ਕਬੱਡੀ ਤੋਂ ਸਿਆਸਤ ਵੱਲ : ਗੁਲਜ਼ਾਰੀ ਮੂਣਕ
ਜ਼ਿਲ੍ਹਾ ਸੰਗਰੂਰ ਦੇ ਕਸਬਾ ਮੂਣਕ ਵਿਖੇ 7 ਸਤੰਬਰ 1980 ਨੂੰ ਪਿਤਾ ਸ੍ਰ. ਨੱਥਾ ਸਿੰਘ ਦੇ ਘਰ ਮਾਤਾ ਸ੍ਰੀਮਤੀ ਚਰਨਜੀਤ ਕੌਰ ਦੀ ਕੁੱਖੋਂ ਜਨਮਿਆ ਗੁਲਜ਼ਾਰ ਸਿੰਘ ਪੰਜਾਬੀਆਂ ਦੀ ਮਾਣਮੱਤੀ ਖੇਡ ਕਬੱਡੀ ‘ਚ ਧਰੂ ਤਾਰੇ ਵਾਂਗ ਚਮਕਣ ਤੋਂ ਬਾਅਦ ਪੰਜਾਬ ਦੀ ਸਿਆਸਤ ਦਾ ਵੀ ਸਰਗਰਮ ਚਿਹਰਾ ਬਣ ਚੁੱਕਿਆ ਹੈ ।ਗੁਲਜ਼ਾਰ ਦਾ ਵੱਡਾ ਭਰਾ ਜਵਾਹਰ ਸਿੰਘ ਵੀ ਕਬੱਡੀ ਦਾ ਵਧੀਆ ਖਿਡਾਰੀ ਰਿਹਾ ਹੈ, ਜਿਸ ਨੂੰ ਵੇਖ ਕੇ ਗੁਲਜ਼ਾਰੀ ਅਤੇ ਛੋਟੇ ਭਰਾ ਗੁਰਪਾਲ ਪਾਲੀ ਨੂੰ ਵੀ ਕਬੱਡੀ ਨਾਲ ਜੁੜਨ ਦੀ ਚਿਣਗ ਲੱਗ ਗਈ । ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੂਣਕ ਤੋਂ ਬਾਰਵੀਂ ਤੱਕ ਦੀ ਵਿੱਦਿਆ ਹਾਸਲ ਕਰਨ ਵਾਲੇ ਗੁਲਜ਼ਾਰੀ ਨੇ ਸਕੂਲੀ ਪੜ੍ਹਾਈ ਦੌਰਾਨ ਮਾਸਟਰ ਗੁਰਬਖਸ਼ ਸਿੰਘ ਦੀ ਪ੍ਰੇਰਨਾ ਸਦਕਾ ਨੈਸ਼ਨਲ ਸਟਾਈਲ ਕਬੱਡੀ ਵਿੱਚ ਜ਼ੋਰ ਅਜ਼ਮਾਉਣੇ ਸ਼ੁਰੂ ਕਰ ਦਿੱਤੇ ।
28 ਕਿੱਲੋ ਵਜ਼ਨੀ ਮੁਕਾਬਲਿਆਂ ‘ਚ ਪਹਿਲੀ ਵਾਰ ਬਤੌਰ ਰੇਡਰ ਪੈਰ ਧਰਿਆ
ਅੱਠਵੀਂ ਜਮਾਤ ‘ਚ ਪੜ੍ਹਦੇ ਗੁਲਜ਼ਾਰੀ ਨੂੰ ਦਾਇਰੇ ਵਾਲੀ ਕਬੱਡੀ ਬਾਰੇ ਬਹੁਤਾ ਗਿਆਨ ਨਹੀਂ ਸੀ, ਪਰ ਉਸਨੇ ਵੱਡੇ ਭਰਾ ਜਵਾਹਰ ਸਿੰਘ ਅਤੇ ਪਿੰਡ ਦੇ ਸੀਨੀਅਰ ਖਿਡਾਰੀਆਂ ਹੰਸਰਾਜ ਲਾਸੀ, ਜਸਬੀਰ ਮੁਰਲੀ, ਭੋਲੂ ਅਤੇ ਬੌਬੀ ਰਾਓ ਨਾਲ ਮਿਲਕੇ ਨੇੜਲੇ ਪਿੰਡ ਹਮੀਰਗੜ੍ਹ ਦੇ ਕਬੱਡੀ ਮੇਲੇ ‘ਤੇ 28 ਕਿੱਲੋ ਵਜ਼ਨੀ ਮੁਕਾਬਲਿਆਂ ‘ਚ ਪਹਿਲੀ ਵਾਰ ਬਤੌਰ ਰੇਡਰ ਪੈਰ ਧਰਿਆ । ਭਾਵੇਂ ਉਸ ਟੂਰਨਾਮੈਂਟ ‘ਚ ਮੂਣਕ ਦੀ ਟੀਮ ਹਾਰ ਗਈ, ਪਰ ਦਰਸ਼ਕਾਂ ਵੱਲੋਂ ਮਿਲੇ ਹੌਸਲੇ ਨੇ ਗੁਲਜ਼ਾਰੀ ਅੰਦਰ ਇੱਕ ਅਜਿਹਾ ਜਨੂੰਨ ਪੈਦਾ ਕਰ ਦਿੱਤਾ ਕਿ ਫਿਰ ਉਸਨੇ ਦੂਰ-ਦੁਰਾਡੇ ਦੇ ਖੇਡ ਮੇਲਿਆਂ ‘ਤੇ ਵੀ ਜਾਣਾ ਆਰੰਭ ਦਿੱਤਾ ।
ਜ਼ਿਕਰਯੋਗ ਹੈ ਕਿ ਇੱਕ ਵਾਰ ਗੁਲਜ਼ਾਰੀ, ਗਊਸ਼ਾਲਾ ਵਾਲੀ ਸੜਕ’ ਤੇ ਆਪਣੇ ਸਾਥੀਆਂ ਨਾਲ ਦੌੜ ਲਗਾ ਰਿਹਾ ਸੀ ਤਾਂ ਉਨ੍ਹਾਂ ਨੂੰ ਰਸਤੇ ਵਿੱਚ ਜ਼ਖ਼ਮੀ ਹੋਈਆਂ ਗਊਆਂ ਮਿਲੀਆਂ, ਉਹ ਉਨ੍ਹਾਂ ਦੀ ਮੱਦਦ ਲਈ ਗਊਸ਼ਾਲਾ ਦੇ ਪ੍ਰਬੰਧਕਾਂ ਕੋਲ ਚਲੇ ਗਏ । ਗਊਸ਼ਾਲਾ ਵਿੱਚ ਗਊਆਂ ਦੀ ਸੰਭਾਲ ਲਈ ਹਰੇ-ਚਾਰੇ ਜਾਂ ਹੋਰ ਪ੍ਰਬੰਧਾਂ ਦੀ ਘਾਟ ਨਹੀਂ ਸੀ, ਪਰ ਸੇਵਾਦਾਰਾਂ ਦੀ ਬਹੁਤ ਕਮੀ ਸੀ। ਉਸੇ ਦਿਨ ਤੋਂ ਹੀ ਭਾਵੁਕ ਹੋ ਕੇ ਗੁਲਜ਼ਾਰੀ ਗਊਸ਼ਾਲਾ ‘ਚ ਸੇਵਾ ਕਰਨ ਜਾਣ ਲੱਗਾ ਅਤੇ ਥੋੜ੍ਹੇ ਹੀ ਸਮੇਂ ‘ਚ ਉਹ ਗਊਸ਼ਾਲਾ ਦਾ ਪੱਕਾ ਸ਼ਰਧਾਲੂ ਬਣ ਗਿਆ, ਜਿੱਥੋਂ ਉਸ ਨੂੰ ਬ੍ਰਹਮਲੀਨ ਬਾਬਾ ਬਾਬੂ ਰਾਮ ਮੋਨੀ ਜੀ ਕੋਲੋਂ ਇਮਾਨਦਾਰੀ ਨਾਲ ਕਿਰਤ ਕਰਨ ਦੀ ਸਿੱਖਿਆ ਮਿਲੀ ।
From Kabaddi to Politics: Gulzari Munak
ਘਰ ਦੇ ਆਰਥਿਕ ਹਾਲਾਤ ਕਮਜ਼ੋਰ ਹੋਣ ਕਾਰਨ ਗੁਲਜ਼ਾਰੀ ਨੇ ਆਪਣੇ ਜੀਵਨ ਦੌਰਾਨ ਬਹੁਤ ਔਖਿਆਈਆਂ ਦੇਖੀਆਂ । ਉਸ ਕੋਲ ਟੂਰਨਾਮੈਂਟ ‘ਤੇ ਜਾਣ ਲਈ ਖਰਚਾ ਨਹੀਂ ਹੁੰਦਾ ਸੀ, ਇਸ ਲਈ ਉਹ ਸਕੂਲ ਤੋਂ ਵਿਹਲੇ ਸਮੇਂ ਦੌਰਾਨ ਹਾੜੀ-ਸਾਉਣੀ ਦੇ ਸੀਜ਼ਨ ‘ਚ ਦਿਹਾੜੀ ‘ਤੇ ਚਲਾ ਜਾਂਦਾ, ਪਰ ਕਦੇ ਸਿਰੜ ਨਹੀਂ ਛੱਡਿਆ ।
ਉਸਤਾਦ ਹੰਸਰਾਜ ਲਾਸੀ ਤੋਂ ਕਬੱਡੀ ਦੇ ਮੁੱਢਲੇ ਗੁਰ ਸਿੱਖਣ ਵਾਲੇ ਗੁਲਜ਼ਾਰੀ ਨੇ 28, 32, 35, 42, 47, 52, 57 ਤੇ 62 ਕਿੱਲੋ ਦੇ ਵਜ਼ਨੀ ਮੁਕਾਬਲੇ ਖੇਡਦਿਆਂ ਇਲਾਕੇ ਵਿੱਚ ਚੋਖੀ ਪਹਿਚਾਣ ਬਣਾ ਲਈ। ਕਬੱਡੀ ‘ਚ ਚੰਦ ਵਾਂਗ ਚਮਕਣ ਵਾਲੇ ਗੁਲਜ਼ਾਰੀ ਨੇ ਕੁਝ ਸਮਾਂ ਨਾਮਵਰ ਕੋਚ ਕੁਲਵੰਤ ਸਿੰਘ ਭਲਵਾਨ ਕੋਲ ਵੀ ਸਖਤ ਅਭਿਆਸ ਕੀਤਾ ।
ਕੁਲਵੰਤ ਭਲਵਾਨ ਨੇ ਪਾਰਖੂ ਅੱਖ ਨਾਲ ਵੇਖਦਿਆਂ ਗੁਲਜ਼ਾਰੀ ਨੂੰ ਅਗਲੇਰੀ ਪੜ੍ਹਾਈ ਕਰਨ ਤੇ ਕਬੱਡੀ ਦੇ ਖੇਤਰ ‘ਚ ਹੋਰ ਅਗਾਂਹ ਵਧਣ ਲਈ ਕੋਚ ਸ੍ਰੀ ਮਦਨ ਲਾਲ ਡਡਵਿੰਡੀ ਕੋਲ ਜਾਣ ਦੀ ਸਲਾਹ ਦਿੱਤੀ। ਗੁਲਜ਼ਾਰੀ ਦੀ ਟੀਮ ਨੇ ਇੱਕ ਖੇਡ ਸੀਜ਼ਨ ਦੌਰਾਨ 70 ਮੈਚ ਖੇਡ ਕੇ 69 ਕਿਲੋ ‘ਚ ਜੇਤੂ ਅਤੇ ਇੱਕ ‘ਚ ਸੈਕਿੰਡ ਰਹਿਣ ਦਾ ਕੀਰਤੀਮਾਨ ਸਿਰਜਿਆ । ਫਿਰ ਉਸ ਨੇ ਭੀਖੀ (ਮਾਨਸਾ) ਦੇ ਖੇਡ ਮੇਲੇ ‘ਤੇ 62 ਕਿੱਲੋ ਭਾਰ ਵਰਗ ਦਾ ਮੁਕਾਬਲਾ ਜਿੱਤਣ ਉਪਰੰਤ ਵਜ਼ਨੀ ਕਬੱਡੀ ਨੂੰ ਅਲਵਿਦਾ ਆਖ ਦਿੱਤਾ ਅਤੇ ਅੱਗੇ ਤੋਂ ਸਿਰਫ ਓਪਨ ਕਬੱਡੀ ਖੇਡਣ ਦੀ ਠਾਣ ਲਈ । ਸੰਨ 1999 ਦੌਰਾਨ 59 ‘ਕੁ ਕਿੱਲੋ ਵਜ਼ਨ ਵਾਲਾ ਗੁਲਜ਼ਾਰੀ, ਆਪਣੇ ਦੋਸਤ ਸਵ. ਗੋਲਡੀ ਘੱਗਾ ਨਾਲ ਮਿਲਕੇ ਡੀ.ਏ.ਵੀ ਕਾਲਜ ਬਠਿੰਡਾ ਦੇ ਪ੍ਰੋ.ਮਦਨ ਲਾਲ ਡਡਵਿੰਡੀ ਦੇ ਲੜ ਲੱਗ ਗਿਆ ।
From Kabaddi to Politics: Gulzari Munak
ਸਾਲ 2000 ਦੌਰਾਨ ਗੁਲਜ਼ਾਰੀ ਨੇ ਬਾਜਾਖਾਨਾ ਵਿਖੇ ਮਰਹੂਮ ਹਰਜੀਤ ਬਰਾੜ ਦੀ ਯਾਦ ‘ਚ ਕਰਵਾਏ ਗਏ ਟੂਰਨਾਮੈਂਟਾਂ ਤੇ ਚੈਂਪੀਅਨ ਬਣੀ ਡੀ.ਏ.ਵੀ ਮਾਲਵਾ ਕਲੱਬ ਬਠਿੰਡਾ ਵੱਲੋਂ ਪਹਿਲੀ ਵਾਰ ਖੇਡਣ ਦਾ ਮਾਣ ਹਾਸਲ ਕੀਤਾ । ਫਿਰ ਉਹ ਨੈਸ਼ਨਲ ਅਤੇ ਸਰਕਲ ਕਬੱਡੀ ਦੇ ਅੰਤਰ ਕਾਲਜ ਮੁਕਾਬਲਿਆਂ ਵਿੱਚ ਵੀ ਡੀ.ਏ.ਵੀ ਦੀ ਟੀਮ ਦਾ ਸਿਰਕੱਢ ਮੈਂਬਰ ਬਣਦਾ ਰਿਹਾ ।
ਕਬੱਡੀ ਤੋਂ ਇਲਾਵਾ ਕਬੂਤਰ ਪਾਲਣ ਅਤੇ ਗਊਆਂ ਦੀ ਸੇਵਾ ਕਰਨ ਵਾਲਾ ਗੁਲਜ਼ਾਰੀ 2002 ਦੇ ਵਰ੍ਹੇ ਦੌਰਾਨ ਮਰਹੂਮ ਖਿਡਾਰੀ ਬਿੱਟੂ ਦੁਗਾਲ ਨੂੰ ਡੀ.ਏ.ਵੀ ਕਾਲਜ ਬਠਿੰਡਾ ਲੈ ਕੇ ਗਿਆ, ਡੀ.ਏ.ਵੀ ਦੀ ਟੀਮ ਵੱਲੋਂ ਖੇਡਦਿਆਂ ਬਿੱਟੂ ਨੇ ਦੁਨੀਆ ਭਰ ਦੇ ਕਬੱਡੀ ਮੈਦਾਨਾਂ ਨੂੰ ਫਤਿਹ ਕੀਤਾ । ਗੁਲਜ਼ਾਰੀ ਦੇ ਇਸ ਅਹਿਸਾਨ ਨੂੰ ਚਿੱਤ ਵਿੱਚ ਸਮੋ ਕੇ ਰੱਖਣ ਵਾਲਾ ਬਿੱਟੂ, ਹਮੇਸ਼ਾ ਹੀ ਗੁਲਜ਼ਾਰੀ ਨੂੰ ਉਸਤਾਦ ਵਜੋਂ ਸਤਿਕਾਰ ਦਿੰਦਾ ਸੀ।
ਗੁਲਜ਼ਾਰੀ ਨੇ ਆਪਣੀ ਟੀਮ ਨੂੰ ਚੈਂਪੀਅਨ ਬਣਾਉਣ ਦੇ ਨਾਲ-ਨਾਲ ਸਰਵੋਤਮ ਧਾਵੀ ਬਣ ਕੇ ਸੋਨੇ ਦਾ ਖੰਡਾ ਜਿੱਤਣ ‘ਚ ਸਫਲਤਾ ਹਾਸਲ ਕੀਤੀ
ਡੀ.ਏ.ਵੀ ਕਾਲਜ ਤੋਂ ਗ੍ਰੈਜੂਏਸ਼ਨ ਕਰਨ ਉਪਰੰਤ ਨੈਸ਼ਨਲ ਕਾਲਜ ਆਫ ਫਿਜ਼ੀਕਲ ਐਜੂਕੇਸ਼ਨ ਚੁਪਕੀ (ਡਾ.ਜੀਤ ਸਿੰਘ) ਤੋਂ ਬੀ. ਪੀ. ਐਡ ਕਰਨ ਵਾਲੇ ਗੁਲਜ਼ਾਰੀ ਨੂੰ 2005 ‘ਚ ਪਹਿਲੀ ਵਾਰ ਵਿਦੇਸ਼ੀ ਧਰਤੀ ਨਿਊਜ਼ੀਲੈਂਡ ਖੇਡਣ ਦਾ ਅਵਸਰ ਪ੍ਰਾਪਤ ਹੋਇਆ । ਨਿਊਜ਼ੀਲੈਂਡ ਵਿਖੇ ਇੰਡੀਆ ਰੈੱਡ ਦੀ ਟੀਮ ਲਈ ਖੇਡਦਿਆਂ ਗੁਲਜ਼ਾਰੀ ਨੇ ਆਪਣੀ ਟੀਮ ਨੂੰ ਚੈਂਪੀਅਨ ਬਣਾਉਣ ਦੇ ਨਾਲ-ਨਾਲ ਸਰਵੋਤਮ ਧਾਵੀ ਬਣ ਕੇ ਸੋਨੇ ਦਾ ਖੰਡਾ ਜਿੱਤਣ ‘ਚ ਸਫਲਤਾ ਹਾਸਲ ਕੀਤੀ । ਇਸੇ ਸਾਲ ਉਹ ਜੱਸਾ ਕਲੱਬ ਵੁਲਵਰਹੈਂਪਟਨ ਵੱਲੋਂ ਇੰਗਲੈਂਡ ਖੇਡਣ ਗਿਆ ਅਤੇ ਪਟਿਆਲਾ ਵਿਖੇ ਹੋਈਆਂ ਪਹਿਲੀਆਂ ਹਿੰਦ-ਪਾਕਿ ਖੇਡਾਂ ਦੀ ਵਿਜੇਤਾ ਬਣੀ ਭਾਰਤੀ ਟੀਮ ਦਾ ਹਿੱਸਾ ਬਣਿਆ ।
ਸੰਨ 2006 ਦੌਰਾਨ ਦਿੜ੍ਹਬਾ ਕੱਪ ਤੇ ਖੇਡਦਿਆਂ ਗੁਲਜ਼ਾਰੀ ਦੇ ਕੰਨ ਦਾ ਪਰਦਾ ਫਟ ਗਿਆ ਅਤੇ 2007 ‘ਚ ਉਸਦੇ ਲੱਤ ਤੇ ਸੱਟ ਲੱਗ ਗਈ, ਜਿਸ ਕਾਰਨ ਉਹ ਦੋ ਸਾਲ (2006-07) ਖੇਡ ਮੈਦਾਨਾਂ ਤੋਂ ਦੂਰ ਰਿਹਾ । 2007 ਦੀ 30 ਮਾਰਚ ਨੂੰ ਗੁਲਜ਼ਾਰੀ ਦੇ ਪਿਤਾ ਜੀ 55 ‘ਕੁ ਸਾਲਾਂ ਦੀ ਉਮਰ ‘ਚ ਦਿਲ ਦਾ ਦੌਰਾ ਪੈਣ ਕਾਰਨ ਸਦਾ ਲਈ ਇਸ ਦੁਨੀਆਂ ਤੋਂ ਰੁਖ਼ਸਤ ਹੋ ਗਏ । ਪਿਤਾ ਦੀ ਬੇਵਕਤੀ ਮੌਤ ਦੇ ਸਦਮੇ ਨੇ ਪੂਰੇ ਪਰਿਵਾਰ ਨੂੰ ਧੁਰ ਅੰਦਰ ਤੱਕ ਝੰਜੋੜ ਕੇ ਰੱਖ ਦਿੱਤਾ ।
From Kabaddi to Politics: Gulzari Munak
ਅਗਲੇ ਸਾਲ 2008 ‘ਚ ਦੁਬਾਰਾ ਸਿਹਤਯਾਬ ਹੋ ਕੇ ਪੰਜਾਬ ਦੇ ਕੱਪਾਂ ਤੇ ਸੁਰਿੰਦਰਪਾਲ ਟੋਨੀ ਦੀ ਖੇਡ ਕਲੱਬ ਕਾਲਖ ਵੱਲੋਂ ਖੇਡਣ ਵਾਲਾ ਗੁਲਜ਼ਾਰੀ ਕੈਨੇਡਾ ਦੇ ਖੇਡ ਮੇਲਿਆਂ ਤੇ ਰਾਜਵੀਰ ਰਾਜੂ ਤੇ ਯੰਗ ਸਪੋਰਟਸ ਕਲੱਬ ਦਾ ਸ਼ਿੰਗਾਰ ਬਣਿਆ । ਸੰਨ 2009 ਦੌਰਾਨ ਗੁਲਜ਼ਾਰੀ ਦਸਮੇਸ਼ ਕਲੱਬ ਨਾਰਵੇ ਨਾਲ ਜੁੜ ਗਿਆ । ਇਸੇ ਵਰ੍ਹੇ ਕੈਨੇਡਾ ‘ਚ ਅਜ਼ਾਦ ਕਲੱਬ ਤੇ ਮੈਟਰੋ ਪੰਜਾਬੀ ਸਪੋਰਟਸ ਕਲੱਬ ਲਈ ਧੁੰਮਾਂ ਪਾਉਣ ਵਾਲਾ ਗੁਲਜ਼ਾਰੀ, ਅਮਰੀਕਾ ਵਿਖੇ ਇੰਡੀਆ ਟੀਮ ਵੱਲੋਂ ਬੱਲੇ-ਬੱਲੇ ਕਰਵਾਉਣ ਲਈ ਗਿਆ ।
ਪਾਕਿਸਤਾਨ ਵਿਰੁੱਧ ਗਿਆਰਾਂ ਅੰਕ
ਹਜ਼ੂਰ ਸਾਹਿਬ (ਨਾਂਦੇੜ) ਵਿਖੇ ਹੋਏ ਭਾਰਤ-ਪਾਕਿਸਤਾਨ ਮੈਚ ‘ਚ ਨੌਨ ਸਟੌਪ ਧਾਵੇ ਬੋਲਣ ਵਾਲਾ ਗੁਲਜ਼ਾਰੀ 2010 ‘ਚ ਯੰਗ ਸਪੋਰਟਸ ਕਲੱਬ ਦੇ ਸੱਦੇ ਤੇ ਕੈਨੇਡਾ ਖੇਡਣ ਗਿਆ । ਪੰਜਾਬ ‘ਚ ਕਰਵਾਏ ਗਏ ਵਿਸ਼ਵ ਕੱਪ-2010 ਦੌਰਾਨ ਗੁਲਜ਼ਾਰੀ ਨੇ ਆਪਣੀ ਬਾ-ਕਮਾਲ ਖੇਡ ਸਦਕਾ ਪਾਕਿਸਤਾਨ ਵਿਰੁੱਧ ਗਿਆਰਾਂ ਅੰਕ ਲੈ ਕੇ ਭਾਰਤੀ ਟੀਮ ਨੂੰ ਜੇਤੂ ਮੰਚ ‘ਤੇ ਪਹੁੰਚਾਉਣ ‘ਚ ਵਡਮੁੱਲਾ ਯੋਗਦਾਨ ਪਾਇਆ। ਇਸ ਕੱਪ ਦੌਰਾਨ ਗੁਲਜ਼ਾਰੀ ਦਾ ਵਿਰੋਧੀ ਖਿਡਾਰੀ ਤੋਂ ਅੰਕ ਬਟੋਰਨ ਤੋਂ ਬਾਅਦ, ਝਕਾਨੀ ਦੇ ਕੇ ਭੱਜਣ ਅਤੇ ਹੰਦਿਆਂ ਕੋਲ ਜਾ ਕੇ ਹਵਾ ‘ਚ ਉੱਛਲਣ ਦੇ ਅੰਦਾਜ਼ ਨੇ ਉਸ ਦੀ ਖੇਡ ਜਗਤ ‘ਚ ਇੱਕ ਵਿਲੱਖਣ ਪਹਿਚਾਣ ਬਣਾ ਦਿੱਤੀ। ਇਸੇ ਲਈ ਖੇਡ ਲੇਖਕ ਡਾ. ਸੁਖਦਰਸ਼ਨ ਸਿੰਘ ਚਹਿਲ ਨੇ ਗੁਲਜ਼ਾਰੀ ਨੂੰ ‘ਐਕਸ਼ਨ ਆਫ ਕਬੱਡੀ’ ਦਾ ਖਿਤਾਬ ਦਿੱਤਾ ।
From Kabaddi to Politics: Gulzari Munak
ਪੰਜਾਬ ਦੇ ਕੱਪਾਂ ਤੇ ਇੱਕ ਸਾਲ ਐਬਟਸਫੋਰਡ ਕਲੱਬ ਗੱਗੜਪੁਰ (ਸੰਗਰੂਰ) ਲਈ ਖੌਫ਼ਨਾਕ ਖੇਡ ਦਿਖਾਉਣ ਵਾਲਾ ਗੁਲਜ਼ਾਰੀ, 2011 ਦੇ ਵਰ੍ਹੇ ਦੌਰਾਨ ਸਾਬੀ ਪੱਤੜ ਨਾਰਵੇ, ਸ੍ਰ.ਹਰਚਰਨ ਸਿੰਘ ਗਰੇਵਾਲ ਅਤੇ ਸਾਬੀ ਪੱਤੜ ਕੈਨੇਡਾ ਦੀ ਬਾਬਤ ਯੂਰਪ ਮਹਾਂਦੀਪ ਦੇ ਭਿੰਨ-ਭਿੰਨ ਮੁਲਕਾਂ ‘ਚ ਆਪਣੀ ਧਮਾਕੇਦਾਰ ਖੇਡ ਦਾ ਲੋਹਾ ਮੰਨਵਾਉਣ ਲਈ ਗਿਆ ਅਤੇ ਉਸਨੂੰ ਵਿਸ਼ਵ ਕੱਪ-2011 ‘ਚ ਦੂਸਰੀ ਵਾਰ ਭਾਰਤ ਦੀ ਨੁਮਾਇੰਦਗੀ ਕਰਨ ਦਾ ਸੁਭਾਗ ਮਿਲਿਆ । ਈਰਾਨ ਵਿਖੇ ਹੋਈ ਪਲੇਠੀ ਕਬੱਡੀ ਏਸ਼ੀਅਨ ਚੈਂਪੀਅਨਸ਼ਿਪ-2011’ਚ ਗੁਲਜ਼ਾਰੀ ਦੀ ਕਪਤਾਨੀ ਹੇਠ ਖੇਡਦਿਆਂ ਭਾਰਤੀ ਟੀਮ ਨੇ ਗੋਲਡ ਮੈਡਲ ਜਿੱਤਣ ਦਾ ਬਿਹਤਰੀਨ ਮਾਅਰਕਾ ਮਾਰਿਆ।
2012 ਦੀ 18 ਫਰਵਰੀ ਨੂੰ ਗੁਲਜ਼ਾਰੀ ਬਠਿੰਡਾ ਦੀ ਵਸਨੀਕ ਬੀਬੀ ਪੂਨਮ ਰਾਣੀ ਨਾਲ ਵਿਆਹ ਬੰਧਨ ‘ਚ ਬੱਝ ਗਿਆ । ਸੰਨ 2013 ਦੌਰਾਨ ਯੂਰਪ ਮਹਾਂਦੀਪ ਦੇ ਅਲੱਗ-ਅਲੱਗ ਦੇਸ਼ਾਂ ‘ਚ ਵਸਦੇ ਕਬੱਡੀ ਪ੍ਰੇਮੀਆਂ ਦੇ ਦਿਲ ਜਿੱਤਣ ਵਾਲੇ ਗੁਲਜ਼ਾਰੀ ਨੂੰ ਇਸੇ ਸਾਲ ਦੇ ਦੂਜੇ ਮਹੀਨੇ ਦੀ ਬਾਰ੍ਹਾਂ ਤਰੀਕ ਨੂੰ ਪ੍ਰਮਾਤਮਾ ਨੇ ਪੁੱਤਰ ਦੀ ਦਾਤ ਬਖਸ਼ੀ, ਜਿਸ ਦਾ ਨਾਂਅ ਹਰਸਮੀਤ ਸਿੰਘ ਰੱਖਿਆ ਗਿਆ ।
ਵਰਲਡ ਕੱਪ-2014 ‘ਚ ਤੀਸਰੀ ਵਾਰ ਭਾਰਤੀ ਟੀਮ ਦਾ ਚਿਹਰਾ ਬਣਿਆ ਗੁਲਜ਼ਾਰੀ ਚੜ੍ਹਦੇ ਪੰਜਾਬ (ਪਾਕਿਸਤਾਨ) ਦੇ ਖੇਡ ਮੈਦਾਨਾਂ ‘ਚ ਵੀ ਆਪਣੀ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਣ ਲਈ ਗਿਆ ।
From Kabaddi to Politics: Gulzari Munak
26 ਅਗਸਤ 2015 ਨੂੰ ਗੁਲਜ਼ਾਰੀ ਦੇ ਘਰ ਦੂਜੇ ਪੁੱਤਰ ਦਾ ਜਨਮ ਹੋਇਆ, ਜਿਸ ਦਾ ਨਾਂਅ ਮਨਮੀਤ ਸਿੰਘ ਰੱਖਿਆ ਗਿਆ ।
ਛੇਵੇਂ ਵਿਸ਼ਵ ਕੱਪ-2016 ਦੌਰਾਨ ਜੇਤੂ ਬਣੀ ਭਾਰਤੀ ਟੀਮ ਦੀ ਪ੍ਰਤੀਨਿਧਤਾ ਕਰਨ ਵਾਲੇ ਗੁਲਜ਼ਾਰੀ ਨੂੰ ਉੱਘੇ ਖੇਡ ਪ੍ਰਮੋਟਰ ਮੋਹਣਾ ਜੋਧਾਂ ਦੇ ਯਤਨਾਂ ਸਦਕਾ ਅਮਰੀਕਾ ਦਾ 10 ਸਾਲਾਂ ਦਾ ਵੀਜ਼ਾ ਮਿਲ ਗਿਆ ।
2017 ‘ਚ ਗ੍ਰੇਵਜ਼ੈਂਡ ਕਲੱਬ ਲਈ ਇੰਗਲੈਂਡ ਖੇਡਣ ਵਾਲੇ ਗੁਲਜ਼ਾਰੀ ਨੇ ਇਸੇ ਸਾਲ ਆਸਟ੍ਰੇਲੀਅਨ ਟੀਮ ਲਈ ਆਸਟਰੇਲੀਆ ਦੇ ਕਬੱਡੀ ਮੇਲਿਆਂ ਤੇ ਆਪਣੀ ਖੂਬਸੂਰਤ ਖੇਡ ਦਾ ਹੁਨਰ ਵਿਖਾਇਆ । 2009 ਤੋਂ ਮੈਲਬੌਰਨ (ਆਸਟ੍ਰੇਲੀਆ) ਵੱਸਦੇ ਗੁਲਜ਼ਾਰੀ ਦੇ ਛੋਟੇ ਭਰਾ ਗੁਰਪਾਲ ਪਾਲੀ (ਕਬੱਡੀ ਖਿਡਾਰੀ) ਨੇ ਵੀ ਗੁਲਜ਼ਾਰੀ ਨਾਲ ਮਿਲਕੇ ਆਸਟ੍ਰੇਲੀਅਨ ਟੀਮ ਨੂੰ ਵਿਜੇਤਾ ਬਣਾਉਣ ‘ਚ ਅਹਿਮ ਭੂਮਿਕਾ ਨਿਭਾਈ । ਦੋਨੋਂ ਸਕੇ ਭਰਾਵਾਂ ਦੀ ਜੋੜੀ ਨੇ ਆਸਟ੍ਰੇਲੀਅਨ ਖੇਡ ਪ੍ਰੇਮੀਆਂ ਤੋਂ ਖੂਬ ਵਾਹ-ਵਾਹ ਖੱਟੀ।
ਬੇਦਾਗ ਸ਼ਖ਼ਸੀਅਤ ਅਤੇ ਚਰਚਿਤ ਖਿਡਾਰੀ
ਇਸੇ ਸਾਲ ਪੰਜਾਬ ‘ਚ ਹੋਈਆਂ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਹਰ ਸਮੇਂ ਐਕਟਿਵ ਰਹਿਣ ਵਾਲੀ ਰਾਜਨੀਤਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਗੁਲਜ਼ਾਰੀ ਨੂੰ ਇੱਕ ਬੇਦਾਗ ਸ਼ਖ਼ਸੀਅਤ ਅਤੇ ਚਰਚਿਤ ਖਿਡਾਰੀ ਹੋਣ ਦੇ ਨਾਤੇ ਆਪਣੀ ਪਾਰਟੀ ਨਾਲ ਜੋੜ ਲਿਆ । ਇੱਕ ਸਧਾਰਨ ਪਰਿਵਾਰ ਨਾਲ ਸਬੰਧਤ ਕਬੱਡੀ ਖਿਡਾਰੀ ਨੂੰ ਪੰਜਾਬ ਦੀ ਸਿਆਸਤ ਵਿੱਚ ਸਰਗਰਮ ਰਹਿਣ ਵਾਲੀ ਪਾਰਟੀ ਵੱਲੋਂ ਪੂਰੇ ਹਲਕੇ ਦੀ ਜ਼ਿੰਮੇਵਾਰੀ ਦੇਣ ਦਾ ਸ਼ਲਾਘਾਯੋਗ ਫ਼ੈਸਲਾ ਕਬੱਡੀ ਜਗਤ ਲਈ ਇੱਕ ਵੱਡਾ ਮਾਣ ਸਾਬਿਤ ਹੋਇਆ । ਰਾਜਨੀਤੀ ‘ਚ ਭਾਵੇਂ ਗੁਲਜ਼ਾਰੀ ਹਲਕਾ ਦਿੜ੍ਹਬਾ ਤੋਂ ਜੇਤੂ ਬਣਨ ਵਿੱਚ ਅਸਫਲ ਰਿਹਾ, ਪਰ ਉਸ ਦੁਆਰਾ ਵਿਖਾਈ ਜਾ ਰਹੀ ਲੋਕਾਂ ਦੀ ਸੇਵਾ-ਭਾਵਨਾ ਅਤੇ ਪਾਰਟੀ ਪ੍ਰਤੀ ਜਜ਼ਬੇ ਨੇ ਹਰ ਇੱਕ ਸ਼ਖ਼ਸ ਨੂੰ ਪ੍ਰਭਾਵਿਤ ਕੀਤਾ ਹੈ ।
From Kabaddi to Politics: Gulzari Munak
ਚੋਟੀ ਦੇ ਖਿਡਾਰੀ ਰਹੇ ਲੱਖਾ ਗਾਜੀਪੁਰ, ਜਗਤਾਰ ਧਨੌਲਾ ਅਤੇ ਮਰਹੂਮ ਬਿੱਟੂ ਦੁਗਾਲ ਦੀ ਖੇਡ ਦਾ ਦੀਵਾਨਾ ਗੁਲਜ਼ਾਰੀ, ਰੁਝੇਵਿਆਂ ਭਰੀ ਜ਼ਿੰਦਗੀ ਗੁਜ਼ਾਰਨ ਦੇ ਬਾਵਜੂਦ ਕਦੇ ਗਊਸ਼ਾਲਾ ਜਾਣਾ ਨਹੀਂ ਭੁੱਲਦਾ। ਇਸ ਧੁਰੰਦਰ ਖਿਡਾਰੀ ਨੂੰ ਹੁਣ ਤੱਕ ਤਿੰਨ ਬੁਲਟ, ਇੱਕ ਮੋਟਰਸਾਈਕਲ ਅਤੇ ਅਨੇਕਾਂ ਵਾਰ ਸੋਨੇ ਦੀਆਂ ਚੈਨੀਆਂ, ਮੁੰਦੀਆਂ ਨਾਲ਼ ਵੱਖ-ਵੱਖ ਕਬੱਡੀ ਮੇਲਿਆਂ ‘ਤੇ ਸਨਮਾਨਿਆਂ ਗਿਆ ਹੈ ।
ਦੋ ਵਾਰ ਹਜ਼ੂਰ ਸਾਹਿਬ (ਨਾਂਦੇੜ) ਦੇ ਕੱਪ ਤੋਂ ਸਰਵੋਤਮ ਧਾਵੀ ਦਾ ਖਿਤਾਬ ਜਿੱਤਣ ਵਾਲਾ ਗੁਲਜ਼ਾਰੀ ਫਤਿਹਪੁਰ ਬੇਰੀ (ਹਰਿਆਣਾ) ਦੇ ਖੇਡ ਮੇਲੇ ਤੋਂ ਵੀ ਅਲਟੋ ਕਾਰ ਜਿੱਤ ਚੁੱਕਿਆ ਹੈ ।
ਸਾਡੀ ਵਾਹਿਗੁਰੂ ਅੱਗੇ ਅਰਦਾਸ ਹੈ ਕਿ ਗਊਆਂ ਦਾ ਸੇਵਾਦਾਰ ਤੇ ਕਬੱਡੀ ਦਾ ਸ਼ੁਦਾਈ ਗੁਲਜ਼ਾਰੀ ਮੂਣਕ ਲੰਮਾ ਸਮਾਂ ਸਮਾਜ ਸੇਵਾ ਨਾਲ ਜੁੜਿਆ ਰਹੇ ਅਤੇ ਜੁਗ-ਜੁਗ ਜੀਵੇ ।
ਪ੍ਰੋਫੈਸਰ ਗੁਰਸੇਵ ਸਿੰਘ ‘ਸੇਵਕ ਸ਼ੇਰਗੜ੍ਹ’
(ਸਰਕਾਰੀ ਮਹਿੰਦਰਾ ਕਾਲਜ ਪਟਿਆਲਾ)
+91 94642 25126
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.