Haryana and Punjab Climate: ਪੰਜਾਬ ਓਰੇਂਜ ਜੋਨ ’ਚ, ਜਦੋਂਕਿ ਹਰਿਆਣਾ ਦੇ ਜ਼ਿਲ੍ਹੇ ਚੱਲ ਰਹੇ ਨੇ ਰੈੱਡ ਜੋਨ
- ਪੰਜਾਬ ਤੇ ਮੰਡੀ ਗੋਬਿੰਦਗੜ੍ਹ ਦਾ ਏਕਿਊਆਈ ਪੱਧਰ 294, ਹਰਿਆਣਾ ਦੇ ਰੋਹਤਕ ਦਾ 355
Haryana and Punjab Climate: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਦੀਵਾਲੀ ਤੋਂ ਬਾਅਦ ਪ੍ਰਦੂਸ਼ਣ ਵਿੱਚ ਵਾਧਾ ਹੋਇਆ ਹੈ। ਭਾਵੇਂ ਪੰਜਾਬ ਦੇ ਕਈ ਜ਼ਿਲ੍ਹਿਆਂ ਦਾ ਏਅਰ ਕੁਆਲਟੀ ਇੰਨਡੈਕਸ (ਏਕਿਊਆਈ) ਖਰਾਬ ਪੱਧਰ ’ਤੇ ਪੁੱਜ ਗਿਆ ਹੈ, ਪਰ ਹਰਿਆਣਾ ’ਚ ਹਾਲਾਤ ਜ਼ਿਆਦਾ ਖ਼ਰਾਬ ਹੋਏ ਹਨ। ਹਰਿਆਣਾ ਦੇ ਕਈ ਜ਼ਿਲ੍ਹੇ ਰੈੱਡ ਜੋਨ ਵਿੱਚ ਪੁੱਜ ਗਏ ਹਨ।
ਦੱਸਣਯੋਗ ਹੈ ਕਿ ਇਸ ਵਾਰ ਦੀਵਾਲੀ ਦੇ ਤਿਉਹਾਰ ਬਾਰੇ ਕਾਫ਼ੀ ਦੁਬਿਧਾ ਰਹੀ ਹੈ ਅਤੇ ਲੋਕਾਂ ਵੱਲੋਂ 20 ਅਤੇ 21 ਅਕਤੂਬਰ ਨੂੰ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ ਹੈ। ਇਸ ਵਾਰ ਦੋਵੇਂ ਦਿਨ ਕਾਫ਼ੀ ਆਤਿਸਬਾਜ਼ੀ ਹੋਈ ਹੈ, ਜਿਸ ਕਾਰਨ ਹਵਾ ਪ੍ਰਦੂਸ਼ਣ ਵਿੱਚ ਵਾਧਾ ਹੋਇਆ ਹੈ। ਪਹਿਲਾਂ ਪੰਜਾਬ ਨੂੰ ਪਰਾਲੀ ਦੀ ਅੱਗ ਲਾਉਣ ਕਰਕੇ ਦਿੱਲੀ ਵਿੱਚ ਵਧਦੇ ਪ੍ਰਦੂਸ਼ਣ ਦਾ ਕਾਰਨ ਮੰਨਿਆ ਜਾਂਦਾ ਸੀ, ਪਰ ਇਸ ਵਾਰ ਪਰਾਲੀ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਵਿੱਚ ਵੱਡੇ ਪੱਧਰ ’ਤੇ ਕਟੌਤੀ ਦਰਜ ਕੀਤੀ ਗਈ ਹੈ।
Read Also : ਵਿਧਾਇਕਾਂ ਨੂੰ 7 ਮਹੀਨਿਆਂ ਬਾਅਦ ਮਿਲ ਰਿਹੈ ਮੌਕਾ, ਵਿਧਾਨ ਸਭਾ ’ਚ ਹੁਣ ਲਾ ਸਕਦੇ ਹਨ ਆਪਣੇ ਸੁਆਲ
ਜੇਕਰ ਪੰਜਾਬ ਅੰਦਰ ਦੀਵਾਲੀ ਤੋਂ ਬਾਅਦ ਏਕਿਊਆਈ ਪੱਧਰ ਦੀ ਗੱਲ ਕੀਤੀ ਜਾਵੇ ਤਾ ਮੰਡੀ ਗੋਬਿੰਦਗੜ੍ਹ ਦਾ ਏਕਿਊਆਈ ਪੱਧਰ ਸਭ ਤੋਂ ਵੱਧ 294 ਦਰਜ ਕੀਤਾ ਗਿਆ ਹੈ ਜੋ ਕਿ ਓਰੇਂਜ ਜੋਨ ਵਿੱਚ ਆਉਂਦਾ ਹੈ। ਇਹ ਖਰਾਬ ਸਥਿਤੀ ਨੂੰ ਬਿਆਨ ਕਰਦਾ ਹੈ। ਜਲੰਧਰ ਦਾ ਏਕਿਊਆਈ ਪੱਧਰ 271 ਦਰਜ ਕੀਤਾ ਗਿਆ ਹੈ, ਇਹ ਵੀ ਖ਼ਰਾਬ ਪੱਧਰ ਨੂੰ ਦਰਸਾ ਰਿਹਾ ਹੈ। ਪਟਿਆਲਾ ਦੀ ਆਬੋ-ਹਵਾ ਵੀ ਖ਼ਰਾਬ ਪੱਧਰ ’ਤੇ ਪੁੱਜ ਗਈ ਹੈ ਇੱਥੇ ਏਕਿਊਆਈ ਪੱਧਰ 265 ’ਤੇ ਚੱਲ ਰਿਹਾ ਹੈ।
19 ਅਕਤੂਬਰ ਨੂੰ ਇੱਥੇ ਏਕਿਊਆਈ ਇਨਡੈਕਸ 108 ਤੇ ਸੀ। ਇਸ ਤੋਂ ਇਲਾਵਾ ਅੰਮ੍ਰਿਤਸਰ ਅਤੇ ਖੰਨਾ ਦਾ ਏਕਿਊਆਈ ਪੱਧਰ 242 ’ਤੇ ਪੁੱਜ ਗਿਆ ਹੈ। ਪੰਜਾਬ ਅੰਦਰ ਸਿਰਫ਼ ਬਠਿੰਡਾ ਹੀ ਅਜਿਹਾ ਸਟੇਸ਼ਨ ਹੈ, ਜਿੱਥੇ ਕਿ ਏਕਿਊਆਈ ਪੱਧਰ 167 ’ਤੇ ਰਿਹਾ ਹੈ ਅਤੇ ਯੈਲੋ ਜੋਨ ਵਿੱਚ ਹੈ ਅਤੇ ਇੱਥੇ ਹਵਾ ਦਾ ਮਿਆਰ ਦਰਮਿਆਨਾ ਰਿਹਾ ਹੈ। ਇਸ ਤੋਂ ਇਲਾਵਾ ਜੇਕਰ ਹਰਿਆਣਾ ਸੂਬੇ ਦੀ ਗੱਲ ਕੀਤੀ ਜਾਵੇ ਤਾਂ ਇਸਦੇ ਕਈ ਜ਼ਿਲ੍ਹੇ ਰੈੱਡ ਜੋਨ ਵਿੱਚ ਚੱਲ ਰਹੇ ਹਨ ਜੋ ਕਿ ਹਵਾ ਦੇ ਪੱਧਰ ਬਹੁਤ ਖ਼ਰਾਬ ਦਰਸਾ ਰਹੇ ਹਨ।
Haryana and Punjab Climate
ਹਰਿਆਣਾ ਦੇ ਰੋਹਤਕ ਦਾ ਏਕਿਊਆਈ ਪੱਧਰ ਰੈੱਡ ਜੋਨ ਵਿੱਚ 355 ’ਤੇ ਚੱਲ ਰਿਹਾ ਹੈ ਜੋ ਕਿ ਆਬੋ-ਹਵਾ ਦੇ ਪੱਧਰ ਨੂੰ ਬਹੁਤ ਖਰਾਬ ਸ਼ੇ੍ਰਣੀ ਵਿੱਚ ਦਰਸਾ ਰਿਹਾ ਹੈ। ਇਸ ਤੋਂ ਇਲਾਵਾ ਨਾਲਨੌਲ ਦਾ ਏਕਿਊਆਈ ਪੱਧਰ 349 ਅਤੇ ਚਰਖੀ ਦਾਦਰੀ ਦਾ ਏਕਿਊਆਈ ਇਨਡੈਕਸ 344 ’ਤੇ ਰੱੈਡ ਜੋਨ ਵਿੱਚ ਚੱਲ ਰਿਹਾ ਹੈ। ਯਮੁਨਾਨਗਰ ਦਾ 331, ਜੀਦ 330, ਫਤਿਆਬਾਦ 320, ਅੰਬਾਲਾ 313 ਜਦੋਂਕਿ ਭਿਵਾਨੀ ਦਾ ਏਕਿਊਆਈ ਪੱਧਰ 312 ’ਤੇ ਚੱਲ ਰਿਹਾ ਹੈ। ਹਰਿਆਣਾ ਦੇ ਇਨ੍ਹਾਂ ਜ਼ਿਲ੍ਹਿਆਂ ਦੇ ਲੋਕਾਂ ਨੂੰ ਖਰਾਬ ਹਵਾਂ ਵਿੱਚ ਸਾਹ ਲੈਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਇਸ ਤੋਂ ਇਲਾਵਾ ਹਰਿਆਣਾ ਦੇ ਕਈ ਜ਼ਿਲ੍ਹੇ ਇਸ ਤੋਂ ਹੇਠਾਂ ਓਰੇਂਜ ਜੋਨ ਵਿੱਚ ਚੱਲ ਰਹੇ ਹਨ।
ਝੋਨੇ ਦੀ ਰਹਿੰਦ-ਖੂੰਹਦ ਨੂੰ ਅੱਗ ਦੀਆਂ ਘਟਨਾਵਾਂ ’ਚ ਆਈ ਵੱਡੀ ਕਮੀ
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸੈਟੇਲਾਈਟ ਡਾਟੇ ਮੁਤਾਬਿਕ 15 ਸਤੰਬਰ ਤੋਂ 21 ਅਕਤੂਬਰ 2025 ਤੱਕ ਹੁਣ ਤੱਕ ਪੰਜਾਬ ਅੰਦਰ 415 ਥਾਵਾਂ ਤੇ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਦਰਜ ਹੋਈਆਂ ਹਨ। ਇਸੇ ਸਮੇਂ ਦੌਰਾਨ ਸਾਲ 2024 ਵਿੱਚ 1510 ਥਾਵਾਂ ’ਤੇ ਝੋਨੇ ਦੀ ਪਰਾਲੀ ਨੂੰ ਅੱਗ ਲਾਈ ਗਈ ਸੀ, ਜਦੋਂਕਿ ਸਾਲ 2023 ਦੌਰਾਨ ਅੱਗ ਲਾਉਣ ਦੀਆਂ ਘਟਨਾਵਾਂ ਦੀ ਗਿਣਤੀ 1764 ਦਰਜ ਹੋਈ ਸੀ। ਅੰਕੜੇ ਦਰਸਾ ਰਹੇ ਹਨ ਕਿ ਇਸ ਸਾਲ ਕਿਸਾਨਾਂ ਵਿੱਚ ਕਾਫ਼ੀ ਜਾਗਰੂਕਤਾ ਆਈ ਹੈ ਅਤੇ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਵਿੱਚ ਕਾਫ਼ੀ ਕਮੀ ਦਰਜ ਕੀਤੀ ਗਈ ਹੈ।