Punjab Farmers News: ਇੱਕ ਏਕੜ ’ਚ 25 ਤੋਂ 28 ਕੁਇੰਟਲ ਤੱਕ ਪੁੱਜਿਆ ਝਾੜ
- ਕਣਕ ਦੀ ਮੰਗ ’ਚ ਤੇਜ਼ੀ, ਪ੍ਰਾਈਵੇਟ ਪਲੇਅਰ ਦੇ ਰਹੇ ਨੇ ਜ਼ਿਆਦਾ ਮੁੱਲ | Punjab Farmers News
Punjab Farmers News: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਕਣਕ ਦੇ ਵਧੀਆ ਨਿੱਕਲੇ ਝਾੜ ਨੇ ਇਸ ਵਾਰ ਕਿਸਾਨਾਂ ਨੂੰ ਚੰਗਾ ਧਰਵਾਸ ਦਿੱਤਾ ਹੈ। ਇੱਕ ਏਕੜ ’ਚੋਂ 25 ਕੁਇੰਟਲ ਤੋਂ ਲੈ ਕੇ 28 ਕੁਇੰਟਲ ਤੱਕ ਦਾ ਝਾੜ ਨਿਕਲਿਆ ਹੈ। ਮਾਹਰਾ ਦਾ ਕਹਿਣਾ ਹੈ ਕਿ ਇਸ ਵਾਰ ਮਾਰਚ ਦੇ ਅਖੀਰ ਤੱਕ ਪਈ ਠੰਢ ਕਣਕ ਨੂੰ ਘਿਓ ਵਾਂਗ ਲੱਗੀ ਹੈ, ਜਿਸ ਨੇ ਝਾੜ ਵਿੱਚ ਵਾਧਾ ਕੀਤਾ ਹੈ। ਉਂਝ ਕਿਸਾਨ ਮੰਡੀਆਂ ਵਿੱਚ ਨਾਕਸ ਪ੍ਰਬੰਧਾਂ ਤੋਂ ਦੁਖੀ ਦਿਖਾਈ ਦਿੱਤੇ। ਜਾਣਕਾਰੀ ਅਨੁਸਾਰ ਕਿਸਾਨਾਂ ਵੱਲੋਂ ਆਪਣੀ ਪੁੱਤਾਂ ਵਾਂਗ ਪਾਲੀ ਕਣਕ ਦੀ ਫਸਲ ਤੋਂ ਕਿਸਾਨਾਂ ਨੂੰ ਵੱਡੀਆਂ ਆਸਾਂ ਹੁੰਦੀਆਂ ਹਨ। ਇੱਕ ਤਾਂ ਕਿਸਾਨ ਦੇ ਘਰ ਦਾਣੇ ਆਉਂਦੇ ਹਨ ਅਤੇ ਦੂਜਾ ਕਿਸਾਨਾਂ ਦਾ ਆੜ੍ਹਤੀਆਂ ਨਾਲ ਚੱਲ ਰਹੇ ਦੇਵੇ-ਲੇਵੇ ਦਾ ਬੋਝ ਹੋਲਾ ਹੁੰਦਾ ਹੈ।
Read Also : Agriculture Land News: ਵਾਹੀਯੋਗ ਜ਼ਮੀਨ ਨਾਲ ਜੁੜੀ ਖਤਰਨਾਕ ਰਿਪੋਰਟ ਨੇ ਵਧਾਈ ਚਿੰਤਾ
ਇਸ ਵਾਰ ਕਣਕ ਦੇ ਚੰਗੇ ਝਾੜ ਨੇ ਕਿਸਾਨਾਂ ਦੇ ਚਿਹਰਿਆਂ ’ਤੇ ਰੌਣਕ ਲਿਆਦੀ ਹੈ। ਵੱਖ-ਵੱਖ ਕਿਸਾਨਾਂ ਨਾਲ ਗੱਲ ਕਰਨ ’ਤੇ ਸਾਹਮਣੇ ਆਇਆ ਕਿ ਕਣਕ ਦਾ ਝਾੜ ਇੱਕ ਵਿੱਘੇ ਵਿੱਚੋਂ 5 ਕੁਇੰਟਲ ਤੋਂ ਲੈ ਕੇ ਸਾਢੇ ਪੰਜ ਕੁਇੰਟਲ ਤੱਕ ਨਿਕਲਿਆ ਹੈ। ਜੇਕਰ ਏਕੜ ਦੀ ਗੱਲ ਕੀਤੀ ਜਾਵੇ ਤਾ ਇੱਕ ਏਕੜ ਦਾ ਝਾੜ 25 ਕੁਇੰਟਲ ਤੋਂ 28 ਕੁਇੰਟਲ ਤੱਕ ਪੁੱਜ ਗਿਆ ਹੈ। ਕਿਸਾਨਾਂ ਦਾ ਕਹਿਣਾ ਹੈ ਭਾਵੇਂ ਕਿ ਪਿਛਲੇ ਸਾਲ ਵੀ ਝਾੜ ਠੀਕ ਸੀ, ਪਰ ਇਸ ਵਾਰ ਚੰਗੇ ਵਾਰੇ ਨਿਆਰੇ ਕਰ ਦਿੱਤੇ ਹਨ।
Punjab Farmers News
ਭਾਵੇਂ ਕਿ ਫਰਵਰੀ ਮਹੀਨੇ ਵਿੱਚ ਕੁਝ ਦਿਨ ਗਰਮੀ ਜ਼ਰੂਰ ਪਈ ਸੀ, ਜਿਸ ਨੇ ਕਿਸਾਨਾਂ ਨੂੰ ਚਿੰਤਾ ਵਿੱਚ ਪਾ ਦਿੱਤਾ ਸੀ, ਪਰ ਇਸ ਤੋਂ ਬਾਅਦ ਠੰਢ ਨੇ ਮੁੜ ਰਫ਼ਤਾਰ ਫੜੀ ਅਤੇ ਮਾਰਚ ਮਹੀਨੇ ਦੇ ਅੰਤ ਤੱਕ ਠੰਢ ਜਾਰੀ ਰਹੀ। ਕਿਸਾਨ ਕੁਲਵਿੰਦਰ ਸਿੰਘ, ਜਗਵਿੰਦਰ ਸਿੰਘ, ਮਲਕੀਤ ਸਿੰਘ, ਕਰਮਜੀਤ ਸਿੰਘ ਨੇ ਕਿਹਾ ਕਿ ਇਸ ਵਾਰ ਕਣਕ ਦੇ ਝਾੜ ਤੋਂ ਚੰਗੀਆਂ ਉਮੀਦਾਂ ਸਨ ਅਤੇ ਪਰਮਾਤਮਾ ਦੀ ਮਿਹਰ ਨਾਲ ਇੱਕ ਏਕੜ ਵਿੱਚੋਂ ਝਾੜ 25 ਕੁਇੰਟਲ ਤਾ ਆਮ ਰਿਹਾ ਹੈ, ਜਦੋਂਕਿ ਵੱਧ ਤੋਂ ਵੱਧ ਝਾੜ 28 ਕੁਇੰਟਲ ਤੱਕ ਪੁੱਜ ਗਿਆ ਹੈ। ਉਨ੍ਹਾਂ ਦੱਸਿਆ ਕਿ ਸਾਲ 2023 ਵਿੱਚ ਕਣਕ ਦੇ ਝਾੜ ਨੇ ਕਿਸਾਨਾਂ ਨੂੰ ਰਗੜਾ ਲਾਇਆ ਸੀ ਅਤੇ ਇੱਕ ਵਿਘੇ ’ਚੋਂ ਝਾੜ 3 ਤੋਂ ਸਾਢੇ ਤਿੰਨ ਕੁਇੰਟਲ ਹੀ ਨਿਕਲਿਆ ਸੀ।
ਕਿਸਾਨਾਂ ਨੇ ਦੱਸਿਆ ਕਿ ਕਣਕ ਦੀ ਮੰਗ ਬਹੁਤ ਵੱਧ ਗਈ ਹੈ ਅਤੇ ਪ੍ਰਾਈਵੇਟ ਪਲੇਅਰਾਂ ਵੱਲੋਂ ਸਰਕਾਰੀ ਭਾਅ ਤੋਂ 100 ਰੁਪਏ ਵੱਧ ਦੇ ਕੇ ਖਰੀਦੀ ਜਾ ਰਹੀ ਹੈ। ਕਿਸਾਨਾਂ ਨੇ ਦੱਸਿਆ ਕਿ ਹਾੜੀ ਦਾ ਸੀਜ਼ਨ ਚੰਗਾ ਰਹਿਣ ਕਾਰਨ ਜਿਮੀਦਾਰਾਂ ਦੀ ਕਬੀਲਦਾਰੀ ਠੀਕ ਰੁੜ ਜਾਵੇਗੀ।
ਮੰਡੀਆਂ ’ਚ ਨਾਕਸ ਪ੍ਰਬੰਧਾਂ ਤੋਂ ਕਿਸਾਨ ਦੁਖੀ
ਇੱਧਰ ਕਿਸਾਨਾਂ ਵੱਲੋਂ ਮੰਡੀਆਂ ਵਿੱਚ ਨਾਕਸ ਪ੍ਰਬੰਧਾਂ ’ਤੇ ਉਂਗਲ ਵੀ ਚੁੱਕੀ ਗਈ ਹੈ। ਕਿਸਾਨਾਂ ਨੇ ਦੱਸਿਆ ਕਿ ਪਿਛਲੇ ਦਿਨੀਂ ਤੁਫ਼ਾਨ ਨਾਲ ਪਏ ਮੀਂਹ ਕਾਰਨ ਮੰਡੀਆਂ ਵਿੱਚ ਪਈ ਕਿਸਾਨਾਂ ਦੀ ਫ਼ਸਲ ਬੂਰੀ ਤਰ੍ਹਾਂ ਭਿੱਜੀ ਹੈ। ਕਿਸਾਨਾਂ ਦੀ ਕਣਕ ਪਾਣੀ ਵਿੱਚ ਰੁੜਨ ਕਾਰਨ ਨੁਕਸਾਨ ਸਹਿਣਾ ਪਿਆ ਹੈ। ਆੜ੍ਹਤੀਆਂ ਜਾ ਮਾਰਕਿਟ ਕਮੇਟੀ ਕੋਲ ਤਰਪਾਲਾਂ ਦਾ ਪ੍ਰਬੰਧ ਨਹੀਂ ਸੀ। ਕਿਸਾਨਾਂ ਨੇ ਕਿਹਾ ਕਿ ਮੰਡੀਆਂ ਵਿੱਚ ਸੈੱਡਾਂ ਦੀ ਵੀ ਵੱਡੀ ਘਾਟ ਹੈ ਅਤੇ ਪਾਣੀ ਦੇ ਨਿਕਾਸੀ ਦਾ ਪ੍ਰਬੰਧ ਵੀ ਚੰਗਾ ਨਹੀਂ ਹੈ।
ਠੰਢ ਦਾ ਲੰਬਾ ਸਮਾਂ ਅਤੇ ਬਿਮਾਰੀ ਨਾ ਹੋਣਾ ਝਾੜ ਵਧਣ ਦਾ ਮੁੱਖ ਕਾਰਨ: ਡਾ. ਜਸਵਿੰਦਰ ਸਿੰਘ
ਇੱਧਰ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰ ਸਿੰਘ ਦਾ ਕਹਿਣਾ ਹੈ ਕਿ ਮੁੱਢਲੇ ਪੜਾਅ ਤਹਿਤ ਫਸਲ ਕਟਾਈ ਦੇ ਤਜ਼ਰਬਿਆਂ ਦੇ ਅਧਾਰ ’ਤੇ ਕਣਕ ਦਾ ਔਸਤਨ ਝਾੜ 22 ਕੁਇੰਟਲ ਤੋਂ ਉੱਪਰ ਜਾ ਰਿਹਾ ਹੈ ਜਦਕਿ ਪਿਛਲੇ ਸਾਲ ਔਸਤਨ 20.27 ਕੁਇੰਟਲਰਿਹਾ ਸੀ। ਉਨ੍ਹਾਂ ਦੱਸਿਆ ਕਿ ਇਸ ਵਾਰ ਚੰਗਾ ਝਾੜ ਨਿਕਲਣ ਦਾ ਕਾਰਨ ਠੰਢ ਦਾ ਲੰਬਾ ਚੱਲਣਾ ਅਤੇ ਦੂਜਾ ਕਣਕ ਦੀ ਫਸਲ ਨੂੰ ਕੋਈ ਰੋਗ ਨਾ ਲੱਗਣਾ ਹੈ। ਉਨ੍ਹਾਂ ਦੱਸਿਆ ਕਿ ਕਣਕ ਦੇ ਚੰਗੇ ਝਾੜ ਕਾਰਨ ਸਰਕਾਰੀ ਭੰਡਾਰ ਵਿੱਚ ਵੀ ਵਾਧਾ ਹੋਵੇਗਾ।