ਚਪੜਾਸੀ ਦੀ ਨੌਕਰੀ ਲਈ ਪੁੱਜੇ ਗ੍ਰੈਜੂਏਟ ਤੇ ਪੋਸਟ ਗ੍ਰੈਜੂਏਟ ਨੌਜਵਾਨ

ਨੌਜਵਾਨਾਂ ਨੇ ਕਿਹਾ, ਬੱਸ ਰੁਜ਼ਾਗਰ ਮਿਲ ਜਾਵੇ, ਭਾਵੇਂ ਚਪੜਾਸੀ ਦਾ ਹੀ ਹੋਵੇ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪੰਜਾਬ ’ਚ ਵੱਧ ਰਹੀ ਬੇਰੁਜ਼ਗਾਰੀ ਨੇ ਪੰਜਾਬ ਦੀ ਨੌਜਵਾਨ ਪੀੜੀ ਨੂੰ ਇਸ ਮੋੜ ’ਤੇ ਲਿਆ ਦਿੱਤਾ ਹੈ ਕਿ ਚਪੜਾਸੀ ਦੀ ਪੋਸਟ ਲਈ ਹਜ਼ਾਰਾਂ ਗ੍ਰੈਜੂਏਟ ਤੇ ਪੋਸਟ ਗ੍ਰੈਜੂਏਟ ਨੌਜਵਾਨਾਂ ਨੂੰ ਲਾਇਨਾਂ ’ਚ ਲੱਗਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਚਪੜਾਸੀ ਦੀਆਂ ਸਿਰਫ਼ 11 ਪੋਸਟਾਂ ਲਈ ਹਜ਼ਾਰਾਂ ਨੌਵਜਾਨਾਂ ਵੱਲੋਂ ਅਪਲਾਈ ਕੀਤਾ ਗਿਆ ਹੈ। ਉਂਜ ਇਸ ਪੋਸਟ ਲਈ ਯੋਗਤਾ ਸਿਰਫ਼ ਅੱਠਵੀਂ ਹੀ ਹੈ।

ਜਾਣਕਾਰੀ ਅਨੁਸਾਰ ਪਟਿਆਲਾ ਕਚਿਹਰੀਆਂ ਅੰਦਰ 11 ਚਪੜਾਸੀ ਦੀਆਂ ਪੋਸਟਾਂ ਦੀ ਮੰਗ ਕੀਤੀ ਗਈ ਹੈ। ਇਨ੍ਹਾਂ 11 ਅਸਾਮੀਆਂ ਲਈ 12 ਹਜਾਰ ਦੇ ਕਰੀਬ ਨੌਜਵਾਨਾਂ ਵੱਲੋਂ ਚਪੜਾਸੀ ਲੱਗਣ ਲਈ ਅਪਲਾਈ ਕੀਤਾ ਗਿਆ ਹੈ। ਅੱਜ ਜਦੋਂ ਪਟਿਆਲਾ ਕੋਰਟ ਕੰਪਲੈਕਸ ਵਿੱਚ ਜਾਕੇ ਦੇਖਿਆ ਗਿਆ ਤਾਂ ਇੱਥੇ ਨੌਜਵਾਨਾਂ ਦੀ ਭਾਰੀ ਭੀੜ ਜੁਟੀ ਹੋਈ ਸੀ।

ਇੱਥੇ ਤਿੰਨ ਦਿਨ ਇੰਟਰਵਿਊ ਦਾ ਦਿਨ ਰੱਖਿਆ ਹੋਇਆ ਸੀ ਅਤੇ ਅੱਜ ਦੂਜਾ ਦਿਨ ਸੀ। ਇਨ੍ਹਾਂ 11 ਚਪੜਾਸੀ ਦੀਆਂ ਪੋਸਟਾਂ ਲਈ ਪੰਜਾਬ ਭਰ ’ਚੋਂ ਹਜਾਰਾਂ ਨੌਜਵਾਨ ਪੁੱਜੇ ਹੋਏ ਸਨ। ਉਕਤ ਨੌਜਵਾਨਾਂ ਲਈ ਪ੍ਰਬੰਧ ਵੀ ਕੋਈ ਨਹੀਂ ਸੀ ਅਤੇ ਇਹ ਜ਼ਮੀਨ ’ਤੇ ਹੀ ਬੈਠੇ ਸਨ। ਇਸ ਪੱਤਰਕਾਰ ਨਾਲ ਗੱਲ ਕਰਦਿਆਂ ਮੋਰਿਡਾ ਤੋਂ ਪੁੱਜੇ ਕਰਮਜੀਤ ਸਿੰਘ ਅਤੇ ਗੁਰਜੰਟ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਗੈ੍ਰਜੂਏਸ਼ਨ ਕੀਤੀ ਹੋਈ ਹੈ, ਪਰ ਉਹ ਚਪੜਾਸੀ ਦੀ ਪੋਸਟ ਲਈ ਇੱਥੇ ਪੁੱਜਿਆ ਹੈ।

ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਗ੍ਰੈਜੂਏਸ਼ਨ ਕੀਤੀ ਹੋਣ ਤੋਂ ਬਾਅਦ ਵੀ ਚਪੜਾਸੀ ਲੱਗਣ ਲਈ ਆਏ ਹੋ ਤਾਂ ਉਨ੍ਹਾਂ ਕਿਹਾ ਕਿ ਇਹ ਸਾਡਾ ਦੁਖਾਂਤ ਹੈ। ਸਾਡੀਆਂ ਡਿਗਰੀਆਂ ਦਾ ਨਾ ਕੋਈ ਮੁੱਲ ਪਿਆ ਹੈ ਅਤੇ ਨਾ ਹੀ ਪੜ੍ਹਾਈ ਦਾ। ਉਨ੍ਹਾਂ ਦੁਖੀ ਮਨ ਨਾਲ ਦੱਸਿਆ ਕਿ ਜਦੋਂ ਹੋਰਨਾਂ ਥਾਵਾਂ ’ਤੇ ਕੋਈ ਰੁਜ਼ਗਾਰ ਨਾ ਮਿਲਿਆ ਤਾਂ ਚਪੜਾਸੀ ਦਾ ਕੰਮ ਕੋਈ ਮਾੜਾ ਨਹੀਂ, ਉਪਰੋਂ ਹੈ ਵੀ ਸਰਕਾਰੀ। ਇਸੇ ਤਰ੍ਹਾਂ ਹੀ ਐਮ.ਏ ਦੀ ਪੜ੍ਹਾਈ ਕਰ ਰਹੇ ਦੇਵੀਗੜ੍ਹ ਵਾਸੀ ਗੁਰਜੀਤ ਸਿੰਘ ਅਤੇ ਸੰਦੀਪ ਕੁਮਾਰ ਨੇ ਕਿਹਾ ਕਿ ਜੇ ਕਿਸਮਤ ਉਨ੍ਹਾਂ ਦਾ ਨੰਬਰ ਲਿਆ ਦੇਵੇ ਤਾਂ ਚਪੜਾਸੀ ਲੱਗਣ ਦਾ ਕੋਈ ਗਮ ਨਹੀਂ ਉਨ੍ਹਾਂ ਕਿਹਾ ਕਿ ਉਂਜ ਵੀ ਉੁਹ ਨੌਕਰੀ ਦੀ ਤਲਾਸ ਵਿੱਚ ਭਟਕ ਰਹੇ ਹਨ। ਜਦੋਂ ਉਨ੍ਹਾਂ ਤੋਂ ਘਰ-ਘਰ ਨੌਕਰੀ ਬਾਰੇ ਪੁੱਛਿਆ ਤਾਂ ਉਨ੍ਹਾਂ ਭੜਕਦਿਆਂ ਕਿਹਾ ਕਿ ਇਹ ਸਭ ਵੋਟ ਵਟੋਰੂ ਸਟੰਟ ਹਨ।

ਉਨ੍ਹਾਂ ਕਿਹਾ ਕਿ ਜੇਕਰ ਸਰਕਾਰੀ ਨੌਕਰੀ ਦੀ ਗੱਲ ਕੀਤੀ ਜਾਵੇ ਤਾਂ ਸਾਰੇ ਵਿਭਾਗਾਂ ਵਿੱਚ ਹੁਣ ਤੱਕ ਦਸ ਹਜਾਰ ਵੀ ਭਰਤੀ ਨਹੀਂ ਹੋਈ। ਹਾਂ ਇਸ ਸਰਕਾਰ ਨੇ ਰੁਜ਼ਗਾਰ ਕੈਂਪ ਲਗਾ ਕੇ ਨਿਗੂਣੀਆਂ ਤਨਖਾਹਾਂ ਦਿਵਾ ਕੇ ਨਿੱਜੀ ਕੰਪਨੀਆਂ ਦੇ ਹਵਾਲੇ ਨੌਜਵਾਨਾਂ ਨੂੰ ਜ਼ਰੂਰ ਕੀਤਾ ਹੈ। ਇਸ ਮੌਕੇ ਜ਼ਿਲ੍ਹਾ ਪਟਿਆਲਾ, ਸੰਗਰੂਰ, ਫਤਿਹਗੜ੍ਹ ਸਾਹਿਬ, ਮੁਹਾਲੀ, ਲੁਧਿਆਣਾ ਆਦਿ ਜ਼ਿਲ੍ਹਿਆਂ ’ਚੋਂ ਪੁੱਜੇ ਨੌਵਜਾਨਾਂ ਨੇ ਦੱਸਿਆ ਕਿ ਚਪੜਾਸੀ ਦੀਆਂ ਪੋਸਟਾਂ ਲਈ ਯੋਗਤਾ ਅੱਠਵੀਂ ਰੱਖੀ ਗਈ ਹੈ। ਪਰ ਉਹ ਕਾਫੀ ਪੜ੍ਹੇ ਲਿਖੇ ਹੋਣ ਤੇ ਬਾਵਜੂਦ ਉਨ੍ਹਾਂ ਨੂੰ ਅੱਠਵੀਂ ਵਾਲੀ ਨੌਕਰੀ ਹਾਸਲ ਕਰਨ ਹੀ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਵੱਲੋਂ ਸਾਡੇ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ, ਪਰ ਸਾਡੇ ਆਗੂਆਂ ਵੱਲੋਂ ਦੇਸ਼ ਨੂੰ ਮੁੜ ਉਸੇ ਕੰਗਾਰ ’ਤੇ ਲਿਆ ਖੜ੍ਹਾ ਕਰ ਦਿੱਤਾ।

ਬੱਚਿਆਂ ਨੂੰ ਰੁਲਦੇ ਦੇਖ ਮਨ ਦੁੱਖਦੈ

ਇਸੇ ਦੌਰਾਨ ਹੀ ਕਚਹਿਰੀਆਂ ਅੰਦਰ ਜਦੋਂ ਆਪਣੇ ਕੇਸਾਂ ਦੀ ਸੁਣਵਾਈ ਸਬੰਧੀ ਪੁੱਜੇ ਆਮ ਲੋਕ ਨੌਵਜਾਨਾਂ ਦੇ ਭਾਰੀ ਇਕੱਠ ਨੂੰ ਦੇਖ ਕੇ ਹੈਰਾਨ ਰਹਿ ਗਏ। ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਇਹ ਚਪੜਾਸੀ ਦੀਆਂ ਨੌਕਰੀਆਂ ਲਈ ਪੁੱਜੇ ਹਨ ਤਾਂ ਉਨ੍ਹਾਂ ਨੂੰ ਆਪਣੇ ਬੱਚਿਆਂ ਦਾ ਦਰਦ ਚੇਤੇ ਆ ਗਿਆ। ਆਪਣੇ ਕੇਸ ਦੀ ਸੁਣਵਾਈ ਲਈ ਪੁੱਜੇ ਬਜ਼ੁਰਗ ਗੁਰਦਰਸ਼ਨ ਸਿੰਘ ਦਾ ਕਹਿਣਾ ਸੀ ਕਿ ਸਾਡੇ ਬੱਚਿਆਂ ਨੂੰ ਇੰਜ ਰੁਲਦੇ ਦੇਖ ਕੇ ਮਨ ਉਦਾਸ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਆਪਣੇ ਬੱਚੇ ਦੇ ਉਜਵਲ ਭਵਿੱਖ ਲਈ ਪੜ੍ਹਾਈਆਂ ’ਤੇ ਲੱਖਾਂ ਰੁਪਏ ਖਰਚ ਕਰਦੇ ਹਨ, ਪਰ ਜਦੋਂ ਨੌਕਰੀਆਂ ਦੀ ਵਾਰੀ ਆਉਂਦੀ ਹੈ ਤਾਂ ਅੱਜ ਦਾ ਇਹ ਮੰਜਰ ਸਾਡੇ ਸਾਹਮਣੇ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.