ਲੋਕਾਂ ਦੇ ਮਸਲਿਆਂ ਵੱਲ ਧਿਆਨ ਦੇਣ ਸਰਕਾਰਾਂ

ਦੇਸ਼ ਦੇ ਕਈ ਹਿੱਸਿਆਂ ‘ਚ ਪੀਣ ਵਾਲੇ ਪਾਣੀ ਦੀ ਕਮੀ ਕਾਰਨ ਮੱਚੀ ਹਾਹਾਕਾਰ ਦੀਆਂ ਖਬਰਾਂ ਮਿਲ ਰਹੀਆਂ ਹਨ । ਕਈ ਖੇਤਰਾਂ ‘ਚ ਭੁੱਖ ਨਾਲ ਵੀ ਮੌਤਾਂ ਹੋ ਰਹੀਆਂ ਹਨ। ਮੱਧ ਪ੍ਰਦੇਸ਼ ਦੇ ਬੁਦੇਲਖੰਡ ‘ਚ ਲੋਕ ਗਰੀਬੀ ਕਾਰਨ ਘਾਹ ਦੀ ਰੋਟੀ ਖਾਣ ਲਈ ਮਜ਼ਬੂਰ ਹਨ । ਪਸ਼ੂਆਂ ਨੂੰ ਚਾਰੇ ਦੀ ਤੰਗੀ ਕਾਰਨ ਵੇਚ ਦਿੱਤਾ ਗਿਆ। ਲੱਗਭਗ ਇੱਕ ਸਾਲ ਤੋਂ ਦੁੱਧ ਨਸੀਬ ਨਹੀਂਂ ਹੋਇਆ। ਕਈ ਮਹੀਨਿਆਂ ਤੋਂ ਦਾਲ ਸਬਜ਼ੀ ਵੀ ਨਹੀਂ ਬਣੀ ਬੱਚੇ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਹਨ।
ਇੱਕ ਪਰਿਵਾਰ ਦੀ ਦਿਲ ਦਹਿਲਾਉਣ ਵਾਲੀ ਕਹਾਣੀ ਪੂਰੇ ਦੇਸ਼ ਨੇ ਦੇਖੀ।ਨੱਥੂ ਪ੍ਰਸਾਦ ਨਾਂਅ ਦਾ ਵਿਅਕਤੀ ਪੰਜ ਦਿਨਾਂ ਤੋਂ ਸਰਕਾਰੀ ਰਾਸ਼ਨ ਦੀ ਉਡੀਕ ਕਰਦਾ-ਕਰਦਾ ਭੁੱਖ ਦਾ ਦੁੱਖ ਸਹਾਰਦਾ ਰਿਹਾ ਤੇ ਅੰਤ ਮੌਤ ਨੇ ਉਸਨੂੰ ਜਿਉਂਦਾ ਨਹੀਂ ਛੱਡਿਆ। ਇੱਕ ਹੋਰ ਵਿਅਕਤੀ ਵੀ ਭੁੱਖ ਨਾਲ ਮਰ ਗਿਆ ਤੇ ਉਸਦੀ ਜੇਬ ‘ਚੋਂ ਸੁੱਕੀ ਰੋਟੀ ਨਿੱਕਲੀ ਅਜਿਹੇ ਸਿਆਸੀ ਆਗੂਆਂ ਨੂੰ ਸੋਚਣਾ ਚਾਹੀਦਾ ਹੈ ਜੋ ਟੀ.ਵੀ ‘ਤੇ ਸ਼ਰੇਆਮ ਕਹਿ ਰਹੇ ਹਨ ਦੇਸ਼ ਤਰੱਕੀ ਦੇ ਰਾਹ ‘ਤੇ ਹੈ
ਪੰਜਾਬ ਵਿੱਚ ਵੀ ਰੋਜ਼ਾਨਾ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਦੀਆਂ ਦਿਲ ਵਲੂੰਧਰਨ ਵਾਲੀਆਂ ਖ਼ਬਰਾਂ ਮਿਲਦੀਆਂ ਹਨ  ਤੇ ਬਾਅਦ ਇਨ੍ਹਾਂ ਦੇ ਪਰਿਵਾਰਾਂ ਨੂੰ ਮੁਆਵਜ਼ੇ ਲਈ ਵੀ ਦਰ-ਦਰ ਦੀਆ ਠੋਕ੍ਹਰਾਂ ਖਾਣੀਆਂ ਪੈਂਦੀਆਂ ਹਨ ।
ਜਿਸ ਸੂਬੇ ਦੀ ਸਰਕਾਰ ਆਪਣੇ ਵਿਕਾਸ ਕਾਰਜ਼ਾਂ ਦੀਆਂ ਫ਼ਿਲਮਾਂ ਜਨਤਾ ਨੂੰ ਦਿਖਾਉਣ ਲਈ ਹਜ਼ਾਰਾਂ ਕਰੋੜ ਰੁਪੱਏੇ  ਖਰਚ ਰਹੀ ਹੈ ਉਸ ਸੂਬੇ ਦੇ ਲੋਕ ਕਰਜ਼ੇ ਥੱਲੇ ਦੱਬ ਕੇ ਮੌਤ ਦੇ ਮੂੰਹ ‘ਚ ਜਾ ਰਹੇ ਹਨ ਤੇ ਅੰਤਾਂ ਦੀ ਗਰੀਬੀ ਕਾਰਨ ਭੁੱਖਮਰੀ ਦਾ ਡੂੰਘਾ ਸੰਕਟ ਹੋਵੇ ਇਹ ਉਸ ਸੂਬੇ ਲਈ ਬੜੀ ਮੰਦਭਾਗੀ ਗੱਲ ਹੈ ਸਰਕਾਰਾਂ ਲੋਕਾਂ ਦੇ ਹਿੱਤਾਂ ਲਈ ਬਣਦੀਆਂ ਹਨ ਨਾ ਕਿ ਲੋਕ ਸਰਕਾਰ ਲਈ ਪੈਦਾ ਹੁੰਦੇ ਹਨ
ਸਰਕਾਰੀ ਅੰਕੜਿਆਂ ਮੁਤਾਬਕ ਸਾਡੇ ਦੇਸ਼ ਦੀ ਅਰਥ ਵਿਵਸਥਾ ਬਹੁਤ ਮਜ਼ਬੂਤ ਹੋ ਗਈ ਹੈ। ਦੁਨੀਆਂ ਸਾਡੀ ਆਰਥਿਕ ਸ਼ਕਤੀ ਨੂੰ ਮੰਨਣ ਲੱਗੀ ਹੈ, ਪਰ ਰਸੋਈ ‘ਚ ਵਰਤੀਆਂ ਜਾਂਦੀਆਂ ਵਸਤੂਆਂ ਦੇ ਮੁੱਲ Àੁੱਚੇ ਦਿਖਾਈ ਦਿੰਦੇ ਹਨ। ਮਹਿੰਗਾਈ ਲਗਾਤਾਰ ਵਧਦੀ ਜਾ ਰਹੀ ਹੈ, ਮਜ਼ਬੂਰ ਆਦਮੀ ਦੁਖੀ ਹੋ ਕੇ ਸਿਮਟਦਾ ਜਾ ਰਿਹਾ ਹੈ। ਸਰਕਾਰਾਂ ਜਾਂ ਸਿਆਸਤਦਾਨਾਂ ਨੂੰ ਕਦੇ ਵੀ ਲੋਕਾਂ ਦੇ ਦਿਨੋ ਦਿਨ ਹੋ ਰਹੇ ਬਦ ਤੋ ਬਦਤਰ ਜੀਵਨ ਦਾ ਕਦੇ ਵੀ ਖਿਆਲ ਨਹੀਂ ਆਇਆ।
ਸਿੱਖਿਆ ਬਹੁਤ ਮਹਿੰਗੀ ਹੋ ਗਈ ਹੈ, ਰੋਟੀ ਅਤਿ ਮਹਿੰਗੀ ਹੈ। ਬਿਮਾਰ ਹੋ ਜਾਓ ਤਾਂ ਇਲਾਜ ਬਹੁਤ ਦੂਰ ਦੀ ਗੱਲ ਹੈ, ਕਿਰਾਏ ਦੇ ਮਕਾਨ, ਮਹਿੰਗੀ ਬਿਜਲੀ ਪਾਣੀ ਦੀ ਕਮੀ, ਇਨ੍ਹਾਂ ਮਸਲਿਆਂ ਦਰਮਿਆਨ ਜੂਝਦਾ ਹੋਇਆ ਵਿਅਕਤੀ ਕਿਵੇਂ ਜਿਉਂ ਰਿਹਾ  ਹੈ। ਇਸ ਦੀ ਕਲਪਨਾ ਵੀ ਨਹੀਂ ਕਰਨਾ ਚਾਹੁੰਦੇ ਸਾਡੇ ਸਿਆਸਤਦਾਨ । ਜਨਤਾ ਦੇ ਨੁਮਾਇੰਦੇ ਲੱਖਾਂ ਰੁਪਏ ਮਹੀਨਾ ਸਿਰਫ਼ ਵਿਧਾਨ ਸਭਾ ਜਾਂ ਸੰਸਦ ‘ਚ ਜਾਣ ਲਈ ਹੀ ਲੈ ਰਹੇ ਹਨ । ਦੁੱਖ ਦੀ ਗੱਲ ਹੈ ਕਿ ਦੇਸ਼ ਦੀ ਸਹੀ ਤਸਵੀਰ ਵੀ ਸੰਸਦ ਦੀ ਚਰਚਾ ਦਾ ਵਿਸ਼ਾ ਨਹੀਂ ਬਣਦੀ।
ਭ੍ਰਿਸ਼ਟਾਚਾਰ ਇਸ ਹੱਦ ਤੱਕ ਹਾਵੀ ਹੋ ਚੁੱਕਾ ਹੈ ਕਿ ਜੇਕਰ ਕੋਈ 100-200 ਕਰੋੜ ਛਕ ਜਾਵੇ ਤਾਂ ਭਾਫ ਨਹੀਂ ਨਿੱਕਲਦੀ। ਅਨੇਕਾਂ ਸਿਆਸਤਦਾਨ  ਘਪਲਿਆਂ ਦੇ ਦੋਸ਼ਾਂ ਦਾ  ਸਾਹਮਣਾ ਕਰ ਰਹੇ ਹਨ। ਬਹੁਤ ਸਾਰੇ ਅਜਿਹੇ ਹਨ ਜਿਨ੍ਹਾਂ ਕੋਲ ਰਾਜਨੀਤੀ ‘ਚ ਆਉਣ ਤੋਂ ਪਹਿਲਾਂ ਮਮੂਲੀ ਜਾਇਦਾਦ ਸੀ ਪਰ ਅੱਜ ਕਰੋੜਾਂ ਰੁਪਏ ਦੀ ਬੇਹਿਸਾਬ ਜਾਇਦਾਦ ਹੈ।
ਦੇਸ਼ ਦੇ ਸਿਆਸਤਦਾਨਾਂ ਦੇ ਖ਼ਰਬਾਂ ਦੇ ਘਪਲੇ,  ਕਰੋੜਾਂ ਦੇ ਕਾਰੋਬਾਰ, ਹੈਲੀਕਪਟਰ ਖ਼ਰੀਦਣੇ ਆਸਾਨ ਹੋਣ ਤੇ ਮੁਲਾਜ਼ਮਾਂ ਦੀਆਂ ਤਨਖ਼ਹਾਂ ਦੇਣ ਲਈ ਪੈਸੇ ਨਾ ਹੋਣ , ਕਿਸਾਨ ਖੁਦਕੁਸ਼ੀਆਂ ਕਰਦੇ ਫਿਰਨ, ਜਿੱਥੇ ਚਾਰੇ ਪਾਸੇ ਵੱਡੀਆਂ ਕੰਪਨੀਆਂ ਹੋਣ, ਉਸ ਦੇਸ਼ ਦੇ ਕੁਝ ਲੋਕ ਭੁੱਖੇ ਨਾ ਮਰਨ ਤਾਂ ਹੋਰ ਕੀ ਹੋਵੇਗਾ। ਸਾਡੇ ਸਿਆਸਤਦਾਨ ਕਦੇ ਨਹੀਂ ਬਦਲ ਸਕਦੇ ਨਾ ਹੀ ਸਰਕਾਰਾਂ ਬਦਲ ਸਕਦੀਆਂ ਹਨ ਪਰ ਹੁਣ ਆਮ ਜਨਤਾ ਨੂੰ ਖੁਦ ਹੀ ਬਦਲਣਾ ਪਵੇਗਾ  ਵੋਟਾਂ ਦੀ ਰਾਜਨੀਤੀ ਕਰਨ ਵਾਲਿਆਂ ਤੋਂ ਬਚਣਾ ਪਵੇਗਾ ਖੁਦ ਦੇ ਭਲੇ ਲਈ। ਇਮਾਨਦਾਰ ਸਿਆਸਤਦਾਨ  ਦੇਸ਼ ਦਾ ਭਵਿੱਖ ਹੁੰਦੇ ਹਨ ਤੇ ਸਾਫ ਸੁਥਰੀ ਰਾਜਨੀਤੀ ਹੀ ਲੋਕ ਹਿੱਤ ਦੀ ਰਾਖੀ ਕਰ ਸਕਦੀ ਹੈ। ਇਹ ਕਦੋਂ ਹੋਵੇਗਾ ਇਹ ਤਾਂ ਸਿਰਫ ਸਮਾਂ ਹੀ ਦੱਸ ਸਕਦਾ ਹੈ ਕਿÀੁਂਕਿ ਅੱਜ ਸਿਆਸਤਦਾਨ ਤੇ ਸਿਆਸਤ ਦੋਵੇਂ ਸ਼ਬਦਾਂ ਤੇ ਲੋਕ ਮਾਰੂ ਨੀਤੀਆਂ ਦਾ ਕਾਲ਼ਾ ਧੱਬਾ ਲੱਗ ਚੁੱਕਾ ਹੈ।
ਨਵਜੋਤ ਬਜਾਜ ਗੱਗੂ
ਭਗਤਾ ਭਾਈ ਕਾ, (ਬਠਿੰਡਾ) ਮੋ- 98721-02614