ਸਰਕਾਰੀ ਰੋਪੜ ਥਰਮਲ ਪਲਾਂਟ ਦੇ ਦੋ ਯੂਨਿਟ ਅਚਾਨਕ ਹੋਏ ਬੰਦ | Weather in Punjab
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਸੂਬੇ ਅੰਦਰ ਜੇਠ ਦੀ ਗਰਮੀ ਨੇ ਜਿੱਥੇ ਪੰਜਾਬ ਨੂੰ ਭੱਠੀ ਵਾਂਗ ਤੱਪਣ ਲਗਾ ਦਿੱਤਾ ਹੈ, ਉੱਥੇ ਹੀ ਬਿਜਲੀ ਦੀ ਮੰਗ ਵੀ ਪਿਛਲੇ ਸਾਰੇ ਰਿਕਾਰਡ ਤੋੜ ਰਹੀ ਹੈ। ਅੱਜ ਸੂਬੇ ਅੰਦਰ ਬਿਜਲੀ ਦੀ ਮੰਗ 13 ਹਜ਼ਾਰ ਮੈਗਾਵਾਟ ਨੂੰ ਪਾਰ ਕਰ ਗਈ ਜੋ ਕਿ ਪਿਛਲੇ ਸਾਲ ਨਾਲੋਂ ਕਿਤੇ ਵੱਧ ਹੈ। ਅੱਜ ਪਾਵਰਕੌਮ ਦੇ ਸਰਕਾਰੀ ਥਰਮਲ ਪਲਾਂਟ ਦੇ ਦੋਂ ਯੂਨਿਟ ਅਚਾਨਕ ਬੰਦ ਹੋ ਗਏ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਅੱਜ ਦੁਪਹਿਰ 2 ਵਜੇਂ ਤੋਂ ਬਾਅਦ ਬਿਜਲੀ ਦੀ ਮੰਗ 13 ਹਜਾਰ ਮੈਗਾਵਾਟ ਨੂੰ ਪਾਰ ਕਰ ਗਈ। ਦੁਪਹਿਰ ਪੌਣੇ ਤਿੰਨ ਵਜੇ ਦੇ ਕਰੀਬ ਬਿਜਲੀ ਦੀ ਮੰਗ 1376 ਮੈਗਾਵਾਟ ਤੇ ਪੁੱਜ ਗਈ ਸੀ। (Weather in Punjab)
ਪਾਵਰਕੌਮ ਦੇ ਸਰਕਾਰੀ ਰੋਪੜ ਥਰਮਲ ਪਲਾਂਟ ਦੇ ਤਕਨੀਕੀ ਖਰਾਬੀ ਕਾਰਨ ਦੋਂ ਯੂਨਿਟ ਬੰਦ ਹੋ ਗਏ, ਜਿਸ ਨਾਲ ਕਿ ਪਾਵਰਕੌਮ ਲਈ ਤਪਦੀ ਗਰਮੀ ਵਿੱਚ ਮੁਸੀਬਤਾਂ ਖੜ੍ਹੀਆਂ ਹੋ ਗਈਆਂ। ਇਸ ਸਾਲ ਬਿਜਲੀ ਦੀ ਮੰਗ ਵਿੱਚ ਵੱਡਾ ਇਜਾਫ਼ਾ ਦਰਜ਼ ਕੀਤਾ ਗਿਆ ਹੈ। ਗਰਮੀ ਦੇ ਹੋਰ ਵੱਧਣ ਕਰਕੇ ਬਿਜਲੀ ਦੀ ਮੰਗ ਉਤਾਹ ਜਾਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਜੇਕਰ ਬਿਜਲੀ ਉਤਪਾਦਨ ਦੀ ਗੱਲ ਕੀਤੀ ਜਾਵੇ ਤਾ ਪਾਵਰਕੌਮ ਦੇ ਸਰਕਾਰੀ ਥਰਮਲ ਪਲਾਟਾਂ ਵੱਲੋਂ 1467 ਮੈਗਾਵਾਟ ਦੇ ਕਰੀਬ ਬਿਜਲੀ ਪੈਦਾ ਕੀਤੀ ਜਾ ਰਹੀ ਹੈ। ਜਦਕਿ ਕੱਲ੍ਹ 1800 ਮੈਗਾਵਾਟ ਤੋਂ ਜਿਆਦਾ ਬਿਜਲੀ ਉਤਪਾਦਨ ਹੋ ਰਿਹਾ ਸੀ।
ਪੰਜਾਬ ’ਚ ਬਿਜਲੀ ਦੀ ਮੰਗ 13 ਹਜ਼ਾਰ ਮੈਗਾਵਾਟ ਨੂੰ ਪਾਰ, ਦੋ ਯੂਨਿਟ ਹੋਏ ਬੰਦ
ਅੱਜ ਸਰਕਾਰੀ ਰੋਪੜ ਥਰਮਲ ਪਲਾਂਟ ਦੇ ਦੋਂ ਯੂਨਿਟ ਬੰਦ ਹੋ ਗਏ ਅਤੇ ਦੋਂ ਯੂਨਿਟਾਂ ਤੋਂ ਸਿਰਫ਼ 360 ਮੈਗਾਵਾਟ ਹੀ ਬਿਜਲੀ ਉਤਪਾਦਨ ਹੋ ਰਿਹਾ ਸੀ ਜਦਕਿ ਬੀਤੇ ਦਿਨੀ ਰੋਪੜ ਥਰਮਲ ਪਲਾਂਟ ਤੋਂ 695 ਮੈਗਾਵਾਟ ਬਿਜਲੀ ਉਤਪਾਦਨ ਸੀ। ਸਰਕਾਰੀ ਲਹਿਰਾ ਮੁਹੱਬਤ ਥਰਮਲ ਪਲਾਟ ਦੇ ਤਿੰਨ ਯੂਨਿਟ ਚਾਲੂ ਹਨ ਅਤੇ ਇੱਥੋਂ 651 ਮੈਗਾਾਵਟ ਬਿਜਲੀ ਉਤਪਾਦਨ ਹੋ ਰਿਹਾ ਹੈ। ਇਸ ਦੇ ਨਾਲ ਸਰਕਾਰੀ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਦੇ ਦੋਵੇਂ ਯੂਨਿਟਾਂ ਤੋਂ 458 ਮੈਗਾਵਾਟ ਬਿਜਲੀ ਹਾਸਲ ਹੋ ਰਹੀ ਹੈ। (Weather in Punjab)
Also Read : ਪੰਜਾਬ ਦੇ ਸਕੂਲਾਂ ਨੂੰ ਲੈ ਆਈ ਵੱਡੀ ਅਪਡੇਟ, ਵਿਦਿਆਰਥੀਆਂ ਨੂੰ ਮਿਲੇਗੀ ਰਾਹਤ
ਜੇਕਰ ਪ੍ਰਾਈਵੇਟ ਥਰਮਲ ਪਲਾਂਟ ਰਾਜਪੁਰਾ ਦੀ ਗੱਲ ਕੀਤੀ ਜਾਵੇ ਤਾ ਇਸ ਦੇ ਦੋਵੇਂ ਯੂਨਿਟਾਂ ਤੋਂ 1324 ਮੈਗਾਵਾਟ ਬਿਜਲੀ ਹਾਸਲ ਹੋ ਰਹੀ ਹੈ ਅਤੇ ਇਸ ਦੇ ਦੋਵੇਂ ਯੂਨਿਟ ਪੂਰੀ ਸਮਰੱਥਾਂ ਤੇ ਭਖੇ ਹੋਏ ਹਨ। ਤਲਵੰਡੀ ਸਾਬੋਂ ਥਰਮਲ ਪਲਾਂਟ ਦੇ ਤਿੰਨੇ ਯੂਨਿਟਾਂ ਤੋਂ 1736 ਮੈਗਾਵਾਟ ਬਿਜਲੀ ਉਤਪਾਦਨ ਹੋ ਰਿਹਾ ਹੈ। ਇਸ ਤਰ੍ਹਾਂ ਦੋਵੇਂ ਪ੍ਰਾਈਵੇਟ ਥਮਰਲ ਪਲਾਂਟਾਂ ਤੋਂ 3060 ਮੈਗਾਵਾਟ ਬਿਜਲੀ ਉਤਪਦਾਨ ਹੋ ਰਿਹਾ ਹੈ। ਪਾਵਰਕੌਮ ਨੂੰ ਹਾਈਡਲ ਪ੍ਰੋਜੈਕਟਾਂ ਤੋਂ ਵੀ 759 ਮੈਗਾਵਾਟ ਬਿਜਲੀ ਹਾਸਲ ਹੋ ਰਹੀ ਹੈ। ਇਸ ਵਾਰ ਝੋਨੇ ਦੇ ਸੀਜ਼ਨ ਤੋਂ ਪਹਿਲਾ ਹੀ ਬਿਜਲੀ ਦੀ ਵਧੀ ਮੰਗ ਨੇ ਪਾਵਰਕੌਮ ਅਧਿਕਾਰੀਆਂ ਦੇ ਹੱਥ ਪੈਰ ਫੁਲਾ ਦਿੱਤੇ ਹਨ। ਝੋਨੇ ਦੀ ਸੀਜ਼ਨ ਦੌਰਾਨ ਬਿਜਲੀ ਦੀ ਮੰਗ 15000 ਮੈਗਾਵਾਟ ਨੂੰ ਪਾਰ ਕਰਨ ਦੇ ਅੰਦਾਜੇ ਹਨ।