ਸੈਨ ਫ੍ਰਾਂਸਿਸਕੋ ਦੇ ਇਲਾਕੇ ’ਚ ਇੱਕ ਵਿਸ਼ੇਸ਼ ਮੁੜ-ਵਸੇਬਾ ਹਸਪਤਾਲ ਸੀ, ਜਿੱਥੇ ਗਿਆਰਾਂ ਸਾਲ ਦੀ ਏਂਜੇਲਾ ਦਾਖਲ ਸੀ। ਉਸ ਨੂੰ ਇੱਕ ਗੰਭੀਰ ਬਿਮਾਰੀ ਸੀ, ਜਿਸ ਕਾਰਨ ਉਹ ਤੁਰ-ਫਿਰ ਨਹੀਂ ਸਕਦੀ ਸੀ। ਡਾਕਟਰਾਂ ਦਾ ਕਹਿਣਾ ਸੀ ਉਹ ਹੁਣ ਜੀਵਨ ਭਰ ਵ੍ਹੀਲ ਚੇਅਰ ’ਤੇ ਹੀ ਰਹੇਗੀ ਪਰ ਇਸ ਦੇ ਬਾਵਜ਼ੂਦ ਉਸ ਛੋਟੀ ਲੜਕੀ ਨੇ ਹਿੰਮਤ ਨਹੀਂ ਹਾਰੀ। ਡਾਕਟਰ ਵੀ ਉਸ ਦੇ ਹੌਂਸਲੇ ਤੋਂ ਬਹੁਤ ਪ੍ਰਭਾਵਿਤ ਸਨ। ਉਨ੍ਹਾਂ ਨੇ ਉਸ ਨੂੰ ਕਲਪਨਾ ਸ਼ਕਤੀ ਬਾਰੇ ਸਿਖਾਇਆ।
ਡਾਕਟਰਾਂ ਨੇ ਉਸ ਨੂੰ ਸੁਝਾਅ ਦਿੱਤਾ ਕਿ ਉਹ ਖੁਦ ਨੂੰ ਤੁਰਦਾ ਹੋਇਆ ਵੇਖੇ। ਏਂਜੇਲਾ ਉਨ੍ਹਾਂ ਦੀਆਂ ਗੱਲਾਂ ਨੂੰ ਮਾਨਸਿਕ, ਸਰੀਰਕ ਕਸਰਤ ਦੇ ਨਾਲ ਓਨੀ ਹੀ ਮਿਹਨਤ ਨਾਲ ਕਲਪਨਾ ਕਰਨ ਲੱਗੀ ਕਿ ਉਹ ਹਿੱਲ ਰਹੀ ਸੀ। ਇੱਕ ਦਿਨ ਜਦੋਂ ਉਹ ਪੂਰੀ ਤਰ੍ਹਾਂ ਇਹ ਕਲਪਨਾ ਕਰ ਰਹੀ ਸੀ ਕਿ ਉਸ ਦੇ ਪੈਰ ਹਿੱਲ ਰਹੇ ਹਨ, ਤਾਂ ਉਸ ਨੂੰ ਇੰਜ ਲੱਗਾ ਜਿਵੇਂ ਚਮਤਕਾਰ ਹੋ ਗਿਆ ਹੋਵੇ, ਪਲੰਘ ਹਿੱਲਣ ਲੱਗਾ! ਉਹ ਖਿਸਕ ਕੇ ਕਮਰੇ ਦੇ ਦੂਜੇ ਕੋਨੇ ’ਚ ਪਹੁੰਚ ਗਈ।
Read Also : Himalayas: ਖ਼ਤਰੇ ’ਚ ‘ਧਰਤੀ ਦਾ ਤੀਜਾ ਪੋਲ’
ਏਂਜੇਲਾ ਚੀਕੀ, ‘ਵੇਖੋ ਮੈਂ ਕੀ ਕਰ ਦਿੱਤਾ! ਵੇਖੋ! ਵੇਖੋ! ਮੈਂ ਇਹ ਕਰ ਸਕਦੀ ਹਾਂ, ਮੈਂ ਹਿੱਲੀ ਸੀ।’ ਉਸ ਸਮੇਂ ਹਸਪਤਾਲ ’ਚ ਮੌਜ਼ੂਦ ਹਰ ਆਦਮੀ ਚੀਕ ਰਿਹਾ ਸੀ ਤੇ ਬਚਣ ਲਈ ਭੱਜ ਰਿਹਾ ਸੀ। ਸਾਮਾਨ ਡਿੱਗ ਰਿਹਾ ਸੀ, ਕੱਚ ਟੁੱਟ ਰਹੇ ਸਨ। ਸੈਨ ਫ੍ਰਾਂਸਿਸਕੋ ’ਚ ਉਸ ਸਮੇਂ ਭੂਚਾਲ ਆਇਆ ਸੀ। ਇਹ ਗੱਲ ਏਂਜੇਲਾ ਨੂੰ ਨਹੀਂ ਦੱਸੀ ਗਈ, ਉਸ ਨੂੰ ਪੂਰਾ ਭਰੋਸਾ ਸੀ ਕਿ ਇਹ ਕੰਮ ਉਸੇ ਨੇ ਕੀਤਾ ਸੀ। ਇਸ ਘਟਨਾ ਤੋਂ ਕੁਝ ਸਾਲ ਬਾਅਦ ਹੀ ਉਹ ਆਪਣੇ ਪੈਰਾਂ ਨਾਲ ਤੁਰ ਕੇ ਸਕੂਲ ਵੀ ਜਾਣ ਲੱਗੀ।
ਉਸ ਨੂੰ ਇਸ ਭਰੋਸੇ ਨੇ ਆਪਣੇ ਪੈਰਾਂ ’ਤੇ ਖੜ੍ਹਾ ਕੀਤਾ ਕਿ ਜੋ ਲੜਕੀ ਸੈਨ ਫ੍ਰਾਂਸਿਸਕੋ ਤੇ ਆਕਲੈਂਡ ਦਰਮਿਆਨ ਦੀ ਪੂਰੀ ਧਰਤੀ ਨੂੰ ਹਿਲਾ ਸਕਦੀ ਹੈ ਤਾਂ ਕੀ ਉਹ ਇੱਕ ਛੋਟੀ ਬਿਮਾਰੀ ਨੂੰ ਨਹੀਂ ਜਿੱਤ ਸਕਦੀ? ਪ੍ਰੇਰਨਾ: ਤੁਸੀਂ ਜੋ ਵੀ ਕਰਨਾ ਚਾਹੁੰਦੇ ਹੋ, ਜੋ ਵੀ ਬਣਨਾ ਚਾਹੁੰਦੇ ਹੋ, ਮਿਹਨਤ ਦੇ ਨਾਲ-ਨਾਲ ਉਸ ਦੇ ਸਾਕਾਰ ਹੋਣ ਦਾ ਸੁਪਨਾ ਵੀ ਵਾਰ-ਵਾਰ ਵੇਖੋ। ਤੁਹਾਡੀ ਇਹੀ ਕਲਪਨਾ ਸ਼ਕਤੀ ਇੱਕ ਦਿਨ ਈਸ਼ਵਰ ਨੂੰ ਵੀ ‘ਤਥਾਸਤੂ’ ਕਹਿਣ ਲਈ ਮਜ਼ਬੂਰ ਕਰ ਦੇਵੇਗੀ।