ਗਲੋਬਲ ਵਾਰਮਿੰਗ ਧਰਤੀ ਲਈ ਖ਼ਤਰਾ
ਹਰ ਰੋਜ਼ ਪਾਰਾ ਵਧਦਾ ਜਾ ਰਿਹਾ ਹੈ ਤੇ ਪਿਛਲੇ ਕਈ ਵਰ੍ਹਿਆਂ ਦੇ ਰਿਕਾਰਡ ਟੁੱਟ ਰਹੇ ਹਨ। ਭਾਰਤੀ ਮੌਸਮ ਵਿਭਾਗ ਵੱਲੋਂ ਉੱਤਰ-ਪੱਛਮੀ ਭਾਰਤ ਲਈ ਜਾਰੀ ਕੀਤੀ ਗਈ ਤਾਜ਼ਾ ਓਰੇਂਜ ਚਿਤਾਵਨੀ, ਜਦਕਿ ਰਾਜਸਥਾਨ ਲਈ ਰੈੱਡ ਅਲਰਟ ਦੀਆਂ ਖਬਰਾਂ ਨੇ ਤਾਂ ਲੋਕਾਂ ਦੇ ਸਾਹ ਸੁਕਾ ਦਿੱਤੇ ਹਨ। ਇਸ ਕਹਿਰ ਦੀ ਗਰਮੀ ਨੇ ਜਿੱਥੇ ਮਨੁੱਖੀ ਜ਼ਿੰਦਗੀ ਨੂੰ ਪ੍ਰਭਾਵਿਤ ਕੀਤਾ ਹੈ, ਉੱਥੇ ਬੇਜ਼ੁਬਾਨੇ ਪਸ਼ੂਆਂ, ਪੰਛੀਆਂ ਅਤੇ ਬਨਸਪਤੀ ’ਤੇ ਇਸ ਦਾ ਮਾਰੂ ਪ੍ਰਭਾਵ ਪੈ ਰਿਹਾ ਹੈ।
ਜੇਕਰ ਵਿਗਿਆਨਕ ਨਜ਼ਰੀਏ ਤੋਂ ਵੇਖੀਏ ਤਾਂ ਧਰਤੀ ’ਤੇ ਵਧ ਰਿਹਾ ਤਾਪਮਾਨ ਖ਼ਤਰੇ ਦੀ ਘੰਟੀ ਹੈ। ਧਰਤੀ ਦਾ ਜਿੰਨਾ ਤਾਪਮਾਨ ਵਧੇਗਾ, ਓਨੀਆਂ ਗਰਮ ਲਹਿਰਾਂ ਵੀ ਵਧਣਗੀਆਂ ਅਤੇ ਪਿੰਡੇ ਲੂਹਣ ਵਾਲੀ ਲੂ ਵਧੇਗੀ, ਜੋ ਬਹੁਤ ਸਾਰੀਆਂ ਬਿਮਾਰੀਆਂ ਨੂੰ ਜਨਮ ਦੇਵੇਗੀ। ਭਾਰਤ ਵਾਂਗ ਜਰਮਨੀ ਵਿਚ ਵੀ ਅੱਜ-ਕੱਲ੍ਹ ਗਰਮੀਆਂ ਦਾ ਮੌਸਮ ਹੈ ਪਰ ਜਿੰਨੀ ਗਰਮੀ ਭਾਰਤ ਵਿਚ ਪੈ ਰਹੀ ਹੈ, ਉਸ ਦਾ ਇਸ ਨਾਲ ਕੋਈ ਮੁਕਾਬਲਾ ਨਹੀਂ। ਭਾਰਤ ਵਿਚ ਤਾਂ ਜੇ ਤਾਪਮਾਨ 30 ਡਿਗਰੀ ਸੈਲਸੀਅਸ ਦੇ ਪਾਰ ਚਲਾ ਜਾਵੇ ਤਾਂ ਉਸ ਨੂੰ ਅਤਿ ਦੀ ਗਰਮੀ ਮੰਨ ਲਿਆ ਜਾਂਦਾ ਹੈ। ਭਾਰਤ ਦੀ ਰਾਜਧਾਨੀ ਦਿੱਲੀ ਨੂੰ ਆਮ ਖੇਤਰਾਂ ਨਾਲੋਂ ਜ਼ਿਆਦਾ ਗਰਮ ਮੰਨਿਆ ਜਾਂਦਾ ਹੈ, ਇੱਥੇ ਵੀ ਪਿਛਲੇ ਕਈ ਦਿਨਾਂ ਤੋਂ ਤਾਪਮਾਨ 49 ਡਿਗਰੀ ਤੋਂ ਉੱਪਰ ਦਰਜ ਕੀਤਾ ਗਿਆ।ਭਾਰਤ ਹਰ ਸਾਲ ਇੰਝ ਹੀ ਤਪਦਾ ਹੈ ਤੇ ਤੁਸੀਂ ਮਹਿਸੂਸ ਵੀ ਕਰ ਰਹੇ ਹੋਵੋਗੇ ਕਿ ਗਰਮੀ ਦੀ ਇਹ ਤਪਸ਼ ਲਗਾਤਾਰ ਵਧ ਰਹੀ ਹੈ।
ਇਸ ਵਧ ਰਹੀ ਗਰਮੀ ਦਾ ਕਾਰਨ ਕੀ ਹੈ? ਕਾਰਨ ਉਹੀ ਹੈ ਜਿਸ ਦੀ ਚਰਚਾ ਹਰ ਕੋਈ ਕਰਦਾ ਹੈ- ਜਲਵਾਯੂ ਪਰਿਵਰਤਨ। ਇਸ ਜਲਵਾਯੂ ਪਰਿਵਰਤਨ ਕਾਰਨ ਵਧ ਰਹੀ ਗਰਮੀ ਨੇ ਭਾਰਤ ਵਿਚ ਹੀ ਨਹੀਂ ਸਗੋਂ ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ ਵਿਚ ਵੀ ਹਾਹਾਕਾਰ ਮਚਾਈ ਹੋਈ ਹੈ। ਵਿਗਿਆਨੀਆਂ ਦਾ ਮੰਨਣਾ ਹੈ ਕਿ ਦੱਖਣੀ ਏਸ਼ੀਆ ਵਿਚ ਗਰਮੀ ਦਾ ਮੌਸਮ ਹਮੇਸ਼ਾਂ ਹੀ ਮੁਸ਼ਕਲਾਂ ਲੈ ਕੇ ਆਉਂਦਾ ਹੈ ਭਾਰਤ ਦੁਨੀਆ ਦੇ ਸਭ ਤੋਂ ਗਰਮ ਸਥਾਨਾਂ ਵਿਚੋਂ ਇੱਕ ਹੈ, ਜਿੱਥੇ ਦੇਸ਼ ਦੇ ਕਰੋੜਾਂ ਲੋਕ ਜਾਨਲੇਵਾ ਗਰਮੀ ਅੱਗੇ ਬੇਵੱਸ ਹਨ, ਉੱਥੇ ਹੀ ਗਰਮ ਮੌਸਮ ਦਾ ਇਹ ਕਹਿਰ ਉਹਨਾਂ ਲਈ ਕਈ ਤਰ੍ਹਾਂ ਦੇ ਹੋਰ ਸੰਕਟ ਵੀ ਨਾਲ ਲੈ ਕੇ ਆਉਂਦਾ ਹੈ, ਜਿਵੇਂ: ਬਿਜਲੀ ਤੇ ਪਾਣੀ ਦੀ ਕਿੱਲਤ, ਬਿਮਾਰੀਆਂ ਦਾ ਖ਼ਤਰਾ, ਫ਼ਸਲਾਂ ਦਾ ਨੁਕਸਾਨ ਤੇ ਉਸ ਕਾਰਨ ਭੁੱਖਮਰੀ ਵਰਗਾ ਸੰਤਾਪ।
ਹਾਲ ਹੀ ਵਿਚ ਮੌਸਮ ਨਾਲ ਜੁੜੇ ਇਤਿਹਾਸਕ ਡੇਟਾ ਦਾ ਜਦੋਂ ਵਿਸ਼ਲੇਸ਼ਣ ਕੀਤਾ ਗਿਆ ਤਾਂ ਸਿੱਟਾ ਨਿੱਕਲਿਆ ਕਿ ਭੂਗੋਲਿਕ ਤੌਰ ’ਤੇ ਬਹੁਤ ਵੱਡੇ ਹਿੱਸੇ ਨੂੰ ਪ੍ਰਭਾਵਿਤ ਕਰਨ ਵਾਲੀ ਲੂ 100 ਸਾਲ ਵਿਚ ਕਦੀ ਇੱਕ ਵਾਰ ਚੱਲਦੀ ਹੈ। ਮਨੁੱਖੀ ਗਤੀਵਿਧੀਆਂ ਕਾਰਨ ਹੋ ਰਹੇ ਜਲਵਾਯੂ ਪਰਿਵਰਤਨ ਕਾਰਨ ਇਸ ਤਰ੍ਹਾਂ ਦੀ ਲੂ ਦੀ ਸੰਭਾਵਨਾ 30 ਗੁਣਾ ਵਧ ਗਈ ਹੈ। ਵਿਗਿਆਨੀਆਂ ਦਾ ਮੰਨਣਾ ਹੈ ਕਿ ਜੇਕਰ ਵਧਦੀ ਗਰਮੀ ਨੂੰ ਰੋਕਣਾ ਹੈ
ਤਾਂ ਦੁਨੀਆ ਨੂੰ ਨਾ ਸਿਰਫ਼ ਗ੍ਰੀਨਹਾਊਸ ਗੈਸਾਂ (ਮੀਥੇਨ, ਕਾਰਬਨ ਡਾਈਆਕਸਾਈਡ, ਕਲੋਰੋ-ਫਲੋਰੋ) ਦੀ ਵਰਤੋਂ ਨੂੰ ਘੱਟ ਕਰਨਾ ਹੋਵੇਗਾ ਸਗੋਂ ਇਸ ਦੇ ਖ਼ਤਰਨਾਕ ਹਾਨੀਕਾਰਕ ਪ੍ਰਭਾਵਾਂ ਦਾ ਮੁਕਾਬਲਾ ਕਰਨ ਲਈ ਵੀ ਖ਼ੁਦ ਨੂੰ ਤਿਆਰ ਕਰਨਾ ਪਵੇਗਾ। ਬੱਚੇ ਅਤੇ ਬੁਜ਼ਰਗਾਂ ਨੂੰ ਇਸ ਗਰਮੀ ਵਿਚ ਸਭ ਤੋਂ ਜ਼ਿਆਦਾ ਬਚਣ ਦੀ ਜ਼ਰੂਰਤ ਹੈ। ਇਨ੍ਹਾਂ ਤੋਂ ਇਲਾਵਾ ਜੇਕਰ ਗਰਮੀ ਦਾ ਮੌਸਮ ਸਭ ਤੋਂ ਵੱਡੀ ਚੁਣੌਤੀ ਬਣ ਕਿਸੇ ਦੇ ਸਾਹਮਣੇ ਖੜ੍ਹਾ ਹੁੰਦਾ ਹੈ ਤਾਂ ਉਹ ਹਨ- ਬਸਤੀਆਂ ਤੇ ਝੁੱਗੀਆਂ-ਝੌਂਪੜੀਆਂ ਵਿਚ ਰਹਿਣ ਵਾਲੇ ਲੋਕ ਕਿਉਂਕਿ ਉਹਨਾਂ ਕੋਲ ਨਾ ਤਾਂ ਲੋੜੀਂਦੀ ਬਿਜਲੀ ਦੀ ਵਿਵਸਥਾ ਹੁੰਦੀ ਹੈ ਅਤੇ ਨਾ ਹੀ ਪਾਣੀ ਦੀ। ਅਕਸਰ ਸਾਫ਼-ਸਫ਼ਾਈ ਦੀ ਕਮੀ ਕਰਕੇ ਉੱਥੇ ਬਿਮਾਰੀ ਫੈਲਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ।
ਭਾਰਤ ਵਿਚ ਆਮ ਤੌਰ ’ਤੇ ਮਈ ਅਤੇ ਜੂਨ ਦੇ ਮਹੀਨੇ ਵਿਚ ਲੂ ਚੱਲਦੀ ਹੈ ਪਰ ਇਸ ਸਾਲ 2022 ਵਿਚ ਹੀ ਗਰਮੀ ਮਾਰਚ ਮਹੀਨੇ ਤੋਂ ਹੀ ਆਪਣੇ ਰੰਗ ਦਿਖਾਉਣ ਲੱਗ ਪਈ। ਮੌਸਮ ਵਿਭਾਗ ਅਨੁਸਾਰ ਇਸ ਸਾਲ ਮਾਰਚ ਮਹੀਨੇ ਤੋਂ ਹੀ ਪੈਣ ਵਾਲੀ ਗਰਮੀ ਨੇ 122 ਸਾਲਾਂ ਦਾ ਰਿਕਾਰਡ ਤੋੜਿਆ ਹੈ, ਨਾਲ ਹੀ ਵਿਗਿਆਨੀਆਂ ਦਾ ਮੰਨਣਾ ਹੈ ਕਿ ਆਉਣ ਵਾਲੀ ਗਰਮੀ ਹੋਰ ਨਵੇਂ ਰਿਕਾਰਡ ਬਣਾ ਸਕਦੀ ਹੈ। ਇਸ ਦਾ ਮਤਲਬ ਕਿ ਕਰੋੜਾਂ ਲੋਕਾਂ ਨੂੰ ਗਰਮੀ ਤੋਂ ਬਚਣ ਲਈ ਤਿਆਰ ਰਹਿਣਾ ਪਵੇਗਾ
ਉਤਪਾਦਨ ਵਿਚ ਆਈ ਗਿਰਾਵਟ ਨੂੰ ਦੇਖਦੇ ਹੋਏ ਸਰਕਾਰ ਦਾ ਇਹ ਪਹਿਲਾਂ ਫ਼ਰਜ਼ ਸੀ ਕਿ ਦੇਸ਼ ਦੀ ਜਨਤਾ ਲਈ ਖਾਧ ਪਦਾਰਥਾਂ ਦੇ ਭੰਡਾਰ ਨੂੰ ਸੁਰੱਖਿਅਤ ਕੀਤਾ ਜਾਵੇ। ਇਸ ਲਈ ਕਣਕ ਦੀ ਬਰਾਮਦ ਨੂੰ ਰੋਕ ਦਿੱਤਾ ਗਿਆ ਜਿਸ ਕਾਰਨ ਘਰੇਲੂ ਬਾਜ਼ਾਰ ਵਿਚ ਕਣਕ ਦੀ ਕੀਮਤ ਘਟ ਗਈ ਅਤੇ ਇਸ ਦੀ ਸਿੱਧੀ ਮਾਰ ਕਿਸਾਨਾਂ ਨੂੰ ਝੱਲਣੀ ਪਈ ਪਰ ਨਾਲ ਹੀ ਕੌਮਾਂਤਰੀ ਬਾਜ਼ਾਰ ਵਿਚ ਇਸੇ ਕਣਕ ਦੀ ਕੀਮਤ ਅਸਮਾਨ ਤੱਕ ਪਹੁੰਚ ਗਈ। ਯੂਕਰੇਨ ਵਿਚ ਯੁੱਧ ਕਾਰਨ ਕਣਕ ਦੀ ਸਪਲਾਈ ਰੁਕ ਗਈ ਹੈ। ਕਣਕ ਦੇ ਵੱਡੇ-ਵੱਡੇ ਉਤਪਾਦਕ ਯੂਕਰੇਨ ਦੀਆਂ ਬੰਦਰਗਾਹਾਂ ਉੱਤੇ ਜਾਂ ਤਾਂ ਤਬਾਹ ਹੋ ਗਏ ਹਨ ਜਾਂ ਫਿਰ ਠੱਪ ਪਏ ਹਨ।
ਇਸੇ ਤਰ੍ਹਾਂ ਗਰਮੀ ਦਾ ਮਾਰੂ ਪ੍ਰਭਾਵ ਫਲਾਂ ਦੇ ਰਾਜੇ ਅੰਬ ਦੀ ਮਿਠਾਸ ਤੇ ਪੈਦਾਵਾਰ ਨੂੰ ਘੱਟ ਕਰਨ ਲਈ ਜ਼ਿੰਮੇਵਾਰ ਰਿਹਾ ਹੈ। ਗੁਜਰਾਤ ਦਾ ਵਣ-ਥਲੀ ਖੇਤਰ ਕੇਸਰ ਅੰਬਾਂ ਦੀ ਪੈਦਾਵਾਰ ਦਾ ਗੜ੍ਹ ਮੰਨਿਆ ਜਾਂਦਾ ਹੈ ਪਰ ਕਿਸਾਨਾਂ ਦਾ ਕਹਿਣਾ ਹੈ ਕਿ 10-15 ਸਾਲ ਪਹਿਲਾਂ ਅੰਬਾਂ ਦਾ ਹਰ ਰੁੱਖ ਅੰਬਾਂ ਨਾਲ ਲੱਦਿਆ ਹੁੰਦਾ ਸੀ ਪਰ ਜਲਵਾਯੂ ਪਰਿਵਰਤਨ ਕਰਕੇ ਹੁਣ ਇਨ੍ਹਾਂ ਰੁੱਖਾਂ ਉੱਪਰ ਪੱਤੇ ਹੀ ਦਿਖਾਈ ਦੇ ਰਹੇ ਹਨ। ਪਿਛਲੇ 3-4 ਸਾਲਾਂ ਤੋਂ ਗਰਮੀ ਕਰਕੇ ਅੰਬਾਂ ਦੀ ਖੇਤੀ ਲਗਭਗ ਜ਼ੀਰੋ ਹੀ ਹੋ ਗਈ, ਨਾ ਸਿਰਫ਼ ਪੈਦਾਵਾਰ ਸਗੋਂ ਅੰਬ ਦੀ ਕੁਆਲਿਟੀ ਵਿਚ ਵੀ ਗਿਰਾਵਟ ਆ ਰਹੀ ਹੈ ਜਿਸ ਦਾ ਕਾਰਨ ਵਿਗਿਆਨੀਆਂ ਨੇ ਦਿਨ-ਰਾਤ ਵਧਦੇ ਤਾਪਮਾਨ ਨੂੰ ਦੱਸਿਆ ਹੈ। ਖੇਤੀਬਾੜੀ ਵਿਭਾਗ ਅਨੁਸਾਰ ਅੰਬਾਂ ਨੂੰ ਬੂਰ ਪੈਣ ਲਈ ਘੱਟ ਤਾਪਮਾਨ ਅਤੇ ਅੰਬਾਂ ਨੂੰ ਪੱਕਣ ਲਈ ਵਧ ਤੇ ਗਰਮ ਤਾਪਮਾਨ ਦੀ ਜ਼ਰੂਰਤ ਹੁੰਦੀ ਹੈ ਪਰ ਇਸ ਸਾਲ ਮਾਰਚ ਮਹੀਨੇ ਤੋਂ ਹੀ ਵਧੇ ਤਾਪਮਾਨ ਨੇ ਕਿਸਾਨਾਂ ਦਾ ਨੁਕਸਾਨ ਕੀਤਾ ਹੈ।
ਇਹ ਭਿਆਨਕ ਗਰਮੀ ਜਲ ਸੰਕਟ ਨੂੰ ਵੀ ਵਧਾ ਰਹੀ ਹੈ।¿; ਪਾਣੀ ਦੀ ਗੰਭੀਰ ਕਮੀ ਦੀ ਤ੍ਰਾਸਦੀ ਦੇ ਸ਼ਿਕਾਰ ਹਨ। ਮਨੁੱਖਾਂ ਦੇ ਨਾਲ-ਨਾਲ ਜੀਵ-ਜੰਤੂਆਂ ਲਈ ਜਲ ਸ੍ਰੋਤ ਰਹੇ ਤਲਾਬ ਵੀ ਗਰਮੀ ਕਾਰਨ ਸੁੱਕ ਰਹੇ ਹਨ। ਜਲਵਾਯੂ ਪਰਿਵਰਤਨ ਕਾਰਨ ਵਰਖਾ ਦਾ ਕੁਦਰਤੀ ਚੱਕਰ ਵੀ ਬਦਲ ਰਿਹਾ ਹੈ ਜਿਸ ਕਾਰਨ ਜ਼ਮੀਨ ਪਾਣੀ ਲਈ ਤਰਸ ਜਾਂਦੀ ਹੈ ਤੇ ਸੋਕਾ ਮਨੁੱਖ ਲਈ ਸਰਾਪ ਬਣ ਜਾਂਦਾ ਹੈ। ਵਰਖਾ ਦੇ ਇਸ ਕੁਦਰਤੀ ਚੱਕਰ ਵਿਚ ਆਏ ਪਰਿਵਰਤਨ ਕਾਰਨ ਕਈ ਥਾਵਾਂ ਉੱਪਰ ਜ਼ਿਆਦਾ ਵਰਖਾ ਕਾਰਨ ਹੜ੍ਹ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ। ਇਹ ਜਲਵਾਯੂ ਪਰਿਵਰਤਨ ਹੀ ਹੈ ਕਿ ਇੱਕ ਦੇਸ਼ ਵਿਚ ਹੀ ਕਿਸੇ ਇਲਾਕੇ ਵਿਚ ਵਰਖਾ ਦੀ ਕਮੀ ਕਰਕੇ ਸੋਕੇ ਵਰਗੀ ਸਥਿਤੀ ਬਣ ਜਾਂਦੀ ਹੈ ਤੇ ਕਿਤੇ ਜ਼ਿਆਦਾ ਵਰਖਾ ਕਰਕੇ ਹੜ੍ਹ ਦਾ ਕਹਿਰ।
ਭਾਰਤ ਦੇ ਉੱਤਰ-ਪੱਛਮ ਵਿਚ ਜਿੱਥੇ ਲੋਕ ਗਰਮੀ ਦੇ ਮੌਸਮ ਵਿਚ ਪਾਣੀ (ਵਰਖਾ) ਲਈ ਤਰਸ ਰਹੇ ਹਨ, ਉੱਥੇ ਹੀ ਪੂਰਬ-ਉੱਤਰ ਆਸਾਮ ਵਿਚ ਪਿਛਲੇ ਦਿਨੀਂ ਗੰਭੀਰ ਹੜ੍ਹ ਦੀ ਸਥਿਤੀ ਪੈਦਾ ਹੋ ਗਈ। ਤਾਪਮਾਨ ਵਧਣ ਕਰਕੇ ਗਲੇਸ਼ੀਅਰ ਵੀ ਤੇਜ਼ੀ ਨਾਲ ਪਿਘਲ ਰਹੇ ਹਨ ਜਿਸ ਕਾਰਨ ਸਮੁੰਦਰ ਦਾ ਜਲ ਪੱਧਰ ਵਧ ਰਿਹਾ ਹੈ। ਮੌਸਮ ਅਤੇ ਰੁੱਤਾਂ ’ਚ ਲਗਾਤਾਰ ਵਿਗਾੜ ਪੈਦਾ ਹੋ ਰਿਹਾ ਹੈ, ਹਰ ਸਾਲ ਤਾਪਮਾਨ ’ਚ ਵਾਧਾ ਹੋ ਰਿਹਾ ਹੈ, ਗਲੇਸ਼ੀਅਰਾਂ ’ਚੋਂ ਬਰਫ਼ ਪਿਘਲ ਰਹੀ ਹੈ, ਠੰਢ ਦਾ ਮੌਸਮ ਲਗਾਤਾਰ ਘਟ ਰਿਹਾ ਹੈ, ਮਾਨਸੂਨ ਗੜਬੜਾ ਗਿਆ ਹੈ, ਫ਼ਸਲਾਂ ਦੇ ਝਾੜ ਘਟ ਰਹੇ ਹਨ, ਕਈ ਤਰ੍ਹਾਂ ਦੀਆਂ ਨਵੀਆਂ ਬਿਮਾਰੀਆਂ ਫੈਲ ਰਹੀਆਂ ਹਨ ਅਤੇ ਗਰਮੀ ਨਾਲ ਮਰਨ ਵਾਲਿਆਂ ਦੀ ਗਿਣਤੀ ’ਚ ਲਗਾਤਾਰ ਵਾਧਾ ਹੋ ਰਿਹਾ ਹੈ।
ਬੁਢਲਾਡਾ, ਮਾਨਸਾ
ਡਾ. ਵਨੀਤ ਸਿੰਗਲਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ