇੱਥੇ ਕੁਝ ਘਰੇਲ਼ੂ ਨੁਸਖੇ ਦੱਸੇ ਜਾ ਰਹੇ ਹਨ ਜੋ ਤੁਹਾਨੂੰ ਫਾਇਦਾ ਦੇ ਸਕਦੇ ਹਨ।
ਹਿਚਕੀ:-
ਅਚਾਨਕ ਕਿਤੇ ਹਿਚਕੀ ਲੱਗ ਜਾਂਦੀ ਹੈ। ਜੋ ਜ਼ਲਦੀ-ਜ਼ਲਦੀ ਖਹਿੜਾ ਨਹੀਂ ਛੱਡਦੀ ਜਿਸ ਦੀ ਵਜ੍ਹਾ ਅਕਸਰ ਪੇਟ ਦੀ ਖਰਾਬੀ ਹੁੰਦੀ ਹੈ। ਜਦੋਂ ਵੀ ਕੋਈ ਤੇਜ਼ ਮਿਰਚ ਮਸਾਲ਼ੇ ਵਾਲ਼ੀ ਚੀਜ਼ ਖਾਧੀ ਜਾਂ ਗਰਮ ਚੀਜ਼ ਖਾਧੀ ਤਾਂ ਹਿਚਕੀ ਸ਼ੁਰੂ ਹੋ ਜਾਂਦੀ ਹੈ। ਕਈ ਵਾਰੀ ਮਰੀਜ਼ ਨੂੰ ਐਨੀ ਹਿਚਕੀ ਲੱਗ ਜਾਂਦੀ ਹੈ ਕਿ ਉਹਨੂੰ ਸਾਹ ਲੈਣਾ ਵੀ ਮੁਸ਼ਕਲ ਹੋ ਜਾਂਦਾ ਹੈ, ਤਾਂ ਉਹਦਾ ਇਲਾਜ ਘਰ ਹੀ ਪਿਆ ਹੁੰਦਾ ਹੈ।
ਲੌਂਗ ਦੇ ਉਪਰਲੇ ਡੋਡੇ, ਜੋ ਗੋਲ-ਗੋਲ ਹੁੰਦੇ ਹਨ, ਉਹ ਤੋੜ ਲਵੋ। ਉਨ੍ਹਾਂ ਨੂੰ ਕੁੱਟ ਕੇ ਚੂਰਨ ਬਣਾ ਲਵੋ 1 ਤੋਂ 2 ਗ੍ਰਾਮ ਲੈ ਕੇ ਸ਼ਹਿਦ ਮਿਲਾ ਕੇ ਰੋਗੀ ਨੂੰ ਚਟਾਅ ਦਿਉ। ਦਿਨ ’ਚ 2-3 ਵਾਰ ਘੱਟੋ-ਘੱਟ ਤੇ ਨਾਲ ਹਰੇ ਪੁਦੀਨੇ ਦਾ ਰਸ ਚਮਚਾ-ਚਮਚਾ ਕਰਕੇ ਪਿਲਾਉਂਦੇ ਰਹੋ। ਹਿਚਕੀ ’ਚ ਰੋਗੀ ਨੂੰ ਰਾਹਤ ਮਿਲਦੀ ਜਾਵੇਗੀ ਜਾਂ ਅੱਧਾ ਚਮਚ ਸੁੰਢ, 5 ਕਾਲ਼ੀਆਂ ਮਿਰਚਾਂ ਪੀਸ ਕੇ ਪਾਣੀ ’ਚ ਉਬਾਲ ਕੇ ਛਾਣ ਕੇ ਪਿਲਾ ਦਿਉ। ਰੋਗੀ ਨੂੰ ਹਿਚਕੀ ਤੋਂ ਰਾਹਤ ਮਿਲੇਗੀ।
ਦੰਦ ਦਰਦ:-
ਹਲ਼ਦੀ ਤੇ ਸੇਂਧਾ ਨਮਕ ਬਰੀਕ ਪੀਸ ਕੇ ਸਰ੍ਹੋਂ ਦੇ ਤੇਲ਼ ’ਚ ਮਿਲਾ ਕੇ ਸਵੇਰੇ-ਸ਼ਾਮ ਮੰਜਨ ਵਾਂਗ ਕਰੋ। ਦੰਦਾਂ ਦਾ ਦਰਦ ਬੰਦ ਹੋ ਜਾਵੇਗਾ।
ਕੰਨ ਦਰਦ:-
ਪਿਆਜ਼ ਦਾ ਰਸ ਕੱਪੜੇ ’ਚ ਛਾਣ ਕੇ ਫਿਰ ਇਹਨੂੰ ਗਰਮ ਕਰਕੇ 4 ਬੂੰਦਾਂ ਕੰੰਨ ’ਚ ਪਾਉ। ਕੰਨ ਦਾ ਦਰਦ ਠੀਕ ਹੋਵੇਗਾ।
ਬੱਚਿਆਂ ਨੂੰ ਉਲਟੀ ਦਸਤ ਲੱਗਣਾ:- ਪੱਕੇ ਹੋਏ ਅਨਾਰ ਦੇ ਫਲ਼ ਦਾ ਰਸ ਹਲਕਾ-ਹਲਕਾ ਗਰਮ ਕਰਕੇ 1-1 ਚਮਚ ਸਵੇਰੇ, ਦੁਪਹਿਰ, ਸ਼ਾਮ ਨੂੰ ਪਿਲ਼ਾ ਦਿਉ। ਬੱਚੇ ਦੀ ਉਲਟੀ ਤੇ ਦਸਤ ਠੀਕ ਹੋ ਜਾਣਗੇ।
ਕੰਨ ’ਚ ਫਿਨਸੀ:-
ਲਸਣ ਦੀ 2-3 ਤੁਰੀਆਂ 50 ਗ੍ਰਾਮ ਸਰ੍ਹੋਂ ਦੇ ਤੇਲ਼ ’ਚ ਸੜ ਲਵੋਂ। ਤੇਲ਼ ਨੂੰ ਛਾਣ ਲਵੋ। 2-2 ਬੂੰਦਾਂ ਪਾਉਣ ਨਾਲ਼ ਕੰਨ ਅੰਦਰ ਫਿਨਸੀ ਫੁੱਟ ਕੇ ਪੀਕ ਬਾਹਰ ਨਿੱਕਲ਼ ਜਾਂਦੀ ਹੈ। ਫਿਨਸੀ ਸੁੱਕ ਕੇ ਦਰਦ ਬੰਦ ਹੋ ਜਾਂਦਾ ਹੈ।
ਖੰਘ:-
ਕਈ ਵਾਰੀ ਖੰਘ ਅਚਾਨਕ ਬਹੁਤ ਤੰਗ ਕਰਦੀ ਹੈ। ਰੋਗੀ ਦਾ ਖੰਘ-ਖੰਘ ਕੇ ਸਾਹ ਉੁਖੜ ਜਾਂਦਾ ਹੈ। ਥੋੜ੍ਹੀ ਜਿਹੀ ਫਿਟਕੜੀ ਤਵੇ ’ਤੇ ਭੁੰਨ੍ਹ ਲਵੋ। ਖਿੱਲ ਕਰ ਲਵੋ। ਫੇਰ ਚੰਗੀ ਤਰ੍ਹਾਂ ਪੀਸ ਕੇ ਇਹਦਾ ਚੂਰਨ ਤਿਆਰ ਕਰ ਲਵੋ। 2-3 ਚੁਟਕੀਆਂ ਚੂਰਣ ਮਿਸ਼ਰੀ ’ਚ ਮਿਲਾ ਕੇ ਲਵੋ।
ਇੱਕ ਚਮਚ ਹਲ਼ਦੀ 1 ਗਲਾਸ ਪਾਣੀ ’ਚ ਉਬਾਲੋ। ਜਦ ਅੱਧਾ ਰਹਿ ਜਾਵੇ ਤਾਂ 10 ਬੂੰਦਾਂ ਨਿੰਬੂ ਰਸ ਪਾ ਕੇ ਹੌਲੀ-ਹੌਲੀ ਚਾਹ ਵਾਂਗ ਪੀਵੋ। ਗਲ਼ੇ ਦੀ ਖਰਾਸ਼, ਬਲ਼ਗਮ 2-3 ਵਾਰ ਪੀਣ ਨਾਲ਼ ਹੀ ਠੀਕ ਹੋ ਜਾਂਦੀ ਹੈ।
ਕਬਜ਼:-
1 ਵੱਡਾ ਸਾਰਾ ਨਿੰਬੂ ਕੱਟ ਕੇ ਸਾਰੀ ਰਾਤ ਕਿਸੇ ਸਾਫ ਜਗ੍ਹਾ ’ਤੇ ਤਰੇਲ ’ਚ ਪਿਆ ਰਹਿਣ ਦਿਉ। ਸਵੇਰੇ 1 ਗਲਾਸ ਪਾਣੀ ’ਚ ਖੰਡ ਮਿਲਾ ਕੇ ਇਹ ਨਿੰਬੂ ਨਿਚੋੜ ਦਿਉ। ਚੰਗੀ ਤਰ੍ਹਾਂ ਫੈਂਟ ਲਵੋ। ਫੇਰ ਥੋੜ੍ਹਾ ਜਿਹਾ ਕਾਲ਼ਾ ਨਮਕ ਮਿਲਾ ਕੇ ਪੀਵੋ। ਪੇਟ ਸਾਫ ਹੋ ਜਾਵੇਗਾ। ਗੈਸ, ਅਫਾਰਾ ਵੀ ਠੀਕ ਹੋਵੇਗਾ।
ਮੇਥੀ ਦਾ ਅੱਧਾ ਚਮਚ ਥੋੜ੍ਹਾ ਜਿਹਾ ਗੁੜ ਮਿਲਾ ਕੇ ਕੋੋਸੇ ਪਾਣੀ ਨਾਲ 2-3 ਵਾਰ ਲਵੋ। ਇਸ ਨਾਲ ਕਬਜ਼ ਵੀ ਠੀਕ ਹੁੰਦੀ ਹੈ ਤੇ ਅੰਤੜੀਆਂ ਤੇ ਲੀਵਰ ਨੂੰ ਤਾਕਤ ਮਿਲਦੀ ਹੈ।
ਅੱਗ ਨਾਲ ਸੜਨਾ:-
100 ਗ੍ਰਾਮ ਦੇਸੀ ਘਿਓ ਗਰਮ ਕਰਕੇ ਉਸ ’ਚ 10 ਗ੍ਰਾਮ ਸੰਧੂਰ ਪਾ ਦਿਉ। ਹਲਕੀ-ਹਲਕੀ ਅੱਗ ’ਤੇ ਗਰਮ ਕਰੋ ਜਦ ਚੰਗੀ ਤਰ੍ਹਾਂ ਮਿਲ਼ ਜਾਵੇ ਤਾਂ ਠੰਢਾ ਹੋਣ ਦਿਉ। ਸੜੀ ਜਗ੍ਹਾ ’ਤੇ ਮੋਰ ਦੇ ਖੰਭ ਨਾਲ਼ ਹਲਕਾ-ਹਲਕਾ ਲਾ ਦਿਓ। ਕੋਸ਼ਿਸ਼ ਕਰੋ ਮੋਰ ਦਾ ਖੰਭ ਮਿਲ਼ ਜਾਵੇ। ਇਸ ਨਾਲ ਜਿਆਦਾ ਫਾਇਦਾ ਹੁੰਦਾ ਹੈ।
ਬਰਸਾਤੀ ਫੋੜੇ:-
ਬਰਸਾਤਾਂ ’ਚ ਕਈ ਵਾਰ ਵੱਡੇ-ਵੱਡੇ ਫੋੜੇ ਹੋ ਜਾਂਦੇ ਹਨ। ਜੋ ਬਹੁਤ ਦਰਦ ਕਰਦੇ ਹਨ ਤੇ ਕਈ ਵਾਰੀ ਮਰੀਜ਼ ਨੂੰ ਬੁਖਾਰ ਵੀ ਹੋ ਜਾਂਦਾ ਹੈ। ਕਰਨਾ ਕੀ ਹੈ ਨਿੰਮ ਦੇ ਮੁਲ਼ਾਇਮ-ਮੁਲਾਇਮ ਪੱਤੇ ਪੀਸ ਕੇ ਥੋੜ੍ਹੇ ਜਿਹੇ ਦੇਸੀ ਘਿਓ ’ਚ ਪਕਾਉ। ਹਲਕਾ ਪੱਕਣ ’ਤੇ ਕੋਸਾ-ਕੋਸਾ ਫੋੜੇ ’ਤੇ ਬੰਨ੍ਹ ਲਵੋ। ਠੀਕ ਹੋਣ ਤੱਕ ਬੰਨ੍ਹੋ। ਫੋੜ੍ਹਾ ਪੱਕ ਕੇ ਪੀਕ ਜਾਂ ਪਸ ਬਾਹਰ ਨਿੱਕਲ ਕੇ ਸੁੱਕ ਜਾਵੇਗਾ।
ਦੰਦਾਂ ’ਚ ਸੁਰਾਖ:-
ਪੰਜਾਬੀ ’ਚ ਇਹਨੂੰ ਦੰਦ ’ਚ ਕੀੜ੍ਹਾ ਲੱਗਣਾ ਕਹਿੰਦੇ ਹਨ। ਜਦੋਂ ਦੰਦ ਖਰਾਬ ਹੋ ਜਾਂਦੇ ਹਨ ਤਾਂ ਦੰਦ ਖੋਖਲ਼ੇ ਹੋ ਕੇ ਦੰਦ ’ਚ ਸੁਰਾਖ ਹੋ ਜਾਂਦੇ ਹਨ। ਜਦੋਂ ਆਪਾਂ ਕੁਝ ਖਾਂਦੇ-ਪੀਂਦੇ ਹਾਂ ਤਾਂ ਆਪਣਾ ਖਾਧਾ-ਪੀਤਾ ਉਸ ’ਚ ਫੱਸ ਜਾਂਦਾ ਹੈ ਜਿਸ ਨਾਲ਼ ਤੇਜ਼ ਦਰਦ ਹੁੰਦਾ ਹੈ। ਅਜਿਹੇ ਸਮੇਂ ’ਚ ਦੇਸੀ ਕਪੂਰ ਨੂੰ ਪੀਸ ਲਵੋ। ਪਹਿਲਾਂ ਦੰਦ ਵਿਚਲ਼ੇ ਸੁਰਾਖਾਂ ਨੂੰ ਸਾਫ ਕਰ ਲਵੋ। ਸਾਫ ਦਾ ਮਤਲ਼ਬ ਹੈ ਕੁਰਲ਼ੀ ਕਰਕੇ ਮੂੰਹ ਸਾਫ ਕਰੋ ਤਾਂ ਕਿ ਦੰਦ ’ਚ ਬਣੀ ਖੋਡ ’ਚ ਕੁਝ ਫਸਿਆ ਨਾ ਹੋਵੇ। ਹੁਣ ਜਿਹੜਾ ਤੁਸੀਂ ਕਪੂਰ ਕੁੱਟ ਕੇ ਰੱਖਿਆ ਹੈ
ਉਹ ਥੋੜ੍ਹਾ ਖੋਡ ’ਚ ਫਸਾ ਕੇ ਥੋੜ੍ਹਾ ਚਿਰ ਦਬਾ ਕੇ ਰੱਖੋ। ਫੇਰ ਕਪੂਰ ਨੂੰ ਕੱਢ ਦਿਉ। ਕਪੂਰ ਐੇਂਟੀਸੈਪਟਿਕ ਹੈ। ਇਹ ਦੰਦਾ ਵਿਚਲ਼ੇ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਦਾ ਹੈ ਕਿਉਂਕਿ ਜਦੋਂ ਤੁਸੀਂ ਜਾੜ੍ਹ ’ਚ ਕਪੂਰ ਰੱਖਦੇ ਹੋ ਤਾਂ ਉਸ ਨਾਲ ਮੂੰਹ ’ਚੋਂ ਪਾਣੀ ਆਉਣ ਲੱਗ ਜਾਂਦਾ ਹੈ। ਇਸੇ ਪਾਣੀ ਨਾਲ ਗੰਦਾ ਪਾਣੀ ਬਾਹਰ ਨਿੱਕਲਦਾ ਹੈ ਜੋ ਕੀਟਾਣੂਆਂ ਨਾਲ਼ ਭਰਪੂਰ ਹੁੰਦਾ ਹੈ। ਜਦੋਂ ਦੰਦ ਦੀ ਵਿੱਚੋਂ ਸਫਾਈ ਹੋ ਜਾਂਦੀ ਹੈ ਤਾਂ ਦੰਦਾਂ ’ਚ ਅੱਗੇ ਵਾਧਾ ਨਹੀਂ ਵਧਦਾ। ਦੰਦ ਨੂੰ ਰਾਹਤ ਮਿਲਣੀ ਸ਼ੁਰੂ ਹੋ ਜਾਂਦੀ ਹੈ।
ਮੋਚ:-
ਕਈ ਵਾਰੀ ਕਿਸੇ ਵਜ੍ਹਾ ਨਾਲ ਪੈਰ ’ਚ ਮੋਚ ਆ ਜਾਂਦੀ ਹੈ। ਪੈਰ ’ਚ ਸੋਜ਼ ਆ ਜਾਂਦੀ ਹੈ ਤੇ ਦਰਦ ਵੀ ਬਹੁਤ ਹੁੰਦਾ ਹੈ। ਅਜਿਹੇ ਸਮੇਂ ਕਿਸੇ ਕੱਪੜੇ ’ਚ ਬਰਫ ਲਪੇਟ ਕੇ ਮੋਚ ਵਾਲੀ ਜਗ੍ਹਾ ਇਹ ਬਰਫ ਘਸਾਓ ਜੇਕਰ ਜ਼ਿਆਦਾ ਦਰਦ ਹੈ ਤਾਂ ਅੱਧੇ-ਅੱਧੇ ਘੰਟੇ ਬਾਅਦ ਵੀ ਬਰਫ ਫੇਰ ਸਕਦੇ ਹਾਂ। ਤੇ ਨਾਲ਼ 2 ਚਮਚ ਹਲ਼ਦੀ ਦੇ ਥੋੜ੍ਹੇ ਜਿਹੇ ਪਾਣੀ ’ਚ ਘੋਲ਼ ਕੇ ਲੇਪ ਕਰ ਲਵੋ। 2 ਘੰਟੇ ਬਾਅਦ ਕੋਸੇ ਪਾਣੀ ਨਾਲ਼ ਧੋ ਦਿਉ। ਜਾਂ ਸ਼ਹਿਦ ’ਚ ਚੂਨਾ ਮਿਕਸ ਕਰਕੇ ਮੋਚ ’ਤੇ ਮਲ਼ੋ ਤੇ ਨਾਲ਼ ਥੋੜ੍ਹੀ ਜਿਹੀ ਫਿਟਕੜੀ ਦੁੱਧ ’ਚ ਮਿਲਾ ਕੇ ਪੀਵੋ ਇਸ ਨਾਲ਼ ਵੀ ਰਾਹਤ ਮਿਲੇਗੀ।
ਭੁੱਖ ਦੀ ਕਮੀ:-
ਕਈ ਵਾਰੀ ਭੁੱਖ ਨਹੀਂ ਲੱਗਦੀ। ਲੀਵਰ ਦੀ ਕਮਜ਼ੋਰੀ ਕਰਕੇ, ਹਾਜ਼ਮਾ ਠੀਕ ਨਾ ਹੋਣ ਕਰਕੇ ਜਾਂ ਕੋਈ ਵੀ ਪੁਰਾਣਾ ਬੁਖਾਰ ਰਹਿਣ ਕਰਕੇ ਭੁੱਖ ਦੀ ਕਮੀ ਹੋ ਜਾਂਦੀ ਹੈ। ਅਦਰਕ ਦੇ ਛੋਟੇ-ਛੋਟੇ ਟੁਕੜੇ ਕਰ ਲਵੋ ਕਿਸੇ ਕੱਚ ਦੇ ਭਾਂਡੇ ਪਾ ਕੇ ਉੱਪਰੋਂ ਨਿੰਬੂ ਦਾ ਰਸ ਪਾ ਦਿਉ। ਤੇ ਉੱਪਰੋਂ ਬਿਲਕੁਲ਼ ਥੋੜ੍ਹਾ ਜਿਹਾ ਸੇਂਧਾ ਨਮਕ ਪਾ ਦਿਉ। 2 ਦਿਨ ਮਗਰੋਂ 5-6 ਟੁਕੜੇ ਰੋਜ਼ ਰੋਟੀ ਨਾਲ਼ ਖਾ ਲਵੋ। ਭੁੱਖ ਲੱਗਣੀ ਸ਼ੁਰੂ ਹੋ ਜਾਵੇਗੀ। ਚਾਹ ਤੇ ਮੈਦੇ ਵਾਲ਼ੀਆਂ ਚੀਜ਼ਾਂ ਬੰਦ ਰੱਖੋ।
ਸਰਦੀ ਜ਼ੁਕਾਮ:-
ਅਦਰਕ 50 ਗ੍ਰਾਮ, ਸੁਆਹ ’ਚ ਭੁੰਨ੍ਹ ਲਵੋ। ਛਿਲਕਾ ਲਾਹ ਲਵੋ। ਇਹਨੂੰ ਥੋੜ੍ਹੇ ਜਿਹੇ ਸਰ੍ਹੋਂ ਦੇ ਤੇਲ਼ ’ਚ ਤਲ਼ੋ, ਥੋੜ੍ਹਾ ਜਿਹਾ ਗੁੜ ਮਿਲਾ ਕੇ ਕੋਸਾ ਕਰਕੇ ਪੀ ਲਵੋ। ਜੇਕਰ ਜਿਆਦਾ ਸਰਦੀ ਜੁਕਾਮ ਹੈ ਤਾਂ 2-3 ਦਿਨ ਦਵਾਈ ਦੀ ਵਰਤੋਂ ਕਰੋ ਤੇ ਕੰਬਲ ਲਪੇਟ ਕੇ ਪੈਣਾ ਹੈ। ਸਰੀਰ ਨੂੰ ਗਰਮੀ ਆ ਕੇ ਸਰਦੀ ਜ਼ੁਕਾਮ ਠੀਕ ਹੋ ਜਾਵੇਗਾ।
ਪੇਟ ਦੀ ਖਰਾਬੀ:-
ਜਿਵੇਂ ਗੈਸ, ਪੇਟ ਦਰਦ, ਅਫਾਰਾ। ਅਜ਼ਵਾਇਨ, ਕਾਲ਼ੀ ਮਿਰਚ, ਸੇਂਧਾ ਨਮਕ ਬਰਾਬਰ-ਬਰਾਬਰ ਲੈ ਕੇ ਚੂਰਨ ਬਣਾ ਲਵੋ। ਅੱਧਾ-ਅੱਧਾ ਚਮਚ ਕੋਸੇ ਪਾਣੀ ਨਾਲ਼ ਲਵੋ। ਹਾਜ਼ਮਾ ਠੀਕ ਹੁੰਦਾ ਜਾਵੇਗਾ।
ਉਲ਼ਟੀ:- 1 ਗਲਾਸ ਪਾਣੀ ’ਚ 1-2 ਗ੍ਰਾਮ ਜ਼ੀਰੇ ਦਾ ਚੂਰਨ, ਥੋੜ੍ਹਾ ਜਿਹਾ ਨਿੰਬੂ, ਸੇਂਧਾ ਨਮਕ ਮਿਲਾ ਕੇ ਪੀਵੋ। ਹੌਲੀ-ਹੌਲੀ ਉਲ਼ਟੀਆਂ ਕੰਟਰੋਲ਼ ’ਚ ਹੋ ਜਾਣਗੀਆਂ। ਜਿਵੇਂ ਆਪਾਂ ਦੇਖਦੇ-ਸੁਣਦੇ ਹਾਂ ਕਿ ਕਈ ਲੋਕ ਕਹਿੰਦੇ ਹਨ ਕਿ ਮੈਨੂੰ ਕੋਈ ਵੀ ਚੀਜ਼ ਨਹੀਂ ਪਚਦੀ, ਖਰਾਬ ਕਰਦੀ ਹੈ। ਜਿਵੇਂ ਕਿਸੇ ਨੂੰ ਦੁੱਧ ਨਾ ਪਚੇ ਤਾਂ ਸੌਂਫ ਦਾ ਚੂਰਨ 15-20 ਦਿਨ ਖਾ ਕੇ ਦੇਖੇ। ਦੁੱਧ ਪਚਣ ਲੱਗ ਜਾਵੇਗਾ। ਦਹੀਂ ਨਾ ਪਚੇ ਤਾਂ ਸੁੰਢ ਦਾ ਚੂਰਨ ਖਾਉ। ਲੱਸੀ ਨਾ ਪਚੇ ਤਾਂ ਜ਼ੀਰਾ ਤੇ ਕਾਲ਼ੀ ਮਿਰਚ ਦਾ ਚੂਰਨ ਵਰਤੋ, ਅਰਬੀ ਤੇ ਮੂਲ਼ੀ ਨਾ ਪਚੇ ਤਾਂ ਅਜ਼ਵਾਇਨ ਦਾ ਚੂਰਨ ਵਰਤੋ। ਕੜ੍ਹੀ ਨਾ ਪਚੇ ਤਾਂ ਕੜ੍ਹੀ ਪੱਤਾ ਵਰਤੋ। ਤੇਲ ਤੇ ਘਿਓ ਨਾ ਪਚੇ ਕਲ਼ੌਂਜੀ ਦਾ ਚੂਰਨ ਖਾਉ। ਪਨੀਰ ਨਾ ਪਚੇ ਤਾਂ ਭੁੰਨਿ੍ਹਆਂ ਜ਼ੀਰਾ ਖਾਉ। ਖਾਣਾ ਨਾ ਪਚੇ ਤਾਂ ਗਰਮ ਪਾਣੀ ਪੀਂਦੇ ਰਹੋ। ਕੇਲਾ ਨਾ ਪਚੇ ਤਾਂ ਛੋਟੀ ਇਲਾਚੀ ਦਾ ਪਾਊਡਰ ਖਾਉ। ਖਰਬੂਜ਼ਾ ਨਾ ਪਚੇ ਤਾਂ ਮਿਸ਼ਰੀ ਖਾਉ। ਇਹ ਸਾਰੀਆਂ ਚੀਜ਼ਾਂ ਇੰਨ੍ਹਾਂ ਸੱਮਸਿਆਵਾਂ ਨੂੰ ਠੀਕ ਕਰਦੀਆਂ ਹਨ।
ਵੈਦ ਬੀ. ਕੇ. ਸਿੰਘ, ਜੈ ਸਿੰਘ ਵਾਲਾ
ਮੋ. 98726-10005
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ