ਅਮਰਿੰਦਰ ਸਿੰਘ ਨੇ ਵਾਤਾਵਰਨ ਵਿਭਾਗ ਲਿਆ ਆਪਣੇ ਕੋਲ, ਸੋਨੀ ਨੂੰ ਦਿੱਤਾ ਫੂਡ ਪ੍ਰੋਸੈਸਿੰਗ ਵਿਭਾਗ
ਪਿਛਲੇ ਕਾਫ਼ੀ ਦਿਨਾਂ ਤੋਂ ਵਾਤਾਵਰਨ ਵਾਲੇ ਪਾਸੇ ਧਿਆਨ ਨਹੀਂ ਦੇ ਸਕੇ ਸਨ ਓ.ਪੀ. ਸੋਨੀ
ਅਸ਼ਵਨੀ ਚਾਵਲਾ, ਚੰਡੀਗੜ੍ਹ
ਸਿੱਖਿਆ ਅਤੇ ਵਾਤਾਵਰਨ ਵਿਭਾਗ ਦੇ ਮੰਤਰੀ ਓ.ਪੀ. ਸੋਨੀ ਦੀ ਛੁੱਟੀ ਕਰਦੇ ਹੋਏ ਉਨ੍ਹਾਂ ਨੂੰ ਨਵਾਂ ਵਿਭਾਗ ਅਲਾਟ ਕਰ ਦਿੱਤਾ ਗਿਆ ਹੈ। ਓ.ਪੀ. ਸੋਨੀ ਹੁਣ ਤੋਂ ਬਾਅਦ ਕੱਟੜ ਵਿਰੋਧੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨਾਲ ਮਿਲ ਕੇ ਕੰਮ ਕਰਨਗੇ। ਹਾਲਾਂਕਿ ਓ.ਪੀ. ਸੋਨੀ ਸਿੱਖਿਆ ਵਿਭਾਗ ਦੇ ਮੰਤਰੀ ਬਣੇ ਰਹਿਣਗੇ ਪਰ ਉਨ੍ਹਾਂ ਕੋਲੋਂ ਵਾਤਾਵਰਨ ਵਿਭਾਗ ਵਾਪਸ ਲੈਂਦੇ ਹੋਏ ਫੂਡ ਪ੍ਰੋਸੈਸਿੰਗ ਵਿਭਾਗ ਅਲਾਟ ਕਰ ਦਿੱਤਾ ਗਿਆ ਹੈ। ਵਾਤਾਵਰਨ ਵਿਭਾਗ ਨੂੰ ਹੁਣ ਖ਼ੁਦ ਮੁੱਖ ਮੰਤਰੀ ਅਮਰਿੰਦਰ ਸਿੰਘ ਦੇਖਣਗੇ। ਪਿਛਲੇ ਕੁਝ ਮਹੀਨਿਆਂ ਤੋਂ ਪੰਜਾਬ ਵਿੱਚ ਵਾਤਾਵਰਨ ਸਬੰਧੀ ਕਾਫ਼ੀ ਜਿਆਦਾ ਸ਼ਿਕਾਇਤਾਂ ਆਉਣ ਤੋਂ ਬਾਅਦ ਅਮਰਿੰਦਰ ਸਿੰਘ ਇਸ ਵਿਭਾਗ ਨੂੰ ਆਪਣੇ ਕੋਲ ਲੈਣਾ ਚਾਹੁੰਦੇ ਸਨ। ਜਿਸ ਕਾਰਨ ਉਨਾਂ ਨੇ ਓ.ਪੀ. ਸੋਨੀ ਤੋਂ ਇਸ ਵਿਭਾਗ ਨੂੰ ਲੈਂਦੇ ਹੋਏ ਇਸ ਦੀ ਥਾਂ ’ਤੇ ਫੂਡ ਪ੍ਰੋਸੈਸਿੰਗ ਦਾ ਵਿਭਾਗ ਅਲਾਟ ਕਰ ਦਿੱਤਾ ਹੈ।
ਫੂਡ ਪ੍ਰੋਸੈਸਿੰਗ ਵਿਭਾਗ ਨੂੰ ਛੱਡਣ ਨਾਲ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਵੀ ਰਾਹਤ ਮਿਲ ਗਈ ਹੈ, ਕਿਉਂਕਿ ਕੇਂਦਰੀ ਮੰਤਰੀ ਹਰਸਿਮਰਤ ਕੌਰ ਕੋਲ ਇਹ ਵਿਭਾਗ ਹੋਣ ਦੇ ਕਾਰਨ ਅਮਰਿੰਦਰ ਸਿੰਘ ਨੂੰ ਇਸ ਵਿਭਾਗ ਨਾਲ ਜੁੜੀ ਹੋਈ ਹਰ ਮੰਗ ਜਾਂ ਫਿਰ ਫਾਈਲ ਬਾਦਲ ਕੋਲ ਹੀ ਭੇਜਣੀ ਪੈਂਦੀ ਸੀ। ਹੁਣ ਇਸ ਮਾਮਲੇ ਵਿੱਚ ਕੋਈ ਵੀ ਕੰਮ ਹੋਏਗਾ ਤਾਂ ਹਰਸਿਮਰਤ ਕੌਰ ਬਾਦਲ ਕੋਲ ਓ.ਪੀ. ਸੋਨੀ ਜਾਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।