ਅਚਾਨਕ ਆਏ ਹੜ੍ਹ ਨੇ ਪਾਕਿਸਤਾਨ ’ਚ ਤਬਾਹੀ ਮਚਾ ਦਿੱਤੀ ਹੈ ਹੁਣ ਤੱਕ ਦੀ ਸੂਚਨਾ ਮੁਤਾਬਿਕ 1500 ਦੇ ਲਗਭਗ ਵਿਅਕਤੀਆਂ ਦੀ ਮੌਤ ਹੋ ਗਈ ਹੈ । ਦੇਸ਼ ਦੀ ਅਬਾਦੀ ਦਾ ਸੱਤਵਾਂ ਹਿੱਸਾ ਉੱਜੜ ਗਿਆ ਹੈ । ਸ਼ੁਰੂਆਤੀ ਅੰਦਾਜ਼ੇ ਮੁਤਾਬਿਕ ਘੱਟੋ-ਘੱਟ ਦਸ ਅਰਬ ਡਾਲਰ ਦਾ ਨੁਕਸਾਨ ਹੋਇਆ ਹੈ । ਸੰਕਟ ਦੀ ਇਸ ਸਥਿਤੀ ’ਚ ਸੁਭਾਵਿਕ ਹੀ ਸੰਸਾਰ ਭਰ ਤੋਂ ਮੱਦਦ ਦੀ ਪੇਸ਼ਕਸ਼ ਆਉਣ ਲੱਗੀ ਹੈ ਪਰ ਜਿਸ ਤਰ੍ਹਾਂ ਦੀਆਂ ਆਰਥਿਕ ਚੁਣੌਤੀਆਂ ’ਚੋਂ ਪਾਕਿਸਤਾਨ ਪਿਛਲੇ ਕੁਝ ਸਮੇਂ ’ਚੋਂ ਲੰਘ ਰਿਹਾ ਹੈ, ਉਸ ਲਈ ਮੁਸ਼ਕਲਾਂ ਕਈ ਪੱਧਰਾਂ ’ਤੇ ਆਉਣ ਵਾਲੀਆਂ ਹਨ ।
ਹੜ੍ਹ ਦੇ ਚੱਲਦਿਆਂ ਖੇਤਾਂ ’ਚ ਖੜ੍ਹੀਆਂ ਫਸਲਾਂ ਤਬਾਹ ਹੋ ਗਈਆਂ ਹਨ । ਇਸ ਲਿਹਾਜ਼ ਨਾਲ ਕੁਝ ਸਮੇਂ ਬਾਅਦ ਉੱਥੇ ਖਾਣ-ਪੀਣ ਦੀਆਂ ਚੀਜ਼ਾਂ ਦੀ ਕਿੱਲਤ ਹੋ ਸਕਦੀ ਹੈ । ਹੜ੍ਹ ਕਾਰਨ ਬਲੋਚਿਸਤਾਨ, ਸਿੰਧ ਅਤੇ ਦੱਖਣੀ ਪੰਜਾਬ ਤੋਂ ਸਬਜ਼ੀਆਂ ਦੀ ਸਪਲਾਈ ਰੁਕ ਗਈ ਹੈ ਅਤੇ ਉਨ੍ਹਾਂ ਦੀਆਂ ਕੀਮਤਾਂ ਪਹਿਲਾਂ ਹੀ ਅਸਮਾਨ ਛੂ ਰਹੀਆਂ ਹਨ । ਅਜਿਹੇ ਹਾਲਾਤਾਂ ’ਚ ਪਾਕਿਸਤਾਨ ਦੇ ਵਿੱਤ ਮੰਤਰੀ ਦਾ ਇਹ ਬਿਆਨ ਮਹੱਤਵਪੂਰਨ ਹੈ ਕਿ ਉਨ੍ਹਾਂ ਦੀ ਸਰਕਾਰ ਸਬਜ਼ੀਆਂ ਅਤੇ ਹੋਰ ਖੁਰਾਕੀ ਵਸਤੂਆਂ ’ਤੇ ਭਾਰਤ ਤੋਂ ਮੰਗਵਾਉਣ ਵਿਚਾਰ ਕਰ ਸਕਦੀ ਹੈ ।
ਸਭ ਨੂੰ ਪਤਾ ਹੈ ਕਿ ਭਾਰਤ ਅਤੇ ਪਾਕਿਸਤਾਨ ਦੇ ਸਬੰਧ ਅਰਸੇ ਤੋਂ ਚੰਗੇ ਨਹੀਂ ਚੱਲ ਰਹੇ ਫਿਰ ਵੀ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੜ੍ਹ ਦੀ ਇਸ ਭਿਆਨਕਤਾ ਨੂੰ ਦੇਖਦਿਆਂ ਪਾਕਿਸਤਾਨ ਦੇ ਲੋਕਾਂ ਪ੍ਰਤੀ ਹਮਦਰਦੀ ਪ੍ਰਗਟਾਈ ਅਤੇ ਉਮੀਦ ਪ੍ਰਗਟ ਕੀਤੀ ਕਿ ੳੱੁਥੇ ਜਲਦ ਤੋਂ ਜਲਦ ਹਾਲਾਤ ਆਮ ਹੋ ਜਾਣਗੇ ਕਰਜ਼ੇ ’ਚ ਡੱੁਬੇ ਪਾਕਿਸਤਾਨ ਦੀ ਇਸ ਮੁਸ਼ਕਲ ਸਮੇਂ ’ਚ ਮੱਦਦ ਲਈ ਉਸ ਦਾ ਦੋਸਤ ਚੀਨ ਵੀ ਸਾਹਮਣੇ ਨਹੀਂ ਆ ਰਿਹਾ ਹੈ ਮੁਸਲਿਮ ਦੇਸ਼ ਵੀ ਵਾਰ-ਵਾਰ ਪਾਕਿਸਤਾਨ ਦੀ ਮੱਦਦ ਕਰਕੇ ਥੱਕ ਚੁੱਕੇ ਹਨ ।
ਅਜਿਹੇ ’ਚ ਪਾਕਿਸਤਾਨ ਹੁਣ ਆਪਣੇ ਗੁਆਂਢੀ ਦੇਸ਼ ਭਾਰਤ ਤੋਂ ਉਮੀਦ ਕਰ ਰਿਹਾ ਹੈ । ਪਾਕਿਸਤਾਨ ਜਾਣਦਾ ਹੈ ਕਿ ਭਾਰਤ ਦੀ ਉਹ ਕਿੰਨੀ ਵੀ ਬੁਰਾਈ ਕਰੇ ਪਰ ਪੂਰੀ ਦੁਨੀਆ ’ਚ ਇਹੀ ਇੱਕੋ-ਇੱਕ ਦੇਸ਼ ਹੈ ਜੋ ਦੁਨੀਆ ’ਚ ਕਿਤੇ ਵੀ ਸੰਕਟ ਸਮੇਂ ਨਿਸਵਾਰਥ ਭਾਵਨਾ ਨਾਲ ਮੱਦਦ ਕਰਦਾ ਹੈ । ਗੁਆਂਢੀਆਂ ਨੂੰ ਤਾਂ ਭਾਰਤ ਅਕਸਰ ਮੱਦਦ ਦਿੰਦਾ ਹੀ ਰਹਿੰਦਾ ਹੈ । ਉੱਧਰ ਪਾਕਿਸਤਾਨ ਦੇ ਲੋਕ ਵੀ ਹੁਣ ਭਾਰਤ ਤੋਂ ਮੱਦਦ ਦੀ ਉਮੀਦ ਕਰ ਰਹੇ ਹਨ । ਅਜਿਹੇ ਹਾਲਾਤਾਂ ’ਚ ਦੋਵੇਂ ਦੇਸ਼ ਚਾਹੁਣ ਤਾਂ ਹੜ੍ਹ ਦੇ ਰੂਪ ’ਚ ਆਈ ਇਸ ਆਫ਼ਤ ਨੂੰ ਸਾਂਝ ’ਚ ਬਦਲ ਸਕਦੇ ਹਨ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ