Punjabi story: ਢਿੱਡ ਦੀ ਭੁੱਖ (ਪੰਜਾਬੀ ਕਹਾਣੀ)

Punjabi story
Punjabi story: ਢਿੱਡ ਦੀ ਭੁੱਖ (ਪੰਜਾਬੀ ਕਹਾਣੀ)

Punjabi story: ਸਰਦੀ ਆਪਣੇ ਜੋਬਨ ਤੇ ਛੜੱਪੇ ਮਾਰ ਮਾਰ ਚੜ੍ਹ ਰਹੀ ਸੀ। ਵਿਆਹਾਂ ਦੀ ਰੁੱਤ ਚੱਲਣ ਕਰਕੇ ਮੈਰਿਜ ਪੈਲੇਸਾਂ ਵਿੱਚ ਕੋਈ ਦਿਨ ਵੀ ਖਾਲੀ ਨਹੀਂ ਸੀ ਰਹਿੰਦਾ, ਜਿਸ ਦਿਨ ਕੋਈ ਸਾਦੀ ਨਾ ਹੋਵੇ। ਮੈਰਿਜ ਪੈਲਿਸ, ਵਿਆਂਦੜ ਲਾੜੀ ਵਾਂਗ ਸਜਾਏ ਹੋਏ ਰਹਿੰਦੇ ਸਨ। ਅੱਜ ਵੀ ਪੈਲਿਸ ਵਿੱਚ ਪੂਰੀ ਰੌਣਕ ਸੀ। ਲੋਕ ਖੁਸ਼ੀ ਖੁਸ਼ੀ ਮਿਠਾਈਆਂ ਖਾਣ ਦੀਆਂ, ਸਗਨਾਂ ਦੀਆਂ, ਅਤੇ ਹੋਰ ਪੋਜ ਬਣਾ ਬਣਾ ਕੇ ਫੋਟੋਆਂ ਖਿਚਵਾ ਰਹੇ ਸਨ। ਮੁੰਡੇ ਵਾਲਿਆਂ ਦੀ ਖੁਸ਼ੀ ਕੁੜੀ ਵਾਲਿਆਂ ਦੀ ਖੁਸੀ ਦੇ ਮੁਕਾਬਲੇ ਕਿਤੇ ਵੱਧ ਸੀ।

ਅਚਾਨਕ ਹੀ ਤਿੰਨ ਚਾਰ ਜੈਂਟਲਮੈਨ ਪੰਡਾਲ ਦੀ ਇੱਕ ਨੁੱਕਰ ਵਿੱਚ ਖੜ੍ਹ ਗਏ। ਦੇਖਣ ਵਿੱਚ ਉਹ ਅਫਸਰ ਲੱਗ ਰਹੇ ਸਨ। ਉਹਨਾਂ ਨੇ ਕਿਸੇ ਨੂੰ ਕੁੱਝ ਨਾ ਕਿਹਾ। ਉਹ ਆਉਣ ਜਾਣ ਵਾਲਿਆਂ ਵੱਲ ਦੇਖ ਰਹੇ ਸਨ। ਉਹਨਾਂ ਦੀਆਂ ਨਜਰਾਂ ਇਸ ਤਰ੍ਹਾਂ ਘੁੰਮ ਰਹੀਆਂ ਸਨ ਜਿਵੇਂ ਕਿਸੇ ਨੂੰ ਲੱਭ ਰਹੇ ਹੋਣ। ਬੇਗਾਨੇ ਬੰਦੇ ਦੇਖ ਕੇ ਕੁੜੀ ਵਾਲਿਆਂ ਨੇ ਮੋਹਤਬਰ ਬੰਦਿਆਂ ਨੇ ਮੁੰਡੇ ਵਾਲਿਆਂ ਨੂੰ ਪੁੱਛਿਆ ,

ਸਰਦਾਰ ਜੀ ਆਹ ਬੰਦੇ ਤੁਹਾਡੇ ਨਾਲ ਹਨ?
ਨਹੀਂ ਜੀ ਮੈਂ ਤਾਂ ਜਾਣਦਾ ਵੀ ਨਹੀਂ ।ਮੈਂ ਤਾਂ ਸੋਚਿਆ ਸਾਇਦ ਇਹ ਤੁਹਾਡੇ ਵਾਲੇ ਪਾਸਿਓ ਨੇ। ਮੁੰਡੇ ਵਾਲਿਆਂ ਦਾ ਇੱਕ ਸਿਆਣਾ ਆਦਮੀ ਬੋਲਿਆ।

Punjabi story

ਸਾਨੂੰ ਪਤਾ ਕਰਨਾ ਚਾਹੀਦਾ ਹੈ।ਕਹਿ ਕੇ ਕੁੜੀ ਵਾਲਿਆਂ ਦੇ ਦੋ ਤਿੰਨ ਬੰਦੇ ਉਹਨਾਂ ਕੋਲ ਚਲੇ ਗਏ। ਇੰਨੇ ਵਿੱਚ ਬਾਹਰੋਂ ਆਏ ਬੰਦਿਆਂ ਨੇ ਇੱਕ ਵੇਟਰ ਨੂੰ ਆਪਣੇ ਕੋਲ ਬੁਲਾਇਆ, ਇਸ ਤੋਂ ਪਹਿਲਾਂ ਕਿ ਉਹ ਵੇਟਰ ਤੋਂ ਕੁੱਝ ਪੁੱਛਦੇ ਤਾਂ ਕੁੜੀ ਵਾਲਿਆਂ ਨੇ ਪੁੱਛਿਆ ਤੁਸੀਂ ਕੌਣ ਜੀ?
ਅਸੀਂ ਚੈਕਿੰਗ ਲਈ ਆਏ ਹਾਂ।
ਕਿਸ ਚੀਜ ਦੀ ਚੈਕਿੰਗ?
ਬਾਲ ਮਜਦੂਰੀ ਦੀ। ਇਹ ਸੁਣ ਕੇ ਉਹ ਇੱਕ ਦੂਜੇ ਦੇ ਮੂੰਹ ਵੱਲ ਦੇਖਣ ਲੱਗੇ। ਚੈਕਿੰਗ ਕਰਨ ਵਾਲੇ ਅਫਸਰ ਨੇ ਪੁੱਛਿਆ ਕਾਕਾ ਤੇਰੀ ਕਿੰਨੀ ਉਮਰ ਹੈ? ਜੀ ਤੇਰਾਂ ਸਾਲ।
ਕਿਹੜੀ ਜਮਾਤ ਚ ਪੜਦੈਂ ?

Read Also : Drug Free Punjab: ਪ੍ਰਸ਼ਾਸਨ ਦਾ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਇੱਕ ਹੋਰ ਸ਼ਾਨਦਾਰ ਉਪਰਾਲਾ

ਜੀ ਅੱਠਵੀਂ ਚ । ਛੋਟੇ ਵੇਟਰ ਦੇ ਹੱਥਾਂ ਵਿੱਚ ਝੂਠੇ ਭਾਂਡੇ ਫੜੇ ਹੋਏ ਸਨ। ਉਹ ਜਦੋਂ ਉਹਨਾਂ ਕੋਲੋਂ ਜਾਣ ਲੱਗਿਆ ਤਾਂ ਚੈਕਿੰਗ ਟੀਮ ਦੇ ਇੱਕ ਜਣੇ ਨੇ ਉਸਨੂੰ ਰੋਕ ਲਿਆ ਤੇ ਕਿਹਾ ,ਬੇਟਾ ਭਾਂਡੇ ਥੱਲੇ ਰੱਖਦੇ।
ਜੀ ਮੈਂ ਕੰਮ ਕਰਨੈਂ।
ਨਹੀਂ ਅਸੀਂ ਗੱਲ ਕਰਦੇ ਹਾਂ। ਛੋਟਾ ਬੱਚਾ ਹੱਥ ਜੋੜ ਕੇ ਰੋਣ ਲੱਗਾ ਅਤੇ ਕਿਹਾ ਜੀ ਇਹ ਮੁੰਡੇ (ਮੇਰੇ ਨਾਲ ਦੇ) ਮੈਨੂੰ ਲੈ ਕੇ ਨਹੀਂ ਸਨ ਆਉਂਦੇ। ਮੈਂ ਤਾਂ ਮੱਲੋ ਜੋਰੀ ਆਇਆਂ।
ਕਿਉਂ?

ਜੀ ਮੇਰਾ ਬਾਪ ਮਰਿਆ ਹੋਇਆ ਹੈ । ਅਸੀਂ ਚਾਰ ਭੈਣ ਭਰਾ ਹਾਂ। ਮੈਂ ਸਭ ਤੋਂ ਵੱਡਾ ਹਾਂ।ਮੇਰੀ ਮਾਂ ਨੂੰ ਸਾਹ ਦੀ ਬਿਮਾਰੀ ਹੈ ।ਘਰੇ ਖਾਣ ਨੂੰ ਕੁੱਝ ਵੀ ਨਹੀਂ। ਬੱਚਾ ਧਾਹਾਂ ਮਾਰ ਕੇ ਰੋ ਰਿਹਾ ਸੀ। ਦੂਜੇ ਵੇਟਰ ਵੀ ਕੋਲ ਆ ਗਏ। ਇਕੱਠ ਹੋ ਗਿਆ, ਵਿੱਚੋਂ ਹੀ ਇਕ ਵੇਟਰ ਨੇ ਕਿਹਾ ਅਸੀਂ ਬਥੇਰਾ ਰੋਕਿਆ ਜੀ ਪਰ ਇਹ ਰੁਕਿਆ ਨਹੀਂ।
ਕਿਉਂ ਬਈ ?ਅਫਸਰ ਦੇ ਸੁਰ ਢਿੱਲੇ ਪੈ ਗਏ। ਸਾਹਿਬ ਜੇ ਮੈਂ ਦਿਹਾੜੀ ਨਾ ਕਰਾਂ ਤਾਂ ਅਸੀਂ ਭੁੱਖੇ ਮਰ ਜਾਈਏ। ਆਹੀ ਤਾਂ ਸੀਜਨ ਹੈ, ਸਾਡੇ ਰੱਜਣ ਦਾ, ਨਹੀਂ ਤਾਂ ਕਈ ਵਾਰ ਭੁੱਖੇ ਹੀ ਸੌਂ ਜਾਂਦੇ ਆਂ। ਬੱਚੇ ਦੀ ਗੱਲ ਸੁਣ ਕੇ ਸਭ ਦੇ ਮੂੰਹ ਨੀਵੇਂ ਪੈ ਗਏ। ਸਭ ਸੋਚ ਰਹੇ ਸਨ ਸਾਇਦ ਬਾਲ ਮਜਦੂਰੀ ਦੀ ਨਾਲੋਂ ਢਿੱਡ ਦੀ ਭੁੱਖ ਜਰੂਰੀ ਹੈ।

ਜਤਿੰਦਰ ਮੋਹਨ , ਪੰਜਾਬੀ ਅਧਿਆਪਕ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮੱਤੜ , ਸਰਸਾ ਮੋ : 9463020766