ਆਲੂ, ਕਣਕ ਸਮੇਤ ਸਬਜ਼ੀਆਂ ਦੀ ਕਾਸ਼ਤਕਾਰੀ ’ਤੇ ਮਾੜਾ ਅਸਰ ਪੈਣਾ ਸ਼ੁਰੂ
(ਤਰੁਣ ਕੁਮਾਰ ਸ਼ਰਮਾ) ਨਾਭਾ। ਜਨਵਰੀ ਬੇਸ਼ੱਕ ਖਤਮ ਹੋਣ ਜਾ ਰਹੀ ਹੈ ਪ੍ਰੰਤੂ ਪਾਰਾ ਘੱਟਣੋ ਨਹੀਂ ਰੁਕ ਰਿਹਾ। ਲੰਮੇ ਸਮੇਂ ਬਾਅਦ ਅਜਿਹਾ ਪਹਿਲੀ ਵਾਰ ਦੇਖਿਆ ਜਾ ਰਿਹਾ ਹੈ ਕਿ ਲਗਭਗ ਹਰ ਹਫਤੇ (Rain) ਬਾਰਿਸ਼ ਹੋ ਰਹੀ ਹੈ। ਪਿਛਲੇ ਇੱਕ ਮਹੀਨੇ ਤੋਂ ਅਲੋਪ ਹੋਏ ਸੂਰਜ ਕਾਰਨ ਅਸਤ ਵਿਅਸਤ ਹੋਈ ਮਨੁੱਖੀ ਜ਼ਿੰਦਗੀ ਦੋ ਦਿਨਾਂ ਤੋਂ ਰਫਤਾਰ ਫੜਨ ਲੱਗੀ ਹੈ।
ਮੌਸਮ ਵਿਗਿਆਨੀਆਂ ਦੀ ਮੰਨੀਏ ਤਾਂ ਅਗਲੇ 4-5 ਦਿਨ ਸੂਬੇ ’ਚ ਬਹੁਤੀ ਥਾਂ ਮੌਸਮ ਸਾਫ ਬਣਿਆ ਰਹੇਗਾ ਪ੍ਰੰਤੂ ਸਵੇਰੇ ਸ਼ਾਮ ਅੱਤ ਦੀ ਠੰਢ ਮਹਿਸੂਸ ਕੀਤੀ ਜਾ ਸਕਦੀ। ਕਈ ਥਾਈਂ ਜਨਵਰੀ ’ਚ ਰਿਕਾਰਡ ਤੋੜ ਮੀਂਹ (Rain) ਤੋਂ ਬਾਅਦ ਬਣੇ ਹੋਏ ਧੁੰਦ ਦੇ ਬੱਦਲ ਅਗਲੇ ਦਿਨੀਂ ਵੀ ਬਣੇ ਰਹਿਣਗੇ। ਹਾਲਾਂਕਿ ਦੁਪਹਿਰ ਬਾਅਦ ਕੁਝ ਇਲਾਕਿਆਂ ’ਚ ਆਰਜੀ ਧੁੱਪ ਨਿਕਲਦੀ ਰਹੇਗੀ। ਦਿਨ ਵੇਲੇ ਕੋਲਡ ਡੇਅ ਸਥਿਤੀ ਲਗਾਤਾਰ ਜਾਰੀ ਹੈ ਪਰ ਰਾਤਾਂ ਦਾ ਪਾਰਾ ਇਸ ਜਨਵਰੀ ਔਸਤ ਤੋਂ ਉੱਪਰ ਹੀ ਚੱਲ ਰਿਹਾ ਹੈ। ਵਧੇਰੇ ਨਮੀ ਤੇ ਧੁੰਦ ਦੇ ਬੱਦਲਾਂ ਹੇਠ ਅਜੀਬ ਜਿਹੀ ਬਿਮਾਰ ਕਰਨ ਵਾਲੀ ਠੰਢ ਦਾ ਸਾਹਮਣਾ ਪੰਜਾਬ ਦੇ ਲੋਕਾਂ ਨੂੰ ਕਰਨਾ ਪੈ ਸਕਦਾ ਹੈ। ਪਹਾੜਾਂ ’ਚ ਪੱਛਮੀ ਸਿਸਟਮ ਦਾ ਹਲਕਾ ਅਸਰ ਅੱਜ ਵੀ ਬਰਕਰਾਰ ਹੈ ਜਿਸ ਕਾਰਨ ਹਿਮਾਚਲ ਤੇ ਜੰਮੂ-ਕਸ਼ਮੀਰ ’ਚ ਟੁੱਟਵੀਂ ਬਾਰਿਸ਼ ਤੇ ਬਰਫਬਾਰੀ ਜਾਰੀ ਹੈ।
ਪੰਜਾਬ ਦੇ ਪਹਾੜਾਂ ਲਾਗੇ ਪੈਂਦੇ ਇਲਾਕਿਆਂ ’ਚ ਵੀ ਕਿਣਮਿਣ ਤੇ ਹਲਕੀ ਫੁਹਾਰ (Rain) ਵਾਲੇ ਬੱਦਲ 26 ਜਨਵਰੀ ਨੂੰ ਵੀ ਬਣੇ ਨਜਰ ਆਏ। 28, 29 ਜਨਵਰੀ ਨੂੰ ਬੇਸ਼ੱਕ ਬਰਸਾਤੀ ਹਲਚਲ ਦੀ ਆਸ ਨਹੀਂ ਪਰੰਤੂ ਕਮਜੋਰ ਪੱਛਮੀ ਸਿਸਟਮ ਕਾਰਨ ਜਨਵਰੀ ਅੰਤ ’ਚ (30/31 ਜਨਵਰੀ ) ਨੂੰ ਟੁੱਟਵੀਂ ਹਲਕੀ ਕਾਰਵਾਈ ਦੀ ਉਮੀਦ ਬਣ ਰਹੀ ਹੈ। ਖੇਤੀ ਮਾਹਿਰਾਂ ਅਨੁਸਾਰ ਬੀਤੇ ਦਿਨੀਂ ਰਿਕਾਰਡ ਤੋੜ ਬਾਰਿਸਾਂ ਦਾ ਫਸਲਾਂ ਅਤੇ ਸਬਜ਼ੀਆਂ ਦੀ ਕਾਸ਼ਤਕਾਰੀ ’ਤੇ ਮਾੜਾ ਪ੍ਰਭਾਵ ਪੈ ਰਿਹਾ ਹੈ। ਮੀਂਹ ਦੇ ਪਾਣੀ ਤੇ ਧੁੱਪ ਨਾ ਨਿਕਲਣ ਕਾਰਨ ਆਲੂ ਦੀ ਫਸਲ ਦਾ ਸਭ ਤੋਂ ਵਧੇਰੇ ਨੁਕਸਾਨ ਹੋਇਆ ਹੈ। ਇਸ ਸਥਿਤੀ ਕਾਰਨ ਸਬਜੀਆਂ ਦੀ ਪੈਦਾਵਾਰ ’ਤੇ ਵੀ ਵੱਡਾ ਅਸਰ ਵੇਖਿਆ ਜਾ ਰਿਹਾ ਹੈ, ਕਣਕ ਵੀ ਕਈ ਜਿਲ੍ਹਿਆਂ ’ਚ ਪੀਲੀ ਪੈ ਚੁੱਕੀ ਹੈ। ਫਰਵਰੀ ’ਚ ਮੀਂਹ ਪੱਖੋ ਕੁਝ ਚੰਗੇ ਸੰਕੇਤ ਨਹੀਂ ਮਿਲ ਰਹੇ। ਚੜ੍ਹਦੇ ਫਰਵਰੀ (2, 3, 4 ਫਰਵਰੀ) ਨੂੰ ਤਕੜਾ ਪੱਛਮੀ ਸਿਸਟਮ ਆਉਂਦਾ ਜਾਪ ਰਿਹਾ ਹੈ ਜਿਸ ਦੇ ਪ੍ਰਭਾਵਸ਼ਾਲੀ ਹੋਣ ਬਾਰੇ ਜਨਵਰੀ ਦੇ ਅੰਤ ਵਿੱਚ ਸਪਸ਼ਟ ਹੋਵੇਗਾ।
ਫਸਲਾਂ ਤੇ ਸਬਜ਼ੀਆਂ ਦੀ ਕਾਸਤ ’ਤੇ ਹੋ ਸਕਦੈ ਅਸਰ
ਐਨ ਆਰ ਆਈ ਕਿਸਾਨ ਗੁਰਿੰਦਰਦੀਪ ਸਿੰਘ ਕਲਿਆਣ, ਅਬਜਿੰਦਰ ਸਿੰਘ ਜੋਗੀ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਅੰਤ ਦੀ ਠੰਢ ਦੌਰਾਨ ਪਈ ਬਰਸਾਤ ਨੇ ਆਲੂਆਂ ਦੀ ਫਸਲ ਨੂੰ 30 ਤੋਂ 40 ਪ੍ਰਤੀਸ਼ਤ ਖ਼ਤਮ ਕਰ ਦਿੱਤਾ ਹੈ। ਕਣਕ ਦੀ ਫਸਲ ਵੀ ਬਰਸਾਤੀ ਪਾਣੀ ਕਾਰਨ ਰੰਗ ਬਦਲਣ ਲੱਗੀ ਹੈ। ਜੇਕਰ ਹੋਰ ਮੀਂਹ ਵਰ੍ਹਿਆ ਤਾਂ ਫਸਲਾਂ ਅਤੇ ਸਬਜੀਆਂ ਦੀ ਕਾਸਤਕਾਰਾਂ ਨੂੰ ਡੂੰਘਾ ਨੁਕਸਾਨ ਹੋਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ