ਸੇਵਾ ਦੀ ਮੂਰਤ, ਭਗਤ ਪੂਰਨ ਸਿੰਘ

ਸੇਵਾ ਦੀ ਮੂਰਤ, ਭਗਤ ਪੂਰਨ ਸਿੰਘ

Bhagat Puran Singh | ਯੁੱਗ ਪੁਰਸ਼ ਭਗਤ ਪੂਰਨ ਸਿੰਘ ਉਹ ਹਸਤਾਖ਼ਰ ਹੋਇਆ ਹੈ ਜੋ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ। ਕੌਣ ਹੈ ਜੋ ਇਸ ਸਾਦਗੀ ਦੇ ਪ੍ਰਤੀਕ, ਸੇਵਾ ਦੀ ਮੂਰਤ, ਮਹਾਨ ਪਰਉਪਕਾਰੀ ਸੰਤ ਦੇ ਨਾਂਅ ਅਤੇ ਇਸ ਵੱਲੋਂ ਕੀਤੇ ਕਾਰਜਾਂ ਤੋਂ ਜਾਣੂ ਨਹੀਂ ਹੈ? ਭਗਤ ਪੂਰਨ ਸਿੰਘ ਸਹੀ ਅਰਥਾਂ ਵਿੱਚ ਭਗਤ ਸਨ ਜੋ ਅਖ਼ੀਰਲੇ ਸਮੇਂ ਤੱਕ ਪੂਰਨ ਹੋ ਨਿੱਬੜੇ।

ਉਨ੍ਹਾਂ ਦਾ ਘਰ ਸਮੁੱਚਾ ਵਿਸ਼ਵ ਸੀ। ਉਨ੍ਹਾਂ ਦਾ ਆਦਰਸ਼ ਸੀ ਮਨੁੱਖਤਾ ਦੀ ਸੇਵਾ। ਪਿੰਗਲਵਾੜੇ ਦੇ ਰੋਗੀ ਉਨ੍ਹਾਂ ਦੀ ਸੰਤਾਨ ਸਨ ਅਤੇ ਉਹ ਆਪਣੀ ਸੰਤਾਨ ਦੀ ਦੇਖਭਾਲ ਲਈ ਹਰ ਪ੍ਰਕਾਰ ਦੀ ਕੁਰਬਾਨੀ ਲਈ ਤਿਆਰ ਸਨ।

ਭਗਤ ਪੂਰਨ ਸਿੰਘ, ਜਿਨ੍ਹਾਂ ਦਾ ਪਹਿਲਾ ਨਾਂਅ ਰਾਮਜੀ ਦਾਸ ਸੀ, ਦਾ ਜਨਮ ਇੱਕ ਖਾਂਦੇ-ਪੀਂਦੇ ਹਿੰਦੂ ਪਰਿਵਾਰ ਵਿੱਚ 4 ਜੂਨ, 1904 ਈ. ਨੂੰ ਮਾਤਾ ਮਹਿਤਾਬ ਕੌਰ ਦੀ ਕੁੱਖੋਂ ਪਿਤਾ ਸ੍ਰੀ ਛਿੱਬੂ ਮੱਲ ਦੇ ਘਰ ਪਿੰਡ ਰਾਜੇਵਾਲ ਰੇਹਣੋ, ਤਹਿਸੀਲ ਖੰਨਾ ਜ਼ਿਲ੍ਹਾ ਲੁਧਿਆਣਾ ਵਿਖੇ ਹੋਇਆ। ਆਪ ਦੇ ਪਿਤਾ ਇੱਕ ਸ਼ਾਹੂਕਾਰ ਸਨ ਅਤੇ ਮਾਤਾ ਧਾਰਮਿਕ ਬਿਰਤੀ ਦੇ ਮਾਲਿਕ ਸਨ, ਜਿਨ੍ਹਾਂ ਨੇ ਭਗਤ ਨੂੰ ਬਚਪਨ ਵਿੱਚ ਅਨੇਕਾਂ ਮਹਾਂਪੁਰਸ਼ਾਂ ਦੀਆਂ ਸਾਖੀਆਂ ਸੁਣਾਈਆਂ ਜਿਨ੍ਹਾਂ ਦਾ ਪ੍ਰਭਾਵ ਆਪ ਦੇ ਜੀਵਨ ਉੱਪਰ ਪਿਆ।

Bhagat Puran Singh | ਭਗਤ ਪੂਰਨ ਨੇ ਮੁੱਢਲੀ ਵਿੱਦਿਆ ਪਿੰਡ ਦੇ ਸਰਕਾਰੀ ਸੀਨੀਅਰ ਸਕੂਲ ਖੰਨਾ ਤੋਂ ਪ੍ਰਾਪਤ ਕੀਤੀ। ਦਸਵੀਂ ਜਮਾਤ ਵਿੱਚ ਪੜ੍ਹਦਿਆਂ ਆਪ ਦੇ ਪਿਤਾ ਦੀ ਮੌਤ ਹੋ ਗਈ ਅਤੇ ਅਚਾਨਕ ਘਰ ਵਿੱਚ ਗ਼ਰੀਬੀ ਆ ਜਾਣ ਕਾਰਨ ਭਗਤ ਪੂਰਨ ਨੂੰ ਆਪਣੀ ਪੜ੍ਹਾਈ ਵਿੱਚੇ ਹੀ ਛੱਡ ਕੇ ਆਪਣੀ ਮਾਂ ਕੋਲ ਲਾਹੌਰ ਜਾਣਾ ਪਿਆ, ਜਿੱਥੇ ਉਹ ਲੋਕਾਂ ਦੇ ਘਰਾਂ ਵਿੱਚ ਭਾਂਡੇ ਮਾਂਜਣ ਦੀ ਨੌਕਰੀ ਕਰਦੀ ਸੀ।

ਭਗਤ ਪੂਰਨ ਦੇ ਜੀਵਨ ਵਿੱਚ ਕੁਝ ਘਟਨਾਵਾਂ ਅਜਿਹੀਆਂ ਘਟੀਆਂ ਜਿਨ੍ਹਾਂ ਕਾਰਨ ਉਹ ਭਗਤ ਵੀ ਬਣੇ ਪੂਰਨ ਵੀ ਹੋਏ ਅਤੇ ਸਿੰਘ ਵੀ ਸਜੇ। ਰਾਮਜੀ ਦਾਸ ਦੇ ਭਗਤ ਪੂਰਨ ਸਿੰਘ ਬਣਨ ‘ਚ ਲਾਲਾ ਛਿੱਬੂ ਮੱਲ ਦਾ ਘਰ ਗੁਰਬਤ ਵਿੱਚ ਲਹਿ ਜਾਣਾ ਵੀ ਅਹਿਮ ਸਥਾਨ ਰੱਖਦਾ ਹੈ, ਅਜਿਹਾ ਨਾ ਹੋਣ ਦੀ ਹਾਲਤ ਵਿੱਚ ਰਾਮਜੀ ਦਾਸ ਕੋਈ ਵਪਾਰੀ ਜਾਂ ਹਟਵਾਣੀਆਂ ਬਣ ਕੇ ਲਾਲਾ ਰਾਮਜੀ ਦਾਸ ਤਾਂ ਭਾਵੇਂ ਬਣ ਜਾਂਦਾ, ਉਹ ਭਗਤ ਪੂਰਨ ਸਿੰਘ ਨਹੀਂ ਸੀ ਬਣਨ ਲੱਗਾ।

ਭਗਤ ਪੂਰਨ ਦੇ ਜੀਵਨ ਅੰਦਰ ਅਨੋਖਾ ਕਰਿਸ਼ਮਾ ਉਸ ਸਮੇਂ ਵਾਪਰਿਆ ਜਦੋਂ ਉਹਨਾਂ ਨੌਕਰੀ ਦੀ ਤਲਾਸ਼ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਯਾਦਗਾਰ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਵਿੱਚ ਸ਼ਰਨ ਲਈ ਜਿੱਥੇ ਬਾਅਦ ਵਿੱਚ 24 ਸਾਲ ਸੇਵਾਦਾਰ ਬਣ ਕੇ ਸੇਵਾ ਕੀਤੀ। ਇੱਥੇ ਹੀ 1934 ਈ. ਨੂੰ ਗੁਰਦੁਆਰਾ ਸਾਹਿਬ ਦੇ ਬੂਹੇ ਅੱਗਿਉਂ ਇੱਕ ਗੂੰਗਾ ਅਤੇ ਲੂਲਾ ਬੱਚਾ ਮਿਲਿਆ ਜਿਸ ਨੇ ਉਨ੍ਹਾਂ ‘ਚ ਮੁਹੱਬਤ ਦੀ ਰਹਿਮ ਰੂਪੀ ਚਿਣਗ ਪੈਦਾ ਕੀਤੀ।

Bhagat Puran Singh | ਭਗਤ ਪੂਰਨ ਨੇ ਇਸ ਬੱਚੇ ਦੀ ਸੰਭਾਲ ਕੀਤੀ ਅਤੇ ਇਸ ਬੱਚੇ ਦਾ ਨਾਂਅ ਮਗਰੋਂ ‘ਪਿਆਰਾ ਸਿੰਘ’ ਰੱਖਿਆ। ਆਪ ਨੇ 14 ਸਾਲ ਉਸ ਨੂੰ ਮੋਢਿਆਂ ਉੱਤੇ ਚੁੱਕ ਕੇ ਘੁੰਮਾਇਆ ਅਤੇ ਵੱਡਾ ਕੀਤਾ। ਚਿਕਿਤਸਕ ਸਮਾਜਿਕ ਸੰਸਥਾ ‘ਪਿੰਗਲਵਾੜਾ’ ਦੀ ਬੁਨਿਆਦ ਵੀ ਸ਼ਾਇਦ ਓਦੋਂ ਹੀ ਰੱਖੀ ਗਈ ਜਦੋਂ ਭਗਤ ਪੂਰਨ ਨੇ ਪਿਆਰਾ ਸਿੰਘ ਨੂੰ ਆਪਣੀ ਦੇਖ-ਰੇਖ ਵਿੱਚ ਲਿਆਂਦਾ ਸੀ। ਕਿਸੇ ਨੂੰ ਚਿੱਤ-ਚੇਤਾ ਵੀ ਨਹੀਂ ਸੀ ਕਿ ਇਸ ਘਟਨਾ ਮਗਰੋਂ ਇੱਕ ਬਹੁਤ ਵੱਡੀ ਸੰਸਥਾ ਜਨਮ ਲੈ ਸਕਦੀ ਹੈ।

ਦੇਸ਼ ਦੀ ਵੰਡ ਹੋਈ ਅਤੇ ਭਗਤ ਪੂਰਨ ਸਿੰਘ ਨੇ ਉਹ ਕਤਲੋ-ਗਾਰਤ ਆਪਣੀ ਅੱਖੀਂ ਵੇਖੀ ਜੋ 1947 ਵਿੱਚ ਹੋਈ। ਸਭ ਪਾਸਿਉਂ ਉਨ੍ਹਾਂ ਨੂੰ ਲਹੂ-ਲੁਹਾਣ ਹੋਏ ਬੱਚੇ ਅਤੇ ਇਸਤਰੀਆਂ ਨਜ਼ਰ ਆ ਰਹੇ ਸਨ। ਭਗਤ ਪੂਰਨ ਸ਼ਰਨਾਰਥੀਆਂ ਦੇ ਨਾਲ ਅੰਮ੍ਰਿਤਸਰ ਆ ਗਏ। ਉਨ੍ਹਾਂ ਨੂੰ ਇਹ ਵੇਖ ਕੇ ਬੜਾ ਦੁੱਖ ਹੋਇਆ ਕਿ ਜ਼ਖ਼ਮੀ, ਲੂਲੇ-ਲੰਗੜੇ, ਬੇਸਹਾਰਾ ਤੇ ਰੋਗੀ ਸ਼ਰਨਾਰਥੀਆਂ ਦਾ ਹਾਲ ਪੁੱਛਣ ਵਾਲਾ ਕੋਈ ਨਹੀਂ ਸੀ।

ਆਪ ਨੇ ਪਹਿਲਾਂ ਖਾਲਸਾ ਕਾਲਜ ਦੇ ਸਾਹਮਣੇ ਤੰਬੂ ਗੱਡ ਕੇ ਅਪਾਹਿਜਾਂ ਤੇ ਬੇ-ਸਹਾਰਾ ਲੋਕਾਂ ਨੂੰ ਸੰਭਾਲਿਆ ਅਤੇ ਆਖ਼ਿਰ ਜੀ. ਟੀ. ਰੋਡ ਉੱਤੇ ਤਹਿਸੀਲ ਦੇ ਨੇੜੇ ਇਮਾਰਤ ਬਣਾ ਕੇ ‘ਪਿੰਗਲਵਾੜਾ’ ਸਥਾਪਿਤ ਕੀਤਾ। ਇਹ ਪਿੰਗਲਵਾੜਾ ਅੰਮ੍ਰਿਤਸਰ ਆਉਣ ਵਾਲੇ ਯਾਤਰੀਆਂ ਲਈ ਇੱਕ ਯਾਤਰਾ ਸਥਾਨ ਬਣ ਗਿਆ ਹੈ।

ਆਪ ਸਵੇਰੇ ਦਰਬਾਰ ਸਾਹਿਬ ਵਿੱਚ ਪਿਆਰਾ ਸਿੰਘ ਨੂੰ ਰੇਹੜੀ ਵਿੱਚ ਲਿਟਾ ਕੇ ਆਪਣੇ ਨਾਲ ਲੈ ਕੇ ਆਉਂਦੇ ਤੇ ਸਾਰਾ ਦਿਨ ਸੰਗਤਾਂ ਨੂੰ ਅਬਾਦੀ ਦੇ ਵਾਧੇ, ਪਾਣੀ-ਹਵਾ ਦੇ ਦੂਸ਼ਿਤ ਹੋ ਜਾਣ, ਜੰਗਲਾਂ ਦੇ ਕੱਟੇ ਜਾਣ, ਅੰਨ ਸੰਕਟ, ਦਰਿਆਵਾਂ ਦੇ ਗੰਦੇ ਪਾਣੀ, ਗ਼ਰੀਬੀ, ਅਨਪੜ੍ਹਤਾ, ਸੜਕ-ਰੇਲ ਹਾਦਸੇ, ਬੇਰੁਜ਼ਗਾਰੀ, ਧਾਰਮਿਕ ਤੇ ਸਮਾਜਿਕ ਆਦਿ ਕਈ ਸਮੱਸਿਆਵਾਂ ਬਾਰੇ ਇਸ਼ਤਿਹਾਰ ਤੇ ਕਿਤਾਬਚੇ ਵੰਡਦੇ ਅਤੇ ਵਿਚਾਰਾਂ ਕਰਦੇ। ਰਾਤ ਨੂੰ ਪਿਆਰਾ ਸਿੰਘ ਨਾਲ ਵਾਪਿਸ ਪਿੰਗਲਵਾੜੇ ਚਲੇ ਜਾਂਦੇ।

ਭਗਤ ਪੂਰਨ ਸਿੰਘ ਨੇ ਸਾਰੀ ਜ਼ਿੰਦਗੀ ਬ੍ਰਹਮਚਾਰੀ ਰਹਿ ਕੇ ਦੀਨ, ਦੁਖੀਆਂ, ਰੋਗੀਆਂ ਅਤੇ ਅਪਾਹਿਜਾਂ ਦੀ ਸੇਵਾ ਵਿੱਚ ਆਪਣਾ ਜੀਵਨ ਅਰਪਣ ਕੀਤਾ। ਉਨ੍ਹਾਂ ਦਾ ਆਦਰਸ਼ ਸੀ ਕਿ ਹਰੇਕ ਬੰਦਾ ਹੱਥੀਂ ਕੰਮ ਕਰੇ, ਘਰੇਲੂ ਦਸਤਕਾਰੀਆਂ ਅਪਣਾਏ, ਦਰੱਖ਼ਤ ਲਾਏ, ਅਪਾਹਿਜ ਲੋੜਵੰਦਾਂ ਦੀ ਸਹਾਇਤਾ ਕਰੇ। ਆਪ ਨੂੰ ਅਨੇਕਾਂ ਸੰਸਥਾਵਾਂ ਅਤੇ ਭਾਰਤ ਸਰਕਾਰ ਵੱਲੋਂ ਮਾਣ-ਸਨਮਾਨ ਪ੍ਰਾਪਤ ਹੋਇਆ।

1981 ਈ. ਵਿੱਚ ‘ਪਦਮ ਸ੍ਰੀ’ ਐਵਾਰਡ, 1990 ਈ. ਵਿੱਚ ਹਾਰਮਨੀ ਐਵਾਰਡ, 1991 ਈ. ਵਿੱਚ ਰੋਗ ਰਤਨ ਐਵਾਰਡ ਅਤੇ 1991 ਵਿੱਚ ਭਾਈ ਘਨ੍ਹੱਈਆ ਐਵਾਰਡ ਮਿਲੇ। ਭਗਤ ਪੂਰਨ ਸਿੰਘ ਦੇ ਦਿਲ ਨੂੰ ਸਾਕਾ ਨੀਲਾ ਤਾਰਾ ਦੀ ਦੁਖਦਾਇਕ ਘਟਨਾ ਤੋਂ ਏਨਾ ਸਦਮਾ ਪਹੁੰਚਿਆ ਕਿ ਇਨ੍ਹਾਂ ਨੇ ਰੋਸ ਵਜੋਂ ਪਦਮ ਵਿਭੂਸ਼ਣ ਐਵਾਰਡ ਵਾਪਿਸ ਕਰ ਦਿੱਤਾ।

ਭਗਤ ਪੂਰਨ ਸਿੰਘ ਨੇ ਆਪਣਾ ਅਖ਼ੀਰਲਾ ਸਮਾਂ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਅੱਗੇ ਬੈਠ ਕੇ ਸੰਗਤਾਂ ਨੂੰ ਮਾਨਵ ਸੇਵਾ, ਪਰਉਪਕਾਰ ਅਤੇ ਵਾਤਾਵਰਨ ਸੰਭਾਲ ਲਈ ਪ੍ਰੇਰਦਿਆਂ ਬਤੀਤ ਕੀਤਾ। ਅਖੀਰ ਦੈਵੀ ਪੁਰਸ਼ ਭਗਤ ਪੂਰਨ ਸਿੰਘ ਲੰਗੜੇ-ਲੂਲੇ, ਪਾਗ਼ਲ ਅਤੇ ਬੇਸਹਾਰਾ ਲੋਕਾਂ ਦੀ ਸੇਵਾ ਕਰਦੇ ਹੋਏ 5 ਅਗਸਤ, 1992 ਨੂੰ ਸਦੀਵੀ ਵਿਛੋੜਾ ਦੇ ਗਏ।
ਪੰਜਾਬੀ ਵਿਭਾਗ, ਚੌਧਰੀ ਦੇਵੀ ਲਾਲ ਯੂਨੀਵਰਸਿਟੀ, ਸਰਸਾ (ਹਰਿਆਣਾ) ਮੋ. 98784-47758
ਡਾ. ਚਰਨਜੀਤ ਕੌਰ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।