Punjab Government News: ਚੰਡੀਗੜ੍ਹ। ਪੰਜਾਬ ਸਰਕਾਰ ਨੇ ਹੋਮਗਾਰਡਾਂ ਨੂੰ ਵੱਡੀ ਖੁਸ਼ਖਬਰੀ ਦਿੱਤੀ ਹੈ। ਦਰਅਸਲ ਹੋਮਗਾਰਡਾਂ ਨੂੰ 26 ਜਨਵਰੀ 2025 ਤੋਂ 1100.69 ਰੁਪਏ ਦੀ ਜਗ੍ਹਾ 1424.69 ਰੁਪਏ ਰੋਜ਼ਾਨਾ ਦੇ ਹਿਸਾਬ ਨਾਲ ਤਨਖ਼ਾਹ ਮਿਲਣੀ ਸ਼ੁਰੂ ਹੋ ਗਈ ਹੈ। ਇਸ ਸਬੰਧੀ ਸਪੈਸ਼ਲ ਡੀਜੀਪੀ ਵੱਲੋਂ ਭੇਜੇ ਪੱਤਰ ’ਚ ਸਪੱਸ਼ਟ ਕੀਤਾ ਗਿਆ ਹੈ ਕਿ ਹੋਮਗਾਰਡ ਵਿਭਾਗ ’ਚ ਮੁਲਾਜ਼ਮ 7 ਜੁਲਾਈ 2020 ਤੋਂ ਤਾਇਨਾਤ ਹਨ ਅਤੇ ਉਨ੍ਹਾਂ ਨੂੰ ਰੋਜ਼ਾਨਾ 1100.69 ਰੁਪਏ ਦੇ ਹਿਸਾਬ ਨਾਲ ਤਨਖ਼ਾਹ ਦਿੱਤੀ ਜਾ ਰਹੀ ਸੀ। ਹੁਣ ਉਨ੍ਹਾਂ ਨੂੰ 26 ਜਨਵਰੀ ਤੋਂ 1424.69 ਰੁਪਏ ਦੇ ਹਿਸਾਬ ਨਾਲ ਤਨਖ਼ਾਹ ਦਿੱਤੀ ਜਾ ਰਹੀ ਹੈ।
ਹਾਲਾਂਕਿ ਪੰਜਾਬ ਹੋਮਗਾਰਡ ਦੀ ਸਥਾਪਨਾ ਦਸੰਬਰ 1946 ’ਚ ਹੋਈ ਸੀ ਪਰ ਫੀਲਡ ’ਚ ਉਤਰ ਕੇ ਕੰਮ ਕਰਨ ਦਾ ਮੌਕਾ ਹੋਮਗਾਰਡ ਜਵਾਨਾਂ ਨੂੰ ਉਸ ਸਮੇਂ ਮਿਲਿਆ, ਜਦੋਂ ਪੰਜਾਬ ’ਚ ਅੱਤਵਾਦ ਦਾ ਦੌਰ ਸੀ ਅਤੇ ਹਾਲਾਤ ਬੇਹੱਦ ਖ਼ਰਾਬ ਹੋ ਚੁੱਕੇ ਸਨ। ਇਹੀ ਉਹ ਸਮਾਂ ਸੀ, ਜਦੋਂ ਹੋਮਗਾਰਡ ਦੇ ਜਵਾਨਾਂ ਨੂੰ ਫੀਲਡ ’ਚ ਉਤਾਰਿਆ ਗਿਆ ਅਤੇ ਜਵਾਨਾਂ ਨੇ ਪੰਜਾਬ ਪੁਲਿਸ ਦੇ ਮੋਢੇ ਨਾਲ ਮੋਢਾ ਜੋੜ ਕੇ ਅੱਤਵਾਦ ਖ਼ਿਲਾਫ਼ ਕੰਮ ਕਰਨਾ ਸ਼ੁਰੂ ਕੀਤਾ ਅਤੇ ਇਸ ਲੜਾਈ ’ਚ ਕਈ ਜਵਾਨ ਸ਼ਹੀਦ ਵੀ ਹੋਏ। Punjab Government News
Read Also : Abohar Robbery: ਦੋ ਨਕਾਬਪੋਸ਼ ਲੁਟੇਰੇ ਘਰੋਂ ਦਿਨ-ਦਿਹਾੜੇ ਲੱਖਾਂ ਰੁਪਏ ਤੇ 16 ਤੋਲੇ ਸੋਨਾ ਲੁੱਟ ਕੇ ਫਰਾਰ
ਹਾਲਾਂਕਿ ਕੁਝ ਸਾਲ ਪਹਿਲਾਂ ਹੋਮਗਾਰਡ ਵਿਭਾਗ ਨੂੰ ਪੰਜਾਬ ਪੁਲਿਸ ’ਚ ਮਰਜ ਕਰਨ ਸਬੰਧੀ ਯਤਨ ਵੀ ਸ਼ੁਰੂ ਹੋਏ ਸਨ ਪਰ ਕਿਸੇ ਕਾਰਨ ਕਰਕੇ ਇਹ ਪ੍ਰਕਿਰਿਆ ਸਿਰੇ ਨਹੀਂ ਚੜ੍ਹ ਸਕੀ। ਪੰਜਾਬ ਹੋਮਗਾਰਡ ਦੇ ਮੌਜ਼ੂਦਾ ਸਮੇਂ ’ਚ 10 ਹਜ਼ਾਰ ਦੇ ਕਰੀਬ ਜਵਾਨ ਤਾਇਨਾਤ ਹਨ ਅਤੇ ਜੇਕਰ ਲੁਧਿਆਣਾ ਦੀ ਗੱਲ ਕਰੀਏ ਤਾਂ ਇੱਥੇ ਪੇਂਡੂ ਅਤੇ ਸ਼ਹਿਰੀ ਦੋ ਕੰਪਨੀਆਂ ਹਨ, ਜਿਨ੍ਹਾਂ ’ਚ ਤਾਇਨਾਤ ਜਵਾਨ ਪੁਲਸ ਥਾਣਿਆਂ ਦੇ ਨਾਲ-ਨਾਲ ਬੈਂਕਾਂ ਅਤੇ ਹੋਰ ਸੰਵੇਦਨਸ਼ੀਲ ਥਾਵਾਂ ਦੀ ਸੁਰੱਖਿਆ ਦੀ ਕਮਾਨ ਸੰਭਾਲੇ ਹੋਏ ਹਨ। ਹਾਲਾਂਕਿ ਤਨਖ਼ਾਹ ਵਿੱਚ ਵਾਧੇ ਦਾ ਫ਼ੈਸਲਾ ਕਰਨੈਲ ਸਿੰਘ ਨਾਮੀ ਜਵਾਨ ਵੱਲੋਂ ਅਦਾਲਤ ’ਚ ਪਾਈ ਰਿੱਟ ’ਚ ਆਏ ਫ਼ੈਸਲੇ ਕਾਰਨ ਦੱਸਿਆ ਜਾਂਦਾ ਹੈ।