ਮੈਗਾ ਟੀਕਾਕਰਨ ਮੁਹਿੰਮ ਨੂੰ ਨੇਪਰੇ ਚੜ੍ਹਾਉਣ ਲਈ ਪਸ਼ੂ ਪਾਲਣ ਵਿਭਾਗ ਦੀਆਂ 773 ਟੀਮਾਂ ਤਾਇਨਾਤ ਕੀਤੀਆਂ ਗਈਆਂ: ਚੇਅਰਮੈਨ
(ਸੱਚ ਕਹੂੰ ਨਿਊਜ਼) ਗੁਰਦਾਸਪੁਰ। ਸੂਬਾ ਸਰਕਾਰ ਵੱਲੋਂ ਲੰਪੀ ਸਕਿੱਨ ( Lumpy Skin ) ਬੀਮਾਰੀ ਤੋਂ ਪਸ਼ੂਆਂ ਦੇ ਅਗਾਊਂ ਬਚਾਅ ਲਈ 15 ਫ਼ਰਵਰੀ ਨੂੰ ਸ਼ੁਰੂ ਕੀਤੀ ਗਈ ਮੈਗਾ ਟੀਕਾਕਰਨ ਮੁਹਿੰਮ ਤਹਿਤ ਸੂਬੇ ਦੀਆਂ 25 ਲੱਖ ਗਾਵਾਂ ਨੂੰ ਵੈਕਸੀਨ ਲਾਉਣ ਦਾ ਟੀਚਾ ਮਿਥਿਆ ਗਿਆ ਸੀ ਜਿਸ ਨੂੰ ਹੁਣ ਤੱਕ 75 ਫ਼ੀਸਦੀ ਮੁਕੰਮਲ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ : ਮਾਸੂਮ ਭੈਣ ਭਰਾ ਬਲੀ ਕਾਂਡ ਦੇ ਸਾਰੇ ਮੁਲਜ਼ਮ ਦੋਸ਼ੀ ਕਰਾਰ
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਯੋਜਨਾ ਕਮੇਟੀ ਗੁਰਦਾਸਪੁਰ ਸ. ਜਗਰੂਪ ਸਿੰਘ ਸੇਖਵਾਂ ਨੇ ਦੱਸਿਆ ਕਿ ਵਿਭਾਗ ਵੱਲੋਂ ਇਸ ਬੀਮਾਰੀ ਤੋਂ ਬਚਾਅ ਲਈ 18 ਲੱਖ 50 ਹਜ਼ਾਰ ਤੋਂ ਵੱਧ ਪਸ਼ੂਆਂ ਨੂੰ ਟੀਕਾ ਲਾਇਆ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਹਾਲ ਹੀ ਵਿੱਚ 300 ਦੇ ਕਰੀਬ ਵੈਟਰਨਰੀ ਅਫ਼ਸਰਾਂ ਦੀ ਭਰਤੀ ਕੀਤੀ ਗਈ ਹੈ ਅਤੇ ਉਹ ਆਪਣੀ ਡਿਊਟੀ ਜੁਆਇਨ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਨਵੇਂ ਭਰਤੀ ਕੀਤੇ ਇਹ ਅਧਿਕਾਰੀ 30 ਅਪ੍ਰੈਲ ਦੀ ਨਿਰਧਾਰਤ ਸਮਾਂ ਸੀਮਾ ਤੋਂ ਪਹਿਲਾਂ ਟੀਕਾਕਰਨ ਮੁਹਿੰਮ ਨੂੰ ਨੇਪਰੇ ਚੜ੍ਹਾਉਣ ਵਿੱਚ ਮਦਦ ਕਰਨਗੇ। ਉਨ੍ਹਾਂ ਕਿਹਾ ਕਿ ਸੂਬੇ ਦੇ ਪਸ਼ੂਆਂ ਦੀ ਸਿਹਤ ਸੰਭਾਲ ਪ੍ਰਣਾਲੀ ਨੂੰ ਮਜ਼ਬੂਤ ਕਰਨ ਦੇ ਮਕਸਦ ਨਾਲ 300 ਵੈਟਰਨਰੀ ਅਫ਼ਸਰਾਂ ਦੇ ਇੱਕ ਹੋਰ ਬੈਚ ਸਮੇਤ 644 ਵੈਟਰਨਰੀ ਇੰਸਪੈਕਟਰਾਂ ਦੀ ਭਰਤੀ ਦੀ ਪ੍ਰਕਿਰਿਆ ਵੀ ਜਾਰੀ ਹੈ। ( Lumpy Skin )
Lumpy Skin : ਰੋਜ਼ਾਨਾ 40,000 ਖ਼ੁਰਾਕਾਂ ਲਾਉਣ ਦਾ ਟੀਚਾ ਮਿੱਥਿਆ
ਚੇਅਰਮੈਨ ਸ. ਸੇਖਵਾਂ ਨੇ ਦੱਸਿਆ ਕਿ ਰਾਜ ਸਰਕਾਰ ਨੇ ਤੇਲੰਗਾਨਾ ਸਟੇਟ ਵੈਟਰਨਰੀ ਬਾਇਉਲੌਜੀਕਲ ਐਂਡ ਰਿਸਰਚ ਇੰਸਟੀਚਿਊਟ, ਹੈਦਰਾਬਾਦ ਤੋਂ ਹਵਾਈ ਜਹਾਜ਼ ਰਾਹੀਂ ਗੋਟ ਪੌਕਸ ਵੈਕਸੀਨ ਦੀਆਂ 25 ਲੱਖ ਖ਼ੁਰਾਕਾਂ ਮੰਗਵਾਈਆਂ ਹਨ। ਉਨ੍ਹਾਂ ਦੱਸਿਆ ਕਿ ਇਹ ਟੀਕਾ ਗਾਵਾਂ ਨੂੰ ਬਿਲਕੁਲ ਮੁਫ਼ਤ ਲਾਇਆ ਜਾ ਰਿਹਾ ਹੈ ਅਤੇ ਘਰ-ਘਰ ਜਾ ਕੇ ਟੀਕਾ ਲਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਮੈਗਾ ਟੀਕਾਕਰਨ ਮੁਹਿੰਮ ਨੂੰ ਨੇਪਰੇ ਚੜ੍ਹਾਉਣ ਲਈ ਪਸ਼ੂ ਪਾਲਣ ਵਿਭਾਗ ਦੀਆਂ 773 ਟੀਮਾਂ ਤਾਇਨਾਤ ਕੀਤੀਆਂ ਗਈਆਂ ਅਤੇ ਰੋਜ਼ਾਨਾ 40,000 ਖ਼ੁਰਾਕਾਂ ਲਾਉਣ ਦਾ ਟੀਚਾ ਮਿੱਥਿਆ ਗਿਆ ਜਿਸ ਨੂੰ ਸਫ਼ਲਤਾਪੂਰਵਕ ਹਾਸਲ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਲਗਭਗ 18.50 ਲੱਖ ਟੀਕੇ ਲਾਏ ਜਾ ਚੁੱਕੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube ‘ਤੇ ਫਾਲੋ ਕਰੋ।