35.5 ਕਰੋੜ ਰੁਪਏ ਦਾ ਆਵੇਗਾ ਖ਼ਰਚ, ਕੇਂਦਰ ਤੋਂ ਮੰਗੀ ਪੰਜਾਬ ਸਰਕਾਰ ਨੇ ਮੱਦਦ
ਪੰਜਾਬ ਦੇ 1015 ਸਰਕਾਰੀ ਸਕੂਲਾਂ ਵਿੱਚ ਲੱਗਣਗੇ ਸੋਲਰ ਪਲਾਂਟ, ਸਕੂਲ ਕਰਨਗੇ ਬਿਜਲੀ ਸਟੋਰ
ਅਸ਼ਵਨੀ ਚਾਵਲਾ, ਚੰਡੀਗੜ੍ਹ
ਪਿਛਲੇ ਕਾਫ਼ੀ ਸਮੇਂ ਤੋਂ ਬਿਜਲੀ ਸਬੰਧੀ ਤਰਸਦੇ ਨਜ਼ਰ ਆ ਰਹੇ ਪੰਜਾਬ ਦੇ ਸਰਕਾਰੀ ਸਕੂਲ ਜਲਦ ਹੀ ਖ਼ੁਦ ਦੀ ਬਿਜਲੀ ਪੈਦਾ ਕਰਦੇ ਨਜ਼ਰ ਆਉਣਗੇ। ਸਰਕਾਰੀ ਸਕੂਲ ਖ਼ੁਦ ਦੀ ਬਿਜਲੀ ਪੈਦਾ ਕਰਨ ਦੇ ਨਾਲ ਹੀ ਜਿਥੇ ਆਪਣੇ ਸਕੂਲਾਂ ਨੂੰ ਖੁੱਲ੍ਹੀ ਰੋਸ਼ਨੀ ਮਿਲੇਗੀ, ਉਥੇ ਹੀ ਹਰ ਮਹੀਨੇ ਆਉਣ ਵਾਲੇ ਮੋਟੇ-ਮੋਟੇ ਬਿਜਲੀ ਦੇ ਬਿੱਲਾਂ ਦੀ ਚਿੰਤਾ ਵੀ ਨਹੀਂ ਰਹੇਗੀ। ਸਿੱਖਿਆ ਵਿਭਾਗ ਜਲਦ ਹੀ ਪੰਜਾਬ ਦੇ 1015 ਸਕੂਲਾਂ ਵਿੱਚ ਸੋਲਰ ਪਲਾਂਟ ਲਗਾਉਣ ਜਾ ਰਿਹਾ ਹੈ, ਜਿਨ੍ਹਾਂ ਰਾਹੀਂ ਬਿਜਲੀ ਪੈਦਾ ਕਰਦੇ ਹੋਏ ਸਕੂਲਾਂ ਨੂੰ ਬਿਜਲੀ ਦੇ ਬਿੱਲਾਂ ਤੋਂ ਮੁਕਤ ਕੀਤਾ ਜਾਵੇਗਾ। ਇਸ ਸਾਰੇ ਪ੍ਰੋਜੈਕਟ ‘ਤੇ ਸਿੱਖਿਆ ਵਿਭਾਗ ਵੱਲੋਂ 35 ਕਰੋੜ 50 ਲੱਖ ਰੁਪਏ ਦਾ ਖ਼ਰਚਾ ਕੀਤਾ ਜਾਏਗਾ। ਹਾਲਾਂਕਿ ਇਸ ਸੋਲਰ ਪ੍ਰੋਜੈਕਟ ਲਈ ਕੇਂਦਰ ਸਰਕਾਰ ਤੋਂ ਵੀ ਪੰਜਾਬ ਸਰਕਾਰ ਨੇ ਮਦਦ ਕਰਨ ਦੀ ਗੁਹਾਰ ਲਗਾਈ ਹੈ ਤਾਂ ਕਿ ਸਕੂਲਾਂ ਵਿੱਚ ਵੀ ਸੋਲਰ ਪਲਾਂਟ ਲਗ ਜਾਣ ਅਤੇ ਪੰਜਾਬ ਸਰਕਾਰ ‘ਤੇ ਵੀ ਇਸ ਦਾ ਵਾਧੂ ਬੋਝ ਨਾ ਪਵੇ।
ਇਸੇ ਮੁੱਦੇ ਨੂੰ ਲੈ ਕੇ ਪੰਜਾਬ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਮੰਗਲਵਾਰ ਨੂੰ ਕੇਂਦਰੀ ਮਨੁੱਖੀ ਸਰੋਤ ਮੰਤਰੀ ਡਾ. ਰਮੇਸ਼ ਪੋਖਰਿਆਲ ਨਾਲ ਨਵੀਂ ਦਿੱਲੀ ਵਿਖੇ ਵੀ ਮੁਲਾਕਾਤ ਕਰਦੇ ਹੋਏ ਮੀਟਿੰਗ ਕੀਤੀ ਹੈ, ਜਿਥੇ ਕਿ ਸ੍ਰੀ ਸਿੰਗਲਾ ਨੇ ਕੇਂਦਰੀ ਮੰਤਰੀ ਨੂੰ ਦੱਸਿਆ ਕਿ ਸੂਬੇ ਲਈ ਬਿਜਲੀ ਇੱਕ ਗੰਭੀਰ ਮਸਲਾ ਹੈ, ਇਸ ਲਈ ਪੀ.ਏ.ਬੀ ਨੂੰ ਸੂਬੇ ਦੇ 1015 ਸਰਕਾਰੀ ਸੈਕੰਡਰੀ ਸਕੂਲਾਂ ਵਿੱਚ 3.5 ਲੱਖ ਰੁਪਏ ਪ੍ਰਤੀ ਸਕੂਲ ਦੇ ਹਿਸਾਬ ਨਾਲ ਕੁੱਲ 35.5 ਕਰੋੜ ਰੁਪਏ ਦੀ ਲਾਗਤ ਨਾਲ ਲਗਾਏ ਜਾਣ ਵਾਲੇ ਸੋਲਰ ਪੈਨਲਾਂ ਸਬੰਧੀ ਪ੍ਰਸਤਾਵ ਨੂੰ ਵਿਚਾਰਨਾ ਚਾਹੀਦਾ ਹੈ।
ਪੰਜਾਬ ਦੇ ਸਿੱਖਿਆ ਵਿਭਾਗ ਦੀ ਇਸ ਪਹਿਲ ਨੂੰ ਕੇਂਦਰੀ ਮੰਤਰੀ ਡਾ. ਰਮੇਸ ਪੋਖਰਿਆਲ ਨੇ ਵੀ ਕਾਫ਼ੀ ਜਿਆਦਾ ਚੰਗਾ ਦੱਸਿਆ ਹੈ ਅਤੇ ਉਹ ਖ਼ੁਦ ਚਾਹੁੰਦੇ ਹਨ ਕਿ ਜਿਥੇ ਸਿੱਖਿਆ ਨਾਲ ਦੇਸ਼ ਭਵਿੱਖ ਤਿਆਰ ਹੁੰਦਾ ਹੋਵੇ, ਉਨਾਂ ਥਾਂਵਾਂ ‘ਤੇ ਕਿਸੇ ਵੀ ਤਰਾਂ ਫੰਡ ਦੀ ਘਾਟ ਨਾਲ ਕੋਈ ਦਿੱਕਤ ਨਹੀਂ ਆਉਣੀ ਚਾਹੀਦੀ ਹੈ। ਕੇਂਦਰੀ ਮੰਤਰੀ ਨੂੰ ਇਸ ਸਬੰਧੀ ਰਿਪੋਰਟ ਪੇਸ਼ ਕਰਨ ਤੋਂ ਬਾਅਦ ਸਿੱਖਿਆ ਵਿਭਾਗ ਨੂੰ ਆਸ ਹੈ ਕਿ ਜਲਦ ਹੀ ਕੇਂਦਰ ਸਰਕਾਰ ਵੀ ਇਸ ਪਾਸੇ ਧਿਆਨ ਦਿੰਦੇ ਹੋਏ ਫੰਡ ਜਾਰੀ ਕਰੇਗੀ ਤਾਂ ਕਿ 1015 ਸਕੂਲਾਂ ਵਿੱਚ ਸੋਲਰ ਪਲਾਂਟ ਲਗਾਉਂਦੇ ਹੋਏ ਉਨਾਂ ਨੂੰ ਬਿਜਲੀ ਮੁਕਤ ਕੀਤਾ ਜਾ ਸਕੇ।
ਕੁੰਡੀ ‘ਤੇ ਚੱਲ ਰਹੇ ਹਨ ਸਰਕਾਰੀ ਸਕੂਲ ਤੇ ਕੁਝ ਪੰਚਾਇਤਾਂ ਸਹਾਰੇ
ਪੰਜਾਬ ਦੇ ਬਹੁਤ ਹੀ ਜਿਆਦਾ ਸਕੂਲ ਬਿਜਲੀ ਦਾ ਬਿਲ ਨਹੀਂ ਭਰਨ ਦੇ ਕਾਰਨ ਕੁੰਡੀ ਲਗਾ ਕੇ ਹੀ ਕੰਮ ਚਲਾਉਣ ‘ਤੇ ਲੱਗੇ ਹੋਏ ਹਨ। ਪੰਜਾਬ ਵਿੱਚ ਵੱਡੀ ਗਿਣਤੀ ਸਕੂਲਾਂ ਵਿੱਚ ਬਿਜਲੀ ਦੇ ਮੀਟਰ ਨਹੀਂ ਲਗੇ ਹੋਏ ਹਨ, ਜਿਸ ਕਾਰਨ ਅਧਿਆਪਕਾਂ ਨੇ ਮਜਬੂਰੀ ਵਸ ਬਿਜਲੀ ਦੀ ਕੁੰਡੀ ਲਗਾਈ ਹੋਈ ਹੈ। ਇਥੇ ਹੀ ਕਾਫ਼ੀ ਥਾਵਾਂ ‘ਤੇ ਕੁੰਡੀ ਲਗਾਉਣ ਦੇ ਕੰਮ ਨੂੰ ਗਲਤ ਕਰਾਰ ਦਿੰਦੇ ਹੋਏ ਪਿੰਡਾਂ ਦੀ ਪੰਚਾਇਤ ਨੇ ਬਿਜਲੀ ਦਾ ਬਿਲ ਆਪਣੇ ਸਿਰ ਵੀ ਓਟ ਰੱਖਿਆ ਹੈ। ਕਾਫ਼ੀ ਜਿਆਦਾ ਸਕੂਲਾਂ ਦੇ ਬਿਜਲੀ ਦੇ ਪਿੰਡਾਂ ਦੀ ਪੰਚਾਇਤਾਂ ਭਰ ਰਹੀਆਂ ਹਨ ਪਰ ਇਹ ਰਹਿਮੋ-ਕਰਮ ਵੀ ਜਿਆਦਾ ਦੇਰ ਨਹੀਂ ਚਲਣ ਵਾਲਾ ਹੈ, ਕਿਉਂਕਿ ਪੰਚਾਇਤ ਵਿਭਾਗ ਵੀ ਇਸ ਤਰ੍ਹਾਂ ਦੀ ਅਦਾਇਗੀ ‘ਤੇ ਸੁਆਲ ਖੜ੍ਹਾ ਕਰ ਰਿਹਾ ਹੈ। ਇਸ ਲਈ ਸੋਲਰ ਪਲਾਂਟ ਆਉਣ ਤੋਂ ਬਾਅਦ ਕਾਫ਼ੀ ਜ਼ਿਆਦਾ ਮਦਦ ਸਕੂਲਾਂ ਨੂੰ ਮਿਲੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।