ਚੰਡੀਗੜ ਤੋਂ ਲੈ ਕੇ ਪਿੰਡ-ਪਿੰਡ ‘ਚ ਹੋ ਰਹੇ ਹਨ ਫਰਜ਼ੀ ਦਾਖ਼ਲੇ, ਅਧਿਆਪਕ ਵੀ ਅਧਿਕਾਰੀਆਂ ਅੱਗੇ ਹੋਏ ਬੇਵਸ
ਚੰਡੀਗੜ, (ਅਸ਼ਵਨੀ ਚਾਵਲਾ)। ਸਰਕਾਰੀ ਡੰਡੇ ਅੱਗੇ ਬੇਵਸ ਹੋਏ ਅਧਿਆਪਕ ਨੇ ਪੰਜਾਬ ਵਿੱਚ ਨਵੇਂ ਦਾਖ਼ਲੇ ਕਰਨ ਦਾ ਫਰਜ਼ੀਵਾੜਾ ਸ਼ੁਰੂ ਕਰਨ ਲਈ ਮਜ਼ਬੂਰ ਹਨ। ਰੋਜ਼ਾਨਾ ਦਰਜ਼ਨਾ ਵਿਦਿਆਰਥੀ ਸਰਕਾਰੀ ਸਕੂਲਾਂ ਵਿੱਚ ਦਾਖ਼ਲ ਕੀਤੇ ਦਿਖਾਏ ਜਾ ਰਹੇ ਹਨ ਪਰ ਉਹ ਵਿਦਿਆਰਥੀ ਸਕੂਲ ਖੁੱਲਣ ਤੋਂ ਬਾਅਦ ਸਰਕਾਰੀ ਸਕੂਲਾਂ ਵਿੱਚ ਪੜਾਈ ਕਰਨ ਲਈ ਆਉਣਗੇ ਜਾਂ ਨਹੀਂ, ਇਸ ਗਲ ਨੂੰ ਲੈ ਕੇ ਖ਼ੁਦ ਅਧਿਆਪਕ ਗਰੰਟੀ ਲੈਣ ਨੂੰ ਤਿਆਰ ਨਹੀਂ ਹਨ, ਕਿਉਂਕਿ ਇਨਾਂ ਨਵੇਂ ਵਿਦਿਆਰਥੀਆਂ ਨੂੰ ਇੱਛਾ ਸ਼ਕਤੀ ਦੁਆਰਾ ਨਹੀਂ ਸਗੋਂ ਸਿਰਫ਼ ਉੱਚ ਅਧਿਕਾਰੀਆਂ ਦੀ ਫਟਕਾਰ ਤੋਂ ਬਚਣ ਲਈ ਦਾਖ਼ਲੇ ਦੇ ‘ਫਰਜ਼ੀਵਾੜੇ’ ਦੇ ਤੌਰ ਕੀਤਾ ਜਾ ਰਿਹਾ ਹੈ।
ਇਸ ‘ਫਰਜ਼ੀਵਾੜੇ’ ਵਿੱਚ ਹੁਣ ਸਰਕਾਰੀ ਸਕੂਲਾਂ ਦੇ ਅਧਿਆਪਕ ਵੀ ਆਪਸ ਵਿੱਚ ਭਿੜਨੇ ਸ਼ੁਰੂ ਹੋ ਗਏ ਹਨ, ਕਿਉਂਕਿ ਪ੍ਰਾਈਵੇਟ ਸਕੂਲ ਵਿੱਚ ਪੜਾਈ ਕਰਨ ਵਾਲੇ ਇੱਕ ਵਿਦਿਆਰਥੀ ਦਾ ਦਾਖ਼ਲਾ ‘ਫਰਜ਼ੀਵਾੜੇ’ ਰਾਹੀਂ ਕਈ ਸਰਕਾਰੀ ਸਕੂਲਾਂ ਦੇ ਅਧਿਆਪਕ ਦੇ ਕਰਨ ਵਿੱਚ ਲਗੇ ਹੋਏ ਹਨ।
ਇਸ ਤਰਾਂ ਦੇ ‘ਫਰਜ਼ੀਵਾੜੇ’ ਬਾਰੇ ਪੰਜਾਬ ਭਰ ਦੇ ਸਾਰੇ ਜਿਲਾ ਅਧਿਕਾਰੀਆਂ ਨੂੰ ਮੁਕੰਮਲ ਜਾਣਕਾਰੀ ਹੈ ਪਰ ਉਹ ਵੀ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਡੰਡੇ ਤੋਂ ਡਰਦੇ ਸਿਰਫ਼ ਦਾਖ਼ਲੇ ਦੀ ਗਿਣਤੀ ਤੱਕ ਹੀ ਆਪਣੇ ਆਪ ਨੂੰ ਸੀਮਿਤ ਰੱਖ ਰਹੇ ਹਨ ਅਤੇ ਇਸ ਤਰਾਂ ਦੇ ‘ਫਰਜ਼ੀਵਾੜੇ’ ਨੂੰ ਖੁਲੇਆਮ ਇਜਾਜ਼ਤ ਦੇ ਰਹੇ ਹਨ।
ਜਾਣਕਾਰੀ ਅਨੁਸਾਰ ਚੰਡੀਗੜ ਵਿਖੇ ਬੈਠੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀ ਹਰ ਸਾਲ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਨਵੇਂ ਦਾਖ਼ਲੇ ਲੈ ਕੇ ਆਉਣ ਦਾ ਦਬਾਅ ਬਣਾ ਕੇ ਦਿੰਦੇ ਹੋਏ ਘਰ-ਘਰ ਤੌਰ ਦਿੰਦੇ ਹਨ। ਇਸ ਸਾਲ ਕੋਰੋਨਾ ਦੀ ਮਹਾਂਮਾਰੀ ਦੌਰਾਨ ਪੰਜਾਬ ਭਰ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਬੰਦ ਪਏ ਹਨ। ਜਿਸ ਦਾ ਫਾਇਦਾ ਚੁੱਕਣ ਲਈ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਅਧਿਆਪਕਾਂ ਨੂੰ ਮੁੜ ਘਰੋਂ ਘਰੀਂ ਭੇਜ ਦਿੱਤਾ ਹੈ ਤਾਂ ਕਿ ਪ੍ਰਾਈਵੇਟ ਸਕੂਲਾਂ ਵਿੱਚ ਪੜਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਕਾਰੀ ਸਕੂਲ ਵਿੱਚ ਦਾਖਲ ਕਰਵਾਇਆ ਜਾ ਸਕੇ।
ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦੇ ਰੋਜ਼ਾਨਾ ਡੰਡੇ ਨੂੰ ਦੇਖਦੇ ਹੋਏ ਅਧਿਆਪਕ ਪ੍ਰਾਈਵੇਟ ਸਕੂਲਾਂ ਵਿੱਚ ਪੜਾਈ ਕਰ ਰਹੇ ਵਿਦਿਆਰਥੀਆਂ ਦੇ ਘਰ ਜਾ ਕੇ ਉਨਾਂ ਦੇ ਮਾਪਿਆ ਨੂੰ ਮਨਾਉਣ ਦੀ ਕੋਸ਼ਸ਼ ਕਰ ਰਹੇ ਹਨ ਕਿ ਉਸ ਵਿਦਿਆਰਥੀ ਨੂੰ ਸਰਕਾਰੀ ਸਕੂਲ ਵਿੱਚ ਦਾਖ਼ਲ ਕਰਵਾਇਆ ਜਾਵੇ।
ਇਸ ਦੌਰਾਨ ਜੇਕਰ ਮਾਪੇ ਤਿਆਰ ਨਾ ਹੋਣ ਤਾਂ ਵੀ ਅਧਿਆਪਕ ਆਪਣੀ ਮਜਬੂਰੀ ਦੱਸਦੇ ਹੋਏ ਆਧਾਰ ਕਾਰਡ ਦੀ ਕਾਪੀ ਇਹ ਕਹਿ ਕੇ ਲੈ ਕੇ ਆ ਰਹੇ ਹਨ ਤਾਂ ਕਿ ਉਹ ਭਾਵੇਂ ਆਪਣਾ ਬੱਚਾ ਪ੍ਰਾਈਵੇਟ ਸਕੂਲ ਖੁੱਲਣ ‘ਤੇ ਉੱਥੇ ਹੀ ਪੜਾਈ ਕਰਵਾ ਲੈਣ ਪਰ ਅੱਜ ਉਨਾਂ ਨੂੰ ਆਧਾਰ ਕਾਰਡ ਦੇ ਦੇਣ।
ਇਥੇ ਹੀ ਹੈਰਾਨੀ ਹੈ ਕਿ ਇੱਕੋ ਹੀ ਘਰ ਵਿੱਚੋਂ ਕਈ ਸਰਕਾਰੀ ਸਕੂਲ ਦੇ ਅਧਿਆਪਕ ਆਧਾਰ ਕਾਰਡ ਲੈ ਕੇ ਆਉਂਦੇ ਹਨ ਤੇ ਪੰਜਾਬ ਪਾਰਟਲ ਰਾਹੀਂ ‘ਫੈਚ’ ਕਰਦੇ ਹੋਏ ਆਪਣੇ ਸਕੂਲ ਵਿੱਚ ਦਾਖ਼ਲ ਦਿਖਾਉਂਦੇ ਹਨ ਤਾਂ ਦੂਜਾ ਸਰਕਾਰੀ ਸਕੂਲ ਦਾ ਅਧਿਆਪਕ ਕੁਝ ਘੰਟੇ ਬਾਅਦ ਆਧਾਰ ਕਾਰਡ ਰਾਹੀਂ ਉਸੇ ਵਿਦਿਆਰਥੀ ਨੂੰ ਸਰਕਾਰੀ ਸਕੂਲ ਤੋਂ ‘ਫੈਚ’ ਕਰਦੇ ਹੋਏ ਹੋਏ ਆਪਣੇ ਸਕੂਲ ਵਿੱਚ ਦਾਖ਼ਲਾ ਦਿਖਾਉਂਦਾ ਹੈ।
ਜਿਸ ਨਾਲ ਕਿਸੇ ਵੀ ਅਧਿਆਪਕ ਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਜਿਹੜਾ ਵਿਦਿਆਰਥੀ ਉਹ ਪ੍ਰਾਈਵੇਟ ਸਕੂਲ ਤੋਂ ਆਪਣੇ ਸਕੂਲ ਵਿੱਚ ਲੈ ਕੇ ਆਇਆ ਸੀ, ਉਸੇ ਵਿਦਿਆਰਥੀ ਨੂੰ ਕੁਝ ਕਿਲੋਮੀਟਰ ਦੂਰੀ ਵਾਲੇ ਸਰਕਾਰੀ ਸਕੂਲ ਨੇ ਮੁੜ ਤੋਂ ‘ਫੈਚ’ (ਖੋਹ) ਤਾਂ ਨਹੀਂ ਲਿਆ ਹੈ। ਇਸ ਤਰਾਂ ਦਾ ਦਾਖ਼ਲੇ ਵਿੱਚ ‘ਫਰਜ਼ੀਵਾੜਾ’ ਪੰਜਾਬ ਭਰ ਵਿੱਚ ਚਲ ਰਿਹਾ ਹੈ।
ਹਜ਼ਾਰਾ ਰੁਪਏ ਬਚਾਉਣ ਦਾ ਦਿੱਤਾ ਜਾ ਰਿਹਾ ਐ ਮਾਪਿਆ ਨੂੰ ਲਾਲਚ
ਸਰਕਾਰੀ ਸਕੂਲ ਦੇ ਅਧਿਆਪਕ ਪ੍ਰਾਈਵੇਟ ਸਕੂਲਾਂ ਵਿੱਚ ਪੜਾਈ ਕਰਦੇ ਵਿਦਿਆਰਥੀਆਂ ਦੇ ਮਾਪਿਆ ਨੂੰ ਲਾਲਚ ਦੇ ਰਹੇ ਹਨ ਕਿ ਉਹ ਸਰਕਾਰੀ ਸਕੂਲ ਵਿੱਚ ਦਾਖ਼ਲ ਕਰਵਾਉਂਦੇ ਹੋਏ ਇਸ ਸਾਲ ਹਜ਼ਾਰਾ ਰੁਪਏ ਬਚਾ ਸਕਦੇ ਹਨ। ਅਧਿਆਪਕਾਂ ਵਲੋਂ ਮਾਪਿਆ ਨੂੰ ਕਿਹਾ ਜਾ ਰਿਹਾ ਹੈ ਕਿ ਕੋਰੋਨਾ ਦੇ ਚਲਦੇ ਇਸ ਸਾਲ ਵਿਦਿਆਰਥੀਆਂ ਦੀ ਪੜਾਈ ਤਾਂ ਵੈਸੇ ਹੀ ਖ਼ਰਾਬ ਹੋਣੀ ਹੈ ਅਤੇ ਕੇਂਦਰੀ ਕਾਨੂੰਨ ਦੇ ਚਲਦੇ ਕੋਈ ਵੀ ਵਿਦਿਆਰਥੀ ਫੇਲ ਵੀ ਨਹੀਂ ਹੋਣਾ ਹੈ ਅਤੇ ਕਦੋਂ ਪ੍ਰਾਈਵੇਟ ਸਕੂਲ ਖੁੱਲਣਗੇ ਜਾਂ ਫਿਰ ਨਹੀਂ ਖੁੱਲਣਗੇ ਇਸ ਸਬੰਧੀ ਵੀ ਕੋਈ ਜਾਣਕਾਰੀ ਨਹੀਂ ਹੈ। ਇਸ ਲਈ ਮੋਟੀ ਦਾਖ਼ਲਾ ਫੀਸ ਦੇ ਨਾਲ ਹੀ ਮਹੀਨੇਵਾਰ ਦਿੱਤੀ ਜਾਣ ਵਾਲੀ ਮੋਟੀ ਫੀਸ ਇਸ ਸਾਲ ਉਹ ਬਚਾ ਸਕਦੇ ਹਨ।
ਵੀਡੀਓ ਕਾਨਫਰੰਸ ਰਾਹੀਂ ਰੋਜ਼ਾਨਾ ਪਾਇਆ ਜਾਂਦਾ ਐ ਦਬ
ਜ਼ਿਲਾ ਸਿੱਖਿਆ ਅਧਿਕਾਰੀ ਰੋਜ਼ਾਨਾ ਹੀ ਸਕੂਲਾਂ ਦੇ ਪ੍ਰਿੰਸੀਪਲ ਅਤੇ ਹੈੱਡਮਾਸਟਰ ਨੂੰ ਵੀਡੀਓ ਕਾਨਫਰੰਸ ਰਾਹੀਂ ਪੈੱ੍ਰਸ਼ਰ ਦਿੰਦੇ ਹੋਏ ਆਪਣੇ ਸਕੂਲ ਵਿੱਚ ਵੱਧ ਤੋਂ ਵੱਧ ਦਾਖ਼ਲਾ ਕਰਵਾਉਣ ਲਈ ਕਹਿੰਦੇ ਆ ਰਹੇ ਹਨ। ਇਸ ਦੇ ਨਾਲ ਹੀ ਅਗਲੇ ਦਿਨਾਂ ਵਿੱਚ ਮੁੜ ਤੋਂ ਵੀਡੀਓ ਕਾਨਫਰੰਸ ਰਾਹੀਂ ਨਵੇਂ ਦਾਖ਼ਲੇ ਦੀ ਰਿਪੋਰਟ ਵੀ ਦੇਣੀ ਹੁੰਦੀ ਹੈ। ਇਸੇ ਪੈੱ੍ਰਸ਼ਰ ਕਾਰਨ ਪੰਜਾਬ ਭਰ ਵਿੱਚ ਦਾਖ਼ਲੇ ਨੂੰ ਲੈ ਕੇ ਵੱਡੇ ਪੱਧਰ ‘ਤੇ ‘ਫਰਜ਼ੀਵਾੜਾ’ ਚਲ ਰਿਹਾ ਹੈ।
ਕ੍ਰਿਸ਼ਨ ਕੁਮਾਰ ਨਹੀਂ ਚੁਕਦੇ ਫੋਨ ਤੇ ਮੰਤਰੀ ਮੀਟਿੰਗ ‘ਚ ਰੁੱਝੇ
ਪੰਜਾਬ ਦੇ ਸਿੱਖਿਆ ਵਿਭਾਗ ਵਿੱਚ ਇਸ ਕੋਰੋਨਾ ਦੀ ਮਹਾਂਮਾਰੀ ਦੌਰਾਨ ਕੋਈ ਜਿਆਦਾ ਕੰਮ ਨਾ ਹੋਣ ਦੇ ਬਾਵਜੂਦ ਵੀ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਫੋਨ ਨਹੀਂ ਚੁੱਕਦੇ ਹਨ ਤੇ ਮੰਤਰੀ ਵਿਜੇ ਇੰਦਰ ਸਿੰਗਲਾ ਮੀਟਿੰਗਾਂ ਵਿੱਚ ਹੀ ਰੁੱਝੇ ਹੋਏ ਰਹਿੰਦੇ ਹਨ। ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦਾ ਫੋਨ ਉਨਾਂ ਦਾ ਪੀਏ ਜਰੂਰ ਚੁੱਕਦਾ ਹੈ ਪਰ ਹਰ ਵਾਰ ਵਾਪਸ ਫੋਨ ਕਰਵਾਉਣ ਦੀ ਗੱਲ ਕਹਿੰਦੇ ਹੋਏ ਫੋਟ ਕੱਟ ਦਿੰਦਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।