ਚਲਾਨ ਹੋਇਆ ਤਾਂ ਮੌਕੇ ‘ਤੇ ਹੀ ਹੋਏਗਾ ਭੁਗਤਾਨ, ਨਹੀਂ ਕੱਟਣੇ ਪੈਣਗੇ ਅਦਾਲਤਾਂ ਦੇ ਚੱਕਰ

Invoice Happened, Spot It will Happen Payment, No Cutting Have, Courts Circle

ਟਰਾਂਸਪੋਰਟ ਵਿਭਾਗ ਜਲਦ ਹੀ ਖਰੀਦਣ ਜਾ ਰਿਹਾ ਐ ਈ ਚਲਾਨ ਮਸ਼ੀਨਾਂ

  • ਚਲਾਨ ਹੋਣ ਤੋਂ ਬਾਅਦ ਕ੍ਰੈਡਿਟ ਕਾਰਡ ਜਾਂ ਫਿਰ ਡੈਬਿਟ ਕਾਰਡ ਰਾਹੀਂ ਹੋ ਸਕੇਗੀ ਜੁਰਮਾਨਾ ਦੀ ਅਦਾਇਗੀ
  • ਕਈ ਸੂਬਿਆਂ ‘ਚ ਲਾਗੂ ਈ ਚਲਾਨ ਮਸ਼ੀਨਾਂ ਨੂੰ ਪੰਜਾਬ ਲੈ ਕੇ ਆਉਣਾ ਚਾਹੁੰਦਾ ਐ ਟਰਾਂਸਪੋਰਟ ਵਿਭਾਗ

ਚੰਡੀਗੜ੍ਹ (ਅਸ਼ਵਨੀ ਚਾਵਲਾ)। ਕਿਸੇ ਵੀ ਬੇਗਾਨੇ ਜਾਂ ਫਿਰ ਆਪਣੇ ਖ਼ੁਦ ਦੇ ਸ਼ਹਿਰ ਵਿੱਚ ਚਲਾਨ ਹੋਣ ਤੋਂ ਬਾਅਦ ਹੁਣ ਨਾ ਹੀ ਕਈ ਕਈ ਘੰਟੇ ਲਾਈਨ ਵਿੱਚ ਲੱਗਣਾ ਪਏਗਾ ਤੇ ਨਾ ਹੀ ਅਦਾਲਤਾਂ ਦੇ ਚੱਕਰ ਕੱਟਣੇ ਪੈਣਗੇ, ਕਿਉਂਕਿ ਜਲਦ ਹੀ ਪੰਜਾਬ ਵਿੱਚ ਈ ਚਲਾਨ ਮਸ਼ੀਨਾਂ ਆ ਰਹੀਆਂ ਹਨ, ਜਿਹੜੀਆਂ ਕਿ ਮੌਕੇ ‘ਤੇ ਹੀ ਚਲਾਨ ਦਾ ਭੁਗਤਾਨ ਕਰਕੇ ਵਾਹਨ ਚਾਲਕ ਨੂੰ ਰਸੀਦ ਦੇ ਦੇਣਗੀਆਂ।ਚੰਡੀਗੜ੍ਹ ਵਿਖੇ ਟਰਾਂਸਪੋਰਟ ਵਿਭਾਗ ਦੀ ਮੀਟਿੰਗ ਲੈਂਦੇ ਹੋਏ ਮੰਤਰੀ ਰਜ਼ੀਆ ਸੁਲਤਾਨਾ ਨੇ ਇਸ ਸਬੰਧੀ ਆਦੇਸ਼ ਜਾਰੀ ਕਰ ਦਿੱਤੇ ਹਨ ਤਾਂ ਕਿ ਜਲਦ ਹੀ ਇਨ੍ਹਾਂ ਮਸ਼ੀਨਾਂ ਦੀ ਖਰੀਦ ਹੋਣ ਤੋਂ ਬਾਅਦ ਆਮ ਜਨਤਾ ਨੂੰ ਕੁਝ ਤਾਂ ਰਾਹਤ ਦਿੱਤੀ ਜਾ ਸਕੇ। ਇਸ ਨਾਲ ਜਿੱਥੇ ਜਨਤਾ ਨੂੰ ਰਾਹਤ ਮਿਲੇਗੀ ਤਾਂ ਉੱਥੇ ਹੀ ਅਧਿਕਾਰੀਆਂ ਦਾ ਵੀ ਕਾਫ਼ੀ ਜਿਆਦਾ ਸਮਾਂ ਬਚ ਜਾਏਗਾ, ਕਿਉਂਕਿ ਚਲਾਨ ਹੋਣ ਤੋਂ ਬਾਅਦ ਭੁਗਤਾਨ ਕਰਨ ਸਮੇਂ ਜ਼ਿਆਦਾ ਸਮਾਂ ਖਰਾਬ ਹੋ ਜਾਂਦਾ ਹੈ।

ਟਰਾਂਸਪੋਰਟ ਵਿਭਾਗ ਦੀ ਮੰਤਰੀ ਰਜ਼ੀਆ ਸੁਲਤਾਨਾ ਨੇ ਦੱਸਿਆ ਕਿ ਅੱਜ ਮੀਟਿੰਗ ਦੌਰਾਨ ਉਨ੍ਹਾਂ ਨੇ ਈ ਚਲਾਨ ਮਸ਼ੀਨਾਂ ਬਾਰੇ ਨਾ ਸਿਰਫ਼ ਖੁੱਲ੍ਹ ਕੇ ਚਰਚਾ ਕੀਤੀ, ਸਗੋਂ ਇਨ੍ਹਾਂ ਨੂੰ ਜਲਦ ਹੀ ਖਰੀਦਣ ਲਈ ਆਦੇਸ਼ ਵੀ ਜਾਰੀ ਕਰ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਵਾਹਨ ਚਾਲਕ ਤੋਂ ਟਰੈਫ਼ਿਕ ਨਿਯਮਾਂ ਦੇ ਉਲੰਘਣ ਦੀ ਗਲਤ ਹੋ ਜਾਂਦੀ ਹੈ ਤਾਂ ਉਨ੍ਹਾਂ ਨੂੰ ਚਲਾਨ ਭੁਗਤਾਉਣ ਮੌਕੇ ਕਈ ਕਈ ਘੰਟੇ ਲਾਈਨ ‘ਚ ਲਗਾਉਣ ਜਾਂ ਫਿਰ ਅਦਾਲਤਾਂ ਦੇ ਚੱਕਰ ਲਗਵਾਉਣ ਦੀ ਸਜ਼ਾ ਨਹੀਂ ਦਿੱਤੀ ਜਾ ਸਕਦੀ ਹੈ। ਇਸ ਲਈ ਇਹੋ ਜਿਹੀਆਂ ਮਸ਼ੀਨਾਂ ਮੰਗਵਾਈ ਜਾ ਰਹੀਆਂ ਹਨ, ਜਿਹੜੀਆਂ ਕਿ ਵਾਹਨ ਚਲਾਕ ਆਪਣੇ ਕਿਸੇ ਵੀ ਕ੍ਰੈਡਿਟ ਕਾਰਡ ਜਾਂ ਫਿਰ ਡੈਬਿਟ ਕਾਰਡ ਰਾਹੀਂ ਜੁਰਮਾਨਾ ਦੀ ਅਦਾਇਗੀ ਮੌਕੇ ‘ਤੇ ਹੀ ਕਰਦੇ ਹੋਏ ਚਲਾਨ ਦੀ ਰਸੀਦ ਲੈ ਸਕਦਾ ਹੈ। ਇਸ ਨਾਲ ਉਸ ਦਾ ਕਾਫ਼ੀ ਜ਼ਿਆਦਾ ਸਮਾਂ ਬਚ ਜਾਏਗਾ ਤੇ ਟਰੈਫ਼ਿਕ ਨਿਯਮਾਂ ਅਨੁਸਾਰ ਕਾਰਵਾਈ ਵੀ ਹੋ ਜਾਏਗੀ।