ਸਾਡੇ ਨਾਲ ਸ਼ਾਮਲ

Follow us

10.9 C
Chandigarh
Thursday, January 22, 2026
More
    Home Breaking News ਮੀਰੀ ਪੀਰੀ ਦੇ ...

    ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ

    ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ

    ਮਨੁੱਖਤਾ ਦੇ ਰਹਿਬਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਿੱਥੇ ਲੋਕਾਈ ਨੂੰ ਮਿਆਰੀ, ਪਰਉਪਕਾਰੀ ਅਤੇ ਵਿਹਾਰੀ (ਅਮਲੀ) ਜੀਵਨ ਜਿਉਣ ਦਾ ਉਪਦੇਸ਼ ਦਿੱਤਾ ਹੈ, ਉੱਥੇ ‘ਸਿਰ ਤਲੀ ’ਤੇ ਧਰ ਕੇ ਪ੍ਰੇਮ (ਰੱਬੀ) ਦੀ ਖੇਡ ਖੇਡਣ ਦੀ ਵੰਗਾਰ ਵੀ ਦਿੱਤੀ ਹੈ।’ ਇਸ ਖੇਡ ਨੂੰ ਖੇਡਣ ਲਈ ਸੰਤ ਸੁਭਾਅ ਦੇ ਨਾਲ-ਨਾਲ ਸਿਪਾਹੀਅਤ (ਜੁਝਾਰੂ ਬਿਰਤੀ) ਨੂੰ ਵੀ ਬਰਾਬਰ ਅਹਿਮੀਅਤ ਦਿੱਤੀ ਗਈ ਹੈ। ਛੇਵੇਂ ਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪਣੇ ਗੁਰਿਆਈ ਦੇ ਸਮੇਂ ਦੋ ਤਲਵਾਰਾਂ ਧਾਰਨ ਕੀਤੀਆਂ ਜਿਸ ਨੂੰ ਸਿੱਖ ਇਤਿਹਾਸ ਵਿਚ ਮੀਰੀ ਅਤੇ ਪੀਰੀ ਦਾ ਨਾਂਅ ਦਿੱਤਾ ਗਿਆ ਹੈ।

    ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ 21 ਹਾੜ ਸੰਮਤ 1652 ਮੁਤਾਬਕ 19 ਜੂਨ 1595 (ਕੁੱਝ ਇਤਿਹਾਸਕਾਰਾਂ ਦੀ ਰਾਇ 9 ਤੇ 14 ਜੂਨ ਬਾਰੇ ਵੀ ਹੈ) ਨੂੰ ਇਤਿਹਾਸਕ ਸ਼ਹਿਰ ਅੰਮਿ੍ਰਤਸਰ ਤੋਂ ਲਹਿੰਦੇ ਪਾਸੇ ਵੱਸੇ ਨਗਰ ਵਡਾਲੀ (ਗੁਰੂ ਕੀ) ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਮਾਤਾ ਗੰਗਾ ਜੀ ਦੇ ਗ੍ਰਹਿ ਵਿਖੇ ਹੋਇਆ।

    ਛੇਵੀਂ ਪਾਤਸ਼ਾਹੀ ਦੇ ਪ੍ਰਕਾਸ਼ ਦਿਹਾੜੇ ਦੀਆਂ ਜਿੱਥੇ ਸੰਗਤਾਂ ਨੇ ਭਰਪੂਰ ਖੁਸ਼ੀਆਂ ਮਨਾਈਆਂ, ਉੱਥੇ ਗੁਰੂ ਘਰ ਦੇ ਦੋਖੀਆਂ ਨੂੰ ਬਹੁਤ ਅਫਸੋਸ ਹੋਇਆ। ਇਨ੍ਹਾਂ ਦੋਖੀਆਂ ’ਚ ਮੁੱਖ ਨਾਂਅ ਪਿ੍ਰਥੀ ਚੰਦ ਦਾ ਸੀ ਜੋ ਪਰਿਵਾਰਕ ਤੌਰ ’ਤੇ ਗੁਰੂ ਸਾਹਿਬ ਦੇ ਤਾਇਆ ਜੀ ਲੱਗਦੇ ਸਨ। ਗੁਰਗੱਦੀ ’ਤੇ ਕਬਜਾ ਕਰਨ ਹਿੱਤ ਈਰਖਾਲੂ ਪਿ੍ਰਥੀ ਚੰਦ ਸ੍ਰੀ ਗੁਰੂ ਹਰਗੋਬਿੰਦ ਜੀ ਨੂੰ ਮਾਰਨ ਦੀਆਂ ਵਿਉਂਤਬੰਦੀਆਂ ਕਰਨ ਲੱਗਾ। ਇਨ੍ਹਾਂ ਵਿਉਂਤਬੰਦੀਆਂ ਤਹਿਤ ਉਸ ਨੇ ਬਾਲ ਰੂਪ ਗੁਰੂ ਹਰਗੋਬਿੰਦ ਸਾਹਿਬ ’ਤੇ ਤਿੰਨ ਵਾਰ ਲੁਕਵੇਂ ਹਮਲੇ ਕਰਵਾਏ, ਪਰ ਉਹ ਗੁਰੂ ਸਾਹਿਬ ਦਾ ਬਾਲ ਵੀ ਵਿੰਗਾ ਨਹੀਂ ਕਰ ਸਕਿਆ

    1605 ਈ: ਦੇ ਅਕਤੂਬਰ ਮਹੀਨੇ ਵਿਚ ਜਹਾਂਗੀਰ ਦੀ ਤਖਤਪੋਸ਼ੀ ਹੋਣ ਨਾਲ ਅਕਬਰ ਵੱਲੋਂ ਵੱਖ-ਵੱਖ ਧਰਮਾਂ ਪ੍ਰਤੀ ਅਪਣਾਈ ਸਤਿਕਾਰ ਵਾਲੀ ਨੀਤੀ ਦਮ ਤੋੜ ਗਈ। ਰਾਜ ਦਰਬਾਰ ਤੰਗ-ਦਿਲ ਤੇ ਫਿਰਕਾਪ੍ਰਸਤਾਂ ਦੇ ਹੱਥ ਆ ਗਿਆ। ਇਨ੍ਹਾਂ ਨੇ ਗੈਰ-ਮੁਸਲਮਾਨਾਂ ਪ੍ਰਤੀ ਨਫ਼ਰਤ ਭਰਪੂਰ ਪਹੰੁਚ ਅਖਤਿਆਰ ਕਰ ਲਈ।ਜਿੱਥੇ ਬਾਲਕ ਹਰਗੋਬਿੰਦ ਜੀ ਨੇ ਹਰਫ਼ੀ ਇਲਮ ਦਿੱਤਾ, ਉੱਥੇ ਕੁਸ਼ਤੀ, ਘੋੜ-ਸਵਾਰੀ, ਤਲਵਾਰਬਾਜ਼ੀ ਤੇ ਹੋਰ ਜੰਗੀ ਕਰਤਬਾਂ ਦੀ ਸਿਖਲਾਈ ਵੀ ਲਈ। ਕਿਉਂਕਿ ਉਨ੍ਹਾਂ ਨੇ ਆਪਣੀ ਦੂਰ-ਅੰਦੇਸ਼ੀ ਨਾਲ ਭਾਂਪ ਲਿਆ ਸੀ ਕਿ ਮੁਗਲ ਹਕੂਮਤ ਨਾਲ ਸਿੱਖਾਂ ਨੂੰ ਦੋ ਹੱਥ ਕਰਨੇ ਹੀ ਪੈਣੇ ਹਨ।

    6 ਅਪਰੈਲ 1606 ਨੂੰ ਜਹਾਂਗੀਰ ਦਾ ਪੁੱਤਰ ਖੁਸਰੋ ਬਾਗੀ ਹੋ ਕੇ ਆਗਰੇ ਤੋਂ ਪੰਜਾਬ ਵੱਲ ਭੱਜ ਪਿਆ। ਤਿੰਨ ਕੁ ਹਫ਼ਤਿਆਂ (27 ਅਪਰੈਲ) ਬਾਅਦ ਉਹ ਝਨਾ ਨਦੀ ਨੂੰ ਪਾਰ ਕਰਦਾ ਫੜਿਆ ਗਿਆ। ਸ਼ੇਖ ਅਹਿਮਦ ਸਰਹੰਦੀ ਤੇ ਕੁੱਝ ਹੋਰ ਕੱਟੜ ਪੰਥੀਆਂ ਨੇ ਜਹਾਂਗੀਰ ਦੇ ਕੰਨਾਂ ਵਿਚ ਗੁਰੂ ਅਰਜਨ ਦੇਵ ਜੀ ਦੇ ਖਿਲਾਫ਼ ਖੁਸਰੋ ਨੂੰ ਸਹਾਇਤਾ ਤੇ ਸਹਿਯੋਗ ਦੇਣ ਦੀ ਫੂਕ ਮਾਰ ਦਿੱਤੀ। ਜਹਾਂਗੀਰ ’ਤੇ ਫੂਕ ਦਾ ਅਜਿਹਾ ਅਸਰ ਹੋਇਆ ਕਿ ਉਸ ਨੇ ਗੁਰੂ ਅਰਜਨ ਦੇਵ ਜੀ ਨੂੰ ਗਿ੍ਰਫਤਾਰ ਕਰਨ ਦੇ ਹੁਕਮ ਜਾਰੀ ਕਰ ਦਿੱਤੇ।

    ਸੰਨ 1606 ਮਈ ਮਹੀਨੇ ਦੇ ਆਖਰੀ ਹਫ਼ਤੇ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ, ਬਾਬਾ ਬੁੱਢਾ ਜੀ ਅਤੇ ਹੋਰ ਮੁਖੀ ਸਿੱਖਾਂ ਨਾਲ ਤੱਤਕਾਲੀ ਰਾਜਨੀਤਕ ਹਾਲਾਤਾਂ ਉੱਪਰ ਗੰਭੀਰ ਵਿਚਾਰ-ਵਟਾਂਦਰਾ ਕੀਤਾ। ਇਸ ਵਿਚਾਰ-ਵਟਾਂਦਰੇ ਤੋਂ ਬਾਅਦ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੀਵਾਨ ਸਜਾ ਕੇ ਗੁਰਿਆਈ ਦੀ ਜਿੰਮੇਵਾਰੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸੌਂਪ ਦਿੱਤੀ। ਇਸ ਮੌਕੇ ’ਤੇ ਹੀ ਬਾਬਾ ਬੁੱਢਾ ਜੀ ਨੇ ਗੁਰੂ ਸਾਹਿਬ ਨੂੰ ਦੋ ਤਲਵਾਰਾਂ (ਇੱਕ ਮੀਰੀ ਤੇ ਦੂਜੀ ਪੀਰੀ ਦੀ) ਪਹਿਨਾਈਆਂ) ਜੋ ਸੰਸਾਰਕ ਤੇ ਆਤਮਿਕ ਪੱਖ ਦੇ ਸੁਮੇਲ ਦੀ ਗਵਾਹੀ ਦਿੰਦੀਆਂ ਸਨ।

    ਸ੍ਰੀ ਗੁਰੂ ਹਰਗੋਬਿੰਦ ਜੀ ਦੀ ਵਰੇਸ ਭਾਵੇਂ ਅਜੇ 11 ਕੁ ਸਾਲ ਦੀ ਹੀ ਸੀ ਪਰ ਆਪਣੇ ਦੂਰਦਰਸ਼ਕ ਨਜ਼ਰੀਏ ਸਦਕਾ ਉਨ੍ਹਾਂ ਨੇ ਇਹ ਸਮਝ ਲਿਆ ਸੀ ਕਿ ਮੁਗਲ ਹਕੂਮਤ ਦੀ ਅੱਤਿਆਚਾਰੀ ਨੀਤੀ ਦਾ ਸਿਖਰ ਗੁਰੂ ਪਿਤਾ ਦੀ ਸ਼ਹੀਦੀ ਤੱਕ ਹੀ ਸੀਮਤ ਨਹੀਂ ਰਹੇਗਾ। ਹਕੂਮਤ ਦੀ ਇਸ ਭਵਿੱਖ ਮੁਖੀ ਕੋਸ਼ਿਸ਼ ਨੂੰ ਅਸਫ਼ਲ ਕਰਨ ਲਈ ਛੇਵੇਂ ਪਾਤਸ਼ਾਹ ਨੇ ਹਥਿਆਰਬੰਦ ਸੰਘਰਸ਼ ਦਾ ਰਾਹ ਚੁਣ ਲਿਆ।

    ਘੋੜੇ ਅਤੇ ਹਥਿਆਰ ਜਮ੍ਹਾ ਕਰਨ ਦੇ ਨਾਲ-ਨਾਲ ਗੁਰੂ ਸਾਹਿਬ ਨੇ ਆਪਣੇ ਸਿੱਖਾਂ ਤੇ ਸੇਵਕਾਂ ਨੂੰ ਹਥਿਆਰ ਚਲਾਉਣੇ ਸਿਖਾਉਣ ਦਾ ਵੀ ਯੋਗ ਪ੍ਰਬੰਧ ਕਰ ਲਿਆ। ਹੌਲੀ-ਹੌਲੀ ਸਿੱਖ ਸੈਨਿਕਾਂ ਦੀ ਗਿਣਤੀ ਵਧਣ ਲੱਗੀ। ਉਸ ਵਕਤ ਫੌਜਾਂ ਰੱਖਣ ਦਾ ਕੰਮ ਸਿਰਫ ਰਾਜਿਆਂ-ਮਹਾਂਰਾਜਿਆਂ ਦੇ ਹੀ ਹਿੱਸੇ ਆਉਂਦਾ ਸੀ। ਬਾਕੀਆਂ ਲਈ ਇਹ ਵੰਗਾਰਾਤਮਕ ਸਾਬਤ ਹੋ ਰਿਹਾ ਸੀ। ਇਹ ਵੰਗਾਰ ਉਸ ਵਕਤ ਤਾਂ ਹੋਰ ਵੀ ਸਪੱਸ਼ਟ ਰੂਪ ਅਖਤਿਆਰ ਕਰ ਗਈ ਜਦੋਂ 1608 ਈ: ਸ੍ਰੀ ਅਕਾਲ ਤਖਤ ਸਾਹਿਬ ਦੀ ਉਸਾਰੀ ਹੋ ਗਈ।

    ਇਸ ਉਸਾਰੀ ਦਾ ਅਰਥ ਅਕਾਲ ਪੁਰਖ ਦਾ ਸਦੀਵੀ ਸਿੰਘਾਸਣ ਕਾਇਮ ਕਰਨਾ ਸੀ। ਅਕਾਲ ਤਖਤ ਦੇ ਸਹਾਮਣੇ ਦੋ ਨਿਸ਼ਾਨ ਸਾਹਿਬ, ਰਾਜਨੀਤੀ ਤੇ ਧਰਮ ਦੇ ਪ੍ਰਤੀਕ ਵਜੋਂ ਸਥਾਪਿਤ ਕੀਤੇ ਗਏ। ਇਸ ਤਖਤ ਉੱਪਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਬਿਰਾਜਮਾਨ ਹੋ ਕੇ ਸੰਗਤਾਂ ਨੂੰ ਉਪਦੇਸ਼ ਦੇਣ ਦੇ ਨਾਲ-ਨਾਲ ਸਮੇਂ-ਸਮੇਂ ਹੁਕਮਨਾਮੇ ਵੀ ਜਾਰੀ ਕਰਿਆ ਕਰਦੇ ਸਨ। ਹੁਣ ਫੌਜੀਆਂ ਦੀ ਗਿਣਤੀ 500 ਤੱਕ ਪਹੰੁਚ ਗਈ। ਇਸ ਫ਼ੌਜ ਨੂੰ ਪੰਜ ਕਮਾਡਰਾਂ (ਭਾਈ ਜੇਠਾ ਜੀ, ਭਾਈ ਪਿਰਾਣਾ ਜੀ, ਭਾਈ ਬਿਧੀ ਚੰਦ, ਭਾਈ ਪੈੜਾ ਅਤੇ ਭਾਈ ਮੋਖਾ ਜੀ) ਦੀ ਕਮਾਂਡ ਹੇਠ ਕਰ ਦਿੱਤਾ ਗਿਆ।¿;

    ਇਸ ਤੋਂ ਬਾਅਦ ਗੁਰੂ ਜੀ ਨੇ ਮਾਲਵੇ ਤੇ ਦੁਆਬੇ ਵਿਚ ਧਰਮ ਦਾ ਪ੍ਰਚਾਰ ਸ਼ੁਰੂ ਕਰ ਦਿੱਤਾ। ਦੁਆਬੇ ਦੀ ਦਿਸ਼ਾ ਵਿਚ ਪ੍ਰਚਾਰ ਕਰਦਿਆਂ ਗੁਰੂ ਸਾਹਿਬ ਨੇ ਕਰਤਾਰਪੁਰ ਨਗਰ ਨੂੰ ਭਾਗ ਲਾਏ ਸਨ। ਪੈਂਦੇ ਖਾਂ ਵੀ ਇੱਥੇ ਹੀ ਗੁਰੂ ਕੀ ਫ਼ੌਜ ਵਿਚ ਭਰਤੀ ਹੋਇਆ ਸੀ। ਕਸ਼ਮੀਰ ਨੂੰ ਬੇਸ਼ੱਕ ਧਰਤੀ ਦਾ ਸਵਰਗ ਕਿਹਾ ਜਾਂਦਾ ਹੈ ਪਰ ਥੁੜਾਂ ਮਾਰੀ ਲੋਕਾਈ ਲਈ ਇਹ ਸਵਰਗੀ ਅਨੰਦ ਕਿੱਥੋਂ? ਗਿਲਟੀ ਤਾਪ ਦੀ ਤਪਸ਼ ਨਾਲ ਕਸ਼ਮੀਰ ਦਾ ਗਰੀਬ-ਗਰੁੱਬਾ ਕੁਰਲਾ ਰਿਹਾ ਸੀ।

    ਇਹ ਕੁਰਲਾਹਟ ਜਦੋਂ ਗੁਰੂ ਸਾਹਿਬ ਤੱਕ ਪਹੁੰਚੀ ਤਾਂ ਦੁਖੀਆਂ ਦਾ ਦਰਦ ਵੰਡਾਉਣ ਲਈ ਉਹ ਕਸ਼ਮੀਰ ਦੀ ਧਰਤੀ ’ਤੇ ਪਹੰੁਚ ਗਏ। ਦੇਸ਼-ਪ੍ਰਦੇਸ਼ ਤੋਂ ਆਈ ਦਸਵੰਧ ਦੀ ਮਾਇਆ ਵੀ ਰੋਗੀਆਂ ਦੀ ਅਰੋਗਤਾ ਹਿੱਤ ਵਰਤਣੀ ਆਰੰਭ ਕਰ ਦਿੱਤੀ। ਇਸ ਤੋਂ ਇਲਾਵਾ ਗੁਰੂ ਜੀ ਸਿਆਲਕੋਟ ਤੇ ਲਾਹੌਰ ਦੀਆਂ ਸੰਗਤਾਂ ਦੀਆਂ ਤਕਲੀਫ਼ਾਂ ਵੀ ਦੂਰ ਕਰਨ ਲਈ ਜਾਇਆ ਕਰਦੇ ਸਨ।
    ਗੁਰੂ ਸਾਹਿਬ ਦੀ ਸੇਵਾ-ਭਾਵਨਾ ਅਤੇ ਇਨਸਾਫ਼-ਪਸੰਦੀ ਨੂੰ ਦੇਖ ਕੇ ਕਈ ਦੂਸਰੇ ਧਰਮਾਂ (ਖਾਸ ਕਰਕੇ ਮੁਸਲਿਮ ਸਮਾਜ) ਦੇ ਲੋਕ ਵੀ ਗੁਰੂ ਘਰ ਦੇ ਨੇੜੇ ਆਉਣ ਲੱਗੇ। ਇਹ ਗੱਲ ਵਕਤ ਦੇ ਹਾਕਮ ਜਹਾਂਗੀਰ ਦੀ ਬਰਦਾਸ਼ਤ ਤੋਂ ਬਾਹਰ ਹੋਈ ਜਾ ਰਹੀ ਸੀ। ਉਸ ਨੇ ਜੁਰਮਾਨਾ ਵਸੂਲੀ ਦਾ ਬਹਾਨਾ ਬਣਾ ਕੇ ਗੁਰੂ ਸਾਹਿਬ ਨੂੰ ਗਵਾਲੀਅਰ ਦੇ ਕਿਲ੍ਹੇ ਵਿਚ ਨਜ਼ਰਬੰਦ ਕਰ ਦਿੱਤਾ।

    ਇਹ ਕਿਲ੍ਹਾ ਸ਼ਾਹੀ ਕੈਦੀਆਂ ਤੇ ਲੰਮੀ ਕੈਦ ਵਾਲਿਆਂ ਵਾਸਤੇ ਉਚੇਚੇ ਤੌਰ ’ਤੇ ਬਣਵਾਇਆ ਗਿਆ ਸੀ। ਜਦੋਂ ਛੇਵੇਂ ਪਾਤਸ਼ਾਹ ਕਿਲੇ੍ਹ ਵਿਚ ਗਏ, ਉਨ੍ਹਾਂ ਦੇਖਿਆ ਕਿ ਕਈ ਰਾਜਪੂਤ ਰਜਵਾੜੇ ਤੇ ਸ਼ਿਵਾਲਕ ਦੀਆਂ ਪਹਾੜੀਆਂ ਦੇ ਰਾਜੇ ਵੀ ਕੈਦ ਕੱਟ ਰਹੇ ਸਨ। ਇਨ੍ਹਾਂ ਰਾਜਿਆਂ ਦੀ ਗਿਣਤੀ 52 ਦੇ ਕਰੀਬ ਸੀ। ਇੱਧਰ ਜਦੋਂ ਸੰਗਤਾਂ ਨੂੰ ਆਪਣੇ ਸੱਚੇ ਪਾਤਸ਼ਾਹ ਦੀ ਗਿ੍ਰਫਤਾਰੀ ਦਾ ਪਤਾ ਲੱਗਾ ਤਾਂ ਉਨ੍ਹਾਂ ਆਪਣੇ ਰੋਸ ਦਾ ਪ੍ਰਗਟਾਵਾ, ਪਿੰਡਾਂ, ਸ਼ਹਿਰਾਂ ਤੇ ਕਸਬਿਆਂ ਵਿਚੋਂ ਚੌਕੀਆਂ ਕੱਢ ਕੇ ਕਰਨਾ ਸ਼ੁਰੂ ਕਰ ਦਿੱਤਾ।

    ਜਹਾਂਗੀਰ ਜੋਬਨ ਰੁੱਤ ਤੋਂ ਹੀ ਸ਼ਰਾਬ-ਪਿਆਲੇ ਦਾ ਆਦੀ ਸੀ ਪਰ ਉਮਰ ਵੱਡੀ ਹੋਣ ਨਾਲ ਉਸ ਨੂੰ ਇਹ ਸ਼ੌਕ ਕੁੱਝ ਮਹਿੰਗਾ ਪੈਣ ਲੱਗ ਪਿਆ। ਉਹ ਸਖਤ ਬਿਮਾਰ ਹੋ ਗਿਆ। ਜਦੋਂ ਦੁਆ ਤੇ ਦਵਾ ਕੰਮ ਨਾ ਆਈਆਂ ਤਾਂ ਕਿਸੇ ਨੇਕ-ਬਖ਼ਤ ਨੇ ਉਸ ਨੂੰ ਗੁਰੂ ਸਾਹਿਬ ਦੀ ਨਾਜਾਇਜ਼ ਨਜ਼ਰਬੰਦੀ ਦਾ ਅਹਿਸਾਸ ਕਰਵਾ ਦਿੱਤਾ। ਮੁਸੀਬਤ ’ਚ ਫਸੇ ਹੋਣ ਕਰਕੇ ਗੱਲ ਉਸ ਦੇ ਵੀ ਮਨ ਲੱਗ ਗਈ। ਉਸ ਨੇ ਗੁਰੂ ਸਾਹਿਬ ਨੂੰ ਰਿਹਾਅ ਕਰਨ ਦਾ ਹੁਕਮ ਦੇ ਦਿੱਤਾ।

    ਜਦੋਂ ਇਸ ਹੁਕਮ ਦਾ ਪਤਾ ਬੇਕਸੂਰ ਸਿਆਸੀ ਕੈਦੀ ਰਾਜਿਆ ਨੂੰ ਲੱਗਾ ਤਾਂ ਉਨ੍ਹਾਂ ਨੇ ਵੀ ਗੁਰੂ ਸਾਹਿਬ ਦੇ ਸਨਮੁੱਖ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ! ਸਾਨੂੰ ਵੀ ਇਸ ਨਰਕੀ ਜੀਵਨ ਤੋਂ ਛੁਟਕਾਰਾ ਦਿਵਾ ਦਿਉ। ਗੁਰੂ ਜੀ ਨੇ ਜਹਾਂਗੀਰ ਨੂੰ ਸੁਨੇਹਾ ਭੇਜਿਆ ਕਿ ਉਹ ਤਦ ਹੀ ਕਿਲ੍ਹੇ ਵਿਚੋਂ ਬਾਹਰ ਜਾਣਗੇ ਜੇ ਇਨ੍ਹਾਂ ਨਿਰਦੋਸ਼ ਰਾਜਿਆਂ ਨੂੰ ਰਿਹਾਅ ਕੀਤਾ ਜਾਵੇਗਾ। ਜਹਾਂਗੀਰ ਬਾਦਸ਼ਾਹ ਨੇ ਗੁਰੂ ਸਾਹਿਬ ਦੀ ਗੱਲ ਮੰਨਦੇ ਹੋਏ ਇਨ੍ਹਾਂ ਚਿਰਾਂ ਤੋਂ ਬੰਦ ਕੀਤੇ ਹੋਏ ਸਿਆਸੀ ਰਾਜਿਆਂ ਨੂੰ ਰਿਹਾਅ ਕਰਨ ਦੇ ਹੁਕਮ ਦੇ ਦਿੱਤੇ।ਜਿਨ੍ਹਾਂ ਦੀ ਗਿਣਤੀ 52 ਦੱਸੀ ਜਾਂਦੀ ਹੈ। ਇਸੇ ਕਰਕੇ ਆਪ ਜੀ ਨੂੰ ਬੰਦੀ ਛੋੜ ਦਾਤਾ ਵੀ ਕਿਹਾ ਜਾਂਦਾ ਹੈ।

    ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸਾਂਝੀਵਾਲਤਾ ਦੇ ਸਿਧਾਂਤ ਦੇ ਪਹਿਰੇਦਾਰ ਵੀ ਸਨ। ਇਸ ਪਹਿਰੇਦਾਰੀ ਦੀ ਗਵਾਹੀ ਲਾਹੌਰ ਦੇ ਰਹਿਣ ਵਾਲੇ ਸ਼ਾਹੀ ਕਾਜੀ ਦੀ ਬੇਟੀ ਬੀਬੀ ਕੌਲਾਂ ਦੇ ਆਪ ਜੀ ਪ੍ਰਤੀ ਪ੍ਰਗਟਾਏ ਪਿਆਰ ਤੇ ਸਤਿਕਾਰ ਤੋਂ ਭਲੀ-ਭਾਂਤ ਮਿਲ ਜਾਂਦੀ ਹੈ। ਗੁਰੂ ਘਰ ਪ੍ਰਤੀ ਬੀਬੀ ਕੌਲਾਂ ਦਾ ਅਥਾਹ ਪਿਆਰ ਉਸ ਦੇ ਪਿਉ ਤੋਂ ਸਹਾਰਿਆ ਨਾ ਗਿਆ ਤੇ ਉਸ ਨੇ ਆਪਣੀ ਲਾਡਲੀ ਦੇ ਖਿਲਾਫ਼ ਮੌਤ ਦਾ ਫ਼ਤਵਾ ਜਾਰੀ ਕਰ ਦਿੱਤਾ। ਇਸ ਫ਼ਤਵੇ ਦੇ ਅਮਲ ਵਿਚ ਆਉਣ ਤੋਂ ਪਹਿਲਾਂ ਹੀ ਪੰਚਮ ਪਤਾਸ਼ਾਹ ਦੇ ਪਰਮ-ਮਿੱਤਰ ਅਤੇ ਗੁਰੂ ਨਾਨਕ ਦੀ ਸੋਚ ਪ੍ਰਤੀ ਆਸਥਾ ਰੱਖਣ ਵਾਲੇ ਸਾਈਂ ਮੀਆਂ ਮੀਰ ਜੀ ਨੇ ਆਪਣੇ ਖਾਸ ਮੁਰੀਦਾਂ ਦੀ ਮੱਦਦ ਨਾਲ ਬੀਬੀ ਕੌਲਾਂ ਨੂੰ ਅੰਮਿ੍ਰਤਸਰ ਗੁਰੂ ਸਾਹਿਬ ਦੀ ਸ਼ਰਨ ਵਿੱਚ ਭੇਜ ਦਿੱਤਾ।

    ਬੀਬੀ ਦੀ ਲਾਜ ਰੱਖਣ ਲਈ ਗੁਰੂ ਸਾਹਿਬ ਨੇ ਉਸ ਦੀ ਰਿਹਾਇਸ਼ ਦਾ ਵੱਖਰਾ ਬੰਦੋਬਸਤ ਕਰ ਦਿੱਤਾ। 1627 ਈ. ਵਿਚ ਜਹਾਂਗੀਰ ਫੌਤ ਹੋ ਗਿਆ। ਉਸ ਤੋਂ ਬਾਅਦ ਉਸ ਦਾ ਪੁੱਤਰ ਸ਼ਾਹਜਹਾਨ ਰਾਜਗੱਦੀ ਦਾ ਵਾਰਸ ਬਣ ਗਿਆ। ਕੱਟੜਪੰਥੀ ਮੁਸਲਮਾਨਾਂ ਨੂੰ ਖੁਸ਼ ਕਰਨ ਲਈ ਉਸ ਨੇ ਗੈਰ-ਮੁਸਲਿਮ ਭਾਈਚਾਰੇ ’ਤੇ ਜ਼ਿਆਦਤੀਆਂ ਦਾ ਸਿਲਸਿਲਾ ਆਰੰਭ ਕਰ ਦਿੱਤਾ। ਇਸ ਸਿਲਸਿਲੇ ਨੂੰ ਠੱਲ੍ਹ ਪਾਉਣ ਲਈ ਛੇਵੇਂ ਗੁਰੂ ਸਾਹਿਬ ਨੂੰ ਸਮੇਂ-ਸਮੇਂ ਕਈ ਲੜਾਈਆਂ ਵੀ ਕਰਨੀਆਂ ਪਈਆਂ। ਇਸ ਲੜੀ ਵਜੋਂ ਉਨ੍ਹਾਂ ਨੂੰ ਰੁਹਲੇ (ਸ੍ਰੀ ਹਰਗੋਬਿੰਦਪੁਰ ਸਾਹਿਬ) ਵਿਖੇ ਪਹਿਲੀ ਲੜਾਈ ਲੜਨੀ ਪਈ।

    ਗੁਰੂ ਸਾਹਿਬ ਦੀ ਦੂਜੀ ਜੰਗ ਲੋਹਗੜ ਤੋਂ ਲੈ ਕੇ ਅਜੋਕੇ ਖਾਲਸਾ ਕਾਲਜ ਤੱਕ ਹੋਈ। ਇਸ ਲੜਾਈ ਵਿਚ ਗੁਰੂ ਕੀ ਫੌਜ ਨੇ ਵੈਰੀ ਨੂੰ ਕਰਾਰੀ ਹਾਰ ਦਿੱਤੀ। ਇਹ ਸਮਾਂ ਅੱਧ ਅਪਰੈਲ 1634 ਈ. ਦਾ ਹੈ। ਤੀਜੀ ਲੜਾਈ ਮਹਿਰਾਜ ਦੇ ਨਜਦੀਕ ਇੱਕ ਢਾਬ ਉੱਤੇ ਮੋਰਚੇ ਕਾਇਮ ਕਰਕੇ ਲੜੀ ਗਈ। ਜਿਸ ਦਾ ਕਾਰਨ ਭਾਈ ਬਿਧੀ ਚੰਦ ਜੀ ਦੁਆਰਾ ਉਨ੍ਹਾਂ ਦੋ ਘੋੜਿਆਂ ਨੂੰ ਲਾਹੌਰ ਦੇ ਕਿਲ੍ਹੇ ਵਿਚੋਂ ਕੱਢ ਕੇ ਗੁਰੂ ਦਰਬਾਰ ਵਿਚ ਅਪੜਾਉਣਾ ਸੀ ਜਿਨ੍ਹਾਂ ਨੂੰ ਕਾਬਲ ਤੋਂ ਆ ਰਹੇ ਸਿੱਖਾਂ ਕੋਲੋਂ ਲਾਹੌਰ ਦੇ ਹਾਕਮ ਨੇ ਖੋਹ ਲਿਆ ਸੀ। ਇਹ ਸਮਾਂ ਅੱਧ ਦੰਸਬਰ 1634 ਈ. ਦਾ ਹੈ।

    ਗੁਰੂ ਸਾਹਿਬ ਦੀ ਚੌਥੀ ਜੰਗ ਕਰਤਾਰਪੁਰ ਸਾਹਿਬ ਦੀ ਹੈ ਜੋ ਸਿੱਖ ਇਤਿਹਾਸ ਵਿਚ ਇੱਕ ਅਹਿਮ ਸਥਾਨ ਰੱਖਦੀ ਹੈ। ਇਸ ਜੰਗ ਦਾ ਸਬੱਬ ਸਿੱਖ ਫੌਜ ਦੇ ਇੱਕ ਸਾਬਕਾ ਜਰਨੈਲ ਪੈਂਦੇ ਖਾਨ ਦੀ ਗੁਰੂ ਘਰ ਨਾਲ ਗੱਦਾਰੀ ਤੇ ਫੌਜਦਾਰ ਕਾਲੇ ਖਾਂ ਦੀ ਬਦਲੇ ਦੀ ਭਾਵਨਾ ਸੀ। ਸੋ ਇਨ੍ਹਾਂ ਦੁਸ਼ਟਾਂ ਨੇ ਮਿਲਵੇਂ ਰੂਪ ਵਿਚ ਗੁਰੂ ਸਾਹਿਬ ’ਤੇ ਹਮਲਾ ਕਰ ਦਿੱਤਾ। ਇਹ ਜੰਗ ਅਪਰੈਲ ਮਹੀਨੇ ਦੇ ਆਖਰੀ ਹਫ਼ਤੇ 1635 ਈ. ਨੂੰ ਲਗਾਤਾਰ ਤਿੰਨ ਦਿਨ ਹੰੁਦੀ ਰਹੀ।

    ਗੁਰੂ ਸਾਹਿਬ ਦੀ ਪੰਜਵੀਂ ਲੜਾਈ ਪਲਾਹੀ ਸਾਹਿਬ (ਫਗਵਾੜਾ) ਵਿਖੇ ਹੋਈ 29 ਅਪਰੈਲ 1635 ਈ: ਨੂੰ ਸ਼ਾਹੀ ਫੌਜਾਂ ਨੇ ਗੁਰੂ ਕੀਆਂ ਫੌਜਾਂ ’ਤੇ ਅਚਾਨਕ ਹਮਲਾ ਕਰ ਦਿੱਤਾ। ਹਮਲਾ ਭਾਵੇਂ ਕਹਿਰੀ ਸੀ ਪਰ ਫੌਜਾਂ ਨੇ ਇਸ ਦਾ ਮੂੰਹ ਤੋੜਵਾਂ ਜਵਾਬ ਦਿੱਤਾ।ਗੁਰੂ ਹਰਗੋਬਿੰਦ ਸਾਹਿਬ ਨੇ ਆਪਣੀ ਪੂਰੀ ਹਯਾਤੀ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਹਿੱਤ ਲਾ ਦਿੱਤੀ। ਆਪਣੀ ਸੰਸਾਰਿਕ ਯਾਤਰਾ ਦੀ ਸੰਪੂਰਤਾ ਨੂੰ ਨੇੜੇ ਜਾਣ ਕੇ ਛੇਵੇਂ ਪਾਤਸ਼ਾਹ ਨੇ ਗੁਰਗੱਦੀ ਦੀ ਜਿੰਮੇਵਾਰੀ ਆਪਣੇ ਪੋਤਰੇ ਸ੍ਰੀ ਹਰਿ ਰਾਏ ਸਾਹਿਬ ਨੂੰ ਸੌਂਪ ਦਿੱਤੀ। ਗੁਰਗੱਦੀ ਦੀ ਸੌਂਪਣਾ ਕਰਨ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਮਾਰਚ ਮਹੀਨੇ ਦੇ ਪਹਿਲੇ ਹਫ਼ਤੇ ਸੰਨ 1644 ਈ: ਨੂੰ ਜੋਤੀ ਜੋਤ ਸਮਾ ਗਏ।¿; ¿;
    ਰਿਸ਼ੀ ਨਗਰ ਐਕਸਟੈਨਸ਼ਨ (ਲੁਧਿਆਣਾ)
    ਮੋ. 94631-32719

    ਰਮੇਸ਼ ਬੱਗਾ ਚੋਹਲਾ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here