ਪੁਨਰ ਜਾਗਰਣ ਅਤੇ ਆਧੁਨਿਕ ਯੁੱਗ ਦਾ ਉੱਥਾਨ ਅਤੇ ਪ੍ਰਸਾਰ ਹੋਣ ਕਰਕੇ ਮਸ਼ੀਨਰੀ ਦੇ ਵਧਦੇ ਪ੍ਰਭਾਵ ਕਾਰਨ ਜਿੱਥੇ ਸਾਡੇ ਸਮਾਜ ਵਿੱਚ ਤਕਨਾਲੋਜੀ ਦਾ ਵਧੇਰੇ ਵਾਧਾ ਹੋਇਆ ਹੈ, ਉੱਥੇ ਕਿਤੇ ਨਾ ਕਿਤੇ ਵਿਅਕਤੀ ਜੀਵਨ ਵਿੱਚ ਉਨ੍ਹਾਂ ਦੀਆਂ ਕਦਰਾਂ-ਕੀਮਤਾਂ ਘਟਦੀਆਂ ਹੋਈਆਂ ਨਜ਼ਰ ਆਈਆਂ ਹਨ।
ਅੱਜ ਦੇ ਇਸ ਆਧੁਨਿਕ ਯੁੱਗ ਵਿੱਚ ਵਿਅਕਤੀ ਜੋ ਕਿ ਤਕਨਾਲੋਜੀ ਤੇ ਮਸ਼ੀਨਰੀ ਦਾ ਗੁਲਾਮ ਬਣਦਾ ਜਾ ਰਿਹਾ ਹੈ ਤੇ ਉਹ ਚਾਹੁੰਦਾ ਹੈ ਕਿ ਉਹ ਬਿਨਾਂ ਕੰਮ ਕੀਤੇ ਅਤੇ ਇੱਕ ਜਗ੍ਹਾ ਉੱਪਰ ਬੈਠ ਕੇ ਹੀ ਸਭ ਕੰਮ ਨਬੇੜ ਲਵੇ ਪੈਸੇ ਨੂੰ ਪ੍ਰਾਪਤ ਤੇ ਇਕੱਠਾ ਕਰਨ ਦੀ ਵਧਦੀ ਹੋਈ ਭੁੱਖ ਤੇ ਤਰੱਕੀ ਕਰਨ ਦੀ ਇਸ ਤੇਜ਼ ਰਫਤਾਰ ਜਿੰਦਗੀ ਵਿੱਚ ਵਿਅਕਤੀ ਹਰ ਚੀਜ਼ ਨੂੰ ਅਸਾਨੀ ਨਾਲ ਪ੍ਰਾਪਤ ਕਰਨਾ ਚਾਹੁੰਦਾ ਹੈ ਤੇ ਉਹ ਹਮੇਸ਼ਾ ਸੋਚਦਾ ਰਹਿੰਦਾ ਹੈ ਕਿ ਉਸ ਕੋਲ ਅੱਲਾਦੀਨ ਦੇ ਚਿਰਾਗ ਵਾਲਾ ਜਿੰਨ ਹੋਵੇ ਤੇ ਉਹ ਉਸ ਚਿਰਾਗ ਨੂੰ ਘਸਾ ਕੇ ਉਸ ਜਿੰਨ ਕੋਲੋਂ ਆਪਣੀ ਹਰ ਮੁਰਾਦ ਤੇ ਆਪਣੇ ਹਰ ਸੁਪਨੇ ਨੂੰ ਜਲਦੀ ਤੋਂ ਜਲਦੀ ਪੂਰਾ ਕਰ ਸਕੇ।
ਪੈਸੇ ਨੂੰ ਅਸਾਨੀ ਨਾਲ ਪ੍ਰਾਪਤ ਕਰਨ ਦੀ ਵਧਦੀ ਦੌੜ
ਪਰੰਤੂ ਇਹ ਸਭ ਗੱਲਾਂ ਕਹਾਣੀਆਂ ਵਿੱਚ ਸੁਣਨ ਨੂੰ ਹੀ ਚੰਗੀਆਂ ਲੱਗਦੀਆਂ ਹਨ ਅਸਲੀ ਜ਼ਿੰਦਗੀ ਤਾਂ ਕੁੱਝ ਹੋਰ ਹੀ ਹੈ, ਜਿਸ ਵਿੱਚ ਹਰ ਇੱਕ ਮਿੰਟ ਅਤੇ ਹਰ ਇੱਕ ਦਿਨ ਗਰੀਬ ਮਜ਼ਦੂਰੀ ਕਰਨ ਵਾਲਾ ਵਿਅਕਤੀ ਆਪਣੇ ਖੂਨ-ਪਸੀਨੇ ਨੂੰ ਇੱਕ ਕਰਕੇ ਆਪਣੇ ਬੱਚਿਆਂ ਦਾ ਢਿੱਡ ਪਾਲਦਾ ਹੈ ਤੇ ਜੋ ਕਿ ਸਿਰਫ ਆਪਣੀ ਮਿਹਨਤ ਅਤੇ ਮਜਦੂਰੀ ਨੂੰ ਹੀ ਰੱਬ ਦੀ ਪੂਜਾ ਸਮਝਦਾ ਹੈ ਇਸ ਦੇ ਉਲਟ ਇੱਕ ਨਿਕੰਮਾ ਤੇ ਵਿਹਲੜ ਵਿਅਕਤੀ ਜੋ ਕਿ ਇਸ ਤਰ੍ਹਾਂ ਦੇ ਅੱਲਾਦੀਨ ਵਰਗੇ ਚਿਰਾਗ ਦੇ ਦਿਨ ਵਿੱਚ ਹੀ ਸੁਪਨੇ ਲੈਂਦੇ ਆਪਣਾ ਕੀਮਤੀ ਸਮਾਂ ਬਰਬਾਦ ਕਰਦਾ ਰਹਿੰਦਾ ਹੈ।
ਇੱਥੋਂ ਇੱਕ ਗੱਲ ਸਿੱਧ ਹੋ ਜਾਂਦੀ ਹੈ ਕਿ ਅਜੋਕੇ ਸਮਾਜ ਵਿੱਚ ਜ਼ਿੰਦਗੀ ਨੂੰ ਅਸਾਨ ਢੰਗ ਨਾਲ ਜਿਉਣ ਤੇ ਪੈਸੇ ਨੂੰ ਅਸਾਨੀ ਨਾਲ ਪ੍ਰਾਪਤ ਕਰਨ ਦੀ ਦੌੜ ਵਧਦੀ ਜਾ ਰਹੀ ਹੈ ਅੱਜ ਦੇ ਇਸ ਸਮੇਂ ਦੌਰਾਨ ਹਰ ਵਿਅਕਤੀ ਪੁੱਠੇ-ਸਿੱਧੇ ਢੰਗ-ਤਰੀਕੇ ਨਾਲ ਪੈਸੇ ਨੂੰ ਹਰ ਹੀਲੇ ਪ੍ਰਾਪਤ ਕਰਨਾ ਚਾਹੁੰਦਾ ਹੈ ਇਸ ਲਈ ਉਹ ਇਸ ਤੇਜ਼ ਰਫ਼ਤਾਰ ਜ਼ਿੰਦਗੀ ਵਿੱਚ ਆਪਣੀਆਂ ਅਤੇ ਸਮਾਜ ਵਿੱਚ ਵਿਚਰ ਰਹੇ ਲੋਕਾਂ ਪ੍ਰਤੀ ਕਦਰਾਂ-ਕੀਮਤਾਂ ਆਦਿ ਸਭ ਕੁੱਝ ਨੂੰ ਇੱਕ ਪਾਸੇ ਸੁੱਟ ਦਿੰਦਾ ਹੈ ਪੈਸੇ ਦੀ ਇਸ ਅੰਨ੍ਹੀ ਦੌੜ ਵਿੱਚ ਉਹ ਸਭ ਰਿਸ਼ਤੇ-ਨਾਤੇ ਪਿੱਛੇ ਛੱਡ ਦਿੰਦਾ ਹੈ। ਅਜਿਹੇ ਵਿਅਕਤੀ ਨੂੰ ਸਿਰਫ ਤੇ ਸਿਰਫ ਆਪਣਾ ਫਾਇਦਾ ਹੀ ਨਜ਼ਰ ਆਉਂਦਾ ਹੈ।
ਗਰੀਬਾਂ ਤੋਂ ਅਫ਼ਸਰ ਮੰਗਦੇ ਨੇ ਰਿਸ਼ਵਤ ਤਾਂ ਬੁਰਾ ਲੱਗਦੈ
ਅਜਿਹਾ ਵਿਅਕਤੀ ਆਪਣੇ ਜੀਵਨ ਵਿਚ ਸਿਰਫ ਪੈਸੇ ਨੂੰ ਹੀ ਸਭ ਕੁੱਝ ਸਮਝਣ ਲੱਗ ਜਾਂਦਾ ਹੈ ਤੇ ਉਸਦੀ ਇਹ ਮਾਇਆ ਦੀ ਭੁੱਖ ਦਿਨ-ਬ-ਦਿਨ ਹੋਰ ਜ਼ਿਆਦਾ ਵਧਦੀ ਜਾਂਦੀ ਹੈ। ਇੱਥੇ ਇੱਕ ਗੱਲ ਤਾਂ ਮੰਨਣਯੋਗ ਹੈ ਕਿ ਇੱਕ ਗਰੀਬ ਤੇ ਤੰਗੀ ਕੱਟ ਰਹੇ ਵਿਅਕਤੀ ਵਿੱਚ ਇਸ ਤਰ੍ਹਾਂ ਦੀ ਭੁੱਖ ਤੇ ਪੈਸੇ ਦੀ ਲਾਲਸਾ ਇੱਕ ਆਮ ਜਿਹੀ ਲੋੜ ਜਾਪਦੀ ਹੈ ਇਸ ਦੇ ਉਲਟ ਇੱਕ ਪੇਸ਼ੇਵਰ ਤੇ ਨੌਕਰਸ਼ਾਹ ਵਿਅਕਤੀ ਜਦੋਂ ਲੱਖਾਂ ਰੁਪਇਆ ਹਰ ਮਹੀਨੇ ਤਨਖਾਹ ਲੈਂਦਾ ਹੈ ਅਤੇ ਕਈ ਤਰ੍ਹਾਂ ਦੇ ਹੋਰ ਫੰਡ ਅਤੇ ਫ੍ਰੀ ਦੀਆਂ ਸਕੀਮਾਂ ਦਾ ਲਾਭ ਪ੍ਰਾਪਤ ਕਰਦਾ ਹੈ
ਅਤੇ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਉਹ ਇੱਕ ਗਰੀਬ ਮਜ਼ਦੂਰ, ਜੋ ਕਿ ਇੰਨੀ ਠੰਢ ਵਿੱਚ ਠੁਰਦਾ ਹੋਇਆ ਆਪਣੇ ਖੂਨ-ਪਸੀਨੇ ਦੀ ਕਮਾਈ ਨੂੰ ਘੰਟਿਆਂ ਦੇ ਹਿਸਾਬ ਨਾਲ ਇੱਕ-ਇੱਕ ਰੁਪਇਆ ਕਰਕੇ ਜੋੜਦਾ ਹੈ ਤਾਂ ਉਸ ਸਮੇਂ ਸੋਚ ਕੇ ਹੀ ਰੂਹ ਕੰਬਣ ਲੱਗਦੀ ਹੈ ਜਦੋਂ ਉਸ ਗਰੀਬ ਮਜ਼ਦੂਰ (Poor Labourers) ਕੋਲੋਂ ਕੋਈ ਸਰਕਾਰੀ ਜਾਂ ਅਰਧ-ਸਰਕਾਰੀ ਵਿਅਕਤੀ ਰਿਸ਼ਵਤ ਮੰਗਦਾ ਹੈ ਤੇ ਉਹ ਮਜ਼ਬੂਰੀ ਵਿੱਚ ਫਸਿਆ ਗਰੀਬ ਵਿਅਕਤੀ ਆਪਣੇ ਬੱਚਿਆਂ ਦਾ ਢਿੱਡ ਕੱਟ ਕੇ ਉਸ ਦੇ ਨਾ-ਭਰਨ ਵਾਲੇ ਢਿੱਡ ਨੂੰ ਭਰਦਾ ਹੈ ਉਸ ਸਮੇਂ ਜਾਪਦਾ ਹੈ ਕਿ ਉਹ ਲੱਖਾਂ ਰੁਪਏ ਤਨਖਾਹ ਲੈਣ ਵਾਲਾ ਵਿਅਕਤੀ ਉਸ ਮਜਦੂਰ ਅੱਗੇ ਕਿੰਨਾ ਗਰੀਬ ਤੇ ਛੋਟਾ ਹੋ ਗਿਆ ਹੋਵੇ।
ਪੈਸੇ ਨੂੰ ਦੇਖ ਡਿੱਗਦੀ ਮਾਨਸਿਕਤਾ
ਭਾਵੇਂ ਪੰਜੇ ਉਂਗਲਾਂ ਇੱਕੋ-ਜਿਹੀਆਂ ਨਹੀਂ ਹੁੰਦੀਆਂ ਪਰੰਤੂ ਫਿਰ ਵੀ ਹਰ ਦੂਜੇ-ਤੀਜੇ ਦਿਨ ਇੱਕ ਗਰੀਬ ਦੀ ਮਜ਼ਦੂਰੀ ਦੀ ਭਿ੍ਰਸ਼ਟ ਨੌਕਰਸ਼ਾਹੀ ਵੱਲੋਂ ਲੁੱਟ-ਖਸੁੱਟ ਆਮ ਵੇਖਣ ਨੂੰ ਮਿਲਦੀ ਹੈ ਇਹ ਭਾਵੇਂ ਸਿੱਧੇ ਰਿਸ਼ਵਤ ਦੇ ਰੂਪ ਵਿੱਚ ਹੋਵੇ ਜਾਂ ਫਿਰ ਸਿੱਧੇ-ਅਸਿੱਧੇ ਕਿਸੇ ਹੋਰ ਢੰਗ ਨਾਲ ਕੀਤਾ ਗਿਆ ਸ਼ੋਸ਼ਣ।
ਅੱਜ ਭਾਵੇਂ ਲੋਕ ਇੰਨੇ ਪੜ੍ਹ-ਲਿਖ ਗਏ ਹਨ ਪਰੰਤੂ ਉਹ ਵੀ ਪੈਸੇ ਨੂੰ ਵੇਖ ਕੇ ਆਪਣੀ ਮਾਨਸਿਕਤਾ ਨੂੰ ਹੇਠਾਂ ਗਿਰਾ ਦਿੰਦੇ ਹਨ ਤੇ ਲੁੱਟਣ ਲੱਗੇ ਸਾਹਮਣੇ ਵਾਲੇ ਦੀ ਕੋਈ ਵੀ ਤੰਗੀ-ਪ੍ਰੇਸ਼ਾਨੀ ਨਹੀਂ ਵੇਖਦੇ ਅਤੇ ਗਰੀਬ ਦੀ ਲੁੱਟ-ਖਸੁੱਟ ਕਰਕੇ ਆਪਣੇ ਬੱਚਿਆਂ ਨੂੰ ਜ਼ਹਿਰ ਪਰੋਸਦੇ ਹਨ ਇਸ ਲਈ ਅਜਿਹਾ ਗਲਤ ਢੰਗ ਨਾਲ ਪ੍ਰਾਪਤ ਕੀਤਾ ਗਿਆ ਪੈਸਾ ਨਾ ਹੀ ਸਿਰਫ ਉਸ ਵਿਅਕਤੀ ਦੀ ਜ਼ਿੰਦਗੀ ਖਰਾਬ ਕਰਦਾ ਹੈ ਸਗੋਂ ਉਸ ਦੇ ਪਰਿਵਾਰ ਨੂੰ ਵੀ ਬੁਰਾਈ ਵਿਚ ਬਰਾਬਰ ਦਾ ਹਿੱਸੇਦਾਰ ਬਣਾ ਦਿੰਦਾ ਹੈ। ਜਿਵੇਂ ਕਿ ਇਸ ਪੰਗਤੀਆਂ ਰਾਹੀਂ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ:-
ਕਈ ਦਿਨ ਚੜ੍ਹਦੇ ਹੀ ਸੌਂ ਜਾਂਦੇ,
ਕਈ ਰਾਤਾਂ ਨੂੰ ਵੀ ਜਾਗਦੇ ਨੇ
ਇੱਥੇ ਭੁੱਖੇ ਵੀ ਸੌਂ ਜਾਂਦੇ ਨੇ,
ਕਈ ਰੱਜ ਨੂੰ ਲੱਤਾਂ ਮਾਰਦੇ ਨੇ
ਕਈ ਅਨਪੜ੍ਹ ਵੀ ਨੌਕਰੀ ਲੱਗ ਜਾਂਦੇ,
ਪੜ੍ਹੇ-ਲਿਖੇ ਵੀ ਮੱਝੀਆਂ ਚਾਰਦੇ ਨੇ
ਇੱਥੇ ਅਕਲਾਂ ਦੇ ਨਾ ਮੁੱਲ ਪੈਂਦੇ,
ਨਕਲੀ ਤਜ਼ਰਬੇ, ਪੈਸੇ ਤਾਰਦੇ ਨੇ
21ਵੀਂ ਸਦੀ ਕੰਪਿਊਟਰੀ ਯੁੱਗ ਆਇਆ,
ਫਿਰ ਵੀ ਲਾਈਨਾਂ ’ਚ ਖੜ ਟੱਕਰਾਂ ਮਾਰਦੇ ਨੇ
ਬਿਨ ਪੈਸੇ ਵੀ ਨਾ ਫੜਨ ਅਰਜੀ,
ਮੋਟੀਆਂ ਤਨਖ਼ਾਹਾਂ ਨਾਲ ਵੀ ਨਾ ਸਾਰਦੇ ਨੇ
ਹੱਕ ਸੱਚ ਮਜ਼ਦੂਰਾਂ ਦੀ ਕਮਾਈ ਦਾ ਖੂਨ ਚੂਸਣ,
ਚੋਰੀਆਂ, ਠੱਗੀਆਂ ਨਾਲ ਡੰਗ ਸਾਰਦੇ ਨੇ।
ਸੋ ਅੱਜ ਦੀ ਗੰਭੀਰ ਲੋੜ ਹੈ ਕਿ ਹਰ ਇੱਕ ਦਫਤਰ ਅਤੇ ਹਰ ਇੱਕ ਜਗ੍ਹਾ ਜਿੱਥੇ ਵੀ ਕੋਈ ਅਨਪੜ੍ਹ ਵਿਅਕਤੀ ਜਾਂ ਫਿਰ ਗਰੀਬ ਮਜ਼ਦੂਰ ਤੰਗੀ-ਪ੍ਰੇਸ਼ਾਨੀ ਵਿੱਚ ਉਲਝਿਆ ਹੋਇਆ ਕੋਈ ਵੀ ਆਪਣਾ ਛੋਟਾ-ਮੋਟਾ ਕੰਮ ਜਾਂ ਅਰਜ਼ੀ ਲੈ ਕੇ ਆਵੇ ਤਾਂ ਕਦੇ ਵੀ ਉਸ ਦਾ ਕਿਸੇ ਤਰ੍ਹਾਂ ਦਾ ਸ਼ੋਸ਼ਣ ਕਰਨ ਦੀ ਬਜਾਏ ਸਭ ਤੋਂ ਪਹਿਲ ਦੇ ਅਧਾਰ ’ਤੇ ਜਲਦ ਤੋਂ ਜਲਦ ਕੰਮ ਕੀਤਾ ਜਾਵੇ।
ਆਪਣੇ ਪਰਿਵਾਰ ਨੂੰ ਇੱਕ ਚੰਗੀ ਖੁਸ਼ਹਾਲ ਜ਼ਿੰਦਗੀ ਦੇ ਸਕਦੇ ਹਾਂ
ਸੋ, ਹਮੇਸ਼ਾ ਆਪਣੀ ਮਿਹਨਤ ਅਤੇ ਸਾਫ-ਸੁਥਰੀ ਕਮਾਈ ਕਰਨੀ ਚਾਹੀਦੀ ਹੈ ਅਤੇ ਕਿਸੇ ਵੀ ਗਰੀਬ ਵਿਅਕਤੀ ਦਾ ਹੱਕ ਨਹੀਂ ਮਾਰਨਾ ਚਾਹੀਦਾ ਕਿਉਕਿ ਗਰੀਬ ਦਾ ਹੱਕ ਮਾਰ ਕੇ ਖਾਣਾ, ਖੂਨ ਪੀਣ ਦੇ ਬਰਾਬਰ ਸਮਝਿਆ ਜਾਂਦਾ ਹੈ ਗੁਰਬਾਣੀ ਵਿੱਚ ਵੀ ਸਾਨੂੰ ਦਸਾਂ ਨਹੁੰਆਂ ਦੀ ਕਿਰਤ-ਕਮਾਈ ਕਰਨ ਦਾ ਉਪਦੇਸ਼ ਦਿੱਤਾ ਗਿਆ ਹੈ ਤੇ ਇਹੋ-ਜਿਹੀ ਕਿਰਤ-ਕਮਾਈ ਦੁਆਰਾ ਹੀ ਅਸੀਂ ਆਪਣੇ ਪਰਿਵਾਰ ਨੂੰ ਇੱਕ ਚੰਗੀ ਖੁਸ਼ਹਾਲ ਜ਼ਿੰਦਗੀ ਦੇ ਸਕਦੇ ਹਾਂ ਹਰ ਵਿਅਕਤੀ ਇਸ ਸੰਸਾਰ ਵਿੱਚ ਖਾਲੀ ਹੱਥ ਆਉਂਦਾ ਹੈ ਅਤੇ ਖਾਲੀ ਹੱਥ ਜਾਣਾ ਪੈਂਦਾ ਹੈ ਮਰਨਾ ਸੱਚ ਹੈ ਤੇ ਜਿਉਣਾ ਉਸ ਪਾਣੀ ਦੇ ਬੁਲਬੁਲੇ ਵਾਂਗ ਹੈ ਜੋ ਕਦੇ ਵੀ ਫੁੱਟ ਸਕਦਾ ਹੈ ਜਿੰਦਗੀ ਵਿੱਚ ਨੇਕ ਕਮਾਈ ਦੁਆਰਾ ਚੰਗੇ ਕਰਮਾਂ ਦੀ ਪ੍ਰਾਪਤੀ ਹੀ ਸਾਨੂੰ ਪਰਮਾਤਮਾ ਦੇ ਚਰਨਾਂ ਵਿਚ ਜੋੜ ਸਕਦੀ ਹੈ।
ਜਗਮੀਤ ਸਿੰਘ ਬਰੜਵਾਲ
ਮੋ. 965363-39891