ਬੱਚਿਆਂ ਨੂੰ ਦੇਈਏ ਚੰਗੇ ਸੰਸਕਾਰ

ਬੱਚਿਆਂ ਨੂੰ ਦੇਈਏ ਚੰਗੇ ਸੰਸਕਾਰ

ਸਾਡਾ ਪੰਜਾਬੀਆਂ ਦਾ ਸੁਭਾਅ ਹੈ ਕਿ ਜਦੋ ਅਸੀਂ ਗੱਡੀ ਫੜਨੀ ਹੁੰਦੀ ਹੈ ਤਾਂ ਸਮੇਂ ਤੋਂ ਬਹੁਤ ਪਹਿਲਾਂ ਰੇਲਵੇ ਸਟੇਸ਼ਨ ‘ਤੇ ਪੁੱਜ ਜਾਂਦੇ ਹਾਂ ਤੇ ਉਥੇ ਜਾਕੇ ਗੱਡੀ ਦੀ ਉਡੀਕ ਕਰਦੇ ਸੌਂ ਜਾਂਦੇ ਹਾਂ ਗੱਡੀ ਆਉਂਦੀ ਹੈ ਤੇ ਦਗੜ-ਦਗੜ ਕਰਦੀ ਲੰਘ ਜਾਂਦੀ ਹੈ ਫੱਟੇ ਤੋਂ ਜਦੋਂ ਤ੍ਰਬਕ ਕੇ ਉੱਠਦੇ ਹਾਂ, ਉਦੋਂ ਤੱਕ ਗੱਡੀ ਅੱਖਾਂ ਤੋ ਓਝਲ ਹੋ ਗਈ ਹੁੰਦੀ ਹੈ ਤੇ ਅਸੀਂ ਪਛਤਾਵੇ ‘ਚ ਹੱਥ ਮਲਦੇ ਹੀ ਰਹਿ ਜਾਂਦੇ ਹਾਂ। (Give Good Rites Children)

ਔਲਾਦ ਪ੍ਰਤੀ ਪੰਜਾਬੀਆਂ ਦੀ ਸੋਚ ਵੀ ਕੁਝ ਇਸੇ ਤਰ੍ਹਾਂ ਦੀ ਹੀ ਬਣੀ ਹੋਈ ਹੈ ਔਲਾਦ ਨੂੰ ਮਹਿੰਗੀ ਸਿੱਖਿਆ , ਮਹਿੰਗੀ ਟਿਊਸ਼ਨ , ਮਹਿੰਗਾ ਮੋਬਾਇਲ, ਖੁੱਲ੍ਹਾ ਜ਼ੇਬ ਖਰਚ ਦੇਣ ‘ਚ ਮਾਪੇ ਕੋਈ ਕਸਰ ਨਹੀਂ ਛੱਡਦੇ, ਪਰ ਜਦਂੋ ਨੈਤਿਕ ਸਿੱਖਿਆ ,ਸਮਾਂ , ਸਾਧਨ ਤੇ ਸ਼ਕਤੀ ਦੀ ਸਹੀ ਵਰਤੋਂ ਕਰਨ ਦੀ ਜਾਚ , ਸਮਾਜਿਕ ਗਿਆਨ, ਰਹਿਣ-ਸਹਿਣ ਦੀ ਜਾਚ, ਭਾਈਚਾਰਕ ਤੰਦਾਂ ਨੂੰ ਮਜ਼ਬੂਤ ਕਰਨ ਦੀ ਵਿਉਂਤਬੰਦੀ , ਕੁਸੰਗਤ ਪ੍ਰਤੀ ਪਹਿਰੇਦਾਰੀ ਦੀ ਗੱਲ ਆਉਂਦੀ ਹੈ ਤਾਂ ਉੱਥੇ ਮਾਪਿਆਂ ਵੱਲੋਂ ਘੇਸਲ ਮਾਰ ਲਈ ਜਾਂਦੀ ਹੈ ਜਿਸ ਦਾ ਮਾਰੂ ਅਸਰ ਅਜਿਹਾ ਹੁੰਦਾ ਹੈ ਕਿ ਔਲਾਦ ਗਲਤ ਹੱਥਾਂ ‘ਚ ਜਾਕੇ ਸਿਰਫ ਆਪਣਾ ਭਵਿੱਖ ਹੀ ਨਹੀਂ ਧੁਆਂਖਦੀ, ਸਗੋਂ ਮਾਪਿਆਂ ਦੀਆਂ ਰੀਝਾਂ , ਚਾਵਾਂ , ਭਵਿੱਖ ਪ੍ਰਤੀ ਸਿਰਜੇ ਸੁਪਨੇ, ਸਭ  ਮਲੀਆ-ਮੇਟ ਹੋ ਜਾਂਦਾ ਹੈ।

ਬੱਚਿਆਂ ਨੂੰ ਦੇਈਏ ਚੰਗੇ ਸੰਸਕਾਰ

ਦਰਅਸਲ ਨੌਜਵਾਨਾਂ ਦਾ ਪ੍ਰਵਾਹ ਹੜ੍ਹਾਂ ਦੇ ਪਾਣੀ ਵਰਗਾ ਹੁੰਦਾ ਹੈ ਜੇਕਰ ਹੜ੍ਹਾਂ ਦੇ ਪਾਣੀ ਨੂੰ ਬੰਨ੍ਹ ਲਾ ਕੇ ਤਰਤੀਬ ਨਾਲ ਰਜਵਾਹਿਆਂ, ਨਾਲਿਆਂ ਤੇ ਨਹਿਰਾਂ ‘ਚ ਪਾਇਆ ਜਾਵੇ ਤਾਂ ਪਾਣੀ ਦੀ ਸੁਚੱਜੀ ਵਰਤੋਂ ਕੀਤੀ ਜਾ ਸਕਦੀ ਹੈ, ਪਰ ਜੇਕਰ ਅਜਿਹਾ ਸੰਭਵ ਨਾ ਹੋਵੇ ਤਾਂ ਹੜ੍ਹਾਂ ਦਾ ਪਾਣੀ ਜਿੱਥੇ ਵਸਦੇ ਘਰਾਂ ਦਾ ਬੇਪਨਾਹ ਨੁਕਸਾਨ ਕਰੇਗਾ, ਉਥੇ ਹੀ ਫਸਲਾਂ ਨੂੰ ਵੀ ਬਰਬਾਦ ਕਰ ਦੇਵੇਗਾ ਇਹ ਸਬੂਤ ਸਾਡੇ ਸਾਹਮਣੇ ਹੈ ਕਿ ਲੜਕੀਆਂ ਦਾ ਵੱਡਾ ਹਿੱਸਾ ਸਿੱਖਿਆ ਦੇ ਖੇਤਰ ਦੇ ਨਾਲ ਨਾਲ ਕਿਰਤ ਪ੍ਰਤੀ ਸੰਜੀਦਾ, ਆਗਿਆਕਾਰ, ਹਉਮੈ ਤੋਂ ਦੂਰ , ਟੀਚਾ ਹਾਸਲ ਕਰਨ ਦੀ ਤੀਬਰਤਾ ਤੇ ਦ੍ਹਿੜ ਸੰਕਲਪ ਦੀ ਧਾਰਨੀ ਹੋ ਕੇ ਜਿੰਦਗੀ ਦੀ ਦੌੜ ‘ਚ ਲੜਕਿਆਂ ਨੂੰ ਪਿੱਛੇ ਛੱਡ ਰਹੀਆਂ ਹਨ।

ਕਾਰਨਾਂ ਦੀ ਘੋਖ ਕੀਤੀ ਜਾਵੇ ਤਾਂ  ਇਹ ਗੱਲ ਸਾਹਮਣੇ ਆਉਂਦੀ ਹੈ ਕਿ ਲੜਕਿਆਂ ਦੇ ਮੁਕਾਬਲੇ ਲੜਕੀਆਂ ਨੂੰ ਸਮਾਜਿਕ ਤੇ ਪਰਿਵਾਰਕ ਪਹਿਰੇਦਾਰੀ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਇਹ ਪਹਿਰੇਦਾਰੀ ਹੀ ਉਨ੍ਹਾਂ ਦੀ ਜਿੰਦਗੀ ਨੂੰ ਬੁਲੰਦੀਆਂ ਛੁਹਣ ਦੀ ਜਾਚ ਸਿਖਾਉਣ ‘ਚ ਸਹਾਈ ਹੁੰਦੀ ਹੈ  ਪਿਛਲੇ ਵਰ੍ਹੇ ਆਈ.ਏ.ਐਸ. ਦੀ ਪ੍ਰੀਖਿਆ ‘ਚ ਸਮੁੱਚੇ ਭਾਰਤ ‘ਚੋਂ ਪਹਿਲੇ ਸਥਾਨ ‘ਤੇ ਆਉਣ ਵਾਲੀ 62% ਅਪੰਗਤਾ ਦਾ ਸ਼ਿਕਾਰ ਲੜਕੀ ਈਰਾ ਸਿੰਘਲ, ਨੂੰ ਜਦੋਂ ਉਸ ਦੀ ਸਫ਼ਲਤਾ ਦਾ ਰਾਜ਼ ਪੁੱਛਿਆ ਗਿਆ ਤਾਂ ਉਸਨੇ ਬੜੇ ਮਾਣ ਨਾਲ ਦੱਸਿਆ ਕਿ ਮਾਤਾ-ਪਿਤਾ ਦੇ ਮਾਰਗਦਰਸ਼ਨ ਕਾਰਨ ਹੀ ਉਹ ਸਫ਼ਲਤਾ ਦੇ ਸਿਖਰ ‘ਤੇ ਪੁੱਜੀ ਹੈ।

ਬੱਚਿਆਂ ਨੂੰ ਦੇਈਏ ਚੰਗੇ ਸੰਸਕਾਰ

ਅੱਜ ਦੀ ਪਦਾਰਥਕ ਦੌੜ ਨੇ ਜਿੱਥੇ ਰਿਸ਼ਤਿਆਂ ਦਾ ਰੰਗ ਫਿੱਕਾ ਕੀਤਾ ਹੈ, ਉਥੇ ਹੀ ਮਾਂ-ਬਾਪ ਨੂੰ ਆਪਣੀ ਔਲਾਦ ਪ੍ਰਤੀ ਗੰਭੀਰ ਜ਼ਿੰਮੇਵਾਰੀਆਂ ਤੋਂ ਵੀ ਬੇਮੁੱਖ ਕਰ ਦਿੱਤਾ ਹੈ ਜਿੰਦਗੀ ਦੀਆਂ ਦੁਸ਼ਵਾਰੀਆਂ ਨਾਲ ਦਸਤਪੰਜਾ ਲੈਣ ਦੀ ਜਾਚ ਔਲਾਦ ਨੇ ਮਾਪਿਆਂ ਤੋਂ ਹੀ ਸਿੱਖਣੀ ਹੁੰਦੀ ਹੈ ਬੱਚਿਆਂ ਦੀ ਮੁੱਢਲੀ ਪਾਠਸ਼ਾਲਾ ਮਾਪੇ ਹਨ ਅਤੇ ਇਸ ਪਾਠਸ਼ਾਲਾ ‘ਚ ਉਨ੍ਹਾਂ ਨੇ ਜਿੰਦਗੀ ਦੀ ਪੜ੍ਹਾਈ ਦੇ ਉਹ ਪਾਠ ਸਿੱਖਣੇ ਹੁੰਦੇ ਹਨ ਜਿਨ੍ਹਾਂ ਦਾ ਪ੍ਰਭਾਵ ਸਾਰੀ ਜਿੰਦਗੀ ‘ਤੇ ਪੈਂਦਾ ਹੈ ਕਿਤਾਬੀ ਪੜ੍ਹਾਈ ‘ਚ ਪਾਠ ਪਹਿਲਾਂ ਦਿੱਤਾ ਜਾਂਦਾ ਹੈ ਤੇ ਪ੍ਰੀਖਿਆ ਬਾਅਦ ‘ਚ ਹੁੰਦੀ ਹੈ ਪਰ ਜਿੰਦਗੀ ਦੀ ਪੜ੍ਹਾਈ ‘ਚ ਪ੍ਰੀਖਿਆ ਪਹਿਲਾਂ ਹੁੰਦੀ ਹੈ ਤੇ ਸਬਕ ਬਾਅਦ ‘ਚ ਮਿਲਦਾ ਹੈ।

ਮਾਂ ਹੀ ਬੱਚੇ ਨੂੰ ਸਿਖਾਉਂਦੀ ਹੈ ਕਿ ਸੰਸਾਰ ਨਾਲ ਕਿਵੇਂ ਵਰਤਣਾ ਹੈ ਤੇ ਬਾਪ ਦੀ ਪ੍ਰੇੇਰਨਾ ਨਾਲ ਹੀ ਬੱਚਾ ਸਿੱਖਦਾ ਹੈ ਕਿ ਸੰਸਾਰ ਨੂੰ ਕਿਵੇਂ ਵਰਤਣਾ ਹੈ ਪਰ ਇਸ ਵੇਲੇ ਤਾਂ ਜਿੰਦਗੀ ਦੀ ਭੱਜ-ਦੌੜ ‘ਚ ਬੱਚੇ ਨੌਕਰਾਂ ਦੇ ਰਹਿਮ ‘ਤੇ ਨਿਰਭਰ ਹੋ ਗਏ ਹਨ ਬੱਚਿਆਂ ਨੂੰ ਖਵਾਉਣ ,ਪਿਆਉਣ ਤੇ ਨਹਾਉਣ ਤੋਂ ਲੈ ਕੇ ਸਕੂਲ ਛੱਡਣ ਤੱਕ ਦੀ ਜਿੰਮਵਾਰੀ ਨੌਕਰਾਂ ‘ਤੇ ਛੱਡਣ ਕਾਰਨ ਬੱਚਿਆਂ ਨਾਲ ਮਾਪਿਆਂ ਦਾ ਮੋਹ, ਸਤਿਕਾਰ ਤੇ ਅਪਣੱਤ ਦੇ ਰਿਸ਼ਤੇ ‘ਚ ਤਰੇੜ ਆ ਗਈ ਹੈ ਪਦਾਰਥਕ ਦੌੜ ‘ਚ ਬਹੁਤ ਮਾਪੇ ਆਪਣੀ ਫੁੱਲੀ ਹੋਈ ਜੇਬ ਨੂੰ ਹੀ ਜਿੰਦਗੀ ਦੀ ਅਹਿਮ ਪ੍ਰਾਪਤੀ ਸਮਝ ਕੇ ਆਪਣੀ ਅਸਲ ਪੂੰਜੀ ਔਲਾਦ ਤੇ ਧਿਆਨ ਕੇਂਦਰਤ ਨਹੀਂ ਕਰ ਰਹੇ।

ਬੱਚਿਆਂ ਨੂੰ ਦੇਈਏ ਚੰਗੇ ਸੰਸਕਾਰ

ਘਰ ਤੇ ਮਕਾਨ ਦੇ ਅੰਤਰ ਨੂੰ ਭੁੱਲ ਕੇ ਮਨੁੱਖ ਕੋਠੀਆਂ ਉਸਾਰਨ, ਮਹਿੰਗੇ ਫਰਨੀਚਰ ਤੇ ਹੋਰ ਸੁਖ ਸਹੂਲਤਾਂ ਦਾ ਸਮਾਨ ਲਿਆਉਣ ਨੂੰ ਹੀ ਅਹਿਮ ਸਮਝਦਾ ਹੈ ਪਰ ਉਹ ਇਹ ਭੁੱਲ ਜਾਂਦਾ ਹੈ ਕਿ ਜਿੱਥੇ ਮੋਹ, ਪਿਆਰ , ਸਤਿਕਾਰ ਤੇ ਇੱਕ- ਦੂਜੇ ਦੇ ਜਜ਼ਬਾਤਾਂ ਦੀ ਕਦਰ ਹੁੰਦੀ ਹੈ, ਉਸ ਨੂੰ ਘਰ ਕਿਹਾ ਜਾਂਦਾ ਹੈ ਤੇ ਜਿੱਥੇ ਇਹ ਸਭ ਕੁਝ ਅਲੋਪ ਹੈ, ਉਥੇ ਆਲੀਸ਼ਾਨ ਕੋਠੀ ਵੀ ਭੂਤਵਾੜਾ ਬਣ ਜਾਂਦੀ ਹੈ ਤੇ ਅਜਿਹੇ ਭੂਤਵਾੜੇ ‘ਚ ਬੱਚੇ ਦੀ ਜਿੰਦਗੀ ਨੂੰ ਗ੍ਰਹਿਣ ਲੱਗਣਾ ਸੁਭਾਵਕ ਹੀ ਹੈ ਏਦਾਂ ਦਾ ਹੀ ਇੱਕ ਬਾਪ ਸਵੇਰੇ ਛੇਤੀ ਡਿਉਟੀ ‘ਤੇ ਜਾਣ ਪਿੱਛੋਂ ਰਾਤ ਨੂੰ ਦੇਰ ਨਾਲ ਘਰ ਪਰਤਦਾ ਆਉਂਦਿਆਂ ਹੀ ਮੋਬਾਇਲ ‘ਤੇ ਲੰਮੀਆਂ ਗੱਲਾਂ ਦੇ ਨਾਲ ਨਾਲ ਟੀ.ਵੀ. ਵੇਖਣ ‘ਚ ਰੁੱਝ ਜਾਂਦਾ ਸੀ

ਬੱਚਿਆਂ ਨੂੰ ਦੇਈਏ ਚੰਗੇ ਸੰਸਕਾਰ

ਉਸ ਦੇ ਬਾਰਾਂ-ਤੇਰਾਂ ਵਰ੍ਹਿਆਂ ਦੇ ਬੱਚੇ ਦੀ ਤੀਬਰ ਇੱਛਾ ਸੀ ਕਿ ਉਹਦਾ ਬਾਪ ਉਹਦੇ ਕੋਲ ਬੈਠੇ, ਮੋਹ ਭਰੀਆਂ ਗੱਲਾਂ ਕਰੇ, ਲਾਡ-ਪਿਆਰ ਕਰੇ ਪੜ੍ਹਾਈ ਸਬੰਧੀ ਕੁਝ ਪੁੱਛੇ ਤੇ ਬਾਹਰ ਘੁੰਮਣ-ਫਿਰਨ ਲਈ ਲੈ ਕੇ ਜਾਵੇ ਪਰ ਉਸ ਦੀਆਂ ਇਹ ਇੱਛਾਵਾਂ ਦਮ ਤੋੜ ਰਹੀਆਂ ਸਨ ਇੱਕ ਦਿਨ ਦਫ਼ਤਰੋਂ ਪਰਤੇ ਪਿਤਾ ਨੂੰ ਉਸ ਨੇ ਪੁੱਛਿਆ, ਡੈਡੀ, ਤੁਹਾਨੂੰ ਦਫ਼ਤਰ ‘ਚ ਇੱਕ ਘੰਟਾ ਕੰਮ ਕਰਨ ਦੇ ਕਿੰਨੇ ਰੁਪਏ ਮਿਲਦੇ ਹਨ ਬਾਪ ਨੇ ਜਵਾਬ ਦਿੱਤਾ, ‘ਤਿੰਨ ਕੁ ਸੌ ਰੁਪਏ’ ਕੁਝ ਦਿਨਾਂ ਬਾਅਦ ਜਦੋਂ ਉਸ ਦਾ ਬਾਪ ਦਫ਼ਤਰੋਂ ਆਇਆ ਤਾਂ ਬੱਚੇ ਨੇ ਆਪਣੀ ਗੋਲਕ ‘ਚ ਇਕੱਠੇ ਕੀਤੇ ਤਿੰਨ ਸੌ ਰੁਪਏੂੰ ਦਿੰਦਿਆਂ ਗੱਚ ਭਰਕੇ ਕਿਹਾ, ”ਡੈਡੀ ਇਹ ਤਿੰਨ ਸੌ ਰੁਪਏ ਲੈ ਲਵੋ, ਕੱਲ੍ਹ ਨੂੰ ਤੁਸੀਂ ਦਫਤਰੋਂ ਇੱਕ ਘੰਟਾ ਪਹਿਲਾਂ ਆ ਜਾਣਾ, ਮੇਰਾ ਤੁਹਾਡੇ ਨਾਲ ਬਹਿ ਕੇ ਰੋਟੀ ਖਾਣ ਨੂੰ ਜੀਅ ਕਰਦੈ…” ਬੱਚੇ ਦੀ ਮਾਸੂਮੀਅਤ ਭਰੇ ਤਰਲੇ ਸਾਹਮਣੇ ਬਾਪ ਆਪਣੀ ਪਹਾੜ ਜਿੱਡੀ ਗਲਤੀ ‘ਤੇ ਖੂਨ ਦੇ ਅੱਥਰੂ ਕੇਰ ਰਿਹਾ ਸੀ।

ਬੱਚਿਆਂ ਨੂੰ ਦੇਈਏ ਚੰਗੇ ਸੰਸਕਾਰ

ਸਾਨੂੰ ਗੰਭੀਰ ਹੋ ਕੇ ਚਿੰਤਨ ਕਰਨ ਦੀ ਲੋੜ ਹੈ ਕਿ ਅੱਜ ਦੀ ਨੌਜਵਾਨ ਪੀੜ੍ਹੀ ਦਾ ਵੱਡਾ ਹਿੱਸਾ ਆਪਣੀ ਤਾਕਤ ਨੂੰ ਦਰਿੰਦਗੀ ਦਾ ਰੂਪ ਦੇਕੇ ਖੁਸ਼ੀ ‘ਚ ਚਾਂਘਰਾਂ ਕਿਉਂ ਮਾਰ ਰਿਹਾ ਹੈ ਅਜਿਹੀ ਖੂੰਖਾਰ ਖੇਡ ਦੀ ਜਾਚ ਉਹਨੇ ਕਿੱਥੋਂ ਸਿੱਖੀ ਹੈ? ਉਸਨੇ ਨੈਤਿਕ ਕਦਰਾਂ ਕੀਮਤਾਂ ਤੋਂ ਕਿਨਾਰਾ ਕਿਉਂ ਕੀਤੈ? ਦਰਅਸਲ ਬਹੁਤ ਸਾਰੇ ਘਰਾਂ ‘ਚ ਬੱਚਿਆਂ ਨੂੰ ਚੀਕਾਂ, ਗਾਲ੍ਹਾਂ ਦੀ ਵਾਛੜ ਤੇ ਹਾਸਿਆਂ ‘ਚ ਰਲੀ-ਮਿਲੀ ਜਿੰਦਗੀ ਦੇ ਦਰਸ਼ਨ ਹੁੰਦੇ ਹਨ ਕਠੋਰਵਾਦੀ, ਸੱਭਿਅਤਾਹੀਨ ਗਾਲ੍ਹਾਂ, ਰੋਣ-ਪਿੱਟਣ ਵਾਲੇ ਸੀਰੀਅਲ, ਖੂਨ-ਖਰਾਬੇ ਵਾਲੀਆਂ ਫਿਲਮਾਂ ਨਾਲ ਭਲਾਂ ਬੱਚੇ ਦੀ ਮਾਨਸਿਕਤਾ ਦਾ ਰੁਖ਼ ਕਿਸ ਪਾਸੇ ਵੱਲ ਹੋਵੇਗਾ

ਦਰਅਸਲ ਬੱਚਿਆਂ ਨੂੰ ਮੋਹ-ਪਿਆਰ, ਸਤਿਕਾਰ, ਦੁਲਾਰ ਤੇ ਹਵਸ ਦੇ ਫਰਕ ਨੂੰੰ ਪਛਾਨਣ ਦੀ ਜਾਚ ਮਾਪਿਆਂ ਨੇ ਹੀ ਦੇਣੀ ਹੁੰਦੀ ਹੈ ਬੱਚਿਆਂ ਅੰਦਰ ਸਵੈ-ਵਿਸ਼ਵਾਸ, ਉਸਾਰੂ ਤੇ ਸਵੈ-ਚਿੰਤਨ ਦੇ ਸੰਸਕਾਰ ਭਰਨ ਦੀ ਜਿੰਮੇਵਾਰੀ ਮਾਪਿਆਂ ਦੀ ਹੈ, ਘਰੇਲੂ ਨੌਕਰਾਂ ਦੀ ਨਹੀਂ ਹਰ ਘਰ ‘ਚ ਚੇਤਨਾ ਦਾ ਦੀਵਾ ਜਗਾਉਣ ਦੀ ਲੋੜ ਹੈ ਸਵੈ-ਚਿੰਤਨ , ਸਵੈ-ਮੁਲਾਂਕਣ ਦੀ ਜਾਚ ਬੱਚਿਆਂ ਨੁੰ ਟੋਕਣ ਨਾਲ ਨਹੀਂ, ਸਗੋਂ ਮਾਪਿਆਂ ਵੱਲ ਵੇਖ-ਵੇਖ ਕੇ ਆਉਂਦੀ ਹੈ ਬੱਚੇ ਕਹਿਣ-ਸੁਣਨ ਨਾਲੋਂ ਨਕਲ ਕਰਨ ਨੁੰ ਤਰਜ਼ੀਹ ਦਿੰਦੇ ਹਨ ਤੇ ਜੇਕਰ ਮਾਪੇ ਔਲਾਦ ਤੇ ਸਮਾਜ ਲਈ ਰੋਲ ਮਾਡਲ ਦਾ ਫਰਜ਼ ਨਿਭਾਉਣਗੇ ਤਾਂ ਬੱਚੇ ਨਕਲ ਕਰਦਿਆਂ ਉਨ੍ਹਾਂ ਦੇ ਪਦ ਚਿੰਨ੍ਹਾਂ ‘ਤੇ ਜਰੂਰ ਚੱਲਣਗੇ

ਬੱਚਿਆਂ ਨੂੰ ਦੇਈਏ ਚੰਗੇ ਸੰਸਕਾਰ

ਸਰਵੇਖਣ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਜ਼ਿਆਦਾਤਰ ਬੱਚੇ ਵਿਗੜ ਕੇ ਨਸ਼ਿਆਂ ਤੇ ਹੋਰਨਾਂ ਬੁਰੀਆਂ ਆਦਤਾਂ ਦੇ ਸ਼ਿਕਾਰ ਤਾਂ ਹੀ ਹੁੰਦੇ ਹਨ ਜਦੋਂ ਘਰ ਦਾ ਮੁਖੀ ਆਪ ਹੀ ਨੈਤਿਕ ਕਦਰਾ ਕੀਮਤਾਂ ਤੋਂ ਕਿਨਾਰਾਕਸ਼ੀ ਕਰਕੇ ਇੱਕ ਚੰਗਾ ਬਾਪ , ਚੰਗਾ ਪਤੀ ਤੇ  ਚੰਗਾ ਪੁੱਤਰ ਬਣਨ ਦੇ ਫ਼ਰਜ਼ਾਂ ਤੋਂ ਬੇਮੁੱਖ ਹੁੰਦਾ ਹੈ ਬਿਨਾਂ ਸ਼ੱਕ ਬੱਚਿਆਂ ਨੂੰ ਨੈਤਿਕ ਸਿੱਖਿਆ ਦੇਣ ਦੀ ਪਹਿਲੀ ਜਿੰਮੇਵਾਰੀ ਮਾਪਿਆਂ ਦੀ ਹੈ ਜਿੱਥੇ ਮਾਂ-ਬਾਪ ਆਪਣੇ ਫਰਜ਼ਾਂ ਤੇ ਜਿੰਮੇਵਾਰੀਆਂ ਪ੍ਰਤੀ  ਸੁਚੇਤ ਹਨ ਵਕਤ ਕੱਢ ਕੇ ਆਪਣੀ ਅਸਲ ਪੂੰਜੀ  ਔਲਾਦ ‘ਤੇ ਧਿਆਨ ਕੇਂਦਰਤ ਕਰਦੇ ਹਨ, ਉਨ੍ਹਾਂ ਬੱਚਿਆਂ ਦੇ ਵਿਗੜਣ ਦੀ ਨੌਬਤ ਘੱਟ ਹੀ ਆਉਂਦੀ ਹੈ ਤੇ ਅਜਿਹੇ ਬੱਚੇ ਆਪਣੀ ਜਿੰਦਗੀ ‘ਚ ਕਿਰਮਚੀ ਰੰਗ ਭਰਨ ਲਈ ਸੰਘਰਸ਼ ਦਾ ਰਾਹ ਫੜਦੇ ਹਨ।

ਸੁਹਿਰਦ ਮਾਪੇ ਆਪਣੇ ਬੱਚਿਆਂ ਨੂੰ ਸ਼ੁਰੂ ‘ਚ ਹੀ ਧਰਮ, ਕਿਰਤ ਤੇ ਸਾਹਿਤ ਨਾਲ ਜੋੜ ਕੇ ਉਨ੍ਹਾਂ ਦੀ ਜ਼ਿੰਦਗੀ ਦੀ ਨੀਂਹ ਮਜ਼ਬੂਤ ਕਰ ਦਿੰਦੇ ਹਨ ਤੇ ਜੇਕਰ ਨੀਂਹ ਮਜ਼ਬੂਤ ਹੈ ਤਾਂ ਝੱਖੜ, ਮਾਰੂ ਹਨ੍ਹੇਰੀਆਂ, ਦੁਸ਼ਵਾਰੀਆਂ , ਔਕੜਾਂ ਤੇ ਮੁਸ਼ਕਲਾਂ ਦਾ ਮੁਕਾਬਲਾ ਕਰਦਿਆਂ ਉਹ ਜਰੂਰ ਹੀ ਸਰਵਨ ਪੁੱਤ ਬਣਨਗੇ।

ਮੋਹਨ ਸ਼ਰਮਾ
 ਪ੍ਰੋਜੈਕਟ ਡਾਇਰੈਕਟਰ,
ਨਸ਼ਾ ਛੁਡਾਊ ਹਸਪਤਾਲ, ਸੰਗਰੂਰ
ਮੋ: 94171-48866

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ