Navneet Chaturvedi: ਮੰਗਲਵਾਰ ਰਾਤ ਤੋਂ ਸੈਕਟਰ 3 ਦੇ ਥਾਣੇ ਨੂੰ ਘੇਰ ਕੇ ਬੈਠੀ ਸੀ ਪੰਜਾਬ ਪੁਲਿਸ
- ਰੋਪੜ ਅਦਾਲਤ ਦੇ ਫੈਸਲੇ ਤੋਂ ਬਾਅਦ ਹੋਈ ਗ੍ਰਿਫਤਾਰੀ
- ਨਵਨੀਤ ਚਤੁਰਵੇਦੀ ਨੇ ਵੀ ਕੀਤਾ ਹਾਈ ਕੋਰਟ ਦਾ ਰੁਖ, ਪੰਜਾਬ ਪੁਲਿਸ ਤੋਂ ਖ਼ੁਦ ਨੂੰ ਦੱਸਿਆ ਖ਼ਤਰਾ
Navneet Chaturvedi: ਚੰਡੀਗੜ੍ਹ (ਅਸ਼ਵਨੀ ਚਾਵਲਾ)। ਰਾਜ ਸਭਾ ਸੀਟ ਦੀ ਨਾਮਜ਼ਦਗੀ ਕਾਗਜ਼ ਭਰਨ ਤੋਂ ਬਾਅਦ ਸ਼ੁਰੂ ਹੋਇਆ ‘ਡਰਾਮਾ’ ਖਤਮ ਹੋ ਗਿਆ ਹੈ। ਜੈਪੁਰ (ਰਾਜਸਥਾਨ) ਦੇ ਰਹਿਣ ਵਾਲੇ ਨਵਨੀਤ ਚਤੁਰਵੇਦੀ ਨੂੰ ਚੰਡੀਗੜ੍ਹ ਪੁਲਿਸ ਵੱਲੋਂ ਪੰਜਾਬ ਪੁਲਿਸ ਦੇ ਹਵਾਲੇ ਬੀਤੀ ਰਾਤ ਕਰ ਦਿੱਤਾ ਗਿਆ। ਚੰਡੀਗੜ੍ਹ ਪੁਲਿਸ ਇਸ ਮਾਮਲੇ ਵਿੱਚ ਚਤੁਰਵੇਦੀ ਨੂੰ ਪੰਜਾਬ ਪੁਲਿਸ ਦੇ ਹਵਾਲੇ ਨਹੀਂ ਕਰਨਾ ਚਾਹੁੰਦੀ ਸੀ ਪਰ ਰੋਪੜ ਜ਼ਿਲ੍ਹਾ ਅਦਾਲਤ ਦੇ ਸਖਤ ਆਦੇਸ਼ ਆਉਣ ਤੋਂ ਬਾਅਦ ਚੰਡੀਗੜ੍ਹ ਪੁਲਿਸ ਵੱਲੋਂ ਨਵਨੀਤ ਚਤੁਰਵੇਦੀ ਨੂੰ ਪੰਜਾਬ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਰੋਪੜ ਪੁਲਿਸ ਵੱਲੋਂ ਨਵਨੀਤ ਚਤੁਰਵੇਦੀ ਦੀ ਗਿ੍ਰਫਤਾਰੀ ਪਾ ਕੇ ਉਸ ਨੂੰ ਰੋਪੜ ਵਿਖੇ ਲਿਜਾਇਆ ਗਿਆ ਹੈ ਜਿੱਥੇ ਕਿ ਅੱਜ ਵੀਰਵਾਰ ਨੂੰ ਉਨ੍ਹਾਂ ਨੂੰ ਜ਼ਿਲ੍ਹਾ ਅਦਾਲਤ ਅੱਗੇ ਪੇਸ਼ ਕੀਤਾ ਜਾਵੇਗਾ।
ਨਵਨੀਤ ਚਤੁਰਵੇਦੀ ਨੂੰ ਮੰਗਲਵਾਰ ਤੋਂ ਹੀ ਚੰਡੀਗੜ੍ਹ ਪੁਲਿਸ ਵੱਲੋਂ ਸੈਕਟਰ 183 ਵਿਖੇ ਆਪਣੀ ਸੁਰੱਖਿਆ ਹੇਠ ਰੱਖਿਆ ਹੋਇਆ ਸੀ ਅਤੇ ਪੰਜਾਬ ਪੁਲਿਸ ਵੱਲੋਂ ਵਾਰ-ਵਾਰ ਉਸ ਦੀ ਹਿਰਾਸਤ ਦੇਣ ਦੀ ਮੰਗ ਕਰਨ ਤੋਂ ਬਾਅਦ ਵੀ ਚੰਡੀਗੜ੍ਹ ਪੁਲਿਸ ਨੇ ਨਵਨੀਤ ਚਤੁਰਵੇਦੀ ਨੂੰ ਹਵਾਲੇ ਨਾ ਕੀਤਾ ਚੰਡੀਗੜ੍ਹ ਪੁਲਿਸ ਵੱਲੋਂ ਨਵਨੀਤ ਚਤੁਰਵੇਦੀ ਦੀ ਹਿਰਾਸਤ ਨਾ ਦੇਣ ਦੇ ਕਰਕੇ ਬੀਤੀ ਰਾਤ ਤੋਂ ਹੀ ਸੈਕਟਰ 3 ਦੇ ਥਾਣੇ ਨੂੰ ਪੰਜਾਬ ਪੁਲਿਸ ਨੇ ਚਾਰੇ ਪਾਸਿਓਂ ਘੇਰਦੇ ਹੋਏ 4 ਦਰਜਨ ਤੋਂ ਜ਼ਿਆਦਾ ਪੁਲਿਸ ਮੁਲਾਜ਼ਮ ਤੈਨਾਤ ਕੀਤੇ ਹੋਏ ਸਨ।
Navneet Chaturvedi
ਪੰਜਾਬ ਪੁਲਿਸ ਨੇ ਆਪਣੀ ਵੱਖਰੀ ਹੀ ਮਨੁੱਖੀ ਬੈਰੀਕੇਡਿੰਗ ਕੀਤੀ ਹੋਈ ਸੀ ਇਸ ਦੇ ਨਾਲ ਹੀ ਪੰਜਾਬ ਪੁਲਿਸ ਨੇ ਨਵਨੀਤ ਚਤੁਰਵੇਦੀ ਦੀ ਹਿਰਾਸਤ ਲੈਣ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਦਰਵਾਜਾ ਖੜਕਾ ਦਿੱਤਾ। ਪੰਜਾਬ ਪੁਲਿਸ ਤੋਂ ਬਾਅਦ ਨਵਨੀਤ ਚਤੁਰਵੇਦੀ ਵੀ ਹਾਈ ਕੋਰਟ ਵਿੱਚ ਪੁੱਜ ਗਏ ਸਨ, ਉਨ੍ਹਾਂ ਨੇ ਆਪਣੀ ਜਾਨ ਨੂੰ ਪੰਜਾਬ ਪੁਲਿਸ ਤੋਂ ਖਤਰਾ ਦੱਸਦੇ ਹੋਏ ਗ੍ਰਿਫ਼ਤਾਰੀ ਕਰਨ ਤੋਂ ਪਹਿਲਾਂ 10 ਦਿਨਾਂ ਦਾ ਨੋਟਿਸ ਦੇਣ ਦੀ ਮੰਗ ਕੀਤੀ। ਇਸ ਦੇ ਨਾਲ ਹੀ ਪੁੱਛਿਆ ਹੈ ਕਿ ਪੰਜਾਬ ਵਿੱਚ ਪੁਲਿਸ ਵਲੋਂ ਕਿਹੜੀ ਕਿਹੜੀ ਥਾਂ ’ਤੇ ਉਨ੍ਹਾਂ ਖਿਲਾਫ ਕਿੰਨੀਆਂ ਐੱਫਆਈਆਰ ਦਰਜ ਕੀਤੀਆਂ ਗਈਆ ਹਨ।
Read Also : ਜਥੇਬੰਦੀਆਂ ਵੱਲੋਂ ਲਵਾਈਆਂ ਰੇਹੜੀਆਂ ਨੂੰ ਦੁਬਾਰਾ ਚੁੱਕਣ ਖ਼ਿਲਾਫ਼ ਰੋਹ ਹੋਰ ਭਖਿਆ
ਇਥੇ ਦੱਸਣਯੋਗ ਹੈ ਕਿ ਨਵਨੀਤ ਚਤੁਰਵੇਦੀ ਵੱਲੋਂ ਪੰਜਾਬ ਵਿੱਚ ਰਾਜ ਸਭਾ ਸੀਟ ਲਈ 2 ਵਾਰ ਨਾਮਜਦਗੀ ਕਾਗਜ਼ ਦਾਖ਼ਲ ਕੀਤੇ ਗਏ ਸਨ ਅਤੇ ਇਨ੍ਹਾਂ ਕਾਗਜ਼ਾਂ ਨੂੰ ਦਾਖ਼ਲ ਕਰਨ ਮੌਕੇ ਪਹਿਲੀ ਵਾਰ 6 ਅਕਤੂਬਰ ਨੂੰ ਕਾਗਜ਼ ਭਰੇ ਗਏ ਸਨ ਤਾਂ ਉਨ੍ਹਾਂ ਵੱਲੋਂ 10 ਵਿਧਾਇਕਾਂ ਦੇ ਸਿਰਫ਼ ਨਾਂਅ ਦਿੱਤੇ ਗਏ ਸਨ ਤਾਂ ਦੂਜੀ 13 ਅਕਤੂਬਰ ਨੂੰ ਭਰੇ ਗਏ ਕਾਗਜ਼ਾਂ ਵਿੱਚ ਉਨ੍ਹਾਂ ਵੱਲੋਂ 10 ਵਿਧਾਇਕਾਂ ਦੇ ਨਾਂਵਾਂ ਦੇ ਨਾਲ ਹੀ ਉਨ੍ਹਾਂ ਦੇ ਦਸਤਖ਼ਤ ਵੀ ਕੀਤੇ ਗਏ ਸਨ। ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦਾ ਦੋਸ਼ ਹੈ ਕਿ ਉਨ੍ਹਾਂ ਨੇ ਨਵਨੀਤ ਚਤੁਰਵੇਦੀ ਨੂੰ ਕੋਈ ਸਮੱਰਥਨ ਨਹੀਂ ਦਿੱਤਾ ਅਤੇ ਨਾ ਹੀ ਕੋਈ ਦਸਤਖ਼ਤ ਕੀਤੇ ਸਨ।
ਇਸ ਮਾਮਲੇ ਸਬੰਧੀ ਪੰਜਾਬ ਦੇ ਕਈ ਪੁਲਿਸ ਥਾਣਿਆਂ ਵਿੱਚ ਐੱਫਆਈਆਰ ਦਰਜ ਹੋਣ ਤੋਂ ਬਾਅਦ ਰੋਪੜ ਪੁਲਿਸ ਨਵਨੀਤ ਚਤੁਰਵੇਦੀ ਨੂੰ ਗ੍ਰਿਫ਼ਤਾਰ ਕਰਨ ਲਈ 14 ਅਕਤੂਬਰ ਨੂੰ ਚੰਡੀਗੜ੍ਹ ਪੁੱਜੀ ਸੀ। ਜਿਥੇ ਕਿ ਚੰਡੀਗੜ੍ਹ ਪੁਲਿਸ ਨੇ ਨਵਨੀਤ ਚਤੁਰਵੇਦੀ ਨੂੰ ਪੰਜਾਬ ਪੁਲਿਸ ਦੇ ਹਵਾਲੇ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਗਿਆ ਸੀ, ਕਿਉਂਕਿ ਇਸ ਸਮੇਂ ਨਵਨੀਤ ਚਤੁਰਵੇਦੀ, ਚੰਡੀਗੜ੍ਹ ਪੁਲਿਸ ਦੀ ਸੁਰੱਖਿਆ ਛਤਰੀ ਹੇਠ ਹਨ। ਇਸ ਸਮੇਂ ਨਵਨੀਤ ਚਤੁਰਵੇਦੀ ਨੂੰ ਸੈਕਟਰ 3 ਥਾਣੇ ਵਿੱਚ ਸੁਰੱਖਿਅਤ ਰੱਖਿਆ ਹੋਇਆ ਹੈ।
ਚੰਡੀਗੜ੍ਹ ਵਿਖੇ ਨਵਨੀਤ ਚਤੁਰਵੇਦੀ ਨੂੰ ਪੰਜਾਬ ਲਿਜਾਣ ਦੀ ਛਿੜੀ ਜੰਗ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪੰਜਾਬ ਪੁਲਿਸ ਨੂੰ ਵੱਡਾ ਝਟਕਾ ਲੱਗਾ ਹੈ ਤਾਂ ਉਥੇ ਹੀ ਨਵਨੀਤ ਚਤੁਰਵੇਦੀ ਨੂੰ ਵੀ ਹਾਈ ਕੋਰਟ ਵੱਲੋਂ ਕੋਈ ਰਾਹਤ ਨਹੀਂ ਦਿੱਤੀ ਗਈ। ਪੰਜਾਬ ਪੁਲਿਸ ਅਤੇ ਨਵਨੀਤ ਚਤੁਰਵੇਦੀ ਦੋਵਾਂ ਦੀ ਪਟੀਸ਼ਨ ’ਤੇ ਸੁਣਵਾਈ ਕਰਦੇ ਹੋਏ 4 ਨਵੰਬਰ ਤੱਕ ਦੋਵਾਂ ਪਾਰਟੀਆਂ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ।
Navneet Chaturvedi
ਪੰਜਾਬ ਪੁਲਿਸ ਨੇ ਹਾਈ ਕੋਰਟ ਵਿੱਚ ਪਟੀਸ਼ਨ ਪਾ ਕੇ ਮੰਗ ਕੀਤੀ ਸੀ ਕਿ ਨਵਨੀਤ ਚਤੁਰਵੇਦੀ ਦੇ ਖ਼ਿਲਾਫ਼ ਰੋਪੜ ਵਿਖੇ ਪਰਚਾ ਦਰਜ ਹੈ ਤਾਂ ਉਸ ਨੂੰ ਚੰਡੀਗੜ੍ਹ ਪੁਲਿਸ ਵੱਲੋਂ ਗ੍ਰਿਫ਼ਤਾਰ ਕਰਨ ਤੋਂ ਧੱਕੇ ਨਾਲ ਰੋਕਿਆ ਜਾ ਰਿਹਾ ਹੈ। ਇਸ ਲਈ ਹਾਈ ਕੋਰਟ ਵੱਲੋਂ ਚੰਡੀਗੜ੍ਹ ਪੁਲਿਸ ਨੂੰ ਆਦੇਸ਼ ਦਿੱਤੇ ਜਾਣ ਕਿ ਰੋਪੜ ਦੀ ਅਦਾਲਤ ਵੱਲੋਂ ਜਾਰੀ ਕੀਤੇ ਗਏ ਗ੍ਰਿਫ਼ਤਾਰੀ ਦੇ ਆਦੇਸ਼ਾਂ ਨੂੰ ਦੇਖਦੇ ਹੋਏ ਨਵਨੀਤ ਚਤੁਰਵੇਦੀ ਨੂੰ ਰੋਪੜ ਪੁਲਿਸ ਦੇ ਹਵਾਲੇ ਕੀਤਾ ਜਾਵੇ। ਇਸ ਮਾਮਲੇ ਵਿੱਚ ਹਾਈ ਕੋਰਟ ਵਲੋਂ ਚੰਡੀਗੜ ਪੁਲਿਸ ਨੂੰ ਕੋਈ ਆਦੇਸ਼ ਨਾ ਜਾਰੀ ਕਰਦੇ ਹੋਏ ਚਾਰ ਨਵੰਬਰ ਤੱਕ ਆਪਣਾ ਪੱਖ ਰੱਖਣ ਲਈ ਨੋਟਿਸ ਜਾਰੀ ਕੀਤਾ ਗਿਆ ਹੈ।
ਇਥੇ ਹੀ ਨਵਨੀਤ ਚਤੁਰਵੇਦੀ ਨੇ ਪਟੀਸ਼ਨ ਲਾਈ ਸੀ ਕਿ ਉਨ੍ਹਾਂ ਦੇ ਮਾਮਲੇ ਵਿੱਚ ਰਾਜ ਸਭਾ ਚੋਣ ਅਧਿਕਾਰੀ ਵੱਲੋਂ ਕਾਗਜ਼ਾਤ ਲੀਕ ਕੀਤੇ ਗਏ, ਜਿਸ ਕਾਰਨ ਸਰਕਾਰ ਦੇ ਦਬਾਅ ਹੇਠ ਆ ਕੇ ਉਨ੍ਹਾਂ ਦੇ ਸਮਰਥਨ ਵਿੱਚ ਆਏ ਵਿਧਾਇਕ ਮੁੱਕਰ ਗਏ ਹਨ। ਇਸ ਨਾਲ ਹੀ ਚੋਣ ਪ੍ਰਕਿਰਿਆ ਚੰਡੀਗੜ੍ਹ ਵਿਖੇ ਚੱਲ ਰਹੀ ਹੈ ਤਾਂ ਕਿਸੇ ਵਿਧਾਇਕ ਨੇ ਕੋਈ ਸ਼ਿਕਾਇਤ ਕਰਨੀ ਸੀ ਤਾਂ ਉਹ ਚੰਡੀਗੜ੍ਹ ਪੁਲਿਸ ਨੂੰ ਕਰ ਸਕਦੇ ਹਨ, ਜਦੋਂ ਕਿ ਪੰਜਾਬ ਪੁਲਿਸ ਇਸ ਮਾਮਲੇ ਵਿੱਚ ਪਰਚਾ ਹੀ ਦਰਜ ਨਹੀਂ ਕਰ ਸਕਦੀ। ਨਵਨੀਤ ਚਤੁਰਵੇਦੀ ਵੱਲੋਂ ਪੰਜਾਬ ਵਿੱਚ ਉਨ੍ਹਾਂ ਦੇ ਖ਼ਿਲਾਫ਼ ਦਰਜ ਹੋਏ ਹਰ ਪਰਚਿਆਂ ਦੀ ਕਾਪੀ ਅਤੇ ਜਾਣਕਾਰੀ ਵੀ ਮੰਗੀ ਗਈ ਹੈ। ਇਸ ਮਾਮਲੇ ਵਿੱਚ ਵੀ ਹਾਈ ਕੋਰਟ ਵੱਲੋਂ ਪੰਜਾਬ ਸਰਕਾਰ ਅਤੇ ਪੁਲਿਸ ਨੂੰ ਨੋਟਿਸ ਜਾਰੀ ਕਰਦੇ ਹੋਏ 4 ਨਵੰਬਰ ਤੱਕ ਜੁਆਬ ਦਾਖ਼ਲ ਕਰਨ ਲਈ ਕਿਹਾ ਗਿਆ ਹੈ।