ਭਾਰਤ ’ਚ ਵਧ ਰਹੇ ਵਿਦਿਆਰਥੀਆਂ ਦੇ ਖੁਦਕੁਸ਼ੀ ਮਾਮਲੇ (study phobia to kaise bachaye)
ਬਹੁਤ ਦੁੱਖਦਾਈ ਖਬਰ ਹੈ ਕਿ ਭਾਰਤ ਦੇ ਨੈਸ਼ਨਲ ਕ੍ਰਾਈਮ ਬਿਊਰੋ ਡਾਟਾ (ਐਨ.ਸੀ.ਆਰ.ਬੀ.) ਵੱਲੋਂ ਜਾਰੀ ਕੀਤੀ ਗਈ ਰਿਪੋਰਟ ਮੁਤਾਬਕ ਸਾਲ 2020 ਤੇ 2021 ਦੌਰਾਨ ਕ੍ਰਮਵਾਰ 12526 ਤੇ 13200 ਵਿਦਿਆਰਥੀਆਂ ਨੇ ਖੁਦਕੁਸ਼ੀ ਕੀਤੀ ਹੈ। ਇਹ ਦਿਹਾੜੀਦਾਰਾਂ (42004), ਘਰੇਲੂ ਔਰਤਾਂ (23179), ਨੌਕਰੀਪੇਸ਼ਾ (20231) ਤੇ ਬੇਰੁਜ਼ਗਾਰਾਂ (13714) ਤੋਂ ਬਾਦ 6ਵੀਂ ਸਭ ਤੋਂ ਵੱਡੀ ਗਿਣਤੀ ਹੈ। 2010 ਤੋਂ ਬਾਅਦ ਵਿਦਿਆਰਥੀਆਂ ਦੀ ਖੁਦਕੁਸ਼ੀ ਦਰ ਹਰ ਸਾਲ 4.5% ਦੇ ਹਿਸਾਬ ਨਾਲ ਵਧਦੀ ਜਾ ਰਹੀ ਹੈ। ਕਿਸਾਨ ਖੁਦਕੁਸ਼ੀਆਂ ਵੀ ਬਹੁਤ ਜ਼ਿਆਦਾ ਹੋ ਰਹੀਆਂ ਹਨ।
ਬੱਚਿਆਂ ’ਚ ਪੜ੍ਹਾਈ ਤੋਂ ਡਰ ਨੂੰ ਖ਼ਤਮ ਕਿਵੇਂ ਕਰੀਏ? padhai me man kaise lagaye
ਪਰ ਇਨ੍ਹਾਂ ਬਾਰੇ ਸੂਬਿਆਂ ਅਤੇ ਕੇਂਦਰ ਦਾ ਡਾਟਾ ਆਪਸ ਵਿੱਚ ਮੇਲ ਨਹੀਂ ਖਾਂਦਾ, ਜਿਸ ਕਾਰਨ ਇਨ੍ਹਾਂ ਬਾਰੇ ਸਟੀਕਤਾ ਨਾਲ ਕੁਝ ਕਿਹਾ ਨਹੀਂ ਜਾ ਸਕਦਾ। ਕੇਰਲ, ਛੱਤੀਸਗੜ੍ਹ, ਮਹਾਰਾਸ਼ਟਰ, ਮੱਧ ਪ੍ਰਦੇਸ਼ ਤੇ ਤਾਮਿਲਨਾਡੂ ਵਰਗੇ ਪੜ੍ਹੇ-ਲਿਖੇ ਸੂਬਿਆਂ ਵਿੱਚ ਸਭ ਤੋਂ ਵੱਧ ਵਿਦਿਆਰਥੀ ਖੁਦਕੁਸ਼ੀਆਂ ਕਰ ਰਹੇ ਹਨ। ਵਿਦਿਆਰਥੀਆਂ ਦੀ ਖੁਦਕੁਸ਼ੀ ਦਾ ਸਿੱਧਾ ਸਬੰਧ ਪ੍ਰੋਫੈਸ਼ਨਲ ਕੋਰਸਾਂ ਵਿੱਚ ਦਾਖਲੇ ਲਈ ਚੱਲ ਰਹੀ ਮਾਰਾ-ਮਾਰੀ ਤੇ ਬੇਰੁਜ਼ਗਾਰੀ ਹੈ। ਇਹ ਤੱਥ ਇਸ ਗੱਲ ਤੋਂ ਸਾਬਤ ਹੁੰਦਾ ਹੈ ਕਿ ਕੋਰੋਨਾ ਕਾਲ (2020) ਵੇਲੇ ਖੁਦਕੁਸ਼ੀਆਂ ਦੀ ਦਰ ਇੱਕਦਮ ਹੇਠਾਂ ਆ ਗਈ ਸੀ, ਕਿਉਂਕਿ ਉਸ ਵੇਲੇ ਸਕੂਲ ਕਾਲਜ ਬੰਦ ਹੋ ਗਏ ਸਨ।
ਲੜਕਿਆਂ ਦੀ ਖੁਦਕੁਸ਼ੀ ਦਰ ਜ਼ਿਆਦਾ (Study and Studnets)
ਵਿਦਿਆਰਥੀ ਖੁਦਕੁਸ਼ੀ ਮਾਮਲਿਆਂ ਨੂੰ ਘੋਖਣ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਲੜਕੀਆਂ ਦੀ ਖੁਦਕੁਸ਼ੀ ਦਰ (43%) ਲੜਕਿਆਂ (57%) ਦੀ ਬਨਿਸਬਤ ਘੱਟ ਹੈ। ਬਚਪਨ ਤੋਂ ਹੀ ਘਰ ਤੇ ਸਮਾਜ ਵਿੱਚ ਔਖੇ ਹਾਲਾਤ ਦਾ ਸਾਹਮਣਾ ਕਰਨ ਕਾਰਨ ਲੜਕੀਆਂ ਲੜਕਿਆਂ ਤੋਂ ਜਿਆਦਾ ਦਬਾਅ ਝੱਲਣ ਦੇ ਕਾਬਲ ਬਣ ਜਾਂਦੀਆਂ ਹਨ। 2017 ਵਿੱਚ 4711 ਲੜਕੀਆਂ ਨੇ ਖੁਦਕੁਸ਼ੀ ਕੀਤੀ ਸੀ ਤੇ ਇਹ ਗਿਣਤੀ 2021 ਵਿੱਚ 5693 ਹੋ ਗਈ ਹੈ। ਸਭ ਤੋਂ ਵੱਧ ਖੁਦਕੁਸ਼ੀਆਂ ਦਸਵੀਂ ਤੋਂ ਲੈ ਕੇ ਗ੍ਰੈਜੂਏਟ ਪੱਧਰ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਵੱਲੋਂ ਕੀਤੀਆਂ ਜਾ ਰਹੀਆਂ ਹਨ।
ਇਹੀ ਉਹ ਸਮਾਂ ਹੁੰਦਾ ਜਦੋਂ ਵਿਦਿਆਰਥੀ ਪਲੱਸ ਟੂ ਕਰਨ ਤੋਂ ਬਾਅਦ ਕਿਸੇ ਵਧੀਆ ਪ੍ਰੋਫੈਸ਼ਨਲ ਕੋਰਸ ਵਿੱਚ ਦਾਖਲਾ ਹਾਸਲ ਕਰਨ ਜਾਂ ਨੌਕਰੀ ਪ੍ਰਾਪਤ ਕਰਨ ਲਈ ਮੁਕਾਬਲੇ ਦੀ ਤਿਆਰੀ ਕਰਦੇ ਹਨ। ਇਸ ਵੇਲੇ ਭਾਰਤੀਆਂ ਵਿੱਚ ਆਪਣੇ ਬੱਚਿਆਂ ਨੂੰ ਰਾਜਸਥਾਨ ਵਿਚਲੇ ਪ੍ਰਸਿੱਧ (ਪਰ ਹੁਣ ਖੁਦਕੁਸ਼ੀਆਂ ਕਾਰਨ ਬਦਨਾਮ ਹੋ ਚੁੱਕੇ) ਕੋਟੇ ਦੇ ਟਿਊਸ਼ਨ ਸੈਂਟਰਾਂ ਵਿੱਚ ਦਾਖਲ ਕਰਵਾਉਣ ਦੀ ਹੋੜ ਮੱਚੀ ਹੋਈ ਹੈ ਜਿੱਥੇ 2011 ਤੋਂ ਲੈ ਕੇ ਹੁਣ ਤੱਕ 150 ਦੇ ਕਰੀਬ ਵਿਦਿਆਰਥੀ ਖੁਦਕੁਸ਼ੀਆਂ ਕਰ ਚੁੱਕੇ ਹਨ। ਇਹ ਭਾਰਤ ਤੇ ਸ਼ਾਇਦ ਵਿਸ਼ਵ ਦਾ ਇੱਕੋ-ਇੱਕ ਸ਼ਹਿਰ ਹੋਵੇਗਾ ਜਿੱਥੇ ਐਨੀ ਵੱਡੀ ਗਿਣਤੀ ਵਿੱਚ ਵਿਦਿਆਰਥੀ ਖੁਦਕੁਸ਼ੀਆਂ ਕਰਦੇ ਹਨ।
ਕਮਜ਼ੋਰ ਵਿਦਿਆਰਥੀਆਂ ਲਈ ਕੋਈ ਉਪਰਾਲਾ ਨਹੀਂ (Study and Studnets)
ਕੋਟੇ ਦੇ ਟਿਊਸ਼ਨ ਸੈਂਟਰ ਵੀ ਬੱਚਿਆਂ ਦੇ ਦਿਮਾਗ ਵਿੱਚ ਕੁਝ ਘੋਲ ਕੇ ਨਹੀਂ ਪਾ ਦਿੰਦੇ। ਚੰਡੀਗੜ੍ਹ ਸਮੇਤ ਭਾਰਤ ਦੇ ਜਿੰਨੇ ਵੀ ਪ੍ਰਸਿੱਧ ਟਿਊਸ਼ਨ ਸੈਂਟਰ ਹਨ, ਸਭ ਦੁਕਾਨਾਂ ਦਾ ਰੂਪ ਧਾਰਨ ਕਰ ਚੱੁਕੇ ਹਨ। ਮੋਟੀਆਂ ਫੀਸਾਂ ਲੈਣ ਦੇ ਬਾਵਜੂਦ ਵੀ ਕਮਜ਼ੋਰ ਵਿਦਿਆਰਥੀਆਂ ਦਾ ਪੱਧਰ ਉੱਪਰ ਚੁੱਕਣ ਲਈ ਕੋਈ ਵਿਸ਼ੇਸ਼ ਉਪਰਾਲਾ ਨਹੀਂ ਕੀਤਾ ਜਾਂਦਾ। ਟਿਊਟਰ ਲੈਕਚਰ ਤੇ ਹੋਮ ਵਰਕ ਦੇ ਕੇ ਤੁਰਦੇ ਬਣਦੇ ਹਨ। ਕੁਝ ਸਾਲ ਪਹਿਲਾਂ ਮੇਰੇ ਇੱਕ ਵਾਕਿਫ ਆਦਮੀ ਨੇ ਆਪਣੇ ਲੜਕੇ ਨੂੰ ਕੋਟੇ ਦੇ ਇੱਕ ਟਿਊਸ਼ਨ ਸੈਂਟਰ ਵਿੱਚ ਨੀਟ ਦੀ ਤਿਆਰੀ ਲਈ ਦਾਖਲ ਕਰਵਾਇਆ ਸੀ ਕਿਉਂਕਿ ਲੜਕਾ ਪੜ੍ਹਾਈ ਵਿੱਚ ਥੋੜ੍ਹਾ ਜਿਹਾ ਕਮਜ਼ੋਰ ਸੀ।
How to Concentrate on Studies for Long Hours
ਇੱਕ ਸਾਲ ਦੀ ਪੜ੍ਹਾਈ ਤੇ ਚਾਰ ਲੱਖ ਰੁਪਿਆ ਖਰਚਣ ਤੋਂ ਬਾਅਦ ਵੀ ਉਸ ਦੀ ਵਿੱਦਿਅਕ ਯੋਗਤਾ ਵਿੱਚ ਕੋਈ ਸੁਧਾਰ ਨਾ ਆਇਆ, ਸਗੋਂ ਟਿਊਟਰ ਉਸ ਨੂੰ ਨਲਾਇਕ ਕਹਿ ਕੇ ਬੇਇਜ਼ੱਤ ਕਰਨ ਲੱਗ ਪਏ। ਲੜਕਾ ਡਿਪਰੈਸ਼ਨ ਵਿੱਚ ਚਲਾ ਗਿਆ ਤੇ ਖੁਦਕੁਸ਼ੀ ਦੀ ਧਮਕੀ ਦੇਣ ਲੱਗ ਪਿਆ ਜਿਸ ਕਾਰਨ ਉਸ ਨੂੰ ਵਾਪਸ ਲਿਆਉਣਾ ਪਿਆ। ਇੱਥੇ ਆ ਕੇ ਉਹ ਆਰਟਸ ਵਿੱਚ ਬਹੁਤ ਵਧੀਆ ਚੱਲ ਪਿਆ ਤੇ ਚੰਗੇ ਨੰਬਰਾਂ ਵਿੱਚ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਹੁਣ ਪੰਚਾਇਤ ਵਿਭਾਗ ਵਿੱਚ ਚੰਗੀ ਪੋਸਟ ’ਤੇ ਤਾਇਨਾਤ ਹੈ।
ਕਈ ਤਰ੍ਹਾਂ ਦੇ ਡਰ ਬਣ ਰਹੇ ਨੇ ਕਾਰਨ
ਵਿਦਿਆਰਥੀਆਂ ਦੀਆਂ ਖੁਦਕੁਸ਼ੀਆਂ ਦੇ ਚਾਰ ਸਭ ਤੋਂ ਵੱਡੇ ਕਾਰਨ ਹਨ। ਮਾਪਿਆਂ ਦੀਆਂ ਬੇਹੱਦ ਉੱਚੀਆਂ ਖਾਹਿਸ਼ਾਂ, ਸਮਝ ਵਿੱਚ ਨਾ ਆਉਣ ਵਾਲੇ ਕਰੜੇ ਵਿਸ਼ੇ ਚੁਣਨ ਦੀ ਮਜ਼ਬੂਰੀ, ਫੇਲ੍ਹ ਹੋਣ ਦਾ ਡਰ ਤੇ ਘਰੋਂ ਭਾਵਨਾਤਮਕ ਸਹਾਇਤਾ ਨਾ ਮਿਲਣਾ। ਪੱਛਮੀ ਦੇਸ਼ਾਂ ਵਿੱਚ ਦਸਵੀਂ ਕਰਨ ਤੋਂ ਬਾਅਦ ਬੱਚੇ ਨੂੰ ਆਪਣੀ ਮਨਮਰਜ਼ੀ ਮੁਤਾਬਕ ਪੜ੍ਹਾਈ-ਲਿਖਾਈ ਕਰਨ ਦੀ ਅਜ਼ਾਦੀ ਦੇ ਦਿੱਤੀ ਜਾਂਦੀ ਹੈ। ਪਰ ਭਾਰਤ ਵਿੱਚ ਮਾਪੇ ਚਾਹੁੰਦੇ ਹਨ ਕਿ ਬੱਚਾ ਉਹ ਬਣੇ ਜੋ ਅਸੀਂ ਚਾਹੁੰਦੇ ਹਾਂ।
ਆਈ. ਆਈ. ਟੀ., ਡਾਕਟਰ ਤੇ ਇੰਜੀਨੀਅਰ ਤੋਂ ਘੱਟ ਕੋਈ ਗੱਲ ਵੀ ਨਹੀਂ ਸੁਣਨਾ ਚਾਹੁੰਦਾ। ਜੇ ਬੱਚਾ ਆਰਟਸ ਦੀ ਪੜ੍ਹਾਈ ਕਰ ਰਿਹਾ ਹੈ ਤਾਂ ਘਰ ਵਾਲੇ ਉਸ ਬਾਰੇ ਦੱਸਣ ਵਿੱਚ ਸ਼ਰਮ ਮਹਿਸੂੁਸ ਕਰਦੇ ਹਨ। ਜੇ ਬੱਚੇ ਦਾ ਦਿਮਾਗ ਸਾਇੰਸ ਜਾਂ ਮੈਥ ਵੱਲ ਨਹੀਂ ਚੱਲਦਾ ਤਾਂ ਚਾਹੇ ਜਿੰਨੀਆਂ ਮਰਜ਼ੀ ਟਿਊਸ਼ਨਾਂ ਰਖਾਉ, ਨਹੀਂ ਚੱਲ ਸਕੇਗਾ। ਪਰ ਮਾਪੇ ਦਬਾਅ ਪਾਉਣੋਂ ਨਹੀਂ ਹਟਦੇ। ਮੈਂ ਦਸਵੀਂ ਕਲਾਸ ਗਿਆਨ ਆਸ਼ਰਮ ਸਕੂਲ ਅੰਮਿ੍ਰਤਸਰ ਤੋਂ ਕੀਤੀ ਸੀ। ਮੇਰੇ ਸੈਕਸ਼ਨ ਵਿੱਚ ਸਾਡੇ ਮੈਥ ਟੀਚਰ ਦਾ ਮੁੰਡਾ ਵੀ ਪੜ੍ਹਦਾ ਸੀ। ਉਸ ਦੇ ਕੱਚੇ ਪੇਪਰਾਂ ਵਿੱਚ ਮੈਥ ਵਿੱਚੋਂ 99 ਨੰਬਰ ਆਏ ਤਾਂ ਉਸ ਦੇ ਬਾਪ ਨੇ ਉਸ ਨੂੰ ਕਲਾਸ ਵਿੱਚ ਹੀ ਡੰਡਿਆਂ ਨਾਲ ਕੁੱਟਿਆ ਕਿ ਇੱਕ ਨੰਬਰ ਘੱਟ ਕਿਉਂ ਆਇਆ ਹੈ।
ਕੋਟੇ ਦੇ ਟਿਊਸ਼ਨ ਸੈਂਟਰਾਂ ਵਿੱਚ ਲੱਖਾਂ ਦੀ ਗਿਣਤੀ ਵਿਦਿਆਰਥੀ ਪਹੁੰਚਣ ਲੱਗੇ
ਸਿਰਫ ਕੋਟੇ ਦੇ ਟਿਊਸ਼ਨ ਸੈਂਟਰਾਂ ਵਿੱਚ ਹੀ ਹਰ ਸਾਲ ਪੌਣੇ ਦੋ ਲੱਖ ਦੇ ਕਰੀਬ ਬੱਚੇ ਇੰਜੀਨੀਅਰਿੰਗ ਤੇ ਮੈਡੀਕਲ ਵਿੱਚ ਦਾਖਲੇ ਲਈ ਐਂਟਰੈਂਸ ਟੈਸਟ ਕਲੀਅਰ ਕਰਨ ਦੀ ਟਰੇਨਿੰਗ ਲੈਣ ਆਉਂਦੇ ਹਨ। 2021 ਵਿੱਚ ਇੱਥੇ ਖੁਦਕੁਸ਼ੀ ਕਰਨ ਵਾਲੇ ਬਿਹਾਰ ਦੇ 16 ਸਾਲਾ ਸ਼ੰਬਿਤ ਵੱਲੋਂ ਲਿਖੇ ਗਏ ਖੁਦਕੁਸ਼ੀ ਨੋਟ ਨੇ ਲੋਕਾਂ ਨੂੰ ਹਿਲਾ ਦਿੱਤਾ ਸੀ। ਸ਼ੰਬਿਤ ਦਾ ਪਿਤਾ ਇੱਕ ਬੈਂਕ ਵਿੱਚ ਕਲਰਕ ਤੇ ਮਾਂ ਸਕੂਲ ਟੀਚਰ ਸੀ। ਉਨ੍ਹਾਂ ਨੇ ਸ਼ੰਬਿਤ ਦੀ ਟਿਊਸ਼ਨ ਫੀਸ ਵਾਸਤੇ 8 ਲੱਖ ਰੁਪਿਆ ਲੋਨ ਲਿਆ ਹੋਇਆ ਸੀ।
ਸ਼ੰਬਿਤ ਨੀਟ ਦੀ ਤਿਆਰੀ ਕਰ ਰਿਹਾ ਸੀ ਪਰ ਛੇ ਮਹੀਨੇ ਦੀ ਟਿਊਸ਼ਨ ਤੋਂ ਬਾਅਦ ਉਹ ਐਨਾ ਦਬਾਅ ਨਾ ਝੱਲ ਸਕਿਆ ਤੇ ਮਾਪਿਆਂ ਨੂੰ ਵਾਰ-ਵਾਰ ਵਾਪਸ ਲਿਜਾਣ ਦੀ ਗੁਜਾਰਿਸ਼ ਕਰਨ ਲੱਗਾ। ਪਰ ਮਾਪੇ ਉਸ ਦੀ ਗੱਲ ਮੰਨਣ ਦੀ ਬਜਾਏ ਲਗਾਤਾਰ ਉਸ ਨੂੰ 8 ਲੱਖ ਦੇ ਕਰਜ਼ੇ ਅਤੇ ਚੰਗੇ ਭਵਿੱਖ ਬਾਰੇ ਵਿਖਿਆਨ ਦਿੰਦੇ ਰਹੇ। ਉਸ ਨੇ ਖੁਦਕੁਸ਼ੀ ਨੋਟ ਵਿੱਚ ਲਿਖਿਆ ਸੀ ਕਿ ਇੱਥੇ ਸਾਡੀ ਆਪਣੀ ਕੋਈ ਜ਼ਿੰਦਗੀ ਨਹੀਂ ਹੈ। ਅਸੀਂ ਹੱਸਣਾ-ਖੇਡਣਾ ਭੁੱਲ ਚੁੱਕੇ ਹਾਂ। ਦਿਨ ਵਿੱਚ 16-16 ਘੰਟੇ ਪੜ੍ਹਨਾ ਪੈਂਦਾ ਹੈ ਤੇ ਕਈ ਵਾਰ ਤਾਂ ਸਾਰਾ ਦਿਨ ਖਾਣ-ਪੀਣ ਦੀ ਸੁੱਧ ਵੀ ਨਹੀਂ ਰਹਿੰਦੀ। ਪਿਤਾ ਜੀ ਮੈਨੂੰ ਮਾਫ ਕਰਨਾ, ਮੈਂ ਤੁਹਾਡੇ ਸੁਪਨੇ ਪੂਰੇ ਨਹੀਂ ਕਰ ਸਕਿਆ।
ਧੱਕੇ ਨਾਲ ਵਿਸ਼ੇ ਚੁਣਨ ਲਈ ਮਜ਼ਬੂਰ ਕਰਨਾ ਗਲਤ
ਦੂਸਰਾ ਸਭ ਤੋਂ ਵੱਡਾ ਕਾਰਨ ਬੱਚੇ ਨੂੰ ਧੱਕੇ ਨਾਲ ਗਲਤ ਵਿਸ਼ੇ ਚੁਣਨ ਲਈ ਮਜ਼ਬੂਰ ਕਰਨਾ ਹੈ। ਭਾਰਤ ਵਿੱਚ 70% ਨਾਲੋਂ ਵੀ ਵੱਧ ਨੌਕਰੀਆਂ ਆਰਟਸ ਵਿਸ਼ਿਆਂ ਨਾਲ ਸਬੰਧਿਤ ਹਨ। ਪੁਲਿਸ, ਫੌਜ, ਮਾਲ ਮਹਿਕਮਾ, ਸਿਵਲ ਸਰਵਿਸਜ਼ ਅਤੇ ਜੁਡੀਸ਼ਰੀ ਆਦਿ ਲਈ ਸਾਇੰਸ ਦੀ ਪੜ੍ਹਾਈ ਦੀ ਕੋਈ ਜਰੂਰਤ ਨਹੀਂ ਹੈ। ਇਸ ਲਈ ਇਹ ਵੇਖਣਾ ਜਰੂਰੀ ਹੈ ਕਿ ਬੱਚੇ ਦੀ ਦਿਲਚਸਪੀ ਕਿਸ ਪਾਸੇ ਹੈ। ਵੇਖਿਆ ਜਾਵੇ ਤਾਂ ਸਾਡੇ ਚੋਟੀ ਦੇ ਖਿਡਾਰੀ ਤੇ ਫਿਲਮ ਸਟਾਰ ਕਿੰਨਾ ਕੁ ਪੜ੍ਹੇ-ਲਿਖੇ ਹਨ? ਕੋਈ ਬੱਚਾ ਚਾਹੇ ਆਪਣੇ ਜਿਲ੍ਹੇ ਦੇ ਡੀਸੀ ਦਾ ਨਾਂਅ ਨਾ ਜਾਣਦਾ ਹੋਵੇ, ਪਰ ਵਿਰਾਟ ਕੋਹਲੀ ਤੇ ਸ਼ਾਹਰੁਖ ਖਾਨ ਦਾ ਨਾਂਅ ਜਰੂਰ ਜਾਣਦਾ ਹੋਵੇਗਾ।
ਮਾਪਿਆਂ ਦੀ ਇਮੋਸ਼ਨਲ ਸਪੋਰਟ ਦੀ ਲੋੜ (study phobia to kaise bachaye)
ਖੁਦਕੁਸ਼ੀਆਂ ਦਾ ਇੱਕ ਵੱਡਾ ਕਾਰਨ ਘਰੋਂ ਇਮੋਸ਼ਨਲ ਸਪੋਰਟ ਨਾ ਮਿਲਣਾ ਤੇ ਫੇਲ੍ਹ ਹੋਣ ਦਾ ਡਰ ਹੈ। ਜਦੋਂ ਬੱਚਾ ਪੜ੍ਹਾਈ ਵਿੱਚ ਕਮਜ਼ੋਰ ਹੋਵੇ ਤਾਂ ਉਹ ਪਰਿਵਾਰ ਤੋਂ ਇਮੋਸ਼ਨਲ ਸਪੋਰਟ ਭਾਲਦਾ ਹੈ। ਪਰ ਪਰਿਵਾਰ ਵੱਲੋਂ ਲਗਾਤਾਰ ਕੀਤੀ ਜਾਂਦੀ ਟੋਕ-ਟੋਕਾਈ ਤੇ ਇਹ ਤਾਂ ਹੈ ਹੀ ਨਲਾਇਕ ਵਰਗੀਆਂ ਵਾਹਯਾਤ ਗੱਲਾਂ ਬੱਚੇ ਨੂੰ ਮਰਨ ਵਾਲੇ ਪਾਸੇ ਲੈ ਤੁਰਦੀਆਂ ਹਨ। ਜਦੋਂ ਬੱਚੇ ਦੇ ਮਨ ਵਿੱਚ ਆ ਜਾਵੇ ਕਿ ਮੇਰੇ ਫੇਲ੍ਹ ਹੋ ਜਾਣ ਕਾਰਨ ਮਾਂ-ਬਾਪ ਦੀ ਜ਼ਿੰਦਗੀ ਭਰ ਦੀ ਕਮਾਈ ਸਵਾਹ ਹੋ ਜਾਣੀ ਹੈ ਤਾਂ ਫਿਰ ਹਾਲਾਤ ਹੋਰ ਵੀ ਖਰਾਬ ਹੋ ਜਾਂਦੇ ਹਨ। ਇਸ ਲਈ ਬੱਚੇ ’ਤੇ ਆਪਣੀ ਮਰਜ਼ੀ ਥੋਪਣ ਦੀ ਬਜਾਏ ਇਹ ਵੇਖਣਾ ਜਰੂਰੀ ਹੈ ਕਿ ਉਹ ਕੀ ਚਾਹੁੰਦਾ ਤੇ ਕਿਸ ਫੀਲਡ ਵਿੱਚ ਕਾਮਯਾਬ ਹੋ ਸਕਦਾ ਹੈ। ਉਸ ਮੁਤਾਬਕ ਉਸ ਨੂੰ ਉਤਸ਼ਾਹਿਤ ਕੀਤਾ ਜਾਵੇ, ਨਹੀਂ ਫਿਰ ਵੇਲਾ ਹੱਥ ਨਹੀਂ ਆਉਂਦਾ।
ਬਲਰਾਜ ਸਿੰਘ ਸਿੱਧੂ ਕਮਾਂਡੈਂਟ
ਪੰਡੋਰੀ ਸਿੱਧਵਾਂ
ਮੋ. 95011-00062